ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਦੀ ਲਾਗ ਦੇ ਰਿਕਾਰਡ ਇਕ ਲੱਖ ਤੋਂ ਵੱਧ ਕੇਸ ਰਿਪੋਰਟ ਹੋੲੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ 1,17,100 ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ ਵਧ ਕੇ 3,52,26,386 ਹੋ ਗਈ ਹੈ। ਇਨ੍ਹਾਂ ਵਿਚੋਂ ਓਮੀਕਰੋਨ ਸਰੂਪ ਦੇ 3007 ਕੇਸ ਵੀ ਸ਼ਾਮਲ ਹਨ, ਜੋ 27 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਰਿਪੋਰਟ ਹੋਏ ਹਨ। ਹਾਲਾਂਕਿ ਇਨ੍ਹਾਂ ਵਿੱਚੋਂ 1199 ਵਿਅਕਤੀ ਇਸ ਲਾਗ ਤੋਂ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ ਜਾਂ ਫਿਰ ਵਿਦੇਸ਼ ਪਰਵਾਸ ਕਰ ਗਏ ਹਨ। ਇਸ ਦੌਰਾਨ 302 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦਾ ਅੰਕੜਾ ਵਧ ਕੇ 4,83,178 ਨੂੰ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 7 ਜੂਨ ਨੂੰ ਇਕ ਦਿਨ ਵਿੱਚ 1,00,636 ਕੇਸ ਰਿਪੋਰਟ ਹੋਏ ਸਨ। ਕੁੱਲ ਕੇਸਲੋਡ ਵਿੱਚੋਂ ਸਰਗਰਮ ਕੇਸਾਂ ਦੀ ਗਿਣਤੀ 1.05 ਫੀਸਦ ਹੈ ਜਦੋਂਕਿ ਕੋਵਿਡ-19 ਦੀ ਸਿਹਤਯਾਬੀ ਦਰ ਘਟ ਕੇ 97.57 ਫੀਸਦ ਰਹਿ ਗਈ ਹੈ।
ਇਸ ਦੌਰਾਨ ਭਾਰਤ ਨੇ ਕੋਵਿਡ-19 ਤੋਂ ਸੁਰੱਖਿਆ ਲਈ ਆਪਣੇ ਟੀਕਾਕਰਨ ਪ੍ਰੋਗਰਾਮ ਵਿੱਚ ਅੱਜ ਵੱਡਾ ਮੀਲ ਪੱਥਰ ਹਾਸਲ ਕਰਦਿਆਂ ਕੋਵਿਡ ਵੈਕਸੀਨ ਦੀਆਂ 150 ਕਰੋੜ ਖੁਰਾਕਾਂ ਲਾਉਣ ਦੇ ਟੀਚੇ ਨੂੰ ਪਾਰ ਕਰ ਲਿਆ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਨੂੰ ‘ਇਤਿਹਾਸਕ ਪ੍ਰਾਪਤੀ’ ਦੱਸਦਿਆਂ ਕਿਹਾ ਕਿ ਇਹ ਸਭ ਸਿਹਤ ਕਰਮੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਹੇਠ ਕੀਤੀ ਅਣਥੱਕ ਮਿਹਨਤ ਸਦਕਾ ਸੰਭਵ ਹੋਇਆ ਹੈ। ਮਾਂਡਵੀਆ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ ਕਿ ਜਦੋਂ ਸਾਰੇ ਮਿਲ ਕੇ ਯਤਨ ਕਰਦੇ ਹਨ ਤਾਂ ਕਿਸੇ ਵੀ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ 100 ਕਰੋੜ ਕੋਵਿਡ ਵੈਕਸੀਨ ਖੁਰਾਕਾਂ ਲਾਉਣ ਦਾ ਮਾਅਰਕਾ ਪਿਛਲੇ ਸਾਲ 21 ਅਕਤੂਬਰ ਨੂੰ ਮਾਰਿਆ ਗਿਆ ਸੀ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ 91 ਫੀਸਦ ਤੋਂ ਵੱਧ ਦੀ ਬਾਲਗ ਆਬਾਦੀ ਨੂੰ ਘੱਟੋ-ਘੱਟ ਇਕ ਖੁਰਾਕ ਲੱਗ ਚੁੱਕੀ ਹੈ ਜਦੋਂਕਿ 66 ਫੀਸਦ ਦਾ ਮੁਕੰਮਲ ਟੀਕਾਕਰਨ ਹੋ ਚੁੱਕਾ ਹੈ। ਇਸ ਸਾਲ 3 ਜਨਵਰੀ ਨੂੰ ਸ਼ੁਰੂ ਹੋਏ 15 ਤੋਂ 18 ਸਾਲ ਉਮਰ ਵਰਗ ਦੇ ਅੱਲੜ੍ਹਾਂ ਦੇ ਟੀਕਾਕਰਨ ਤਹਿਤ ਹੁਣ ਤੱਕ 22 ਫੀਸਦ ਯੋਗ ਅੱਲੜ੍ਹਾਂ ਨੂੰ ਪਹਿਲੀ ਖੁਰਾਕ ਲੱਗ ਚੁੱਕੀ ਹੈ। ਦੇਸ਼ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਅਮਲ ਪਿਛਲੇ ਸਾਲ 16 ਜਨਵਰੀ ਨੂੰ ਸ਼ੁਰੂ ਹੋਇਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly