ਸਿਫਾਰਸ਼

ਇੰਦਰਜੀਤ ਕਮਲ
ਇੰਦਰਜੀਤ ਕਮਲ
(ਸਮਾਜ ਵੀਕਲੀ)  ਮੈਂ ਕਿਸੇ ਮਜ਼ਬੂਰੀ ਕਾਰਨ ਆਪਣੇ ਬੱਚਿਆਂ ਨੂੰ ਘਰ ਦੇ ਨੇੜੇ ਹੀ ਇੱਕ ਛੋਟੇ ਜਿਹੇ ਸਕੂਲ ਵਿੱਚ ਦਾਖਲ ਕਰਵਾਇਆ, ਜਿਹੜਾ ਹਰਿਆਣਾ ਬੋਰਡ ਦੇ ਅਧੀਨ ਸੀ ਤਾਂ ਇੱਕ ਦੋਸਤ ਨੇ ਮਜ਼ਾਕ ਕੀਤਾ ਅਤੇ ਸ਼ਹਿਰ ਦੇ ਸਭ ਤੋਂ ਵੱਡੇ ਅੰਗਰੇਜ਼ੀ ਮਾਧਿਅਮ ਸਕੂਲ ਦਾ ਨਾਂ ਲੈਕੇ ਦੱਸਿਆ ਕਿ ਉਹਨੇ ਆਪਣੀ ਬੇਟੀ ਨੂੰ ਉੱਥੇ ਦਾਖਿਲ ਕਰਵਾਇਆ ਹੈ ।
                      ਜਦੋਂ ਮੇਰੀ ਬੇਟੀ ਦਾ ਦਸਵੀਂ ਦਾ ਨਤੀਜਾ ਆਉਣ ਵਾਲਾ ਸੀ ਤਾਂ ਉਹਨੇ ਕਿਹਾ ਕਿ ਉਹਨੇ ਸੈਂਟਰਲ ਬੋਰਡ ਦੇ ਅਧੀਨ ਪੈਂਦੇ  ਸਵਾਮੀ ਵਿਵੇਕਾਨੰਦ ਸਕੂਲ ਵਿੱਚ ਪੜ੍ਹਨਾ ਹੈ । ਮੈਂ ਪ੍ਰਿੰਸੀਪਲ ਕੋਲ ਗਿਆ ਤਾਂ ਉਹਨੇ ਸਾਫ ਹੀ ਕਹਿ ਦਿੱਤਾ ਕਿ ਉਹ ਹਰਿਆਣਾ ਬੋਰਡ ਦੇ ਬੱਚਿਆਂ ਨੂੰ ਦਾਖਲਾ ਨਹੀਂ ਦਿੰਦੇ । ਮੈਂ ਵੀ ਅੜ ਕੇ ਕਿਹਾ ਕਿ ਬੋਰਡ ਨੂੰ ਛੱਡੋ ਤੁਸੀਂ ਬੱਚੀ ਦੀ ਕਾਬਲੀਅਤ ਵੇਖੋ । ਪ੍ਰਿੰਸੀਪਲ ਨੇ ਪੁੱਛਿਆ ਕਿ ਦਸਵੀਂ ਵਿੱਚੋਂ ਕਿੰਨੇਂ ਕੁ ਨੰਬਰ ਆਉਣਗੇ ? ਮੇਰਾ ਉੱਤਰ ,’90% ਤੋਂ ਉੱਪਰ ਹੀ ਆਉਣਗੇ !’ ਸੁਣਕੇ ਪ੍ਰਿੰਸੀਪਲ ਨੇ ਕਿਹਾ ,’ਅਗਰ 90% ਤੋਂ ਉੱਪਰ ਆਏ ਤਾਂ ਸਾਡੇ ਸਕੂਲ ਵਿੱਚ ਉਹਦੀ ਪੜ੍ਹਾਈ ਮੁਫ਼ਤ ਹੋਏਗੀ । ਤੁਸੀੰ 200 ਰੁਪਏ ਦੇ ਕੇ ਪਰੌਸਪੈਕਟ ਖਰੀਦ ਲਓ ।”
                            ਮੈਂ ਕਿਹਾ ,’ ਜਦੋਂ ਤੁਸੀੰ ਪੜ੍ਹਾਈ ਮੁਫ਼ਤ ਕਰਵਾਉਣੀ ਏੰ ਤਾਂ ਉਸ ਦਿਨ ਪ੍ਰਸਪੈਕਟ ਵੀ ਤੁਹਾਡੇ ਖਾਤੇ ਹੀ ਲਵਾਂਗੇ !’
                           ਪ੍ਰਿੰਸੀਪਲ ਨੇ ਕਿਹਾ ,’ ਬੜਾ ਮਾਣ ਹੈ ਆਪਣੀ ਬੱਚੀ ‘ਤੇ !’
                          ਥੋੜੇ ਦਿਨਾਂ ਬਾਅਦ ਨਤੀਜਾ ਆਇਆ ਤਾਂ ਮੇਰੀ ਬੇਟੀ ਦੇ ਨੰਬਰ 92% ਸਨ । ਮੈਂ ਉਹਨੂੰ ਲੈਕੇ ਪ੍ਰਿੰਸੀਪਲ ਕੋਲ ਗਿਆ ਤਾਂ ਪ੍ਰਿੰਸੀਪਲ ਨਤੀਜਾ ਵੇਖਕੇ ਕਹਿੰਦੀ ,’ਇਹ ਹੁੰਦੇ ਨੇ ਬੱਚੇ ,ਜੋ ਮਾਂ ਬਾਪ ਦਾ ਨਾਂ ਵੀ ਰੌਸ਼ਨ ਕਰਦੇ ਨੇ ਅਤੇ ਖਰਚਾ ਵੀ ਬਚਾਉਂਦੇ ਨੇ !’
                          ਅਸੀਂ ਦਾਖਲਾ ਕਰਵਾਕੇ ਬਾਹਰ ਹੀ ਨਿਕਲ ਰਹੇ ਸਾਂ ਕਿ ਉਹੀ ਦੋਸਤ ਆਪਣੀ ਬੇਟੀ ਨਾਲ ਆਉਂਦਾ ਮਿਲ ਗਿਆ। ਕਹਿੰਦਾ ,’ ਤੁਸੀੰ ਇੱਥੇ ਕਿਵੇਂ ?’
                         ਮੈਂ ਕਿਹਾ ,’ ਬੇਟੀ ਦਾ ਦਾਖਲਾ ਕਰਵਾਇਆ ਏ !’
                         ਕਹਿੰਦਾ ,’ਕਿੰਨਾਂ ਖਰਚਾ ਆਇਆ ? ‘
                        ਮੈਂ ਕਿਹਾ ,’ਇੱਕ ਰੁਪਈਆ ਵੀ ਨਹੀਂ !’
                         ਕਹਿੰਦਾ ,’ ਸਾਡੇ ਤੋਂ ਤਾਂ 7400 ਮੰਗ ਰਹੇ ਨੇ ! ਕੋਈ ਸਿਫਾਰਸ਼ ਲਗਾਈ ਏ ?’
                         ਮੈਂ ਪੁੱਛਿਆ ,’ ਤੇਰੀ ਬੇਟੀ ਦੇ ਕਿੰਨੇਂ % ਆਏ ਨੇ ?’
                         ਕਹਿੰਦਾ,’58%’
                         ਮੈਂ ਕਿਹਾ ,’58% ਦੀ ਸਿਫਾਰਸ਼ ਨਹੀਂ ਚਲਦੀ ਭਾਵੇਂ ਦੇਸ਼ ਦੇ ਸਭ ਤੋਂ ਵੱਡੇ ਅਤੇ ਮਹਿੰਗੇ ਸਕੂਲ ਵਿੱਚ ਪੜ੍ਹ ਕੇ ਲਏ ਹੋਣ , ਮੇਰੀ ਬੇਟੀ ਨੇ 92% ਲੈਕੇ ਆਪਣੀ ਸਿਫਾਰਿਸ਼ ਆਪੇ ਚਲਾਈ ਹੈ ।
                           ਇੰਦਰਜੀਤ ਕਮਲ
                           9416362150
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਨੁੱਖਤਾ ਦਾ ਲਚਕੀਲਾ ਰਾਹ
Next articleਭਵਸਾਗਰ ਤਰ ਜਾਵੇਂਗਾ….