ਦੂਰਦਰਸ਼ਨ ਪੰਜਾਬੀ ਦਾ ਪੁਨਰ ਜਨਮ

(ਸਮਾਜ ਵੀਕਲੀ)

ਦੂਰਦਰਸ਼ਨ ਜਲੰਧਰ ਤੋਂ ਦੂਰਦਰਸ਼ਨ ਪੰਜਾਬੀ ਵਿੱਚ ਤਬਦੀਲ ਹੋ ਕੇ ਇਹ ਖੇਤਰੀ ਚੈਨਲ ਸੰਨ 2000 ਵਿੱਚ ਚੌਵੀ ਘੰਟੇ ਦਾ ਪ੍ਰਸਾਰਣ ਉਪਗ੍ਰਹਿ ਰਾਹੀਂ ਚਾਲੂ ਹੋਇਆ ਸੀ।ਇਸ ਕੇਂਦਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਕੜੀ ਮਿਹਨਤ ਸਦਕਾ ਪੂਰੀ ਦੁਨੀਆਂ ਵਿੱਚ ਮਾਂ ਬੋਲੀ ਪੰਜਾਬੀ ਦੇ ਝੰਡੇ ਝੂਲਣ ਲੱਗ ਗਏ ਸਨ।ਪੰਜਾਬ,ਪੰਜਾਬੀ ਤੇ ਪੰਜਾਬੀਅਤ ਦਾ ਹਰ ਰੰਗ ਪੂਰੀ ਦੁਨੀਆਂ ਨੂੰ ਥੋੜ੍ਹੇ ਚਿਰ ਵਿੱਚ ਹੀ ਵਿਖਾ ਕੇ ਦੂਰਦਰਸ਼ਨ ਦੇ ਚੈਨਲਾਂ ਵਿੱਚੋਂ ਮੋਢੀ ਬਣ ਗਿਆ ਸੀ।

ਪੰਜਾਬੀ ਸੱਭਿਆਚਾਰ ਦਾ ਹਰ ਰੰਗ ਲੋਕ ਗੀਤ, ਨਾਟਕ, ਕਵਿਤਾਵਾਂ ਕਹਾਣੀਆਂ ਤੇ ਪੰਜਾਬ ਦਾ ਮੁੱਖ ਕਿੱਤਾ ਖੇਤੀ ਹਰ ਰੰਗ ਨਾਲ ਭਰਪੂਰ ਪ੍ਰੋਗਰਾਮ ਪੇਸ਼ ਕੀਤੇ ਜਾਣ ਲੱਗੇ।ਬੇਸ਼ੱਕ ਪ੍ਰੋਗਰਾਮ ਮੁਖੀ ਇਹੋ ਜਿਹੇ ਵੀ ਆਏ ਜੋ ਪੰਜਾਬੀ ਬੋਲੀ ਤੋਂ ਅਣਜਾਣ ਸਨ,ਪਰ ਆਪਣੇ ਅਧਿਕਾਰੀਆਂ ਨਾਲ ਉਨ੍ਹਾਂ ਦਾ ਮੇਲ ਜੋਲ ਏਨਾ ਗੂੜ੍ਹਾ ਹੁੰਦਾ ਸੀ ਕੇ ਥੋੜ੍ਹੇ ਸਮੇਂ ਵਿੱਚ ਉਹ ਪੰਜਾਬੀ ਬੋਲਣ ਤੇ ਸਮਝਣ ਲੱਗ ਜਾਂਦੇ ਸਨ।ਨਵੇਂ ਸਾਲ ਦਾ ਖ਼ਾਸ ਪ੍ਰੋਗਰਾਮ ਦੂਰਦਰਸ਼ਨ ਪੰਜਾਬੀ ਦਾ ਹੀ ਉੱਚ ਕੋਟੀ ਦਾ ਹੋ ਨਿੱਬੜਿਆ ਹੈ,ਜੋ ਸਾਰੇ ਦੂਰਦਰਸ਼ਨ ਦੇ ਚੈਨਲਾਂ ਨਾਲੋਂ ਵਧੀਆ ਹੁੰਦਾ ਹੈ ਤੇ ਕੰਪਨੀਆਂ ਬੋਲੀ ਤੇ ਉਸ ਨੂੰ ਲੱਖਾਂ ਵਿੱਚ ਖ਼ਰੀਦ ਦੀਆਂ ਵੀ ਹਨ।

ਦੂਰਦਰਸ਼ਨ ਵਿਭਾਗ ਜਦੋਂ ਪ੍ਰਸਾਰ ਭਾਰਤੀ ਕਾਰਪੋਰੇਸ਼ਨ ਵਿਚ ਤਬਦੀਲ ਹੋਇਆ ਆਰਥਿਕ ਸਥਿਤੀਆਂ ਦੀ ਤਬਦੀਲੀ ਹੋਣ ਕਾਰਨ ਕਮਰਸ਼ੀਅਲ ਪ੍ਰੋਗਰਾਮ ਵੀ ਚਲਾਉਣੇ ਲਾਜ਼ਮੀ ਕਰ ਦਿੱਤੇ,ਪਰ ਸਦਕੇ ਜਾਈਏ ਉਸ ਸਮੇਂ ਦੇ ਅਧਿਕਾਰੀਆਂ ਵਿੱਚੋ ਜਿਨ੍ਹਾਂ ਵਿੱਚੋਂ ਕੇਂਦਰ ਨਿਰਦੇਸ਼ਕ ਡਾ ਦਲਜੀਤ ਸਿੰਘ ਜਿਨ੍ਹਾਂ ਨੇ ਪ੍ਰਸਾਰ ਭਾਰਤੀ ਨੂੰ ਇਹ ਦੱਸ ਦਿੱਤਾ ਕਿ ਸਭ ਤੋਂ ਪਹਿਲਾਂ ਅਸੀਂ ਸਾਡੇ ਖੇਤਰ ਦਾ ਮਨੋਰੰਜਨ ਤੇ ਉਨ੍ਹਾਂ ਲਈ ਢੁੱਕਵੇਂ ਪ੍ਰੋਗਰਾਮ ਬਣਾਉਣੇ ਹਨ,ਜ਼ਬਰਦਸਤੀ ਅਸੀਂ ਸਰੋਤਿਆਂ ਉੱਤੇ ਕੁਝ ਵੀ ਨਹੀਂ ਭਾਰ ਪੈਣ ਦੇਵਾਂਗੇ,ਕਿਤੇ ਅਜਿਹਾ ਨਾ ਹੋ ਜਾਵੇ ਕਿ ਆਪਣੇ ਪਿਆਰੇ ਚੈਨਲ ਨੂੰ ਛੱਡ ਕੇ ਦੂਸਰੇ ਚੈਨਲ ਵੱਲ ਜਾਣ।

ਪਰ ਸੰਨ 2012 ਵਿੱਚ ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਬਹੁਤ ਲੰਮਾ ਸਮਾਂ ਪਿਛਲੇ ਦੋ ਮਹੀਨੇ ਤਕ ਜਿਹੜੇ ਵੀ ਕੇਂਦਰ ਦੇ ਮੁਖੀ ਆਏ ਉਨ੍ਹਾਂ ਨੇ ਦੂਰਦਰਸ਼ਨ ਪੰਜਾਬੀ ਨੂੰ ਕਮਾਈ ਦਾ ਧੰਦਾ ਬਣਾ ਲਿਆ ਤੇ ਖੇਤਰੀ ਚੈਨਲ ਨੇ ਸਰੋਤਿਆਂ ਲਈ ਕੀ ਪਰੋਸਣਾ ਹੁੰਦਾ ਹੈ ਉਹ ਸਭ ਭੁੱਲ ਗਏ।ਦਿਨੋਂ ਦਿਨ ਸਰੋਤਿਆਂ ਦੀ ਗਿਣਤੀ ਘਟਦੀ ਗਈ,ਅਜੋਕੀ ਨੌਜਵਾਨ ਪੀੜ੍ਹੀ ਦੇ ਸਰੋਤਿਆਂ ਨੂੰ ਇਹ ਵੀ ਪਤਾ ਨਹੀਂ ਕਿ ਪ੍ਰਸਾਰ ਭਾਰਤੀ ਵੱਲੋਂ ਵੀ ਸਾਡੇ ਲਈ ਕੋਈ ਚੈਨਲ ਕੰਮ ਕਰਦਾ ਹੈ। ਕਾਲੀ ਰਾਤ ਜਿੰਨੀ ਮਰਜ਼ੀ ਲੰਮੀ ਹੋ ਜਾਵੇ ਸਵੇਰਾ ਤਾਂ ਹੋਣਾ ਤੈਅ ਹੈ,ਪ੍ਰਸਾਰ ਭਾਰਤੀ ਨੂੰ ਪਤਾ ਲੱਗਿਆ ਕਿ ਦੂਰਦਰਸ਼ਨ ਪੰਜਾਬੀ ਦੇ ਅਧਿਕਾਰੀ ਸਹੀ ਸੇਵਾ ਨਹੀਂ ਨਿਭਾ ਰਹੇ,ਉਨ੍ਹਾਂ ਨੇ ਦੋ ਕੁ ਮਹੀਨੇ ਪਹਿਲਾਂ ਕਮਾਂਡ ਸ੍ਰੀ ਮਾਨ ਅਨੂਪ ਖਜੂਰੀਆ ਜੀ ਨੂੰ ਦੇ ਦਿੱਤੀ ਜੋ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੇ ਸੋਲਾਂ ਕਲਾ ਸੰਪੂਰਨ ਪ੍ਰੋਗਰਾਮ ਮੁਖੀ ਹਨ,ਕਿਉਂਕਿ ਲੰਮੇ ਸਮੇਂ ਤੋਂ ਉਹ ਦੂਰਦਰਸ਼ਨ ਨੈਸ਼ਨਲ ਜੋ ਦਿੱਲੀ ਦਾ ਪਹਿਲੇ ਨੰਬਰ ਦਾ ਤੇ ਭਾਰਤ ਦਾ ਮੁੱਖ ਚੈਨਲ ਹੈ ਉਸ ਚੈਨਲ ਤੇ ਸੇਵਾ ਨਿਭਾਅ ਰਹੇ ਹਨ।

ਖਜੂਰੀਆ ਸਾਹਿਬ ਪੂਰਨ ਰੂਪ ਵਿੱਚ ਪੰਜਾਬੀ ਹਨ, ਆਪਣੀ ਬੋਲੀ ਆਪਣੀ ਭਾਸ਼ਾ ਦੇ ਚੈਨਲ ਨੂੰ ਸੰਭਾਲਣਾ ਉਨ੍ਹਾਂ ਲਈ ਕੋਈ ਮੁਸ਼ਕਿਲ ਨਹੀਂ ਹੋਵੇਗਾ।ਕਮਾਂਡ ਸੰਭਾਲਣ ਤੋਂ ਕੁਝ ਦਿਨ ਬਾਅਦ ਮੇਰੀ ਖਜੂਰੀਆ ਸਾਹਿਬ ਨਾਲ ਗੱਲਬਾਤ ਹੋਈ,ਉਨ੍ਹਾਂ ਨੇ ਪ੍ਰੋਗਰਾਮਾਂ ਕਿਹੋ ਜਿਹੇ ਹੋਣੇ ਚਾਹੀਦੇ ਹਨ ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਇਥੋਂ ਦੀ ਤਕਨੀਕ ਤੇ ਸਟੂਡੀਓ ਬਿਲਕੁਲ ਠੀਕ ਨਹੀਂ ਸਭ ਤੋਂ ਪਹਿਲਾਂ ਮੈਂ ਇਨ੍ਹਾਂ ਨੂੰ ਪੂਰਨ ਰੂਪ ਵਿਚ ਸਹੀ ਕਰਾਂਗਾ।ਕਹਿੰਦੇ ਜਿਸ ਸਟੇਜ ਤੇ ਖੜ੍ਹ ਕੇ ਬੋਲਣਾ ਹੋਵੇ ਉਹ ਸਹੀ ਨਾ ਹੋਵੇ ਤੇ ਆਵਾਜ਼ ਪਹੁੰਚਾਉਣ ਵਾਲੇ ਯੰਤਰ ਠੀਕ ਨਾ ਹੋਣ ਪ੍ਰੋਗਰਾਮ ਕਿਵੇਂ ਵਧੀਆ ਬਣ ਸਕਦੇ ਹਨ।ਦੂਸਰੀ ਗੱਲ ਕਹਿੰਦੇ ਮੈਂ ਲੰਮੇ ਸਮੇਂ ਤੋਂ ਦੂਰਦਰਸ਼ਨ ਪੰਜਾਬੀ ਨੂੰ ਵੇਖ ਰਿਹਾ ਹਾਂ ਜੋ ਗ਼ਲਤ ਪ੍ਰੋਗਰਾਮ ਹਨ ਉਹ ਪਹਿਲਾਂ ਬੰਦ ਕੀਤੇ ਜਾਣਗੇ ਬਾਕੀ ਮੈਂ ਤਾਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨੀ ਹੀ ਹੈ। ਮੇਰਾ ਮੁੱਖ ਮਕਸਦ ਹੈ ਮੇਰੀ ਮਾਂ ਬੋਲੀ ਪੰਜਾਬੀ ਹੈ ਮੈਂ ਆਪਣੇ ਇਸ ਚੈਨਲ ਨੂੰ ਹਰ ਇਕ ਰੰਗ ਵਿਚ ਪਹਿਲੇ ਨੰਬਰ ਤੇ ਲੈ ਕੇ ਆਵਾਂਗਾ।

“ਖ਼ਾਸ ਖ਼ਬਰ ਇੱਕ ਨਜ਼ਰ” ਅਜਿਹਾ ਪ੍ਰੋਗਰਾਮ ਹੈ ਜਿਸ ਵਿੱਚ ਅਖ਼ਬਾਰਾਂ ਦੀਆਂ ਖ਼ਬਰਾਂ ਤੇ ਵਿਚਾਰ ਚਰਚਾ ਹੁੰਦੀ ਹੈ,ਇਸ ਪ੍ਰੋਗਰਾਮ ਵਿਚ ਉੱਚ ਕੋਟੀ ਦੇ ਪੱਤਰਕਾਰਾਂ ਨੇ ਅਖ਼ਬਾਰਾਂ ਦੀਆਂ ਖ਼ਬਰਾਂ ਬਾਰੇ ਵਿਚਾਰ ਚਰਚਾ ਕਰਨੀ ਹੁੰਦੀ ਹੈ। ਪਰ ਬਹੁਤ ਲੰਮੇ ਸਮੇਂ ਤੋਂ ਜੋ ਵੀ ਪ੍ਰੋਗਰਾਮ ਮੁਖੀ ਕਮਾਂਡ ਸੰਭਾਲਦੇ ਰਹੇ ਹਨ,ਉਹ ਪੱਤਰਕਾਰ ਜਾਂ ਪ੍ਰੋਗਰਾਮ ਦਾ ਆਧਾਰ ਨਹੀਂ ਵੇਖਦੇ ਸਨ ਆਪਣੇ ਮਿੱਤਰਾਂ ਨੂੰ ਲੱਭਦੇ ਸਨ ਜੋ ਕਦੇ ਅਖ਼ਬਾਰ ਵੀ ਨਾ ਪੜ੍ਹਦੇ ਹੋਣ ਉਨ੍ਹਾਂ ਨੂੰ ਖ਼ਬਰਾਂ ਤੇ ਮਾੜਾ ਮੋਟਾ ਮੂੰਹ ਮਾਰਨਾ ਸਿਖਾ ਲੈਂਦੇ ਸਨ ,ਉਨ੍ਹਾਂ ਦਾ ਦਾਲ ਫੁਲਕਾ ਚੱਲਦਾ ਰਹਿੰਦਾ ਸੀ ਤੇ ਦੂਰਦਰਸ਼ਨ ਦੇ ਅਧਿਕਾਰੀਆਂ ਦੀ ਮੌਜ ਮਸਤੀ ਸਰੋਤੇ ਕੀ ਕਰ ਸਕਦੇ ਹਨ।ਸ੍ਰੀ ਮਾਨ ਖਜੂਰੀਆ ਸਾਬ ਨੇ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਵਿਚ ਬਹੁਤ ਵੱਡੀ ਤਬਦੀਲੀ ਕੀਤੀ ਹੈ।

ਜੋ ਕੰਮ ਚਲਾਊ ਤੇ ਵਿਉਪਾਰਕ ਪੱਤਰਕਾਰ ਵਿਚਾਰ ਚਰਚਾ ਲਈ ਆਉਂਦੇ ਸਨ ਉਨ੍ਹਾਂ ਨੂੰ ਕੇਂਦਰ ਤੋਂ ਸਦਾ ਲਈ ਦੂਰ ਕਰ ਦਿੱਤਾ।ਕੁਝ ਦਿਨਾਂ ਵਿਚ ਹੀ ਇਹ ਪ੍ਰੋਗਰਾਮ ਤੇ 80 ਪ੍ਰਤੀਸਤ ਰੰਗ ਚੜ੍ਹ ਗਿਆ ਹੈ।ਜਿਵੇਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ ਜਲਦੀ ਹੀ ਪ੍ਰੋਗ੍ਰਾਮ ਸ਼ੁੱਧ ਹੋ ਜਾਵੇਗਾ। ਸੱਤ ਕੁ ਸਾਲਾਂ ਤੋਂ ਸ਼ਾਮ ਤੇ ਰਾਤ ਦਾ ਮੁਢਲਾ ਸਮਾਂ ਜਿਸ ਨੂੰ ਦੂਰਦਰਸ਼ਨ ਵਾਲੇ ਪ੍ਰਾਈਮ ਟਾਈਮ (ਸਿਖਰਲਾ ਸਮਾਂ)ਕਹਿੰਦੇ ਹਨ ਸ਼ਾਮ ਨੂੰ ਸੱਤ ਵਜੇ ਤੋਂ ਲੈ ਕੇ ਰਾਤ ਦੱਸ ਵਜੇ ਤਕ ਇਹ ਉਹ ਸਮਾਂ ਹੁੰਦਾ ਹੈ ਜਦੋਂ ਸਾਰੇ ਪਰਿਵਾਰ ਦੇ ਕੋਈ ਵੀ ਕੰਮ ਕਰਦੇ ਹੋਣ ਘਰ ਵਿੱਚ ਮਿਲ ਕੇ ਬੈਠੇ ਹੁੰਦੇ ਹਨ ਤੇ ਮਨੋਰੰਜਨ ਮੁੱਖ ਅੱਜਕੱਲ੍ਹ ਟੀ.ਵੀ. ਹੀ ਹੈ,ਆਪਣੀ ਮਾਂ ਬੋਲੀ ਦੇ ਚੈਨਲ ਨੂੰ ਹਰ ਕੋਈ ਪਹਿਲ ਦਿੰਦਾ ਹੈ।

ਪਰ ਇਸ ਸਮੇਂ ਵਿੱਚ ਜੋ ਵੀ ਪ੍ਰੋਗਰਾਮ ਮੁਖੀ ਆਏ ਉਨ੍ਹਾਂ ਨੇ ਇਸ ਸਮੇਂ ਨੂੰ ਪ੍ਰਾਈਵੇਟ ਅਦਾਰਿਆਂ ਨੂੰ ਵੇਚ ਕੇ ਕਮਾਈ ਸ਼ੁਰੂ ਕਰ ਦਿੱਤੀ ਪੁੱਛਣ ਤੇ ਘੜਿਆ ਘੜਾਇਆ ਜਵਾਬ ਹੁੰਦਾ ਸੀ ਕਿ ਪ੍ਰਸਾਰ ਭਾਰਤੀ ਵੱਲੋਂ ਹੁਕਮ ਹੈ ਕਿ ਪੈਸੇ ਕਮਾਓ ਤੇ ਪ੍ਰੋਗਰਾਮ ਚਲਾਓ।ਇਨ੍ਹਾਂ ਬਾਜ਼ਾਰੂ ਪ੍ਰੋਗਰਾਮਾਂ ਵਿਚ ਝੋਲਾ ਛਾਪ ਡਾਕਟਰ ਵਿਦੇਸ਼ਾਂ ਨੂੰ ਜਾਣ ਦੇ ਏਜੰਟਾਂ ਵੱਲੋਂ ਲਾਈਸੈਂਸ ਤੇ ਬਾਬਾਵਾਦ ਦਾ ਪ੍ਰਚਾਰ ਪ੍ਰੋਗਰਾਮਾਂ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਸੀ ਤਾਂ ਸਰੋਤਿਆਂ ਨੇ ਇਹ ਚੈਨਲ ਵੇਖਣਾ ਹੀ ਬੰਦ ਕਰ ਦਿੱਤਾ। ਮੁਲਾਕਾਤ ਵੇਲੇ ਜੋ ਖਜੂਰੀਆ ਸਾਹਿਬ ਨੇ ਗੱਲ ਕਹੀ ” ਕਿ ਪ੍ਰੋਗਰਾਮ ਮੁਖੀ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਰੋਤੇ ਕੀ ਤੇ ਕਦੋਂ ਕਿਹੋ ਜਿਹਾ ਪ੍ਰੋਗਰਾਮ ਵੇਖਣਾ ਚਾਹੁੰਦੇ ਹਨ ਉਹ ਹੀ ਅਸਲੀ ਪ੍ਰੋਗਰਾਮ ਮੁਖੀ ਹੁੰਦਾ ਹੈ।”

ਸਭ ਤੋਂ ਵਧੀਆ ਸੁਧਾਰ ਇਨ੍ਹਾਂ ਨੇ ਪ੍ਰਾਈਮ ਟਾਈਮ ਜੋ ਕੇ ਪ੍ਰਾਈਵੇਟ ਅਦਾਰਿਆਂ ਕੋਲ ਵੇਚਿਆ ਹੋਇਆ ਸੀ ਉਹ ਨੀਤੀ ਖਤਮ ਕਰਕੇ ਸ਼ਾਮ ਨੂੰ ਉੱਚ ਕੋਟੀ ਦੇ ਪ੍ਰੋਗਰਾਮ ਜਿਨ੍ਹਾਂ ਵਿਚ “ਪਬਲਿਕ ਟਾਇਮ” ਟੈਲੀ ਫ਼ਿਲਮਾਂ,ਲੜੀਵਾਰ ਨਾਟਕ ਤੇ ਸੰਗੀਤਕ ਪ੍ਰੋਗਰਾਮ ਜਿਨ੍ਹਾਂ ਵਿਚ ਲਿਸ਼ਕਾਰਾ,ਹੁੱਲੇ ਹੁਲਾਰੇ,ਲਾਰਾ ਲੱਪਾ ਜਿਹੇ ਅਨੇਕਾਂ ਪ੍ਰੋਗਰਾਮ ਹਨ। ਪ੍ਰੋਗਰਾਮ ਮੁਖੀ ਸਾਹਿਬ ਨੇ ਜੋ ਗੱਲ ਕਹੀ ਸੀ ਉਸ ਤੇ ਪੂਰੇ ਉੱਤਰੇ ਹਨ,ਉਹ ਦਿਨ ਦੂਰ ਨਹੀਂ ਜਦੋਂ ਪੂਰਾ ਦਿਨ ਦੂਰਦਰਸ਼ਨ ਪੰਜਾਬੀ ਤੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਪਹਿਰੇਦਾਰੀ ਕਰਨ ਵਾਲੇ ਪ੍ਰੋਗਰਾਮ ਪੇਸ਼ ਕੀਤੇ ਜਾਇਆ ਕਰਨਗੇ।ਪ੍ਰੋਗਰਾਮਾਂ ਦਾ ਵੇਰਵਾ ਜੋ ਕਦੇ ਵੀ ਦੂਰਦਰਸ਼ਨ ਦੇ ਉੱਤੇ ਵਿਖਾਉਣਾ ਜ਼ਰੂਰੀ ਨਹੀਂ ਸਮਝਿਆ ਗਿਆ ਅੱਜਕੱਲ੍ਹ ਇਹ ਲੜੀ ਚਾਲੂ ਹੈ ਤੇ ਵੱਖ ਵੱਖ ਪ੍ਰੋਗਰਾਮਾਂ ਦੇ ਪ੍ਰੋਮੋ ਨਵੇਂ ਬਣਾ ਕੇ ਸਰੋਤਿਆਂ ਨੂੰ ਦੱਸਿਆ ਜਾਂਦਾ ਹੈ ਕਿ ਇਸ ਸਮੇਂ ਇਹ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

ਅੱਜ ਦੀ ਗੱਲ ਸ੍ਰੀ ਮਾਨ ਅਨੂਪ ਖਜੂਰੀਆ ਜੀ ਨੇ ਸਾਰਥਕ ਪ੍ਰੋਗਰਾਮਾਂ ਦੀ ਸੂਚੀ ਬਣਾ ਕੇ ਆਪਣੇ ਅਧਿਕਾਰੀਆਂ ਦੀ ਸੱਤ ਮੈਂਬਰੀ ਕਮੇਟੀ ਬਣਾ ਕੇ ਪ੍ਰੋਗਰਾਮ ਬਣਾਉਣ ਸੁਧਾਰਨ ਲਈ ਠੋਸ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਦਾ ਕਹਿਣਾ ਹੈ ਸਰੋਤਿਆਂ ਦੀ ਹਰ ਪਸੰਦ ਨੂੰ ਮੈਂ ਮੁੱਖ ਰੱਖਾਂਗਾ।ਕਿਉਂਕਿ ਮੈਂ ਵੀ ਇਕ ਇਨਸਾਨ ਤੇ ਸਰੋਤਾ ਹਾਂ ਮੈਨੂੰ ਪਤਾ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।ਸਰੋਤਿਆਂ ਦੀਆਂ ਚਿੱਠੀਆਂ ਦਾ ਪ੍ਰੋਗਰਾਮ,ਪੰਜਾਬ ਦੇ ਸਮਾਜਿਕ ਤੇ ਆਰਥਿਕ ਮਸਲੇ ਤੇ ਲੋੜਾਂ,ਪਿੰਡਾਂ ਦੀਆਂ ਪੰਚਾਇਤਾਂ,ਸ਼ਹਿਰ ਦੀਆਂ ਮਿਉਂਸਪਲ ਕਮੇਟੀਆਂ ਤੇ ਕਾਰਪੋਰੇਸ਼ਨਾਂ ਤਕ ਸਾਡੀ ਪਹੁੰਚ ਰਹੇਗੀ ਜਨਤਾ ਨੂੰ ਜੋ ਵੀ ਕੋਈ ਮੁਸ਼ਕਿਲ ਆਵੇਗੀ ਉਸ ਨੂੰ ਸਾਰਥਿਕ ਰੂਪ ਵਿਚ ਅਸੀਂ ਪਰਦੇ ਤੇ ਦਿਖਾਉਣ ਤੋਂ ਪਹਿਲਾਂ ਹੱਲ ਕਰਵਾਉਣ ਲਈ ਠੋਸ ਕਦਮ ਚੁੱਕਾਂਗੇ।

“ਮੇਰਾ ਪਿੰਡ ਮੇਰੇ ਖੇਤ” ਪ੍ਰੋਗਰਾਮ ਨੂੰ ਪੂਰਨ ਰੂਪ ਵਿੱਚ ਪਿੰਡਾਂ ਤੇ ਖੇਤਾਂ ਨਾਲ ਜੋਡ਼ਿਆ ਜਾਵੇਗਾ ਕਿਉਂਕਿ ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਸਰੋਤਿਆਂ ਨਾਲ ਸਾਡੀ ਵਿਚਾਰ ਚਰਚਾ ਜਾਰੀ ਰਹੇਗੀ ਜਿਸ ਤਰ੍ਹਾਂ ਦੇ ਉਹ ਪ੍ਰੋਗਰਾਮ ਚਾਹੁੰਦੇ ਹਨ ਉਹ ਪੇਸ਼ ਕੀਤੇ ਜਾਣਗੇ।ਠੋਸ ਵਿਚਾਰ ਉਨ੍ਹਾਂ ਦਾ ਇਹ ਹੈ ਸਰੋਤੇ ਮੈਨੂੰ ਇੱਕ ਮਹੀਨਾ ਦੇਣ ਉਨ੍ਹਾਂ ਦੀ ਮੰਗ ਵਾਲੇ ਸਾਰੇ ਪ੍ਰੋਗਰਾਮ ਮੈਂ ਪੇਸ਼ ਕਰਨ ਦਾ ਵਾਅਦਾ ਕਰਦਾ ਹਾਂ। ਮੈਨੂੰ ਉਨ੍ਹਾਂ ਦੀ ਮੁਲਾਕਾਤ ਵਿੱਚੋਂ ਪੂਰਨ ਰੂਪ ਵਿਚ ਆਉਣ ਵਾਲੇ ਸਮੇਂ ਵਿੱਚ ਦੂਰਦਰਸ਼ਨ ਪੰਜਾਬੀ ਦੀ ਉੱਭਰਦੀ ਤਸਵੀਰ ਸਾਫ਼ ਵਿਖਾਈ ਦੇ ਰਹੀ ਸੀ।ਉਨ੍ਹਾਂ ਦੇ ਵਿਚਾਰਾਂ ਵਿੱਚੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਦੂਰਦਰਸ਼ਨ ਪੰਜਾਬੀ ਦਾ ਅਸਲੀ ਰੂਪ ਵਿੱਚ ਪੁਨਰ ਜਨਮ ਹੋਣ ਵਾਲਾ ਹੈ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਜ਼ਾਦੀ ਦੇ ਪਰਵਾਨਿਆਂ ਦਾ ਅਪਮਾਨ
Next articleਧਰਮਾਣੀ ਗੰਭੀਰਪੁਰ ਲੋਅਰ ਸਕੂਲ ਵਿੱਚ ਮਨਾਇਆ ” ਸਾਲਾਨਾ ਸਮਾਗਮ “