(ਸਮਾਜ ਵੀਕਲੀ)
ਅਮਨ ਜੱਖਲਾਂ ਨਵੀਂ ਪੀੜ੍ਹੀ ਦੇ ਲੋਕ ਸਰੋਕਾਰਾਂ ਨੂੰ ਪ੍ਰਣਾਏ ਪ੍ਰਤੀਬੱਧ ਕਵੀ ਵਜੋਂ ਉੱਭਰਦੇ ਸਮਰੱਥ ਹਸਤਾਖ਼ਰ ਹਨ। ਉਨ੍ਹਾਂ ਦੀ ਕਵਿਤਾ ਔਰਤਾਂ ਦੇ ਜਿਸਮਾਨੀ ਅੰਗਾਂ ਦੀ ਚਰਚਾ ਨਹੀਂ ਛੇੜਦੀ ਬਲਕਿ ਹੱਡ-ਭੰਨਵੀਂ ਮਿਹਨਤ-ਮੁਸ਼ੱਕਤ ਕਰਨ ਦੇ ਬਾਵਜੂਦ ਵੀ ਦੁਰਗਤ ਭੋਗਦੇ ਮਜ਼ਦੂਰਾਂ, ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਅਤੇ ਦਿਨ-ਦਿਹਾੜੇ ਬੇਪਤ ਹੋ ਰਹੀਆਂ ਬਾਲੜੀਆਂ ਦੀ ਗੱਲ ਕਰਦੀ ਹੈ। ਉਨ੍ਹਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਉਹ ਅਖੌਤੀ ਵਿਦਵਾਨਾਂ ਵਾਂਗ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਕਿਸੇ ਬਿਗਾਨੇ ਮੁਲਕ ਵੱਲ ਅੱਡੀਆਂ ਚੁੱਕ-ਚੁੱਕ ਦੇਖਣ ਦੀ ਬਜਾਏ ਆਪਣੀ ਹੀ ਮਿੱਟੀ ਦੇ ਜੰਮਪਲ ਗੁਰੂ ਨਾਨਕ, ਗੁਰੂ ਰਵਿਦਾਸ, ਜੋਤੀਬਾ ਫੂਲੇ ਅਤੇ ਡਾ. ਭੀਮ ਰਾਓ ਅੰਬੇਦਕਰ ਨੂੰ ਹੀ ਆਪਣੇ ਨਾਇਕ ਮੰਨਦੇ ਹਨ। ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਹੋਣ ਕਰਕੇ ਆਪਣੇ ਪਲੇਠੇ ਕਾਵਿ-ਸੰਗ੍ਰਹਿ ‘ਇਨਸਾਨੀਅਤ’ ਵਿੱਚ ਵਹਿਮਾਂ-ਭਰਮਾਂ ਅਤੇ ਅੰਧਵਿਸ਼ਵਾਸਾਂ ਦੇ ਖ਼ਿਲਾਫ਼ ਉਹ ਬੜੀ ਤਿੱਖੀ ਸੁਰ ਅਖ਼ਤਿਆਰ ਕਰਦੇ ਹਨ-
ਦੁਨੀਆ ਹੈ ਚੱਲੀ ਠੱਗਾਂ-ਚੋਰਾਂ ਦੀ ਦੁਕਾਨ ਨੂੰ,
ਦੁੱਧ ਦਿਓ, ਪੁੱਤ ਦਿਓ ਏਸ ਅਗਿਆਨ ਨੂੰ,
ਕੰਜਕਾਂ ਨੂੰ ਪੂਜਦੇ ਤੇ ਧੀਆਂ ਦੁਰਕਾਰਦੇ।
ਦੇਖ ਮਰਦਾਨਿਆ ਤੂੰ ਰੰਗ ਕਰਤਾਰ ਦੇ।
ਅਮਨ ਜੱਖਲਾਂ ਇਸ ਦੁਖਾਂਤ ਤੋਂ ਵੀ ਭਲੀਭਾਂਤ ਜਾਣੂ ਹਨ ਕਿ ਸਾਡੇ ਸਿਆਸਤਦਾਨ ਦਰਪੇਸ਼ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ, ਆਪਣੀਆਂ ਸਿਆਸੀ ਜ਼ਰੂਰਤਾਂ ਦੀ ਪੂਰਤੀ ਵਾਸਤੇ, ਘਰ ਦੀ ਮੰਦਹਾਲੀ ਕਾਰਨ ਫ਼ੌਜ ਵਿੱਚ ਭਰਤੀ ਹੋਈ ਨੌਜਵਾਨੀ ਨੂੰ ਜੰਗ ਦੀ ਭੱਠੀ ਵਿੱਚ ਝੋਕਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਦੇਸ਼ ਦੀ ਖਾਤਰ ਹੱਸ-ਹੱਸ ਕੇ ਆਪਾ ਕੁਰਬਾਨ ਕਰਨ ਵਾਲੇ ਇਨ੍ਹਾਂ ਸੂਰਬੀਰਾਂ ਦੇ ਭੋਗਾਂ ’ਤੇ ਗਰਮਾ-ਗਰਮ ਭਾਸ਼ਣ ਦੇਣ ਤੋਂ ਬਾਅਦ ਕੋਈ ਵੀ ਉਨ੍ਹਾਂ ਦੇ ਪਰਿਵਾਰਾਂ ਦੀ ਬਾਂਹ ਨਹੀਂ ਫੜਦਾ-
ਹਰੇ ਰੰਗ ਵਾਲੀ ਗੱਡੀ ਆ ਕੇ ਦਰਾਂ ਵਿੱਚ ਖੜ੍ਹ ਗਈ।
ਉੱਠੀ ਮਾਂ ਦੇ ਦਿਲੋਂ ਕੂਕ ਪਲੀਂ ਅੰਬਰਾਂ ਨੂੰ ਚੜ੍ਹ ਗਈ।
ਆਖਦੀ ਆ ਭੈਣ ਦੁੱਖ ਝੋਲੀ ਵਿੱਚ ਪਾ ਗਈਆਂ,
ਚੰਦਰੀਆਂ ਸਰਹੱਦਾਂ ਅੱਜ ਵੀਰ ਮੇਰਾ ਖਾ ਗਈਆਂ।
ਸਰਕਾਰੀ ਮਾਨ-ਸਨਮਾਨ ਅਤੇ ਸਸਤੀਆਂ ਸ਼ੋਹਰਤਾਂ ਦੀ ਪ੍ਰਾਪਤੀ ਲਈ ਲਾਲਾਂ ਸੁੱਟਣ ਵਾਲੇ ਤੋਤੇ ਬਣ ਚੁੱਕੇ ਕਲਮਕਾਰਾਂ ਨੂੰ ਵੀ ਉਹ ਕਰੜੇ ਹੱਥੀਂ ਲੈਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੇਖਕ ਨੂੰ ਆਰਥਿਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਤੌਰ ’ਤੇ ਅਪੰਗ ਕੀਤੇ ਜਾ ਰਹੇ ਆਮ ਆਦਮੀ ਨੂੰ ਦੇਸ਼ ਦੇ ਗਲੇ-ਸੜੇ ਰਾਜ-ਪ੍ਰਬੰਧ ਦੇ ਖ਼ਿਲਾਫ਼ ਜੱਥੇਬੰਦ ਕਰਨ ਦੀ ਆਪਣੀ ਬਣਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ-
ਇੱਕ ਆਵਾਜ਼ ਜ਼ਮੀਰ ਦੀ ਸੁਣ ਕੇ,
ਖੋਲ੍ਹ ਦੇ ਸੱਚ ਗਿਆਨ ਦਾ ਤਾਲਾ।
ਲਿਖਣ ਵਾਲਿਆ ਲਿਖ ਦੇਵੀਂ ਕੁੱਝ,
ਦੁਨੀਆ ਬਦਲਣ ਵਾਲਾ।
ਵਰਤੋ ਅਤੇ ਸੁੱਟੋ ਦੇ ਸਰਬ ਵਿਆਪਕ ਹੋ ਰਹੇ ਪਦਾਰਥਵਾਦੀ ਰੁਝਾਨ ਕਾਰਨ ਮਾਨਵੀ ਜੀਵਨ ਮੁੱਲਾਂ ਦਾ ਹੋ ਰਿਹਾ ਘਾਣ ਵੀ ਉਨ੍ਹਾਂ ਨੂੰ ਬੇਹੱਦ ਪ੍ਰੇਸ਼ਾਨ ਕਰਦਾ ਹੈ। ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਦੇ ਰੌਸ਼ਨ ਭਵਿੱਖ ਲਈ ਆਪਣੀਆਂ ਸੱਧਰਾਂ ਅਤੇ ਚਾਵਾਂ ਦਾ ਗਲਾ ਘੁੱਟ ਕੇ ਅਤੇ ਆਪਣਾ ਖੂਨ-ਪਸੀਨਾ ਇੱਕ ਕਰ ਕੇ ਜੱਦੋਜਹਿਦ ਕੀਤੀ ਹੋਵੇ, ਉਨ੍ਹਾਂ ਦੇ ਬਜ਼ੁਰਗ ਹੋਣ ’ਤੇ ਫ਼ਾਲਤੂ ਸਮਝ ਕੇ ਉਨ੍ਹਾਂ ਨੂੰ ਅਣਗੌਲਿਆਂ ਕਰਨਾ ਸੱਚਮੁੱਚ ਹੀ ਸਮੁੱਚੀ ਮਾਨਵਤਾ ਲਈ ਬੜਾ ਸ਼ਰਮਨਾਕ ਵਰਤਾਰਾ ਹੈ-
ਇੱਕ ਰਾਤ ਸੀਨੇ ਦਰਦ ਉੱਠਿਆ,
ਨਾ ਪਾਣੀ, ਨਾ ਕੋਈ ਦਵਾਈ।
ਸਾਰੀ ਰਾਤ ਵਿਲਕਦਿਆਂ ਮਾਂ ਨੇ,
ਦਿਨ ਚੜ੍ਹਦਿਆਂ ਜਾਨ ਗਵਾਈ।
ਅਮਨ ਜੱਖਲਾਂ ਦੀ ਧਾਰਨਾ ਹੈ ਕਿ ਮੁੱਢ ਤੋਂ ਹੀ ਸਮੇਂ-ਸਮੇਂ ’ਤੇ ਅਨੇਕਾਂ ਯੁੱਗਪੁਰਸ਼ ਜਾਂ ਰਹਿਬਰ ਮਨੁੱਖ ਨੂੰ ਜਾਗਰੂਕ ਕਰਨ ਲਈ ਸੰਘਰਸ਼ਸ਼ੀਲ ਰਹੇ ਹਨ ਪਰ ਇਸ ਮਿੱਟੀ ਦੇ ਬਾਵੇ ਨੇ ਕਦੇ ਵੀ ਆਪਣੀ ਅਗਿਆਨਤਾ ਛੱਡਣ ਲਈ ਰੱਤੀ ਭਰ ਕੋਸ਼ਿਸ਼ ਵੀ ਨਹੀਂ ਕੀਤੀ। ਹਨੇਰੇ ਮਨਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰਦਿਆਂ ਕਿੰਨੇ ਹੀ ਪਰਵਾਨਿਆਂ ਨੂੰ ਆਪਣੀ ਸ਼ਹਾਦਤ ਵੀ ਦੇਣੀ ਪਈ। ਮਨੁੱਖ ਨੂੰ ਇਸ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਉਹ ਆਪਣੀ ਬੁਲੰਦ ਆਵਾਜ਼ ਵਿੱਚ ਹੋਕਾ ਦਿੰਦੇ ਦਿਖਾਈ ਦਿੰਦੇ ਹਨ-
ਨਾਨਕ, ਬੁੱਧ ਨੇ ਹੋਕੇ ਮਾਰੇ,
ਸੁਣਿਆ ਨਾ ਇੱਕ ਵਾਰ ਤੈਨੂੰ।
ਸਦੀਆਂ ਤੀਕ ਨਾ ਲਹਿਣਾ ਮਿੱਟੀਏ,
ਐਸੈ ਹੋਇਆ ਬੁਖਾਰ ਤੈਨੂੰ।
ਜਿਉਂ-ਜਿਉਂ ਪੂੰਜੀਵਾਦ ਦੀ ਗੰਢ ਪੀਡੀ ਹੁੰਦੀ ਜਾ ਰਹੀ ਹੈ, ਤਿਉਂ-ਤਿਉਂ ਗਰੀਬ ਹੋਰ ਗਰੀਬ ਹੋ ਰਿਹਾ ਹੈ ਅਤੇ ਅਮੀਰ ਹੋਰ ਅਮੀਰ। ਧਰਮ, ਸਿਆਸਤ ਅਤੇ ਧਨਾਢਾਂ ਦਾ ਗੱਠਜੋੜ ਮਿਹਨਤਕਸ਼ ਲੋਕਾਂ ਦਾ ਹੱਕ ਮਾਰ ਕੇ ਇਕੱਠੀ ਕੀਤੀ ਆਪਣੇ ਪਾਪਾਂ ਦੀ ਕਮਾਈ ਵਿੱਚੋਂ ਕੁੱਝ ਨਾ ਕੁੱਝ ਧਰਮ ਦੇ ਨਾਂ ’ਤੇ ਖਰਚ ਕੇ ਉਸ ਨੂੰ ਵੀ ਨੇਕ ਕਮਾਈ ਵਿੱਚ ਤਬਦੀਲ ਕਰ ਲੈਂਦਾ ਹੈ। ਅਮਨ ਜੱਖਲਾਂ ਲਿਖਦੇ ਹਨ ਕਿ ਜਿਊਂਦੇ-ਜਾਗਦੇ ਕਰਤੇ ਪੁਰਖ ਦਾ ਖੂਨ ਨਿਚੋੜ ਕੇ ਪਤਾ ਨਹੀਂ ਇਹ ਲੋਕ ਕਿਹੜੇ ਰੱਬ ਨੂੰ ਖ਼ੁਸ਼ ਕਰਨਾ ਲੋਚਦੇ ਹਨ-
ਪੀ ਕੇ ਖੂਨ ਜਿਨ੍ਹਾਂ ਦਾ ਮਹਿਲ ਬਣਾਏ ਤੂੰ,
ਜਾ ਕੇ ਦੇਖ ਦਿਵਾਰਾਂ ਲਿੱਪਦੇ ਕੱਚੀਆਂ ਨੇ।
ਦੱਸ ਕਿਹੜੇ ਰੱਬ ਨੂੰ ਖ਼ੁਸ਼ ਕਰ ਲਏਂਗਾ ਨੋਟਾਂ ਨਾਲ,
ਹੱਕ ਗਰੀਬ ਦਾ ਮਾਰ ਕੇ ਪੋਚੀਆਂ ਫੱਟੀਆਂ ਨੇ।
ਅਜੋਕਾ ਮਨੁੱਖ ਐਨਾ ਸਵਾਰਥੀ ਅਤੇ ਮੌਕਪ੍ਰਸਤ ਹੋ ਚੁੱਕਿਆ ਹੈ ਕਿ ਉਸ ਕੋਲ ਕਿਸੇ ਦੂਜੇ ਲਈ ਹਾਅ ਦਾ ਨਾਅਰਾ ਮਾਰਨ ਲਈ ਵੀ ਸਮਾਂ ਨਹੀਂ ਹੈ। ਹੋਰਨਾਂ ਉੱਤੇ ਤਸ਼ੱਦਦ ਹੁੰਦਾ ਦੇਖ ਕੇ ਵੀ ਉਸ ਨੂੰ ਲੱਗਦਾ ਹੈ ਕਿ ਉਸ ਨਾਲ ਅਜਿਹਾ ਕਦੇ ਵੀ ਨਹੀਂ ਹੋਣ ਵਾਲਾ ਅਤੇ ਉਹ ਤਾਂ ਪੂਰੀ ਤਰ੍ਹਾਂ ਮਹਿਫ਼ੂਜ਼ ਹੈ। ਅਮਨ ਜੱਖਲਾਂ ਅਜਿਹੀ ਸੌੜੀ ਸੋਚ ਵਾਲੇ ਮਨੁੱਖ ਨੂੰ ਝੰਜੋੜਦੇ ਹਨ ਕਿ ਜੇਕਰ ਅਸੀਂ ਗੁਆਂਢੀ ਦੇ ਘਰੇ ਲੱਗੀ ਅੱਗ ਤੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰਦੇ ਰਹੇ ਤਾਂ ਬਹੁਤ ਛੇਤੀ ਇਹੋ ਅੱਗ ਸਾਡੇ ਆਪਣੇ ਘਰੇ ਵੀ ਪਹੁੰਚਣ ਵਾਲੀ ਹੈ-
ਅੱਗ ਦੇ ਭਾਂਬੜ ਉੱਠਦੇ ਨਜ਼ਰੀਂ ਆਉਂਦੇ ਨੇ,
ਖੌਰੇ ਕੀਹਦੇ ਵਸਦੇ ਹੋਏ ਉਜਾੜੇਗੀ।
ਕੀ ਹੋਇਆ ਜੇ ਮੇਰੇ ਘਰ ਤੱਕ ਆ ਪਹੁੰਚੀ,
ਨਾ ਸਮਝੇ ਤਾਂ ਛੋਡੇ ਘਰ ਵੀ ਸਾੜੇਗੀ।
ਧੱਕੇਸ਼ਾਹੀ ਤੇ ਲੁੱਟ-ਖਸੁੱਟ ਨੂੰ ਰੱਬੀ ਭਾਣਾ ਮੰਨ ਕੇ ਸਬਰ ਕਰਨ ਵਾਲੀ ਲੋਕ-ਮਾਨਸਿਕਤਾ ਨੂੰ ਦੇਖ ਕੇ ਵੀ ਅਮਨ ਜੱਖਲਾਂ ਉਮੀਦ ਦਾ ਪੱਲਾ ਨਹੀਂ ਛੱਡਦੇ ਬਲਕਿ ਨਿਰਦੋਸ਼ ਲੋਕਾਂ ਉੱਤੇ ਜ਼ੁਲਮ ਕਰਨ ਵਾਲੀਆਂ ਫਾਸ਼ੀਵਾਦੀ ਤਾਕਤਾਂ ਨੂੰ ਚੁਣੌਤੀ ਦਿੰਦੇ ਹਨ ਕਿ ਜਿਸ ਦਿਨ ਲੋਕਾਂ ਨੂੰ ਆਪਣੇ ਨਾਇਕਾਂ ਦੀ ਆਖੀ ਹੋਈ ਗੱਲ ਸਮਝ ਵਿੱਚ ਆ ਜਾਵੇਗੀ, ਉਸ ਦਿਨ ਜ਼ੁਲਮਾਂ ਦੀ ਜੜ ਪੁੱਟਣ ਲਈ ਇਹ ਆਪਣੇ ਸੀਸ ਤਲੀ ’ਤੇ ਧਰ ਕੇ ਜ਼ਰੂਰ ਰਣਭੂਮੀ ਵਿੱਚ ਨਿੱਤਰਨਗੇ-
ਵਹਿਮ ਨਾ ਪਾਲ ਕਿ ਮੋਏ ਨੇ,
ਇਹ ਗੂਹੜੀ ਨੀਂਦਰ ਸੋਏ ਨੇ,
ਉੱਠਣਗੇ ਲੋਕ ਦੇਖਦਾ ਜਾ,
ਅਜੇ ਕੁੱਝ ਰਾਤ ਬਾਕੀ ਹੈ।
ਪਾਈ ਹੈ ਜੋ ਨਾਨਕ ਨੇ,
ਅਜੇ ਉਹ ਬਾਤ ਬਾਕੀ ਹੈ।
ਝੂਠੀ ਨੈਤਿਕਤਾ ਦੀ ਗੱਲਾਂ ਕਰਨ ਵਾਲੇ ਦੰਭੀ ਲੋਕਾਂ ਦਾ ਕਹਿਣੀ ਅਤੇ ਕਰਨੀ ਦਾ ਅੰਤਰ ਵੀ ਉਨ੍ਹਾਂ ਬੜਾ ਚੁੱਭਦਾ ਹੈ। ਜਿਸ ਵਿਅਕਤੀ ਦੇ ਹੱਥ ਵਿੱਚ ਤਾਕਤ ਹੁੰਦੀ ਹੈ, ਉਸ ਦੇ ਵੱਡੇ ਤੋਂ ਵੱਡੇ ਐਬ ਵੀ ਕਿਸੇ ਨੂੰ ਦਿਖਾਈ ਨਹੀਂ ਦਿੰਦੇ ਬਲਕਿ ਉਸ ਨਾਲ ਨੇੜਤਾ ਬਣਾ ਕੇ ਰੱਖਣੀ ਹਰ ਕਿਸੇ ਨੂੰ ਫ਼ਾਇਦੇਮੰਦ ਅਤੇ ਕਲਿਆਣਕਾਰੀ ਲੱਗਦੀ ਹੈ। ਅਮਨ ਜੱਖਲਾਂ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਦੇ ਦਿਖਾਈ ਦੇ ਰਹੇ ਮੁਹਾਂਦਰੇ ਵਿੱਚੋਂ ਉਸ ਦੇ ਅਸਲੀ ਆਪੇ ਪਛਾਣ ਕਰਨਾ ਜੇਕਰ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਬਣ ਚੁੱਕਿਆ ਹੈ-
ਧਰਮ ਕਰਮ ਦੀਆਂ ਕਿਆ ਨੇ ਬਾਤਾਂ,
ਕਾਲੇ ਦਿਨ ਨੇ ਚਿੱਟੀਆਂ ਰਾਤਾਂ।
ਹੋ ਗਿਆ ਧਰਮ ਜਵਾਨ ਤੇ ਬੜਾ ਅਮੀਰ ਹੋ ਰਿਹੈ।
ਸੁਣਿਐ ਅੱਜਕੱਲ੍ਹ ਡੰਡਾ ਹੀ ਪੀਰ ਹੋ ਰਿਹੈ।
ਅਮਨ ਜੱਖਲਾਂ ਵਾਤਾਵਰਣ ਵਿੱਚ ਪੈਦਾ ਹੋ ਰਹੇ ਅਸੰਤੁਲਨ ਲਈ ਮਨੁੱਖ ਨੂੰ ਹੀ ਪੂਰੀ ਤਰ੍ਹਾਂ ਜ਼ਿੰਮੇਵਾਰ ਸਮਝਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਿਸ ਨੂੰ ਅਜੋਕਾ ਮਨੁੱਖ ਆਪਣੀ ਤਰੱਕੀ ਸਮਝ ਕੇ ਫੁੱਲਿਆ ਨਹੀਂ ਸਮਾਉਂਦਾ, ਉਹ ਅਸਲ ਵਿੱਚ ਉਸ ਦੀ ਬਰਬਾਦੀ ਹੀ ਆਪੇ ਕੀਤਾ ਪ੍ਰਬੰਧ ਹੈ। ਬਾਰੂਦ ਦੇ ਢੇਰ ’ਤੇ ਬੈਠਾ ਮਨੁੱਖ ਕੁਦਰਤ ਨਾਲ ਛੇੜਛਾੜ ਕਰ ਕੇ ਆਪਣੇ ਭਵਿੱਖ ਨੂੰ ਬੇਹੱਦ ਖ਼ਤਰਨਾਕ ਅਤੇ ਭਿਆਨਕ ਬਣਾ ਰਿਹਾ ਹੈ-
ਵਾਹ ਉਏ ਮਾਨਵ ਤੇਰੀ ਤਰੱਕੀ,
ਵਾਹ ਨੇ ਤੇਰੀਆਂ ਖੋਜਾਂ।
ਕੁਦਰਤ ਮਾਂ ਨੂੰ ਮਾਰ ਕੇ ਜਾਨੋਂ,
ਲੁੱਟਦਾ ਫਿਰਦੈਂ ਮੌਜਾਂ।
ਆਪਣੀ ਔਲਾਦ ਨੂੰ ਵਿਦੇਸ਼ਾਂ ਵਿੱਚ ਪੱਕੇ ਪੈਰੀਂ ਕਰ ਕੇ ਲੋਕਾਂ ਦੇ ਪੁੱਤਰਾਂ ਨੂੰ ਧਰਮ ਦੇ ਨਾਂ ’ਤੇ ਮਰਨ ਲਈ ਉਕਸਾਉਣ ਵਾਲੇ ਬੇਈਮਾਨ ਸਿਆਸਤਦਾਨਾਂ ਦੇ ਕਿਰਦਾਰ ਵੀ ਉਨ੍ਹਾਂ ਕੋਲੋਂ ਲੁਕੇ-ਛਿਪੇ ਨਹੀਂ ਹਨ। ਅਮਨ ਜੱਖਲਾਂ ਸਮਝਦੇ ਹਨ ਕਿ ਜਦੋਂ ਵੀ ਜਾਤ-ਪਾਤ ਜਾਂ ਧਰਮ ਦੇ ਨਾਂ ’ਤੇ ਦੰਗੇ ਭੜਕਦੇ ਹਨ, ਉਦੋਂ ਕਦੇ ਵੀ ਕਿਸੇ ਨੇ ਕਿਸੇ ਲੀਡਰ ਦਾ ਪੁੱਤ ਮਰਦਾ ਨਹੀਂ ਦੇਖਿਆ ਬਲਕਿ ਉਨ੍ਹਾਂ ਦੀ ਲਗਾਈ ਹੋਈ ਅੱਗ ਵਿੱਚ ਹਮੇਸ਼ਾ ਆਮ ਆਦਮੀ ਹੀ ਸੜਦਾ ਹੈ-
ਆਪਣੇ ਪੁੱਤ ਪੱਕੇ ਕਰ ਕੇ,
ਰੱਖੇ ਵਿੱਚ ਵਿਦੇਸ਼ਾਂ ਦੇ।
ਸਿਰਾਂ ਦੇ ਮੁੱਲ ਪਵਾਉਂਦਾ ਬੈਠਾ,
ਪਰਜਾ ਦਿਆਂ ਜਵਾਨਾਂ ਦੇ।
ਬਾਬਾ ਬੁੱਲ੍ਹੇ ਸ਼ਾਹ ਦੀ ਕਾਫ਼ੀ ‘ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ’ ਦਾ ਰੰਗ ਅਮਨ ਜੱਖਲਾਂ ਦੀ ਕਾਵਿਕਤਾ ਨੂੰ ਵੀ ਚੜ੍ਹਿਆ ਪ੍ਰਤੀਤ ਹੁੰਦਾ ਹੈ ਕਿਉਂਕਿ ਉਹ ਵੀ ਕਵਿਤਾ ਲਿਖਦੇ-ਲਿਖਦੇ ਖ਼ੁਦ ਕਵਿਤਾ ਹੀ ਹੋ ਜਾਂਦੇ ਹਨ। ਇਸ ਵਿਸਮਾਦੀ ਹਾਲਤ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਜਿਵੇਂ ਉਹ ਆਪ ਕਵਿਤਾ ਨਹੀਂ ਲਿਖ ਰਹੇ ਹੁੰਦੇ ਬਲਕਿ ਕਵਿਤਾ ਹੀ ਉਨ੍ਹਾਂ ਨੂੰ ਲਿਖ ਰਹੀ ਹੁੰਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੀ ਕਵਿਤਾ ਵਿੱਚ ਭਰ ਵਗਦੇ ਦਰਿਆਵਾਂ ਵਰਗਾ ਵਹਿਣ ਅਤੇ ਸਾਗਰ ਵਰਗੀ ਅਡੋਲਤਾ ਹੈ-
ਦੁਖੀਆਂ ਦੀ ਇਹ ਦਰਦੀ ਬਾਬਾ,
ਬੋਲਣ ਤੋਂ ਨਾ ਡਰਦੀ ਬਾਬਾ,
ਚੁੱਪ ਇਹ ਰਹਿ ਨਾ ਸਕਦੀ ਜਦ ਕੋਈ,
ਰੂਹ ਕੁਰਲਾਉਂਦੀ ਦਿਖਦੀ।
ਮੈਂ ਕਵਿਤਾ ਨਈਂ ਲਿਖਦਾ ਬਾਬਾ,
ਕਵਿਤਾ ਮੈਨੂੰ ਲਿਖਦੀ।
ਅਮਨ ਜੱਖਲਾਂ ਨੇ ਲੋਕ ਮਨਾਂ ਦੀ ਵੇਦਨਾ ਦੇ ਵਿਦਰੋਹ ਨਾਲ ਇੱਕਸੁਰ ਹੁੰਦਿਆਂ ਵਰਤਮਾਨ ਦੇ ਲੱਗਭੱਗ ਹਰੇਕ ਭਖਦੇ ਮਸਲੇ ਨੂੰ ਸੰਬੋਧਿਤ ਹੋਣ ਦੀ ਸਫ਼ਲ ਤੇ ਸੁਚੱਜੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕੋਲ ਵਿਸ਼ਿਆਂ ਦੀ ਬਹੁਤਾਤ ਦੇ ਨਾਲ-ਨਾਲ ਤਸੱਲੀਬਖ਼ਸ਼ ਸ਼ਬਦ ਭੰਡਾਰ ਵੀ ਹੈ ਅਤੇ ਗੱਲ ਕਹਿਣ ਦਾ ਹੁਨਰ ਵੀ। ਉਨ੍ਹਾਂ ਦੀ ਹਿੰਮਤ, ਲਗਨ ਅਤੇ ਵਿਚਾਰਾਂ ਦੀ ਪ੍ਰਪੱਕਤਾ ਉਨ੍ਹਾਂ ਦੀ ਵਿਚਾਰਧਾਰਕ ਪ੍ਰੌੜ੍ਹਤਾ ਦੀ ਸ਼ਾਹਦੀ ਭਰਦੀ ਹੈ। ਰੂਪਕ ਪੱਖ ਤੋਂ ਵੀ ਉਨ੍ਹਾਂ ਦੀ ਕਵਿਤਾ ਵਿੱਚ ਉਹ ਸਾਰੇ ਗੁਣ ਵਿਦਮਾਨ ਹਨ, ਜਿਹੜੇ ਕਿਸੇ ਚੰਗੀ ਕਵਿਤਾ ਦੀ ਪਹਿਚਾਣ ਸਮਝੇ ਜਾਂਦੇ ਹਨ। ਨਵੇਂ ਦਿਸਹੱਦਿਆਂ ਦੀ ਸਿਰਜਣਾ ਕਰਦੇ ਉਨ੍ਹਾਂ ਦੇ ਇਸ ਨਿੱਗਰ ਉਪਰਾਲੇ ਦਾ ਮੈਂ ਭਰਪੂਰ ਸਮਰਥਨ ਕਰਦਾ ਹਾਂ।
ਗੁਰੂ ਤੇਗ ਬਹਾਦਰ ਨਗਰ, ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly