ਗਲਤੀ ਦਾ ਅਹਿਸਾਸ

ਮਨਪ੍ਰੀਤ ਕੌਰ ਭਾਟੀਆ

(ਸਮਾਜ ਵੀਕਲੀ)

ਬੰਟੀ ਪੜ੍ਹਨ ਵਿੱਚ ਜਿੱਥੇ ਹੁਸ਼ਿਆਰ ਸੀ ,ਉੱਥੇ ਅੱਤ ਦਰਜੇ ਦਾ ਸ਼ਰਾਰਤੀ ਵੀ ਸੀ। ਪੰਜਵੀਂ ਜਮਾਤ ‘ਚੋਂ ਚੰਗੇ ਨੰਬਰਾਂ ‘ਚ ਪਾਸ ਹੋ ਕੇ ਹੁਣ ਉਹਨਾਂ ਦੀਆਂ ਛੇਵੀਂ ਜਮਾਤ ਦੀਆਂ ਕਲਾਸਾਂ ਲੱਗਣੀਆਂ ਆਰੰਭ ਹੋ ਗਈਆਂ। ਉਸਦੀ ਜਮਾਤ ‘ਚ ਕਈ ਨਵੇਂ ਵਿਦਿਆਰਥੀ ਦਾਖਲ ਹੋਏ। ਪਰ ਉਹਨਾਂ ‘ਚੋਂ ਸਚਿਨ ਨਾਂ ਦੇ ਵਿਦਿਆਰਥੀ ਦੀ ਖੱਬੀ ਲੱਤ ਕਿਸੇ ਕਾਰਨ ਠੀਕ ਨਹੀਂ ਸੀ ਤੇ ਉਹ ਵੈਸਾਖੀਆਂ ਦੇ ਸਹਾਰੇ ਤੁਰਦਾ ਸੀ। ਬੰਟੀ ਅਤੇ ਉਸਦੇ ਦੋਸਤ ਉਰ ਵੇਲੇ ਉਸਦਾ ਮਜ਼ਾਕ ਉਡਾਉਂਦੇ ਰਹਿੰਦੇ। ਕਦੇ ਉਸ ਨੂੰ ਲੰਗੜਾ ,ਡੇਢ ਲੱਤਾ ਤੇ ਕਦੇ ਲਾਟ ਕਹਿ ਕਹਿ ਕੇ ਚਿੜਾਉਂਦੇ ,ਪਰ ਸਚਿਨ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਵਿਦਿਆਰਥੀ ਸੀ। ਉਹ ਪਹਿਲਾਂ ਤਾ ਉਹਨਾਂ ਦੀਆਂ ਗੱਲਾਂ ਸੁਣ -ਸੁਣ ਕੇ ਰੋਂਦਾ ਰਹਿੰਦਾ ,ਪਰ ਹੌਲੀ – ਹੌਲੀ ਉਸ ਨੇ ਉਹਨਾਂ ਦੀ ਪ੍ਰਵਾਹ ਕਰਨੀ ਛੱਡ ਦਿੱਤੀ ਅਤੇ ਧਿਆਨ ਪੜ੍ਹਾਈ ਵੱਲ ਲਾ ਲਿਆ। ਉਸ ਨੂੰ ਪ੍ਰੇਸ਼ਾਨ ਹੁੰਦੇ ਤੇ ਰੋਂਦੇ ਨਾ ਦੇਖ ਬੰਟੀ ਤੇ ਉਸ ਦੇ ਦੋਸਤਾਂ ਨੂੰ ਬਹੁਤ ਖਿਝ ਚੜਦੀ ਤੇ ਉਹ ਉਸ ਨੂੰ ਸਤਾਉਣ ਦੀ ਪੂਰੀ ਕੋਸ਼ਿਸ਼ ਕਰਦੇ।

ਸਮਾਂ ਲੰਘਦਾ ਗਿਆ ਗਿਆ। ਇੱਕ ਦਿਨ ਇੱਕ ਅਧਿਆਪਿਕ ਦੇ ਗੈਰ -ਹਾਜ਼ਰ ਹੋਣ ਕਾਰਨ ਉਹਨਾਂ ਦਾ ਇੱਕ ਪੀਰੀਅਡ ਖਾਲੀ ਸੀ। ਸਾਰੇ ਵਿਦਿਆਰਥੀ ਗੱਲਾਂ ‘ਤੇ ਸ਼ਰਾਰਤਾਂ ਕਰਨ ‘ਚ ਮਸਤ ਸਨ। ਅਚਾਨਕ ਜਮਾਤ ਤੋਂ ਬਾਹਰੋਂ ਆਉਂਦੇ ਹੋਏ ਸਚਿਨ ਨੂੰ ਵੇਖ ਕੇ, ਕੇਲਾ ਖਾ ਰਹੇ ਬੰਟੀ ਨੂੰ ਇੱਕ ਸ਼ਰਾਰਤ ਸੁੱਝੀ।

ਉਸ ਨੇ ਕੇਲਾ ਖਾ ਕੇ ਛਿਲਕਾ ਸਚਿਨ ਦੇ ਰਾਹ ਵਿੱਚ ਸੁੱਟ ਦਿੱਤਾ। ਬੱਸ ,ਫਿਰ ਕਿ ਸੀ ,ਇਸ ਗੱਲ ਤੋਂ ਬੇਖਬਰ , ਵੈਸਾਖੀਆਂ ਸਹਾਰੇ ਹੌਲੀ-ਹੌਲੀ ਤੁਰਦਾ ਸਚਿਨ ਤਿਲਕ ਕੇ ਫਰਸ਼ ‘ਤੇ ਮੂਧੇ ਮੂੰਹ ਜਾ ਪਿਆ। ਉਸ ਦੇ ਡਿਗਦਿਆਂ ਹੀ ਬੰਟੀ ‘ਤੇ ਉਸ ਦੇ ਦੋਸਤ ਜ਼ੋਰ-ਜ਼ੋਰ ਦੀ ਤਾੜੀਆਂ ਵਜਾਉਂਦੇ ਉੱਚੀ-ਉੱਚੀ ਹੱਸਣ ਲੱਗੇ। ਡਿੱਗਦਿਆਂ ਹੀ ਸਚਿਨ ਦੇ ਮੂੰਹ ;ਚੋਣ ਖੂਨ ਵਗਣ ਲੱਗ ਪਿਆ। ਉਸ ਦੀਆਂ ਚੀਕਾਂ ਸੁਨ ਕੇ ਨਾਲ ਦੀਆਂ ਜਮਾਤਾਂ ਦੇ ਅਧਿਆਪਿਕ ਤੇ ਵਿਦਿਆਰਥੀ ਵੀ ਗਏ। ਸਚਿਨ ਦੀ ਹਾਲਤ ਵੇਖ ਕੇ ਹੁਣ ਤੱਕ ਬੰਟੀ ਤੇ ਉਸ ਦੇ ਦੋਸਤ ਵੀ ਘਬਰਾ ਚੁੱਕੇ ਸਨ।

ਸਚਿਨ ਦਾ ਸੱਜਾ ਪੈਰ ਮੁਚੜ ਜਾਂ ਕਾਰਨ ਉਸ ਤੋਂ ਉੱਠਿਆ ਨਹੀਂ ਸੀ ਜਾ ਰਿਹਾ। ਹੁਣ ਉਹ ਵੈਸਾਖੀਆਂ ਨਾਲ ਤੂੰ ਤੋਂ ਵੀ ਅਸਮਰੱਥ ਹੋ ਗਿਆ ਸੀ। ਉਸ ਨੂੰ ਜਲਦੀ ਨਾਲ ਚੁੱਕ ਕੇ ਹਸਪਤਾਲ ਲਿਜਾਇਆ ਗਿਆ। ਪ੍ਰਿੰਸੀਪਲ ਦੇ ਆਉਣ ‘ਤੇ ਕੁੱਝ ਮੁੰਡਿਆਂ ਨੇ ਉਹਨਾਂ ਨੂੰ ਬੰਟੀ ਦੀ ਸ਼ਰਾਰਤ ਬਾਰੇ ਦੱਸ ਦਿੱਤਾ। ਪ੍ਰਿੰਸੀਪਲ ਸਾਹਿਬ ਨੇ ਖੂਬ ਝਾੜ ਪੈ ਅਤੇ ਨਾਲ ਹੀ ਉਸ ਦੇ ਦੋਸਤਾਂ ਨੂੰ ਵੀ ਡਾਂਟਿਆ। ਬੰਟੀ ਨੂੰ ਸਖਤੀ ਨਾਲ ਸਵੇਰੇ ਹੀ ਆਪਣੇ ਮਾਤਾ-ਪਿਤਾ ਸੱਦ ਕੇ ਲਿਆਉਣ ਲਈ ਵੀ ਕਿਹਾ ਗਿਆ। ਅਗਲੇ ਦਿਨ ਬੰਟੀ ਦੇ ਮੰਮੀ -ਪਾਪਾ ਨੂੰ ਪ੍ਰਿੰਸੀਪਲ ਸਾਹਿਬ ਤੇ ਅਧਿਆਪਿਕਾਂ ਸਾਹਮਣੇ ਬਹੁਤ ਸ਼ਰਮਿੰਦਾ ਹੋਣਾ ਪਿਆ।

ਬੰਟੀ ਸ਼ਰਾਰਤੀ ਤਾਂ ਸੀ ,ਇਸ ਹੱਦ ਤੱਕ ,ਇਹ ਉਸ ਦੇ ਮੱਮੀ -ਪਾਪਾ ਨੇ ਸੋਚਿਆ ਵੀ ਨਹੀਂ ਸੀ। ਉਸ ਦੇ ਮੱਮੀ-ਪਾਪਾ ਬਹੁਤ ਗੰਭੀਰ ਹੋ ਗਏ। ਘਰ ਆਉਂਦੀਆਂ ਹੀ ਉਹ ਨੇ ਬੰਟੀ ਨੂੰ ਆਵਾਜ਼ ਲਗਾਈ। ਬੰਟੀ ਚੁੱਪ-ਚਾਪ ਅੱਖਾਂ ਝੁਕਾਈ ਮੱਮੀ-ਪਾਪਾ ਸਾਹਮਣੇ ਖੜਾ ਸੀ। ਅੰਤਾਂ ਦੇ ਗੁੱਸੇ ‘ਚ ਹੋਣ ਦੇ ਬਾਵਜੂਦ ਉਸ ਦੇ ਪਾਪਾ ਉਸ ਨੂੰ ਪਿਆਰ ਨਾਲ ਸਮਝਾਉਂਦੇ ਹੋਏ ਬੋਲੇ ,”ਦੇਖ ਪੁੱਤਰ ! ਅੱਜ ਤੂੰ ਸ਼ਰਾਰਤ ਨਹੀਂ ਕੀਤੀ ਸਗੋਂ ਗੁਨਾਹ ਕੀਤਾ ਹੈ। ਉਹ ਵਿਚਾਰਾ ਮੁੰਡਾ ਜਿਹੜਾ ਪਹਿਲਾਂ ਤੋਂ ਹੀ ਕੁਦਰਤੀ ਅਪੰਗਤਾ ਦਾ ਸ਼ਿਕਾਰ ਹੈ ,ਤੂੰ ਉਸ ਦਾ ਮਜ਼ਾਕ ਉਡਾ ਕੇ ਉਸ ਨੂੰ ਮਾਨਸਿਕ ਕਸ਼ਟ ਪਹੁੰਚਾਇਆ ਹੈ। ਉਹ ਇੱਕ ਗਰੀਬ ਘਰ ਦਾ ਲੜਕਾ ਹੈ। ਤੈਨੂੰ ਪਤਾ ਹੈ ਕੇ ਤੇਰੇ ਮਜ਼ਾਕ ਕਾਰਨ ਉਸ ਵਿਚਾਰੇ ਦੇ ਦੰਦ ਤੇ ਪੈਰ ਦੀ ਹੱਡੀ ਟੁੱਟ ਗਈ ਹੈ। ਜਿਹੜਾ ਪਹਿਲਾਂ ਹੀ ਵੈਸਾਖੀਆਂ ਸਹਾਰੇ ਤੁਰਦਾ ਹੈ ,ਉਹ ਵੀਚਾਰਾ। …….! ਅੱਜ ਮੈਨੂੰ ਸ਼ਰਮ ਮਹਿਸੂਸ ਹੋ ਰਹੀ ਕਿ ਤੂੰ ਸਦਾ ਪੁੱਤਰ ਹੈ। ”

ਕੋਲ ਖਲੋਤੀ ਉਸ ਦੀ ਮੱਮੀ ਦੀਆਂ ਅੱਖਾਂ ਵੀ ਭਿੱਜ ਗਈਆਂ।

ਚੁੱਪ-ਚਾਪ ਖਲੋਤਾ ਬੰਟੀ ਬੇਹੱਦ ਗੰਭੀਰ ਹੋ ਗਿਆ ਤੇ ਉਸ ਦੀਆਂ ਅੱਖਾਂ ‘ਚੋਂ ਹੰਝੂ ਆ ਗਏ। ਉਹ ਬੋਲਿਆ , “ਸੋਰੀ ਪਾਪਾ,ਸੋਰੀ ਮੰਮਾ ,ਪਲੀਜ ਮੈਨੂੰ ਮੁਆਫ ਕਰ ਦਿਓ। ਮੈਂ ਦੁਬਾਰਾ ਇੰਝ ਕਦੇ ਨਹੀਂ ਕਰਾਂਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ। ‘

ਸਿਰਫ ਇਹੀ ਵਾਅਦਾ ਨਹੀਂ,ਤੈਨੂੰ ਇੱਕ ਹੋਰ ਵਾਅਦਾ ਵੀ ਕਰਨਾ ਪਵੇਗਾ। “ਉਸਦੇ ਪਾਪਾ ਬੋਲੇ।

“ਦੱਸੋ ਪਾਪਾ। “ਬੰਟੀ ਨੇ ਪੁੱਛਿਆ।

“ਤੂੰ ਮੇਰੇ ਨਾਲ ਹਸਪਤਾਲ ਚੱਲ ਕੇ ਸਚਿਨ ਤੋਂ ਮੁਆਫੀ ਮੰਗ ਤੇ ਉਸ ਨੂੰ ਆਪਣਾ ਦੋਸਤ ਬਣਾ। ਸਿਰਫ ਏਨਾ ਹੀ ਨਹੀਂ ,ਜਿਨ੍ਹੇਂ ਦਿਨ ਸਚਿਨ ਹਸਪਤਾਲ ਰਹੇਗਾ ,ਤੂੰ ਸਕੂਲੋਂ ਆ ਕੇ ਰੋਜ ਹਸਪਤਾਲ ਜਾਏਗਾ ਤੇ ਉਸ ਦੀ ਦੇਖਭਾਲ ਕਰੇਂਗਾ। ਹਸਪਤਾਲ ਦਾ ਸਾਰਾ ਖਰਚ ਤਾਂ ਮੈਂ ਹੀ ਉਠਾਵਾਂਗਾ ,ਪਰ ਉਸ ਦੇ ਠੀਕ ਹੋਣ ਤੱਕ ਸਕੂਲ ਦਾ ਸਾਰਾ ਕੰਮ ਉਸ ਨੂੰ ਕਰਵਾਏਗਾ ਤੇ ਯਾਦ ਰੱਖ ,ਕਦੇ ਵੀ ਜ਼ਿੰਦਗੀ ਵਿੱਚ ਕਿਸੇ ਦੀ ਵੀ ਸਰੀਰਕ ਅਪੰਗਤਾ ਦਾ ਮਜ਼ਾਕ ਨਾ ਉਡਾਵੀਂ। “ਬੰਟੀ ਦੇ ਪਾਪਾ ਨੇ ਸਮਝਾਇਆ।

“ਠੀਕ ਹੈ ਪਾਪਾ। ਅੱਜ ਤੋਂ ਬਾਅਦ ਮੈਂ ਕੋਈ ਵੀ ਅਜਿਹਾ ਕੰਮ ਨਹੀਂ ਕਰਾਂਗਾ ,ਜਿਸ ਨਾਲ ਤੁਹਾਨੂੰ ਸ਼ਰਮ ਮਹਿਸੂਸ ਹੋਵੇ ਬਲਕਿ ਅਜਿਹੇ ਕੰਮ ਕਰਾਂਗਾ ਜਿਸ ਨਾਲ ਤੁਹਨੂੰ ਮੇਰੇ ‘ਤੇ ਮਾਣ ਮਹਿਸੂਸ ਹੋਵੇ। “ਕਹਿੰਦੇ -ਕਹਿੰਦੇ ਬੰਟੀ ਦਾ ਚਿਹਰਾ ਪੂਰਾ ਹੰਝੂਆਂ ਨਾਲ ਭਿੱਜ ਚੁੱਕਾ ਸੀ।
ਉਸ ਦੇ ਪਾਪਾ ਦੀਆਂ ਪਾਰਖੂ ਨਜ਼ਰਾਂ ਨੇ ਵੇਖਿਆ ਤੇ ਮਹਿਸੂਸ ਕੀਤਾ ਕਿ ‘ਬੰਟੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ। ‘ਉਹ ਬੋਲੇ, “ਠੀਕ ਹੈ ਬੇਟਾ ਮੈਨੂੰ ਤੈਥੋਂ ਇਹੀ ਉਮੀਦ ਹੈ। “ਤੇ ਉਹ ਉਸ ਨੂੰ ਲੈ ਕੇ ਜਲਦੀ ਨਾਲ ਹਸਪਤਾਲ ਚੱਲ ਪਏ।

ਇਸ ਲਈ ਬੱਚਿਓ !ਕਦੇ ਵੀ ਕਿਸੇ ਨਾਲ ਅਜਿਹਾ ਮਜ਼ਾਕ ਨਾ ਕਰੋ ਜਿਸ ਨਾਲ ਉਸ ਨੂੰ ਸਰੀਰਕ ਜਾਂ ਮਾਨਸਿਕ ਕਿਸੇ ਵੀ ਤਰ੍ਹਾਂ ਦੀ ਸੱਤ ਲੱਗੇ ਤੇ ਹਮੇਸ਼ਾ ਚੰਗੇ ਸਿਆਣੇ ਬੱਚੇ ਬਣ ਕੇ ਆਪਣਾ ,ਆਪਣੇ ਮਾਪਿਆਂ ਅਤੇ ਅਧਿਆਪਿਕਾਂ ਦਾ ਨਾਂ ਰੋਸ਼ਨ ਕਰਨ ਲਈ ਯਤਨਸ਼ੀਲ ਰਹੋ।

ਮਨਪ੍ਰੀਤ ਕੌਰ ਭਾਟੀਆ ਫਿਰੋਜ਼ਪੁਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐ ਖੁਦਾ
Next articleਯਾਰਾ ਦਾ ਯਾਰ ਸੀ ਸਾਹਿਲ “