(ਸਮਾਜ ਵੀਕਲੀ) ਰੋਜ਼ਾਨਾ ਦੀ ਤਰ੍ਹਾਂ ਮੈਂ ਅੱਜ ਵੀ ਆਪਣੀ ਡਿਊਟੀ ਤੋਂ ਵਾਪਸੀ ਲਈ ਬੱਸ ਫੜੀ। ਸ਼ਾਮ ਦਾ ਸਮਾਂ, ਦਫ਼ਤਰਾਂ ਦੀ ਛੁੱਟੀ ਅਤੇ ਬੱਸਾਂ ਵਿੱਚ ਭੀੜ—ਇਹ ਸਾਰਾ ਕੁਝ ਹਰ ਦਿਨ ਦੀ ਤਰ੍ਹਾਂ ਹੀ ਸੀ। ਸੀਟ ਮਿਲਣਾ ਤਾਂ ਦੂਰ ਦੀ ਗੱਲ ਸੀ, ਬੱਸ ਦੇ ਵਿੱਚ ਖੜ੍ਹੇ ਰਹਿਣਾ ਵੀ ਮੁਸ਼ਕਲ ਹੋ ਰਿਹਾ ਸੀ। ਕੰਡਕਟਰ ਨੇ ਕਿਸੇ ਤਰ੍ਹਾਂ ਹੱਥ ਵਧਾ ਕੇ ਮੇਰੀ ਟਿਕਟ ਕੱਟੀ।
ਇਸੇ ਦੌਰਾਨ ਪਿੱਛੇ ਤੋਂ ਇੱਕ ਸਵਾਰੀ ਧੱਕੇ ਨਾਲ ਸਵਾਰੀਆਂ ਪਾਸੇ ਕਰਦੇ ਹੋਏ ਆਈ। ਉਸਦਾ ਪੈਰ ਮੇਰੇ ਬੂਟ ਉੱਤੇ ਪਿਆ ਅਤੇ ਉਹ ਬਗੈਰ ਮੁੜੇ ਦੇਖੇ ਅੱਗੇ ਵੱਧ ਗਈ। ਲੱਗਦਾ ਸੀ ਅਗਲਾ ਸਟਾਪ ਉਸਦਾ ਸੀ। ਜਿਵੇਂ ਹੀ ਉਸਨੇ ਪੈਰ ਰੱਖਿਆ, ਮੇਰੀ ਨਜ਼ਰ ਮੇਰੇ ਪੈਰਾਂ ਵੱਲ ਗਈ। ਹੇਠਾਂ 500-500 ਦੇ ਦੋ ਨੋਟ ਪਏ ਸਨ।
ਭੀੜ ਦੇ ਬਾਵਜੂਦ ਮੈਂ ਨੀਚੇ ਝੁੱਕ ਕੇ ਉਹ ਨੋਟ ਚੁੱਕ ਲਏ ਅਤੇ ਉੱਚੀ ਆਵਾਜ਼ ਵਿੱਚ ਪੁਕਾਰਿਆ, “ਇਹ ਪੈਸੇ ਕਿਸਦੇ ਡਿੱਗੇ ਹਨ?”
ਕਿਸੇ ਨੇ ਨਹੀਂ ਬੋਲਿਆ ਕਿ ਪੈਸੇ ਮੇਰੇ ਹਨ। ਕੰਡਕਟਰ ਨੇ ਮੇਰੀ ਆਵਾਜ਼ ਸੁਣ ਕੇ ਨੋਟ ਮੇਰੇ ਹੱਥੋਂ ਲੈ ਲਏ। ਉਸੇ ਵੇਲੇ ਇੱਕ ਔਰਤ ਨੇ ਦਾਅਵਾ ਕੀਤਾ ਕਿ ਪੈਸੇ ਉਸਦੇ ਹਨ। ਮੈਂ ਹੈਰਾਨ ਹੋਇਆ ਕਿਉਂਕਿ ਜਿਥੋਂ ਮੈਂ ਪੈਸੇ ਚੁੱਕੇ ਸਨ ਉਹ ਉੱਥੋਂ ਦੂਰ ਬੈਠੀ ਸੀ। ਪਰ ਉਸਨੇ ਕਿਹਾ ਕਿ ਇਹ ਨੋਟ ਉਸਦੇ ਬੇਟੇ ਦੀ ਜੇਬ ਵਿੱਚੋਂ ਡਿੱਗੇ ਹਨ, ਤੇ ਬੇਟਾ ਚੁੱਕੇ ਗਏ ਪੈਸਿਆਂ ਦੇ ਨੇੜੇ ਹੀ ਬੈਠਾ ਸੀ।
ਮੈਨੂੰ ਇਹ ਸਪਸ਼ਟ ਸੀ ਕਿ ਪੈਸੇ ਨਾ ਤਾਂ ਮੇਰੇ ਹਨ ਅਤੇ ਨਾ ਹੀ ਉਸ ਕੰਡਕਟਰ ਦੇ ਹਨ ਜਿਸਨੇ ਮੇਰੇ ਹੱਥੋਂ ਪੈਸੇ ਪਕੜ ਕੇ ਆਪਣੇ ਕੋਲ ਰੱਖ ਲਏ ਸਨ। ਇਸ ਲਈ ਮੈਂ ਬਿਨਾ ਸਮਾਂ ਬਰਬਾਦ ਕੀਤੇ ਪੈਸੇ ਕੰਡਕਟਰ ਦੇ ਹੱਥੋਂ ਪਕੜ ਕੇ ਉਸ ਔਰਤ ਨੂੰ ਦੇ ਦਿੱਤੇ।
ਕੁਝ ਹੀ ਸਮੇਂ ਬਾਅਦ ਕੰਡਕਟਰ ਮੁੜ ਮੇਰੇ ਕੋਲ ਆਇਆ। ਉਸਦਾ ਚਿਹਰਾ ਚਿੰਤਾ ਨਾਲ ਭਰਿਆ ਹੋਇਆ ਸੀ। ਉਸਨੇ ਕਿਹਾ,
“ਪੈਸੇ ਤੁਸੀਂ ਗਲਤ ਔਰਤ ਨੂੰ ਦੇ ਦਿੱਤੇ। ਇਹ ਉਸਦੇ ਨਹੀਂ ਸਨ।”
ਮੇਰੇ ਹੈਰਾਨ ਹੋਣ ‘ਤੇ ਉਸਨੇ ਦੱਸਿਆ ਕਿ ਉਸਨੂੰ ਦੂਜੀ ਬੱਸ ਦੇ ਕੰਡਕਟਰ ਦਾ ਫ਼ੋਨ ਆਇਆ ਸੀ। ਫ਼ੋਨ ਕਰਨ ਵਾਲੇ ਕੰਡਕਟਰ ਨੇ ਦੱਸਿਆ ਕਿ ਉਸਦੇ ਨੇੜੇ ਖੜ੍ਹੀ ਇੱਕ ਔਰਤ ਨੇ ਕਿਹਾ ਹੈ ਕਿ ਉਸਦੇ ਪੈਸੇ ਤੁਹਾਡੀ ਬੱਸ ‘ਚ ਡਿੱਗ ਗਏ ਹਨ। ਉਹ ਅਗਲੇ ਸਟਾਪ ‘ਤੇ ਉਤਰ ਗਈ ਸੀ ਅਤੇ ਹੁਣ ਖੁਦ ਪਛਤਾਈ ਬੈਠੀ ਸੀ।
ਕੰਡਕਟਰ ਨੇ ਬੱਸ ਵਾਲੀ ਔਰਤ ਤੋਂ ਦੁਬਾਰਾ ਪੁੱਛਿਆ ਵੀ, ਪਰ ਉਸਨੇ ਨਾਰਾਜ਼ਗੀ ਨਾਲ ਕਿਹਾ ਕਿ ਉਸ ‘ਤੇ ਸ਼ੱਕ ਨਾ ਕੀਤਾ ਜਾਵੇ। ਉਸਦਾ ਕਹਿਣਾ ਸੀ ਕਿ ਬੇਟੇ ਦੀ ਇੱਕ ਜੇਬ ਵਾਲੇ ਪੈਸੇ ਡਿੱਗੇ ਹਨ ਤੇ ਦੂਜੀ ਜੇਬ ਦੇ ਪੈਸੇ ਉਸਦੇ ਕੋਲ ਹਨ। ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ “ਕੌਣ ਸੱਚ ਬੋਲ ਰਿਹਾ ਸੀ?” ਅਤੇ “ਕਿਸ ਦਾ ਦਾਅਵਾ ਝੂਠਾ ਸੀ?”
ਭੀੜ ਵਿੱਚ ਇਹ ਪਤਾ ਲਗਾਉਣਾ ਉਸ ਵੇਲੇ ਮੁਸਕਲ ਸੀ, ਅਤੇ ਮੇਰਾ ਸਟਾਪ ਵੀ ਆ ਗਿਆ। ਮੈਂ ਕੰਡਕਟਰ ਨੂੰ ਕਿਹਾ ਕਿ ਉਹ ਆਪਸ ਵਿੱਚ ਇਸ ਗੱਲ ਦਾ ਨਿਪਟਾਰਾ ਕਰ ਲੈਣ। ਮੈਂ ਬੱਸ ਤੋਂ ਉਤਰ ਗਿਆ—ਪਰ ਦਿਲ ਵਿੱਚ ਅਜੇ ਵੀ ਸਵਾਲ ਬਣਿਆ ਹੋਇਆ ਹੈ ਕਿ “ਅਸਲ ਵਿੱਚ ਪੈਸੇ ਕਿਸਦੇ ਸਨ?”
ਪਵਨ ਕੁਮਾਰ ਅੱਤਰੀ ਜਿਲ੍ਹਾ ਪਠਾਨਕੋਟ [email protected]
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



