(ਸਮਾਜ ਵੀਕਲੀ)
ਕੁਲਦੀਪ ਸ਼ਹਿਰ ਵਿੱਚ ਇੱਕ ਮਾਸਟਰ ਦੀ ਨੌਕਰੀ ਕਰਦਾ ਸੀ। ਉਹਨੇ ਅੱਜ ਸਕੂਲੋਂ ਛੁੱਟੀ ਲਈ ਹੋਈ ਸੀ ਕਿਉਂ ਗੁਆਂਢੀਆਂ ਦੀ ਕੁੜੀ ਦਾ ਪੈਲੇਸ ਵਿੱਚ ਵਿਆਹ ਸੀ। ਜਵਾਕਾਂ ਨੂੰ ਸਕੂਲ ਤੋਰ ਉਹ ਦੋਵੇਂ ਮੀਆਂ ਬੀਬੀ ਪੈਲੇਸ ਵਿੱਚ ਵਿਆਹ ‘ਤੇ ਚਲੇ ਗਏ । ਵਿਆਹ ਵਿੱਚ ਖੂਬ ਆਪਣੀ ਮੌਜ਼ ਮਸਤੀ ਕਰਕੇ ਜਦੋਂ ਉਹ ਚਾਰ ਵਜੇ ਦੇ ਕਰੀਬ ਘਰ ਵਾਪਿਸ ਆ ਰਹੇ ਸੀ ਤਾਂ ਘਰਵਾਲੀ ਨੂੰ ਯਾਦ ਆਇਆ ਕੇ ਬੱਚੇ ਘਰੇ ਛੱਡੇ ਹੋਏ ਨੇ ਉਨ੍ਹਾਂ ਵਾਸਤੇ ਕੁਝ ਫਲ ਲੈ ਲਈਏ। ਉਹਨੇ ਘਰਵਾਲੇ ਨੂੰ ਫਲਾਂ ਵਾਲੀ ਦੁਕਾਨ ‘ਤੇ ਗੱਡੀ ਰੋਕਣ ਲਈ ਕਿਹਾ।
ਕੁਲਦੀਪ ਨੇ ਚੌਂਕ ਦੀ ਨੁੱਕਰੇ ਇੱਕ ਫਲਾਂ ਵਾਲੀ ਰੇਹੜੀ ‘ਤੇ ਗੱਡੀ ਰੋਕ ਲਈ । ਘਰਵਾਲੀ ਨੇ ਗੱਡੀ ਵਿੱਚੋਂ ਉਤਰ ਕੇ ਕੁਝ ਫਲ ਖਰੀਦ ਕੇ ਲਿਫਾਫੇ ਵਿੱਚ ਪਵਾ ਲਏ। ਜਦੋਂ ਫਲਾਂ ਦੀ ਰੇਹੜੀ ਵਾਲੇ ਤੋਂ ਪੈਸੇ ਪੁੱਛੇ ਤਾਂ ਉਹਨੇ ਦੋ ਸੌ ਤੀਹ ਰੁਪਏ ਕਿਹਾ, ਪਤਨੀ ਨੇ ਘਰਵਾਲੇ ਨੂੰ ਦੋ ਸੌ ਤੀਹ ਰੁਪਏ ਦੇਣ ਲਈ ਕਿਹਾ।
ਪਤੀ ਨੇ ਬੁੜਬੜਾਉਂਦੇ ਹੋਏ ਕਿਹਾ, “ਕਿਵੇਂ ਸਾਲਿਆਂ ਨੇ ਲੁੱਟ ਮਚਾਈ ਐ ਇਨ੍ਹਾਂ ਨੇ ਆਹ ਫੜ੍ਹ ਦੋ ਸੌ ਦੇਦੇ।”
ਘਰਵਾਲੀ ਨੇ ਉਹਦੀ ਗੱਲ ਦਾ ਜਵਾਬ ਦਿੰਦੇ ਕਿਹਾ, “ਜਦੋਂ ਦੋ ਪੈੱਗ ਲਾ ਕੇ ਉੱਥੇ ਲੱਕ ਹਿੱਲਦੇ ਵਾਲੀਆਂ ਤੋਂ ਨੋਟ ਸੁੱਟਦਾ ਸੀ ਉਦੋਂ ਤਾਂ ਅਸਲ ਲੁੱਟ ਦਾ ਪਤਾ ਨੀ ਲੱਗਾ ਤੈਨੂੰ , ਆਹ ਗਰੀਬ ਦੇ ਤੀਹ ਰੁਪਈਆਂ ਤੇ ਤੈਨੂੰ ਲੁੱਟ ਯਾਦ ਆ ਗਈ।”
ਘਰਵਾਲੀ ਦੀ ਗੱਲ ਸੁਣ ਘਰਵਾਲੇ ਦੀ ਪੀਤੀ ਹੋਈ ਦੋ ਮਿੰਟਾਂ ‘ਚ ਲਹਿ ਗਈ ਤੇ ਉਹਨੇ ਤੀਹ ਰੁਪਈਏ ਹੋਰ ਕੱਢ ਕੇ ਘਰਵਾਲੀ ਨੂੰ ਫੜ੍ਹਾ ਦਿੱਤੇ।
ਸਤਨਾਮ ਸਿੰਘ ਸ਼ਦੀਦ
9914298580
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly