ਜਗਤਾਰ ਸਿੰਘ ਹਿੱਸੋਵਾਲ ਦਾ ਕਾਵਿ ਸੰਗ੍ਰਹਿ ‘ਨਾਬਰੀ ਦਾ ਗੀਤ’ ਪੜ੍ਹਦਿਆਂ – ਦਰਸ਼ਨ ਸਿੰਘ ਬੋਪਾਰਾਏ

(ਸਮਾਜ ਵੀਕਲੀ)

“ਨਾਬਰੀ ਦਾ ਗੀਤ” ਜਗਤਾਰ ਸਿੰਘ ਹਿੱਸੋਵਾਲ ਦਾ ਨਵਪ੍ਰਕਾਸ਼ਿਤ, ਵਧੀਆ ਅਤੇ ਪੜ੍ਹਨਯੋਗ ਕਾਵਿ-ਸੰਗ੍ਰਹਿ ਹੈ। ਪੇਸ਼ ਹਨ ਇਸ ਕਾਵਿ-ਸੰਗ੍ਰਹਿ ਬਾਰੇ ਮੇਰੇ ਕੁੱਝ ਵਿਚਾਰ।

ਨਾਬਰੀ ਦਾ ਸ਼ਾਇਰ – ਜਗਤਾਰ ਸਿੰਘ ਹਿੱਸੋਵਾਲ

ਜਗਤਾਰ ਸਿੰਘ ਹਿੱਸੋਵਾਲ ਇੱਕ ਸੰਵੇਦਨਸ਼ੀਲ ਸ਼ਾਇਰ ਹੀ ਨਹੀਂ ਇੱਕ ਵਧੀਆ ਇਨਸਾਨ ਵੀ ਹੈ। ਉਸਨੇ ਆਪਣਾ ਬਚਪਨ ਆਪਣੇ ਜੱਦੀ ਪਿੰਡ ਹਿੱਸੋਵਾਲ ਵਿੱਚ ਗੁਜ਼ਾਰਦਿਆਂ ਸਮਾਜ ਦੇ ਹਾਸ਼ੀਆਗਤ ਲੋਕਾਂ ਦੇ ਦੁੱਖ ਦਰਦ, ਮਜਬੂਰੀਆਂ, ਗੁਰਬਤ ਦੇ ਸੰਤਾਪ ਹੰਢਾਉੰਦੇ ਲੋਕਾਂ ਨੂੰ ਬਹੁਤ ਨੇੜਿਓਂ ਅਤੇ ਨੀਝ ਨਾਲ਼ ਵੇਖਿਆ ਹੈ। ਉਨ੍ਹਾਂ ਦੇ ਮਨਾਂ ਦੀ ਚੀਸ ਤੇ ਜੀਵਨ ਦੀ ਘੁਟਣ ਨੂੰ ਆਪਣੇ ਭਾਵਨਾਤਮਕ ਪੱਧਰ ਤੇ ਮਹਿਸੂਸ ਕੀਤਾ ਹੈ। ਸਮਾਜ ਦੇ ਸਮਰੱਥ ਲੋਕਾਂ ਦੀ ਉਪਰਲੀ ਪਰਤ ਵੱਲੋਂ ਉਨ੍ਹਾਂ ਦੀ ਹੁੰਦੀ ਅਣਦੇਖੀ, ਗੈਰਮਨੁੱਖੀ ਵਿਤਕਰਾ, ਬੇਗਾਨਗੀ ਵਾਲੇ ਵਰਤਾਰੇ ਨੂੰ ਆਪਣੇ ਤਰਕਸ਼ੀਲ ਵਿਵੇਕ ਨਾਲ ਵਾਚਿਆ ਅਤੇ ਫਰੋਲਿਆ ਹੈ।

ਉਸ ਦੀਆਂ ਰਚਨਾਵਾਂ ਵਿੱਚ ਉਸ ਦੇ ਆਪਣੇ ਨਿੱਜੀ ਜੀਵਨ ਸੰਘਰਸ਼ ਵਿੱਚ ਹੰਢਾਏ ਜ਼ਖ਼ਮਾਂ ਦੀ ਝਲਕ ਵੀ ਪੈਂਦੀ ਹੈ। ਕੁੱਦਰਤ ਨੇ ਜਾਂ ਉਸਦੀ ਹੋਣੀ ਨੇ ਉਸ ਨਾਲ਼ ਥੁੱਹੜੀ ਜਿਹੀ ਬੇਇਨਸਾਫ਼ੀ ਇਹ ਵੀ ਕੀਤੀ ਹੈ ਕਿ ਜੀਵਨ ਨਿਰਵਾਹ ਲਈ, ਇੱਕ ਸੰਵੇਦਨਸ਼ੀਲ, ਭਾਵੂਕ ਤੇ ਤਰਕਸ਼ੀਲ ਵਿਅਕਤੀ ਨੂੰ ਪੁਲੀਸ (ਸਾਡੇ ਦੇਸ਼ ਵਿੱਚ ਸਭ ਜਾਣਦੇ ਹਨ ਕਿ ਸਮਾਜ ਵਿੱਚ ਪੁਲੀਸ ਦਾ ਕੀ ਅਕਸ ਹੈ) ਵਿੱਚ ਮੁਲਾਜ਼ਮਤ ਕਰਨੀ ਪਈ ਹੈ। ਇਸ ਜਿੰਮੇਵਾਰੀ ਅਤੇ ਰੋਜ਼ਮਰਰਾ ਦੇ ਕਰਮ ਨਾਲ਼ ਨਿਭਦਿਆਂ ਲੋਕਾਂ ਦੇ ਦੁੱਖ-ਦਰਦ ਅਤੇ ਸਮਾਜ ਦੇ ਤਾਣੇ ਬਾਣੇ, ਵਿਵਸਥਾ, ਸਵਾਰਥਾਂ ਤੇ ਆਰਥਿਕਤਾ ਦੇ ਅਸਾਵੇਂ ਤਵਾਜਨ ਵਿੱਚ ਪਿਸਦੇ ਲੋਕਮਨ ( ਦੇ ਰੂਬਰੂ ਹੁੰਦਿਆਂ ) ਦੀ ਚੀਸ ਨੂੰ ਵੀ ਆਪਣੇ ਅੰਤਰਮਨ ਵਿੱਚ ਸਮੋਂਦਾ ਰਿਹਾ ਹੈ। ਸਮਾਜਿਕ ,ਆਰਥਿਕ ਤੇ ਸਿਆਸੀ ਪੁੜਾਂ ‘ਚ ਪਿਸਦੇ, ਇਨਸਾਫ ਲਈ ਭਟਕਦੇ, ਹਸ਼ੀਆਗਤ ਲੋਕਾਂ ਦੀ ਵਿਚਾਰਗੀ ਅਤੇ ਬੇਬਸੀ ਨੂੰ ਵੀ ਆਪਣੇ ਅੰਤਰਮਨ ਤੇ ਮਹਿਸੂਸ ਕਰਦਾ ਰਿਹਾ ਹੈ। ਇਸ ਵਰਤਾਰੇ ਦੀ ਚੀਸ ਉਸਦੀਆਂ ਰਚਨਾਵਾਂ ਵਿੱਚ ਸੁਹਿਰਦਤਾ ਨਾਲ ਉਜਾਗਰ ਹੁੰਦੀ ਹੈ।
ਜੇ ਇਸ ਕਾਵਿ-ਸੰਗ੍ਰਹਿ ਦੀ ਪ੍ਰਤੀਨਿਧ ਕਵਿਤਾ “ਨਾਬਰੀਦਾ ਗੀਤ” ਨੂੰ ਵਾਚੀਏ ਤਾਂ ਕਵੀ ਦੇ ਅੰਤਰਮਨ ਦਾ ਸਰੋਕਾਰ ਸਾਫ ਝਲਕਦਾ ਹੈ। ਆਪਣੇ ਸਰੋਕਾਰਾਂ ਨਾਲ਼ ਮਜਬੂਤੀ ਨਾਲ਼ ਖੜ੍ਹਾ ਨਜ਼ਰ ਆਉੰਦਾ ਹੈ, ਜਦੋਂ ਉਹ ਕਹਿੰਦਾ ਹੈ:-
ਇਹ ਨਾ ਸੋਚਣਾ ਕਿ
ਤੁਹਾਡੀ ਕੁਰਸੀ ਦਾ ‘ਸ਼ਮਲਾ’
ਮੇਰੀ ਜ਼ਬਾਨ ਵਿੱਚ
ਵਿਵਸਥਾ ਦੇ ਕਿੱਲ ਠੋਕ ਕੇ
ਟੰਗ ਦੇਵੇਗਾ ਮੈਨੂੰ ਦੀਵਾਰ ਨਾਲ
ਕਿਸੇ ਫਰੇਮ ਜੜੀ ਫੋਟੋ ਦੀ ਤਰ੍ਹਾਂ।
ਮੇਰੀ ਛਾਤੀ ‘ਚ ਗੂੰਜਦੇ
‘ ਨਾਬਰੀ ਦੇ ਗੀਤਾਂ ‘ ਦਾ ਕੀ ਕਰੋਗੇ ?

ਉਹ ਕਿਤੇ ਵੀ ਜਰਕਦਾ, ਦਬਦਾ ਜਾਂ ਭਗੌੜਾ ਨਹੀਂ ਹੁੰਦਾ। ਵਿਵਸਥਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਦਾ ਹੈ:-
ਇਹ ਤੁਹਾਡੇ ਵੱਸ ਦੀ ਗੱਲ ਨਹੀਂ
ਕਿ ਖਿੱਚ ਕੇ ਮੇਰੀ ਹੋਂਦ ਦੇ
ਪੈਰਾਂ ਹੇਠੋਂ ਮੇਰੇ ਹੌਸਲੇ ਦੀ ਜ਼ਮੀਨ
ਪਟਕ ਦਿਓਂਗੇ ਚੁਰਾਹੇ ਵਿੱਚ,
ਕਿਸੇ ਲਾਵਾਰਿਸ ਦੀ ਤਰ੍ਹਾਂ,
ਮੈਂ ਤਾਂ ਨੰਗੇ ਧੜ ਵੀ
ਫੈਲਿਆ ਹੋਇਆ ਹਾਂ
ਅਨੰਤ ਆਕਾਸ਼ ਤੱਕ।
ਆਪਣਾ ਇਹ ਭਰਮ ਪਾਲ਼ ਕੇ ਕੀ ਕਰੋਗੇ।

ਉਹ ਆਪਣੇ ਅਤੇ ਆਪਣੇ ਕਰਮ ਅਤੇ ਹੋਣੀ ਵਾਰੇ ਕਿਸੇ ਭਰਮ ਭੁਲੇਖੇ ਵਿੱਚ ਨਹੀਂ, ਬਿੱਲਕੁਲ ਸਪਸ਼ਟ ਹੈੇ। ਸੱਤਾ ਦੇ ਅੱਗੇ ਆਪਣੀ ਨਾਬਰੀ ਪਰੋਸਦਿਆਂ ਉਨ੍ਹਾਂ ਦੀ ਹੋਣੀ ਤੇ ਵੀ ਪ੍ਸ਼ਨ ਚਿੰਨ੍ਹ ਲਾਉੰਦਾ ਹੈ। :-
ਮੈਂ ਤਾਂ ਚੜ੍ਹਦੇ ਸੂਰਜ ਦੀ ਲਾਲੀ ਹਾਂ
ਤਪ ਜਾਵਾਂਗਾ
ਜੇਠ ਹਾੜ੍ਹ ਦੀ ਦੁਪਹਿਰ ਵਾਂਗ
ਸੋਚੋ ਜਰਾ
ਤੁਸੀਂ ਆਪਣੇ ਆਪ ਦਾ ਕੀ ਕਰੋਗੇ
ਮੈਂ ਤਾਂ ਨਬਰੀ ਦਾ ਗੀਤ ਹਾਂ
ਇਸ ਨਾਬਰੀ ਦੇ ਗੀਤ ਦਾ ਕੀ ਕਰੋਗੇ।

ਕਿਤਾਬ ਮਿਲਣ ਲਈ ਸੰਪਰਕ : ਗੋਰਕੀ ਪ੍ਰਕਾਸ਼ਨ,ਪੰਜਾਬੀ ਭਵਨ, ਲੁਧਿਆਣਾ 94176 42785, 77172 45945

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleStrikes over price hike paralyse Greece
Next articleਗੀਤ