(ਸਮਾਜ ਵੀਕਲੀ)
ਜਿਵੇਂ ਜਿਵੇਂ ਸਮੇਂ ਨੇ ਕਰਵਟ ਲਈ ਉਸ ਦੇ ਨਾਲ ਹੀ ਇਨਸਾਨ ਦਾ ਬੌਧਿਕ ਪੱਧਰ ਵੀ ਵੱਧ ਰਿਹਾ ਹੈ। ਜਿਹੜੀਆਂ ਗੱਲਾਂ ਜਾਂ ਕੰਮ ਇਨਸਾਨ ਨੂੰ ਬੜੇ ਅਸੰਭਵ ਜਾਪਦੇ ਸਨ ਉਹ ਅੱਜ ਬਹੁਤ ਹੀ ਸੌਖੇ ਅਤੇ ਤੇਜੀ ਨਾਲ ਹੋਈ ਜਾ ਰਹੇ ਹਨ। ਕਦੋਂ ਕਿਸੇ ਨੇ ਸੋਚਿਆ ਕਿ ਬੰਦਾ ਰਸਤੇ ਵਿਚ ਤੁਰਿਆ ਜਾਂਦਾ ਦੂਜੇ ਦੇਸ਼ ਵਿੱਚ ਬਿਨਾਂ ਤਾਰਾਂ ਤੋਂ ਗੱਲ ਕਰ ਸਕਦਾ ਹੈ। ਕਿਸੇ ਨੇ ਇਹ ਸੋਚਿਆ ਸੀ ਕਿ ਇੰਟਰਨੈੱਟ ਦੀ ਮੱਦਦ ਨਾਲ ਅਸੀਂ ਘਰੋਂ ਬੈਠੇ ਹੀ ਕੰਮਕਾਜ ਕਰਾਂਗੇ ਅਤੇ ਘਰ ਬੈਠੇ ਹੀ ਦੁਨੀਆਂ ਦਾ ਹਰ ਕੋਨਾ ਦੇਖ ਸਕਾਂਗੇ। ਇਹ ਸਭ ਟੈਕਨੋਲੋਜੀ ਕਰ ਕੇ ਹੀ ਤਾਂ ਸੰਭਵ ਹੋਇਆ ਹੈ ਜੇਕਰ ਇਨਸਾਨੀ ਦਿਮਾਗ ਦਾ ਪੱਧਰ ਥੋੜਾ ਅੱਗੇ ਵਧਿਆ। ਜਿਹੜੇ ਸਮੇਂ ਵਿੱਚ ਇਹ ਤਰੱਕੀਆਂ ਹੋਈਆਂ ਉਸ ਸਮੇਂ ਦੇ ਸਟੂਡੈਂਟ ਬੜੇ ਹੀ ਸੁਚੱਜੇ ਢੰਗ ਨਾਲ਼ ਪੜਾਈ ਨੂੰ ਤਰਜੀਹ ਦਿੰਦੇ ਸਨ।
ਕਲਾਸ ਵਿੱਚ ਪੜਾਇਆ ਵਿਦਿਆਰਥੀਆਂ ਨੂੰ ਓਥੇ ਹੀ ਕਾਫੀ ਯਾਦ ਹੋ ਜਾਂਦਾ ਸੀ। ਬਾਕੀ ਟੀਚਰਾਂ ਦਾ ਕਹਿਣਾ ਮੰਨਣਾ,ਓਹਨਾਂ ਦਾ ਸਤਿਕਾਰ ਕਰਨਾ ਅਤੇ ਓਹਨਾਂ ਤੋਂ ਡਰ ਹੋਣ ਕਰਕੇ ਬਹੁਤ ਜਿਆਦਾ ਬੱਚੇ ਘੱਟ ਸਮਾਂ ਦੇ ਕੇ ਵੀ ਵਧੀਆ ਨਤੀਜੇ ਦਿੰਦੇ ਸਨ। ਇਹ ਨਤੀਜੇ ਡਾਟਾ ਨਾ ਹੋ ਕੇ ਪੂਰੇ ਸਹੀ ਹੀ ਹੁੰਦੇ ਸਨ। ਓਹਨਾਂ ਦੀਆਂ ਮਿਹਨਤਾਂ ਦੀ ਬਦੌਲਤ ਅੱਜ ਦੀ ਤੇਜ਼ ਰਫ਼ਤਾਰ ਜਿੰਦਗੀ ਸੰਭਵ ਹੋਈ ਹੈ। ਓਹਨਾਂ ਦਾ ਰਾਤਾਂ ਜਾਗ ਜਾਗ ਕੇ ਪੜ੍ਹਨਾ ਹੀ ਸਾਡੇ ਸਮਾਜ ਦੀ ਤਰੱਕੀ ਦਾ ਜ਼ਰੀਆ ਬਣਿਆ ਅਤੇ ਸਾਡੇ ਲੋਕਾਂ ਦੀ ਸੋਚ ਹੌਲੀ ਹੌਲੀ ਪੁਰਾਣੇ ਖਿਆਲਾਂ ਵਿਚੋਂ ਨਿਕਲ ਕੇ ਆਜ਼ਾਦ ਹੋ ਰਹੀ ਹੈ। ਅੱਜ ਵੀ ਜਿਹੜੇ ਬੱਚੇ ਲਗਨ ਨਾਲ ਮਿਹਨਤ ਕਰਦੇ ਹਨ ਓਹਨਾਂ ਦੀ ਮੇਹਨਤ ਸਦਕਾ ਓਹਨਾਂ ਦਾ ਜੀਵਨ ਤਾਂ ਵਧੀਆ ਬਣੇਗਾ ਅਤੇ ਦਿਮਾਗ ਰੌਸ਼ਨ ਵੀ ਹੋਣਗੇ, ਓਹ ਬਾਕੀਆਂ ਨੂੰ ਵੀ ਸਹੂਲਤਾਂ ਦੇ ਸਕਦੇ ਹਨ।
ਪਰ ਹੁਣ ਇਹੋ ਜਿਹੇ ਮਿਹਨਤੀ ਬੱਚੇ ਬਹੁਤ ਹੀ ਘਟ ਗਏ ਹਨ। ਬਹੁਤੇ ਬੱਚੇ ਸਕੂਲ ਸਿਰਫ ਟਾਈਮ ਪਾਸ ਕਰਦੇ ਹਨ ਅਤੇ ਪੜਾਈ ਵੱਲ ਧਿਆਨ ਨਹੀਂ ਦੇ ਰਹੇ। ਇਸ ਸਾਰੇ ਪੁਆੜੇ ਦੀ ਜੜ੍ਹ ਇੰਟਰਨੈੱਟ ਅਤੇ ਟੀ ਵੀ ਹੀ ਹਨ। ਇਹਨਾਂ ਤਕਨਾਲੋਜੀ ਦੀਆਂ ਕਾਢਾਂ ਤੋਂ ਬੱਚੇ ਫਾਇਦਾ ਘੱਟ ਲੈਂਦੇ ਹਨ ਅਤੇ ਨੁਕਸਾਨ ਜਿਆਦਾ ਕਾਰਵਾਈ ਜਾ ਰਹੇ ਹਨ। ਸਿੱਟੇ ਵਜੋਂ ਓਹ ਪੜਾਈ ਕਰਨ ਨੂੰ ਜਾਂ ਕਿਤਾਬਾਂ ਪੜਨ ਨੂੰ ਘੱਟ ਤਰਜੀਹ ਦਿੰਦੇ ਹਨ ਅਤੇ ਜਿੰਨੀ ਤੇਜੀ ਨਾਲ ਓਹ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਓਨੀ ਹੀ ਤੇਜੀ ਨਾਲ ਓਹਨਾਂ ਦੇ ਦਿਲ ਵਿੱਚ ਕਾਹਲ ਪੈਂਦੀ ਹੈ ਕਿ ਬਿਨਾਂ ਕੁਝ ਪੜ੍ਹੇ ਹੀ ਅਸੀਂ ਸਰਟੀਫਿਕੇਟ ਪ੍ਰਾਪਤ ਕਰੀਏ। ਇਸ ਸਭ ਦਾ ਖਮਿਆਜਾ ਬਿਨਾਂ ਗਿਆਨ ਲਏ ਅੱਗੇ ਜਾ ਕੇ ਓਹਨਾਂ ਨੂੰ ਤਾਂ ਭੁਗਤਣਾ ਹੀ ਪਵੇਗਾ ਅਤੇ ਨਾਲ ਹੀ ਸਮਾਜ ਵੀ ਭੁਗਤੇਗਾ।
ਅੱਜ ਇਹ ਗੱਲ ਅਜੀਬ ਲੱਗਦੀ ਹੈ ਕਿ ਸਮਾਜ ਕਿਵੇਂ ਭੁਗਤੇਗਾ? ਪਰ ਹੁਣ ਦੇ ਸਮੇਂ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਗਿਆਨ ਬਿਨਾਂ ਮਨੁੱਖ ਕਿਸ ਤਰਾਂ ਨਸ਼ੇ, ਬੇਈਮਾਨੀ, ਝਾਂਸੇ ਵਿੱਚ ਆ ਕੇ ਚੀਜਾਂ ਦਾ ਗ਼ਲਤ ਉਪਯੋਗ ਕਰ ਰਿਹਾ ਹੈ। ਇਹ ਕੇਵਲ ਅਨਪੜ੍ਹਤਾ ਨਾਲ ਹੀ ਨਹੀਂ ਸਗੋਂ ਜੇਕਰ ਕਿਤੇ ਪੜ੍ਹੇ ਲਿਖੇ ਨੂੰ ਪੂਰੀ ਸਮਝ ਨਾ ਹੋਵੇ ਤਾਂ ਓਹ ਸਮਾਜ ਲਈ ਹੋਰ ਵੀ ਖਤਰਾ ਬਣ ਜਾਂਦਾ ਹੈ। ਬੱਚੇ ਅੱਜਕਲ ਇੱਕ ਮਾਨਸਿਕ ਰੋਗ ਵੱਲ ਵਧੀ ਜਾ ਰਹੇ ਹਨ ਜਿਸ ਕਾਰਨ ਉਹ ਹਰ ਵੇਲੇ ਉਤਾਵਲਾਪਣ ਦਿਖਾ ਰਹੇ ਹਨ। ਇਹੀ ਜਿਹੇ ਨਾਜੁਕ ਸਮੇਂ ਵਿੱਚ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਓਹਨਾਂ ਬੱਚਿਆਂ ਨੂੰ ਪਹਿਲਾਂ ਸਹਿਜਤਾ ਸਿਖਾਉਣ ਅਤੇ ਜੇਕਰ ਲੋੜ ਪਵੇ ਕਿਤੋਂ ਮੱਦਦ ਲਈ ਜਾ ਸਕਦੀ ਹੈ। ਜਿੰਨਾ ਚਿਰ ਬੱਚਿਆਂ ਨੂੰ ਸਮੇਂ ਦੀ ਕਦਰ , ਪੜਾਈ ਦੀ ਕਦਰ, ਮਾਪਿਆਂ ਦੀ ਕਦਰ ,ਅਧਿਆਪਕਾਂ ਦੀ ਕਦਰ ਨਹੀਂ ਹੋਵੇਗੀ ਓਨੀ ਦੇਰ ਇਸ ਤਰਾਂ ਬੱਚਿਆਂ ਦਾ ਜਿਆਦਾਤਰ ਵਿਗੜਨਾ ਤੈਅ ਹੈ।
ਇਹ ਬੱਚੇ ਜਿੰਨੀ ਦੇਰ ਇਹ ਨਹੀਂ ਸਮਝ ਪਾਉਂਦੇ ਕਿ ਸਾਡੀ ਭਲਾਈ ਪੜਾਈ ਅਤੇ ਖੇਡਾਂ ਵਿੱਚ ਹੈ ਨਾ ਕਿ ਮੋਬਾਈਲ ਜਾਂ ਟੈਲੀਵਿਜ਼ਨ ਵਿੱਚ ਓਦੋਂ ਤੱਕ ਇਹ ਪੜਾਈ ਵਿੱਚ ਅੱਗੇ ਆਉਣ ਵਿੱਚ ਤਕਲੀਫ ਮਹਿਸੂਸ ਕਰਨਗੇ। ਇਸ ਕਾਰਜ ਲਈ ਅਧਿਆਪਕ ਅਤੇ ਮਾਪੇ ਨਾਲ ਹੀ ਸਾਡੇ ਸਮਾਜਿਕ ਲੋਕ ਬੱਚਿਆਂ ਨੂੰ ਬੁਰਾ ਭਲਾ ਕਹਿਣਾ ਦੀ ਬਜਾਇ ਓਹਨਾਂ ਨੂੰ ਪਿਆਰ ਨਾਲ ਸਮਝਾ ਦੇਣਗੇ ਤਾਂ ਗੱਲ ਬਣ ਸਕਦੀ ਹੈ ਅਤੇ ਇਹੀ ਬੱਚੇ ਵਧੀਆ ਨਤੀਜੇ ਦੇ ਸਕਦੇ ਹਨ। ਹੁਣ ਏਥੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਰਾਣੇ ਸਮਿਆਂ ਦੇ ਮੁਕਾਬਲੇ ਹੁਣ ਤਕਰੀਬਨ 60-70 ਸਾਲਾਂ ਵਿੱਚ ਮਨੁੱਖਤਾ ਤੇ ਜੁਲਮ ਬਹੁਤ ਘਟ ਗਏ ਹਨ ਅਤੇ ਲੋਕ ਸਮਝਦਾਰੀ ਕਾਰਨ ਲੜਾਈ ਵੀ ਘੱਟ ਕਰਦੇ ਹਨ।ਇਹ ਸਭ ਮਨੁੱਖ ਨੂੰ ਗਿਆਨ ਲੈਣ ਤੋਂ ਬਾਅਦ ਹੀ ਸੰਭਵ ਹੋਇਆ ਹੈ।
ਇਸ ਤਰ੍ਹਾਂ ਹੀ ਜੇਕਰ ਅੱਜ ਦੇ ਬੱਚਿਆਂ ਨੂੰ ਅਸੀਂ ਸਹੀ ਰਸਤੇ ਤੋਰਨ ਦੀ ਕੋਸ਼ਿਸ਼ ਕਰੀਏ ਤਾਂ ਸਮਾਂ ਹੋਰ ਵੀ ਚੰਗਾ ਬਣ ਸਕਦਾ ਹੈ ਕਿਓਂ ਕਿ ਅੱਜ ਬਹੁਤੇ ਇਨਸਾਨ ਇਹ ਸਮਝ ਚੁੱਕੇ ਹਨ ਕਿ ਜੀਵਨ ਵਿੱਚ ਜਿੰਨਾਂ ਮਾਨਸਿਕ ਤੌਰ ਤੇ ਸ਼ਾਂਤ ਰਹਾਂਗੇ ਓਨਾ ਹੀ ਵਧੀਆ ਸਮਾਜ ਅਤੇ ਜੀਵਨ ਹੋ ਸਕਦਾ ਹੈ। ਇਸ ਲਈ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਚੰਗੇ ਕਾਰਜਾਂ ਲਈ ਹਮੇਸ਼ਾ ਕੋਸ਼ਿਸ਼ ਜਾਰੀ ਰਹਿਣੀ ਚਾਹੀਦੀ ਹੈ…….
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly