ਆਰ ਸੀ ਐਫ ਇੰਪਲਾਈਜ਼ ਯੂਨੀਅਨ ਵੱਲੋਂ ਕਰਮਚਾਰੀਆਂ ਦਾ ਜਨ ਜਾਗਰਣ ਅਭਿਆਨ

 ਪੁਰਾਣੀ ਪੈਨਸ਼ਨ ਬਹਾਲੀ ਲਈ 30 ਮਾਰਚ ਨੂੰ ਸੈਂਕੜੇ ਕਰਮਚਾਰੀ ਆਰਸੀਐਫ ਤੋਂ ਹੋਣਗੇ ਸ਼ਾਮਿਲ – ਭਰਤ ਰਾਜ 
ਕਪੂਰਥਲਾ,  (ਸਮਾਜ ਵੀਕਲੀ) (ਕੌੜਾ)- ਆਰ ਸੀ ਐਫ ਇੰਪਲਾਈਜ ਯੂਨੀਅਨ ਵੱਲੋਂ ਆਰ ਸੀ ਐਫ ਦੇ ਬਦਤਰ ਹੋ ਰਹੇ ਹਾਲਾਤਾਂ, ਮੈਟੀਰੀਅਲ ਦੀ ਭਾਰੀ ਕਮੀ, ਖਾਲੀ ਪਏ 1547 ਪਦਾਂ ‘ਤੇ ਤੁਰੰਤ ਨਵੀਆਂ ਭਰਤੀਆਂ, ਐਸਿਸਟੈਂਟ ਵਰਕਸ਼ਾਪ ਦੇ ਪਦਾਂ ‘ਤੇ ਭਰਤੀ ਹੋਏ ਲੈਵਲ-1 ਦੇ 204 ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਵਰਕਸ਼ਾਪ ਵਿੱਚ ਭੇਜਣ ਸਮੇਤ ਗੰਭੀਰ ਮੁੱਦਿਆਂ ਨੂੰ ਲੈ ਕੇ ਇੱਕ ਜਨ ਜਾਗਰਣ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੇ ਤਹਿਤ ਫਰਨੀਸ਼ਿੰਗ ਸ਼ਾਪ ਦੇ ਬਾਹਰ ਕਰਮਚਾਰੀਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਸੰਬੋਧਿਤ ਕੀਤਾ ਗਿਆ ਅਤੇ ਆਰਸੀਐਫ ਪ੍ਰਸ਼ਾਸਨ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਗਈ ਕਿ ਜੇਕਰ ਪ੍ਰਸ਼ਾਸਨ ਨੇ ਆਪਣੀਆਂ ਕਰਮਚਾਰੀ-ਵਿਰੋਧੀ ਅਤੇ ਕਾਰਖ਼ਾਨਾ-ਵਿਰੋਧੀ ਨੀਤੀਆਂ ਤੋਂ ਪਿੱਛੇ ਨਹੀਂ ਹਟਿਆ, ਤਾਂ ਯੂਨੀਅਨ ਵੱਡੇ ਸੰਘਰਸ਼਼ ਲਈ ਮਜ਼ਬੂਰ ਹੋਵੇਗੀ। ਇਸ ਜਨ ਜਾਗਰਣ ਅਭਿਆਨ ਵਿੱਚ ਆਰਸੀਐਫ ਦੇ ਸੈਂਕੜੇ ਕਰਮਚਾਰੀਆਂ ਨੇ ਹਿੱਸਾ ਲੈ ਕੇ ਇਸਨੂੰ ਸਫਲ ਬਣਾਇਆ। ਇਸ ਵਿੱਚ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਕਰਮਚਾਰੀ ਖ਼ਾਸ ਤੌਰ ‘ਤੇ ਸ਼ਾਮਲ ਹੋਏ।
ਯੂਨੀਅਨ ਦੇ ਸੰਗਠਨ ਸਕੱਤਰ ਭਰਤ ਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਦੀਆਂ ਨੀਤੀਆਂ ਕਾਰਨ ਆਰਸੀਐਫ ਅਤੇ ਰੇਲਵੇ ਦੇ ਹਾਲਾਤ ਦਿਨ-ਬ-ਦਿਨ ਬਦਤਰ ਹੋ ਰਹੇ ਹਨ। ਇਨ੍ਹਾਂ ਹਾਲਾਤਾਂ ਦਾ ਮੁਕਾਬਲਾ ਕਰਨ ਲਈ ਕਰਮਚਾਰੀਆਂ ਨੂੰ ਇਕਜੁਟ ਹੋ ਕੇ ਸੰਘਰਸ਼਼ ਕਰਨਾ ਪਵੇਗਾ। ਉਹਨਾਂ ਨੇ ਸਾਰੇ ਕਰਮਚਾਰੀਆਂ ਨੂੰ 30 ਮਾਰਚ ਨੂੰ ਜੰਤਰ-ਮੰਤਰ, ਨਵੀਂ ਦਿੱਲੀ ਵਿੱਚ ਹੋਣ ਵਾਲੇ ਰਾਸ਼ਟਰੀ ਵਿਰੋਧ ਪ੍ਰਦਰਸ਼਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਕਾਰਨ ਇਸ ਸਾਲ ਉਤਪਾਦਨ ਟੀਚਾ ਪਹਿਲਾਂ ਹੀ ਪ੍ਰਭਾਵਿਤ ਹੋਇਆ ਹੈ। ਜੇਕਰ ਪ੍ਰਸ਼ਾਸਨ ਨੇ ਆਪਣੀ ਕਾਰਜ-ਸ਼ੈਲੀ ਵਿੱਚ ਸੁਧਾਰ ਨਹੀਂ ਕੀਤਾ, ਤਾਂ ਆਰ ਸੀ ਐਫ ਉਤਪਾਦਨ ਟੀਚੇ ਨੂੰ ਪੂਰਾ ਨਹੀਂ ਕਰ ਪਾਵੇਗਾ। ਉਹਨਾਂ ਨੇ ਮੰਗ ਕੀਤੀ ਕਿ ਹਰ ਸ਼ਾਪ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ, ਨਾ ਕਿ ਸ਼ਾਪ ਦੇ ਵਧੀਆ ਪ੍ਰਦਰਸ਼਼ਨ ਤੋਂ ਬਾਅਦ ਅਧਿਕਾਰੀਆਂ ਨੂੰ ਬਦਲ ਦਿੱਤਾ ਜਾਵੇ।
ਸੀਨੀਅਰ ਮੀਤ ਪ੍ਰਧਾਨ ਬਚਿੱਤਰ ਸਿੰਘ ਨੇ ਕਿਹਾ ਕਿ ਸ਼ੀਟ ਮੈਟਲ ਮਸ਼ੀਨ ਸ਼ਾਪ ਸਮੇਤ ਕਈ ਵਿਭਾਗਾਂ ਵਿੱਚ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਕਬਾੜ ਦੇ ਰੂਪ ਵਿੱਚ ਪਈਆਂ ਹਨ। ਕੰਪਨੀਆਂ ਵੱਲੋਂ ਭੇਜੀਆਂ ਗਈਆਂ ਮਸ਼ੀਨਾਂ ਤੋਂ ਇੱਕ ਦਿਨ ਵੀ ਉਤਪਾਦਨ ਕਾਰਜ ਨਹੀਂ ਲਿਆ ਗਿਆ। ਇਹ ਰੇਲਵੇ ਅਤੇ ਆਰਸੀਐਫ ਦੀ ਪੂੰਜੀ ਦੀ ਸਿੱਧੀ ਲੁੱਟ ਹੈ, ਜੋ ਸਹਿਣਯੋਗ ਨਹੀਂ ਹੈ। ਉਹਨਾਂ ਨੇ ਸਿਵਲ ਪ੍ਰਸ਼ਾਸਨ ਦੀ ਲਾਪਰਵਾਹੀ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੇ ਕਵਾਰਟਰਾਂ ਦੀ ਮੁਰੰਮਤ ਦਾ ਕੋਈ ਕਾਰਜ ਨਹੀਂ ਹੋ ਰਿਹਾ, ਜਿਸ ਦੇ ਖਿਲਾਫ਼ ਯੂਨੀਅਨ ਸੰਘਰਸ਼਼ ਕਰੇਗੀ।
ਅੱਜ ਦੇ ਜਨ ਜਾਗਰਣ ਅਭਿਆਨ ਵਿੱਚ ਯੂਨੀਅਨ ਦੇ ਕੈਸ਼ੀਅਰ ਹਰਵਿੰਦਰ ਪਾਲ, ਸਹਾਇਕ ਸਕੱਤਰ ਨਰਿੰਦਰ ਕੁਮਾਰ, ਪ੍ਰੈਸ ਸਕੱਤਰ ਤਰੋਚਨ ਸਿੰਘ, ਜਗਤਾਰ ਸਿੰਘ, ਜਸਪਾਲ ਸਿੰਘ, ਚੰਦਰਭਾਨ ਅਤੇ ਗੁਰਜਿੰਦਰ ਸਿੰਘ ਸਮੇਤ ਸਾਰੇ ਅਹੁਦੇਦਾਰਾਂ ਨੇ ਸਰਗਰਮ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐੱਸ ਡੀ ਕਾਲਜ ਦੇ ਕੈਂਪਸ ‘ਚ ਸਵੱਛਤਾ ਲਹਿਰ ਚਲਾਈ ਗਈ
Next article“ਪੰਜਾਬ ਨੂੰ ਤਬਾਹੀ ਦੇ ਕਗਾਰ ਤੇ ਖੜ੍ਹਾ ਕਰਨ ਲਈ ਹੁਣ ਤੱਕ ਬਣਨ ਵਾਲੀਆਂ ਸਾਰੀਆਂ ਸਰਕਾਰਾਂ ਜਿੰਮੇਵਾਰ” -ਸੁਲਹਾਣੀ, ਸਰੋਏ