(ਰਵਿਦਾਸ ਗੁਰੂ ਤੇਰੇ ਨਾਅਰੇ ਅਗਲੇ ਸਾਲ)

(ਸਮਾਜ ਵੀਕਲੀ)

(ਰਵਿਦਾਸ ਗੁਰੂ ਤੇਰੇ ਨਾਅਰੇ ਅਗਲੇ ਸਾਲ)

ਰਵਿਦਾਸ ਗੁਰੂ ਤੇਰੇ ਨਾਅਰੇ,
ਬੜੇ ਦਿਲ ਖੋਲ੍ਹ ਕੇ ਲਾਏ ਨੇ।
ਰੱਜ-ਰੱਜ ਖਾਧੇ ਲੰਗਰ,
ਨਾਲੇ ਤੈਨੂੰ ਭੋਗ ਲੁਆਏ ਨੇ।
ਹੁਣ ਦੇਵਤਿਆਂ ਦੀ ਵਾਰੀ,
ਟੱਲੀਆਂ ਟੱਲ ਖੜਕਾਵਾਗੇ।
ਰਵਿਦਾਸ ਗੁਰੂ ਤੇਰੇ ਨਾਅਰੇ,
ਅਗਲੇ ਸਾਲ ਲਗਾਵਾਂਗੇ……..

ਤੂੰ ਵਿਹਲੇ ਸਾਨੂੰ ਸਮਝ ਲਿਆ,
ਅਸੀਂ ਬਾਲਕ ਨਾਥ ਧਿਆਉਣਾਂ ਏ।
ਕਈਆਂ ਬੱਸਾਂ,ਕਾਰਾਂ, ਸਾਇਕਲਾਂ ਤੇ,
ਕਈਆਂ ਨੇ ਰੁੜ੍ਹ ਕੇ ਜਾਣਾਂ ਏ।
ਫਿਰ ਵਾਰੀ ਲਾਟਾਂ ਵਾਲੀ ਦੀ,
ਸਿਰੀਂ ਚੁੰਨੀਆਂ ਲਾਲ ਸਜਾਵਾਂਗੇ।
ਰਵਿਦਾਸ ਗੁਰੂ ਤੇਰੇ ਨਾਅਰੇ ਅਗਲੇ ਸਾਲ ਲਗਾਵਾਂਗੇ……..

ਰਾਮ-ਨੋਮੀ ਤੇ ਜਨਮ-ਅਸ਼ਟਮੀ,
ਵੀ ਤੇ ਅਸੀਂ ਮਨਾਉਣੀਆਂ ਨੇ।
ਭੰਗਾਂ ਪੀ-ਪੀ ਕੇ ਸ਼ਬਰਾਤਰੀ ਤੇ,
ਅਸੀਂ ਖੂਬ ਧਮਾਲਾਂ ਪਾਉਣੀਆਂ ਨੇ।
ਹੋਲੀ ਤੇ ਰੰਗਾਂ ਨਾਲ ਅਸੀਂ,
ਪੀਲੇ,ਕਾਲ਼ੇ ਮੂੰਹ ਕਰਵਾਵਾਂਗੇ।
ਰਵਿਦਾਸ ਗੁਰੂ ਤੇਰੇ ਨਾਅਰੇ ਅਗਲੇ ਸਾਲ ਲਗਾਵਾਂਗੇ……..

ਅੱਗੇ ਬਰਤ, ਸ਼ਰਾਧ,ਨਰਾਤੇ, ਕੰਜਕਾਂ,
ਦੁਰਗਾ ਨੂੰ ਭੋਗ ਲੁਆਉਣੇ ਨੇ।
ਫਿਰ ਬ੍ਰਹਮਾ, ਵਿਸ਼ਨੂੰ,ਸ਼ਿਵਜੀ ਦੇ,
ਮੰਦਰਾਂ ਵਿੱਚ ਫੁੱਲ ਝੜਾਉਣੇ ਨੇ।
ਫਿਰ ਪਿਤਰ ਜਠੇਰੇ ਪੂਜਾਂਗੇ,
ਅਸੀਂ ਦਿਲੋਂ ਸ਼ਰਾਧ ਕਰਾਵਾਂਗੇ।
ਰਵਿਦਾਸ ਗੁਰੂ ਤੇਰੇ ਨਾਅਰੇ ਅਗਲੇ ਸਾਲ ਲਗਾਵਾਂਗੇ……..

ਦਰਗਾਹੀਂ ਮੜੀ ਮਸਾਣੀ ਜਾ,
ਅਸੀਂ ਚੇਲੇ,ਪੀਰ ਮਨਾਉਣੇ ਨੇ।
ਧਾਗੇ ਦਮ ਕਰਾ ਕੇ ਸਾਧਾਂ ਤੋਂ,
ਅਸੀਂ ਰੱਖਿਆ ਕਵਜ ਬਣਾਉਣੇ ਨੇ।
ਰੁੰਨ ਪੀੜ ਕਰਾਏ ਕੀਤੇ ਲਈ,
ਪੁੱਛਾਂ ਵੀ ਅਸੀਂ ਪੁਆਵਾਂਗੇ।
ਰਵਿਦਾਸ ਗੁਰੂ ਤੇਰੇ ਨਾਅਰੇ ਅਗਲੇ ਸਾਲ ਲਗਾਵਾਂਗੇ……..

ਚੇਲੇ-ਭੂਪੇ ਵੀ ਖੁਸ਼ ਕਰਨੇ ਲਈ,
ਚੌਕੀਆਂ ਜਗਰਾਤੇ ਲਾਉਂਣੇ ਨੇ।
ਫਿਰ ਨਕਲਾਂ ਸਾਲ ਕਰਾਕੇ ਪਿੰਡ ਚੋਂ,
ਭੂਤ ਭਜਾਉਣੇ ਨੇ।
ਗੁੱਗਾ ਪੀਰ ਕਿਤੇ ਨਾਂ ਰੁੱਸ ਜਾਵੇ,
ਡੋਰੂ ਸੁਰ ਦੇ ਵਿੱਚ ਵਜਾਵਾਂਗੇ।
ਰਵਿਦਾਸ ਗੁਰੂ ਤੇਰੇ ਨਾਅਰੇ ਅਗਲੇ ਸਾਲ ਲਗਾਵਾਂਗੇ……..

ਅਸੀਂ ਸਭ ਦੀ ਪੂਜਾ ਕਰਨੀ,
ਮਨ ਬਣਾ ਕੇ ਰੱਖਿਆ ਏ।
ਅਸੀਂ ਡੇਰਿਆਂ ਤੇ ਵੀ ਜਾਣਾਂ,
ਸਮਾਂ ਬਚਾ ਕੇ ਰੱਖਿਆ ਏ।
ਧੋਵਾਂਗੇ ਬਰਤਣ ਉੱਥੇ,
ਝਾੜੂ ਪੋਚੇ ਲਾਵਾਂਗੇ।
ਰਵਿਦਾਸ ਗੁਰੂ ਤੇਰੇ ਨਾਅਰੇ ਅਗਲੇ ਸਾਲ ਲਗਾਵਾਂਗੇ……..

ਦੁਸਹਿਰਾ ਅਤੇ ਦਿਵਾਲੀ ਨੂੰ,
ਸ਼ਰਧਾ ਨਾਲ ਦੀਵੇ ਬਾਲਾਂਗੇ।
ਮਠਿਆਈਆਂ ਖਾਵਾਂਗੇ ਨਾਲ਼ੇ, ਆਪਣੇ ਪੁਰਖੇ ਸਾੜਾਂਗੇ।
‘ਹਰਦਾਸਪੁਰੀ’ ਫਿਰ ਮੌਤ ਪੁਰਖਿਆਂ,
ਦੀ ਦੇ ਜਸ਼ਨ ਮਨਾਵਾਂਗੇ।
ਰਵਿਦਾਸ ਗੁਰੂ ਤੇਰੇ ਨਾਅਰੇ ਅਗਲੇ ਸਾਲ ਲਗਾਵਾਂਗੇ….

✍’ਮਲਕੀਤ ਹਰਦਾਸਪੁਰੀ’

Previous articleਟਰੰਪ ਨੇ ਖਾਲਿਸਤਾਨੀ ਵੱਖਵਾਦੀਆਂ ‘ਤੇ ਅਪਣਾਇਆ ਸਖਤ ਰੁਖ, ਜਾਣੋ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ PM ਮੋਦੀ ਨੇ ਕੀ ਕਿਹਾ
Next articleਕਰਤਾਰ ਕਾਨਵੈਂਟ ਸਕੂਲ ਵਿਖੇ ਵੱਖ-ਵੱਖ ਖੇਡਾਂ ਕਰਵਾਈਆਂ ਗਈਆਂ