(ਸਮਾਜ ਵੀਕਲੀ)
ਮੇਰੇ ਅੰਦਰ ਦਾ ਰਾਵਣ ਮੇਰੇ ਨਾਲ਼ ਡਾਹਢਾ ਖ਼ਫ਼ਾ ਹੈ….
ਖ਼ਫ਼ਾ ਹੈ ਕਿ ਮੈਂ ਬੁਜ਼ਦਿਲੀ ਨੂੰ ਖੁੱਲ੍ਹ ਦਾ ਨਾਂ ਦੇ ਕੇ
ਆਪਣੀਆਂ ਧੀਆਂ–ਭੈਣਾਂ ਨਾਲ਼ ਹੁੰਦੀ ਬੇਅਦਬੀ ਨੂੰ
ਅੱਖੋਂ–ਪਰੋਖੇ ਕਰ….
ਆਪਣੀ ਮਾਸ਼ੂਕ ਦੇ ਲੱਕ ਦੁਆਲ਼ੇ ਬਾਂਹ ਪਾ ਕੇ
ਇੰਝ ਜਸ਼ਨ ਮਨਾ ਲੈਂਦਾ ਹਾਂ ਆਪਣੀ ਜਿੱਤ ਦਾ….
ਉਹ ਖ਼ਫ਼ਾ ਹੈ ਕਿ ਮੈਂ ਹੁਣ ਸਰਕਾਰੇ–ਦਰਬਾਰੇ
ਕੋਡਾ ਕੋਡਾ ਤੁਰਦਾ
ਧੋਬੀਆਂ ਨੂੰ ਗਾਲ਼ਾਂ ਕੱਢਦਾ
ਰਾਗ ਦਰਬਾਰੀ ਗਾਉਂਦਾ ਰਹਿੰਦਾ ਹਾਂ….
ਉਹ ਖ਼ਫ਼ਾ ਹੈ ਕਿ ਮੈਂ ਹੁਣ ਆਪਣੇ ਦਸਾਂ ਸਿਰਾਂ ਨੂੰ
ਦਸ ਚੌਖਟਾਂ ‘ਤੇ ਰਗੜ ਕੇ
ਦਸ ਦਾਤਾਂ ਪਾ ਕੇ ਸ਼ਰਮਿੰਦਾ ਨਹੀਂ
ਖ਼ੁਸ਼ ਹੋ ਜਾਂਦਾ ਹਾਂ।
ਮੇਰੀ ਤੇ ਵਿਭੀਸ਼ਣ ਦੀ ਮਿਤਰਤਾ
ਤੇ ਓਹਲੇ–ਛਪੋਲੇ ਬਾਲੀ–ਵਧ ਕਰਨ ਵਾਲ਼ੇ ਸ਼ਖ਼ਸ਼ ਲਈ
ਮੇਰੀ ਕੀਤੀ ਕਸੀਦਾ–ਕਾਰੀ ਵੀ ਉਸਨੂੰ ਆਰ ਲਾਉਂਦੀ ਹੈ।
ਇਸ ਜੁਗਾੜੀਏ ਜਗਤ ਵਿੱਚ
ਆਠਾਪਟੀਆ ਲੋਕਾਂ ਦੀ ਚੜ੍ਹਤ–ਧੂੜ ਵਿੱਚ
ਮੇਰਾ ਲਿਬੜਿਆ–ਤਿਬੜਿਆ ਮੂੰਹ
ਤੇ ਝੋਲੀ ਸਨਮਾਨਾਂ ਦੇ ਟਊਏ ਵੇਖ
ਮੇਰੇ ਅੰਦਰ ਦਾ ਰਾਵਣ ਜ਼ਹਿਰੀਲੀ ਮੁਸਕਾਨ ਸਣੇ
ਮੇਰੇ ਅੰਦਰ ਖੌਰੂ ਪਾਉਂਦਾ ਹੈ।
ਹਾਂ, ਅੱਜ–ਕੱਲ੍ਹ
ਮੇਰੇ ਅੰਦਰ ਦਾ ਰਾਵਣ ਮੇਰੇ ਨਾਲ਼ ਡਾਹਢਾ ਖ਼ਫ਼ਾ ਹੈ।
– ਡਾ. ਸਵਾਮੀ ਸਰਬਜੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly