ਰੱਤੀਆ ਰਹਿਤਵਾਨ ਭਾਈਚਾਰੇ ਦੇ ਪਿਛੋਕੜ ਬਾਰੇ ਚਾਨਣਾ ਪਾਉਂਦੀ ਪੁਸਤਕ

 ਪੁਸਤਕ ਚਰਚਾ

ਡਾ. ਪ੍ਰਿਤਪਾਲ ਸਿੰਘ ਮਹਿਰੋਕ,98885-10185185-ਵਸੰਤ ਵਿਹਾਰ, ਡੀ.ਸੀ. ਰੈਜ਼ੀਡੈਂਸ ਰੋਡ, ਹੁਸ਼ਿਆਰਪੁਰ – 146 001

(ਸਮਾਜ ਵੀਕਲੀ) ਇਹ ਪੁਸਤਕ ਰੱਤੀਆ ਰਹਿਤਵਾਨ ਸਿੱਖ ਭਾਈਚਾਰੇ ਦੇ ਸਮਾਜਿਕ, ਇਤਿਹਾਸਕ, ਧਾਰਮਿਕ ਤੇ ਸੱਭਿਆਚਾਰਕ ਪਿਛੋਕੜ ਬਾਰੇ ਚਾਨਣਾ ਪਾਉਂਦੀ ਅਤੇ ਬਾਬਾ ਗੋਦੜੀਆ ਸਿੰਘ ਜੀ (1640 ਈ.-1710 ਈ.) ਦਾ ਜੀਵਨ ਬਿਰਤਾਂਤ ਪੇਸ਼ ਕਰਦੀ ਖੋਜ ਭਰਪੂਰ ਪੁਸਤਕ ਹੈ। ਅਕਾਦਮਿਕ ਹਲਕਿਆਂ ਵਿੱਚ ਡਾ. ਪਰਮਜੀਤ ਕੌਰ ਇਕ ਜਾਣਿਆ-ਪਛਾਣਿਆ ਨਾਂ ਹੈ। ਉਹ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਅੰਗਰੇਜ਼ੀ ਦੇ ਪ੍ਰਾਧਿਆਪਕ ਅਤੇ ਫਿਰ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲ ਰਹੇ ਹਨ। ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਕ ਕਾਲਜ ਵਿੱਚ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਪੰਜਾਬੀ ਵਿੱਚ ਲਿਖਣ ਕਾਰਜ ਵਿੱਢ੍ਹਣ ਦਾ ਇਹ ਉਨ੍ਹਾਂ ਦਾ ਪਹਿਲਾ ਉਪਰਾਲਾ ਹੈ। ਡਾ.ਪਰਮਜੀਤ ਕੌਰ ਨੇ ਕਈ ਪੁਸਤਕਾਂ, ਹੱਥ ਲਿਖਤ ਖਰੜਿਆਂ, ਕਈ ਅਸਥਾਨਾਂ ਦੀ ਯਾਤਰਾ ਕਰਕੇ ਇਕੱਠੀ ਕੀਤੀ ਜਾਣਕਾਰੀ ਅਤੇ ਕਈ ਵਿਦਵਾਨਾਂ ਨਾਲ ਸੰਵਾਦ ਰਚਾ ਕੇ ਜੁਟਾਏ ਗਏ ਸਰੋਤਾਂ ਤੋਂ ਜਾਣਕਾਰੀ ਹਾਸਲ ਕਰਕੇ ਇਸ ਪੁਸਤਕ ਦੀ ਰਚਨਾ ਕਰਨ ਦੇ ਕਠਿਨ ਕਾਰਜ ਨੂੰ ਕਰ ਵਿਖਾਇਆ ਹੈ। ਸ਼ਹੀਦ ਬਾਬਾ ਗੋਦੜੀਆ ਸਿੰਘ ਜੀ ਦੇ ਜੀਵਨ ਬਿਰਤਾਂਤ ਬਾਰੇ, ਉਨ੍ਹਾਂ ਦੀ ਪਵਿੱਤਰ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਸਾਹਿਬਾਨ ਬਾਰੇ, ਬਾਬਾ ਜੀ ਦੀ ਯਾਦ ਵਿੱਚ ਬਹੁਤ ਸ਼ਰਧਾ ਨਾਲ ਲਗਾਏ ਜਾਂਦੇ ਮੇਲਿਆਂ ਬਾਰੇ, ਰੱਤੀਆ ਤੋਂ ਰਹਿਤਵਾਨ ਸਿੱਖ ਬਣਨ ਦੇ ਸਫ਼ਰ ਬਾਰੇ, ਰੱਤੀਆ ਰਹਿਤਵਾਨ ਭਾਈਚਾਰੇ ਨੂੰ ਦਰਪੇਸ਼ ਉਨ੍ਹਾਂ ਦੀ ਪਛਾਣ ਦੇ ਸੰਕਟ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਾਉਂਦੀ ਇਹ ਪੁਸਤਕ ਮੁੱਲਵਾਨ ਦਸਤਾਵੇਜ਼ ਬਣ ਕੇ ਪ੍ਰਗਟ ਹੁੰਦੀ ਹੈ।
ਡਾ. ਪਰਮਜੀਤ ਕੌਰ ਨੇ ਆਪਣੇ ਖੋਜ ਕਾਰਜ ਦੇ ਪੰਜ ਅਧਿਆਇ ਬਣਾਏ ਹਨ ਤੇ ਇਸਨੂੰ ਪੁਸਤਕ ਦਾ ਆਕਾਰ ਪ੍ਰਦਾਨ ਕੀਤਾ ਹੈ। ਲੇਖਿਕਾ ਨੇ ਦੱਸਿਆ ਹੈ ਕਿ ਬਾਬਾ ਗੋਦੜੀਆ ਸਿੰਘ ਗੁਰੂ ਘਰ ਦੇ ਸੱਚੇ ਪ੍ਰੇਮੀ ਸਨ। ਉਨ੍ਹਾਂ ਨੂੰ ਦਸਮ ਪਾਤਸ਼ਾਹ ਦੀ ਸ਼ਰਨ ਵਿੱਚ ਰਹਿਣ ਦਾ ਮੌਕਾ ਵੀ ਮਿਲਦਾ ਰਿਹਾ। ਉਹ ਗੁਰਬਾਣੀ ਤੋਂ ਸੇਧ ਪ੍ਰਾਪਤ ਕਰਨ ਵਾਲੇ ਬ੍ਰਹਮ ਗਿਆਨੀ ਤੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਗੁਰੂ ਦੀ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਸਾਧਕ ਸਨ। ਬਾਬਾ ਜੀ ਜੰਗਜੂ ਬਿਰਤੀ ਦੇ ਮਾਲਕ ਸਨ। ਉਹ ਬੇਬਸ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਸਨ। ਉਨ੍ਹਾਂ ਸਮਿਆਂ ਵਿੱਚ ਮੁਗਲ ਹਾਕਮ ਤੇ ਉਨ੍ਹਾਂ ਦੇ ਪਿੱਠੂ ਲੋਕਾਂ ਉਪਰ ਜ਼ੁਲਮ ਕਰਦੇ ਸਨ। ਦੁਲਹਨਾਂ ਦੀਆਂ ਡੋਲੀਆਂ ਲੁੱਟ ਲਈਆਂ ਜਾਂਦੀਆਂ ਸਨ। ਬਾਬਾ ਜੀ ਨੇ ਕਈ ਬੀਬੀਆਂ ਨੂੰ ਜ਼ਾਲਮਾਂ ਦੇ ਜ਼ੁਲਮ ਤੋਂ ਬਚਾਇਆ, ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਅਤੇ ਉਨ੍ਹਾਂ ਦੇ ਵਿਆਹ ਕਾਰਜ ਵੀ ਕਰਵਾਏ। ਬੀਬੀਆਂ ਨੂੰ ਜੁਝਾਰੂ ਬਣਾਉਣ ਲਈ ਉਹ ਸਿਖਲਾਈ ਵੀ ਦਿੰਦੇ ਸਨ ਅਤੇ ਆਪਣੇ ਧਰਮ ‘ਤੇ ਡਟੇ ਰਹਿਣ ਦਾ ਸੁਨੇਹਾ ਵੀ ਦਿੰਦੇ ਸਨ। ਬਾਬਾ ਗੋਦੜੀਆ ਸਿੰਘ ਜੀ ਇਨਸਾਫ਼ ਪਸੰਦ ਸ਼ਖ਼ਸੀਅਤ ਦੇ ਮਾਲਕ ਸਨ, ਨਾਮ ਸਿਮਰਨ ਕਰਦੇ ਰਹਿੰਦੇ ਸਨ ਅਤੇ ਸੰਤ ਵਜੋਂ ਪੂਜੇ ਜਾਂਦੇ ਸਨ। ਲੋਕ ਬਾਬਾ ਜੀ ਪ੍ਰਤੀ ਅਪਾਰ ਸ਼ਰਧਾ ਰੱਖਦੇ ਸਨ। ਬਾਬਾ ਜੀ ਕਮਾਨ, ਨੋਕੀਲੇ ਤੀਰ, ਤਲਵਾਰ, ਕਟਾਰ, ਬਰਛਾ, ਖੰਡਾ, ਬਾਰੂਦ ਆਦਿ ਆਪਣੇ ਕੋਲ ਰੱਖਦੇ ਸਨ। ਉਹ ਯੋਧਿਆਂ ਵਾਂਗ ਤਿਆਰ-ਬਰ-ਤਿਆਰ ਰਹਿੰਦੇ ਸਨ। ਲੋਕਾਂ ਨੂੰ ਏਕਤਾ ਤੇ ਸਦਭਾਵਨਾ ਬਣਾਈ ਰੱਖਣ ਲਈ ਕਹਿੰਦੇ ਸਨ।
ਲੇਖਿਕਾ ਨੇ ਇਸ ਪੁਸਤਕ ਵਿੱਚ ਸ਼ਹੀਦ ਬਾਬਾ ਗੋਦੜੀਆ ਸਿੰਘ ਜੀ, ਵੱਖ ਵੱਖ ਅਸਥਾਨਾਂ ‘ਤੇ ਬਾਬਾ ਗੋਦੜੀਆ ਸਿੰਘ ਜੀ ਦੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਸਾਹਿਬਾਨ, ਗੁਰਦੁਆਰਾ ਸਾਹਿਬਾਨ ਵਿੱਚ ਸ਼ਰਧਾ ਪੂਰਵਕ ਕਰਵਾਏ ਜਾਂਦੇ ਸਮਾਗਮਾਂ, ਗੁਰਦੁਆਰਾ ਸ਼ਹੀਦ ਬੀਬੀ ਰੂਪ ਕੌਰ ਜੀ ਆਦਿ ਦੀਆਂ ਤਸਵੀਰਾਂ ਸ਼ਾਮਲ ਕਰਕੇ ਇਸ ਦਸਤਾਵੇਜ਼ ਨੂੰ ਸ਼ਿੰਗਰਿਆ ਵੀ ਹੈ ਤੇ ਇਸਨੂੰ ਮੁੱਲਵਾਨ ਵੀ ਬਣਾਇਆ ਹੈ। ਬਾਬਾ ਜੀ ਦੀ ਯਾਦ ਵਿੱਚ ਲਗਾਏ ਜਾਂਦੇ ਮੇਲਿਆਂ ਵਿੱਚ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਜੁੜਦੀਆਂ ਹਨ ਤੇ ਬਾਬਾ ਜੀ ਦੀ ਅਸ਼ੀਰਵਾਦ ਪ੍ਰਾਪਤ ਕਰਦੀਆਂ ਹਨ।
ਲੇਖਿਕਾ ਨੇ ਵਿਭਿੰਨ ਸਰੋਤਾਂ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ‘ਤੇ ਰੱਤੀਆ ਸਮਾਜ ਦੇ ਰੱਤੀਆ ਤੋਂ ਰਹਿਤਵਾਨ ਸਿੱਖ ਬਣਨ ਦੇ ਸਫ਼ਰ ਦਾ ਬਿਰਤਾਂਤ ਬਾਖੂਬੀ ਪੇਸ਼ ਕੀਤਾ ਹੈ। ਹਰੇਕ ਸਮੁਦਾਇ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹੈ। ਲੇਖਿਕਾ ਨੇ ਰੱਤੀਆ ਅਰਥਾਤ ਰਹਿਤਵਾਨ ਸਿੱਖ ਸਮਾਜ ਦੀ ਪਛਾਣ ਦੇ ਸੰਕਟ ਬਾਰੇ ਕੁਝ ਤਰਕਸੰਗਤ ਨੁਕਤਿਆਂ ਦੇ ਆਧਾਰ ‘ਤੇ ਆਪਣੇ ਵਿਚਾਰਾਂ ਨੂੰ ਨਿਰਣੇਦਾਇਕ ਬਿੰਦੂਆਂ ਤੱਕ ਪਹੁੰਚਾਇਆ ਹੈ। ਲੇਖਿਕਾ ਨੂੰ ਇਸ ਗੱਲ ਦਾ ਮਲਾਲ ਹੈ ਕਿ ਬਹੁਤ ਪੱਖਾਂ ਤੋਂ ਸਮਰੱਥ ਹੋਣ ਅਤੇ ਜੰਗਜੂ ਸਮਾਜ ਨਾਲ ਸਬੰਧਿਤ ਹੋਣ ਦੇ ਬਾਵਜੂਦ ਵੀ ਘੱਟ ਗਿਣਤੀ ਵਾਲਾ ਇਹ ਸਿੱਖ ਰਹਿਤਵਾਨ ਸਮੁਦਾਇ ਆਪਣੀ ਕੋਈ ਵੱਖਰੀ ਪਛਾਣ ਨਹੀਂ ਬਣਾ ਸਕਿਆ। ਗੁਰੂ ਮਰਿਆਦਾ ਵਿੱਚ ਰਹਿਣ ਵਾਲਾ ਇਹ ਸਮੁਦਾਇ ਵਿਭਿੰਨ ਕਿੱਤਿਆਂ ਨਾਲ ਜੁੜ ਕੇ ਉਪਜੀਵਕਾ ਕਮਾਉਂਦਾ ਹੈ। ਉਪਜੀਵਕਾ ਖਾਤਰ ਇਹ ਸਮਾਜ ਦੇਸ਼/ਵਿਦੇਸ਼ ਦੇ ਵੱਖ ਵੱਖ ਖਿੱਤਿਆਂ ਵਿੱਚ ਖਿੰਡਦਾ ਗਿਆ ਤੇ ਇਕਜੁੱਟ ਨਾ ਹੋ ਸਕਿਆ। ਫਿਰ ਵੀ ਇਸ ਸਮਾਜ ਦੇ ਆਪਸੀ ਰਿਸ਼ਤੇ ਬਹੁਤ ਗੂੜ੍ਹੇ ਹਨ। ਲੇਖਿਕਾ ਤੌਖਲਾ ਪ੍ਰਗਟ ਕਰਦੀ ਹੈ ਕਿ ਹੁਣ ਕੁਝ ਹਾਲਤਾਂ ਵਿੱਚ ਰੱਤੀਆ ਸਮਾਜ ਆਪਣੇ ਪੁਰਖਿਆਂ ਦੇ ਗੌਰਵਸ਼ਾਲੀ ਤੇ ਸ਼ਾਨਾਮੱਤੇ ਵਿਰਸੇ ਤੋਂ ਬੇਮੁੱਖ ਹੁੰਦਾ ਚਲਾ ਜਾ ਰਿਹਾ ਹੈ, ਜਿਸ ‘ਤੇ ਇਹ ਸਮਾਜ ਚਿੰਤਾ ਪ੍ਰਗਟ ਕਰ ਰਿਹਾ ਹੈ। ਰਾਜਨੀਤਕ ਖੇਤਰ ਤੋਂ ਵਿਛੋਹ ਹੋਣਾ ਤੇ ਇਸ ਭਾਈਚਾਰੇ ਦਾ ਸਰਗਰਮ ਰਾਜਨੀਤੀ ਵਿੱਚ ਸ਼ਮੂਲੀਅਤ ਤੋਂ ਪਾਸਾ ਵੱਟੀ ਰੱਖਣਾ ਵੀ ਇਸਨੂੰ ਸੰਕੁਚਿਤ ਕਰ ਦੇਣ ਦਾ ਇੱਕ ਕਾਰਨ ਬਣਦਾ ਹੈ। ਅਜਿਹੇ ਕਾਰਨਾਂ ਕਰਕੇ ਇਸ ਸਮੁਦਾਇ ਦੀ ਪਛਾਣ ਨੂੰ ਖੋਰਾ ਲੱਗਣਾ ਜਾਂ ਇਸਦੀ ਪਛਾਣ ਦਾ ਵਿਸਥਾਰ ਨਾ ਹੋ ਸਕਣਾ ਸੁਭਾਵਿਕ ਹੈ।
ਮੈਂ ਸਮਝਦਾ ਹਾਂ ਕਿ ਪੁਸਤਕ ਦੇ ਅੰਤ ਵਿੱਚ ਇਸ ਖੋਜ ਕਾਰਜ ਦੇ ਸਰੋਤਾਂ ਨੂੰ ਜੇ ਅੰਤਿਕਾ ਦੇ ਰੂਪ ਵਿੱਚ ਕੇ ਸੂਚੀ ਬਣਾ ਕੇ ਦਰਜ ਕਰ ਦਿੱਤਾ ਜਾਂਦਾ ਅਤੇ ਸਹਾਇਕ ਪੁਸਤਕ ਸੂਚੀ ਦੇ ਦਿੱਤੀ ਜਾਂਦੀ ਤਾਂ ਇਸ ਪੁਸਤਕ ਦਾ ਮਹੱਤਵ ਹੋਰ ਵਧ ਜਾਣਾ ਸੀ।
ਪੁਸਤਕ ਦੀ ਰਚਨਾਤਮਿਕ ਖੂਬਸੂਰਤੀ ਇਸ ਗੱਲ ਵਿੱਚੋਂ ਨਜ਼ਰ ਆਉਂਦੀ ਹੈ ਕਿ ਲੇਖਿਕਾ ਨੇ ਪ੍ਰਵਚਨਾਂ ਦੀ ਉਸਾਰੀ ਬਹੁਤ ਸਰਲ, ਠੇਠ ਤੇ ਸਪਸ਼ਟ ਵਾਰਤਕ ਵਿੱਚ ਕੀਤੀ ਹੈ। ਪੁਸਤਕ ਪੜ੍ਹਦਿਆਂ ਵਾਰਤਕ ਦੀ ਭਾਸ਼ਾ ਤੇ ਸ਼ੈਲੀ ਵਿਚਲੀ ਸਹਿਜਤਾ ਤੇ ਰਵਾਨੀ ਨਾਲ ਪਾਠਕ ਇਕਸੁਰ ਹੋਇਆ ਰਹਿੰਦਾ ਹੈ। ਇਸਨੂੰ ਇਸ ਪੁਸਤਕ ਦਾ ਹਾਸਲ ਸਮਝਿਆ ਜਾਣਾ ਚਾਹੀਦਾ ਹੈ। ਅੰਗਰੇਜ਼ੀ ਸਾਹਿਤ ਦੇ ਪ੍ਰਾਧਿਆਪਕ ਰਹੇ ਹੋਣ ਅਤੇ ਕਾਲਜ ਦੀਆਂ ਪ੍ਰਬੰਧਕੀ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ-ਨਾਲ ਡਾ. ਪਰਮਜੀਤ ਕੌਰ ਨੇ ਇਹ ਖੋਜ ਕਾਰਜ ਕਰ ਵਿਖਾਇਆ ਹੈ, ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ।                              ਇਤਿਹਾਸਕਾਰ ਤੇ ਖੋਜੀ ਵਿਦਵਾਨ ਅਕਸਰ ਬੀਤੇ ਸਮਿਆਂ ਵਿੱਚ ਹੋਏ ਮਹਾਨ ਵਿਅਕਤੀਆਂ, ਘਟਨਾਵਾਂ, ਅਸਥਾਨਾਂ ਆਦਿ ਨੂੰ ਹੋਰ ਸਰੋਕਾਰਾਂ ਦੇ ਨਾਲ-ਨਾਲ  ਇਤਿਹਾਸਮੁੱਖਤਾ ਦੇ ਪੱਖ ਤੋਂ ਵੇਖਣ, ਪਰਖਣ ਅਤੇ ਉਨ੍ਹਾਂ ਦਾ ਮੁਲਾਂਕਣ ਕਰਨ ‘ਤੇ ਵੀ ਬਲ ਦਿੰਦੇ ਆਏ ਹਨ। ਇਹ ਪੁਸਤਕ ਤਾਂ  ਇਤਿਹਾਸਮੁੱਖਤਾ ਦੀ ਲੋੜ ਦੇ ਆਧਾਰ ਉੱਤੇ ਹੀ ਉਸਰਦੀ ਹੈ। ਇਹ ਪਹਿਲੂ ਇਸ ਪੁਸਤਕ ਦੀ ਵਿਸ਼ੇਸ਼ ਪ੍ਰਾਪਤੀ ਬਣਦਾ ਹੈ। ਇਸ ਪੁਸਤਕ ਦੀ ਰਚਨਾ ਕਰਨ ‘ਤੇ ਮੈਂ ਡਾ.ਪਰਮਜੀਤ ਕੌਰ ਅਤੇ ਸਹਿ ਲੇਖਿਕਾ ਡਾ.ਨਯਨ ਨੂੰ ਦਿਲੀ ਮੁਬਾਰਕਬਾਦ ਭੇਂਟ ਕਰਦਾ ਹਾਂ। ਇਸ ਖੋਜ ਕਾਰਜ ਨੂੰ ਪੁਸਤਕ ਰੂਪ ਵਿੱਚ ਸਾਂਭਣ ਦੇ ਉੱਦਮ ਦਾ ਮੈਂ ਹਾਰਦਿਕ ਸਵਾਗਤ ਕਰਦਾ ਹਾਂ।

 ਪੁਸਤਕ  : ਰੱਤੀਆ ਰਹਿਤਵਾਨ ਸਿੱਖ ਇੱਕ ਅਧਿਐਨ
 ਲੇਖਿਕਾ : ਡਾ. ਪਰਮਜੀਤ ਕੌਰ
 ਸਹਿ ਲੇਖਿਕਾ : ਡਾ. ਨਯਨ
 ਪੰਨੇ : 94  ,  ਮੁੱਲ : ਅੰਕਿਤ ਨਹੀਂ
 ਪਕਾਸ਼ਕ : ਲੇਖਿਕਾ ਖੁਦ, 141  , ਸ਼ਹੀਦ ਭਗਤ ਸਿੰਘ ਨਗਰ, ਸਕੀਮ ਨੰ. 3 , ਫਗਵਾੜਾ  

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  

Previous articleਸੀ.ਐਮ. ਦੀ ਯੋਗਸ਼ਾਲਾ ਤਹਿਤ ਪੂਰੇ ਜ਼ਿਲ੍ਹੇ ’ਚ ਚੱਲ ਰਹੀਆਂ ਹਨ 368 ਯੋਗ ਕਲਾਸਾਂ – ਡਿਪਟੀ ਕਮਿਸ਼ਨਰ
Next articleਬੁੱਧ ਵਿਅੰਗ