ਗੋਵਿੰਦ ਪਨਸਾਰੇ, ਪ੍ਰੋ. ਕਲਬੁਰਗੀ ਅਤੇ ਗੌਰੀ ਲੰਕੇਸ਼ ਦੇ ਫ਼ਿਰਕੂ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਕੀਤੀ ਮੰਗ
(ਸਮਾਜ ਵੀਕਲੀ)
(ਬਰਨਾਲਾ )
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸੁਪਰੀਮ ਕੋਰਟ ਵੱਲੋਂ ਮਹਾਂਰਾਸ਼ਟਰ ਦੀ ਤਰਕਸ਼ੀਲ ਸੰਸਥਾ ਅੰਧ ਸ਼ਰਧਾ ਨਿਰਮੂਲਨ ਸੰਮਤੀ ਦੇ ਸੰਸਥਾਪਕ ਆਗੂ ਡਾ. ਨਰਿੰਦਰ ਦਾਭੋਲਕਰ ਦੇ ਦੋ ਕਾਤਲਾਂ ਨੂੰ ਉਮਰ ਕੈਦ ਦੀ ਸਜ਼ਾ ਦੇਣ ਦਾ ਜਿੱਥੇ ਸਵਾਗਤ ਕੀਤਾ ਹੈ ਉਥੇ ਹੀ ਇਸ ਕਤਲ ਦੇ ਮੁੱਖ ਸਾਜ਼ਿਸ਼ ਕਰਤਾ ਡਾ.ਵਰਿੰਦਰ ਤਾਵੜੇ ਸਮੇਤ ਤਿੰਨ ਹੋਰਨਾਂ ਮੁਲਜ਼ਮਾਂ ਨੂੰ ਕੇਂਦਰੀ ਜਾਂਚ ਏਜੰਸੀਆਂ ਦੀ ਨਾਕਾਮੀ ਕਰਕੇ ਬਰੀ ਕਰਨ ਦੇ ਫੈਸਲੇ ਉੱਤੇ ਸਖ਼ਤ ਰੋਸ ਦਾ ਪ੍ਰਗਟਾਵਾ ਕਰਦਿਆਂ ਇਨ੍ਹਾਂ ਮੁੱਖ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਜ਼ੋਰਦਾਰ ਮੰਗ ਕੀਤੀ ਹੈ।
ਇਸ ਸਬੰਧੀ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਅਤੇ ਸੂਬਾ ਕਮੇਟੀ ਆਗੂਆਂ ਹੇਮ ਰਾਜ ਸਟੈਨੋਂ, ਬਲਬੀਰ ਲੌਂਗੋਵਾਲ, ਰਾਜਪਾਲ ਸਿੰਘ, ਰਾਮ ਸਵਰਨ ਲੱਖੇਵਾਲੀ ਅਤੇ ਸੁਮੀਤ ਅੰਮ੍ਰਿਤਸਰ ਨੇ ਕਿਹਾ ਕਿ ਪੁਲੀਸ ਅਤੇ ਕੇਂਦਰੀ ਜਾਂਚ ਏਜੰਸੀਆਂ ਸ਼ੁਰੂ ਤੋਂ ਹੀ ਮੋਦੀ ਸਰਕਾਰ ਦੇ ਦਬਾਅ ਹੇਠ ਇਸ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਤੇ ਸਾਜ਼ਿਸ਼ ਘਾੜੇ ਡਾ.ਵਰਿੰਦਰ ਤਾਵੜੇ ਸਮੇਤ ਮੁਲਜ਼ਮਾਂ ਸੰਜੀਵ ਪੁਨਾਲੇਕਰ ਤੇ ਵਿਕਰਮ ਭਾਵੇ ਨੂੰ ਬਚਾਉਣ ਉਤੇ ਲੱਗੀਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਵਿਰੁੱਧ ਸਪੱਸ਼ਟ ਸਬੂਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜਾਣ ਬੁੱਝ ਕੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਇਸ ਮੌਕੇ ਸੂਬਾ ਕਮੇਟੀ ਆਗੂਆਂ ਰਾਜੇਸ਼ ਅਕਲੀਆ,ਜੋਗਿੰਦਰ ਕੁੱਲੇਵਾਲ, ਜਸਵੰਤ ਮੋਹਾਲੀ,ਜਸਵਿੰਦਰ ਫਗਵਾੜਾ,ਅਜੀਤ ਪ੍ਰਦੇਸੀ, ਗੁਰਪ੍ਰੀਤ ਸ਼ਹਿਣਾ ਅਤੇ ਸੰਦੀਪ ਭੋਜਾ ਨੇ ਕਿਹਾ ਕਿ ਡਾ.ਦਾਭੋਲਕਰ ਨੇ ਲਗਾਤਾਰ 40 ਸਾਲ ਮਹਾਂਰਾਸ਼ਟਰ ਵਿਚ ਕਥਿਤ ਕਾਲੇ ਇਲਮ , ਜਾਦੂ-ਟੂਣੇ, ਚਮਤਕਾਰ, ਜੋਤਿਸ਼, ਰਾਸ਼ੀਫਲ ਅਤੇ ਕਥਿਤ ਦੈਵੀ ਸ਼ਕਤੀਆਂ ਦੇ ਝੁਠੇ ਦਾਅਵੇਦਾਰ ਪਾਖੰਡੀਆਂ ਦਾ ਪਰਦਾਫਾਸ਼ ਕਰਨ ਦੇ ਨਾਲ ਨਾਲ ਰੂੜੀਵਾਦੀ ਰਸਮਾਂ, ਨਰਬਲੀ, ਮੂਰਤੀ ਵਿਸਰਜਨ, ਧਾਰਮਿਕ ਅਸਹਿਣਸ਼ੀਲਤਾ, ਜਾਤ-ਪਾਤ, ਛੂਆ- ਛਾਤ, ਨਸ਼ੇ, ਦਾਜ ਅਤੇ ਭਰੂਣ ਹੱਤਿਆ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਦੀ ਜਾਗਰੂਕਤਾ ਮੁਹਿੰਮ ਚਲਾਈ ਅਤੇ ਸਮਾਜਿਕ ਬਰਾਬਰੀ ਯਕੀਨੀ ਬਣਾਉਣ ਲਈ “ਇਕ ਪਿੰਡ-ਇਕ ਖੂਹ” ਦੇ ਅੰਦੋਲਨ ਦੀ ਅਗਵਾਈ ਕੀਤੀ। ਉਨ੍ਹਾਂ ਦੱਸਿਆ ਕਿ ਧਾਰਮਿਕ ਆਸਥਾ ਦੀ ਆੜ ਹੇਠ ਲੋਕਾਂ ਦੀ ਲੁੱਟ ਕਰਨ ਵਾਲੇ ਪਾਖੰਡੀਆਂ ਦੇ ਖਿਲਾਫ ਮਹਾਂਰਾਸ਼ਟਰ ਵਿਚ ਅੰਧ ਵਿਸ਼ਵਾਸ਼ ਰੋਕੂ ਕਾਨੂੰਨ ਲਾਗੂ ਕਰਵਾਉਣ ਕਰਕੇ ਹੀ ਸਨਾਤਨ ਸੰਸਥਾ ਦੇ ਫ਼ਿਰਕੂ ਅਨਸਰਾਂ ਵਲੋਂ ਡਾ. ਦਾਭੋਲਕਰ ਦੀ ਹੱਤਿਆ ਕੀਤੀ ਗਈ।
ਇਸ ਮੌਕੇ ਪੰਜਾਬ ਦੇ ਵੱਖ ਵੱਖ ਜੋਨ ਆਗੂਆਂ ਮਾਸਟਰ ਪਰਮਵੇਦ ਸੰਗਰੂਰ,ਸੁਰਜੀਤ ਟਿੱਬਾ ਜਲੰਧਰ, ਸਤਪਾਲ ਸਲੋਹ ਨਵਾਂ ਸ਼ਹਿਰ,ਬਲਰਾਜ ਮੌੜ,ਮਾਸਟਰ ਲੱਖਾ ਸਿੰਘ ਮਾਨਸਾ, ਪ੍ਰਵੀਨ ਜੰਡਵਾਲਾ,ਰਾਮ ਕੁਮਾਰ ਪਟਿਆਲਾ,ਧਰਮ ਪਾਲ ਸਿੰਘ ਲੁਧਿਆਣਾ ਅਤੇ ਸ਼ਲਿੰਦਰ ਸਿੰਘ ਚੰਡੀਗੜ੍ਹ ਨੇ ਦੋਸ਼ ਲਾਇਆ ਮੋਦੀ ਸਰਕਾਰ ਆਪਣੇ ਹਿੰਦੂਤਵੀ ਦੇ ਫ਼ਿਰਕੂ ਫਾਸ਼ੀਵਾਦੀ ਏਜੰਡੇ ਹੇਠ ਦੇਸ਼ ਵਿਚ ਵਿਗਿਆਨਕ ਸੋਚ ,ਧਰਮ ਨਿਰਪੱਖਤਾ,ਜਮਹੂਰੀਅਤ ਅਤੇ ਸੰਵਿਧਾਨ ਨੂੰ ਖਤਮ ਕਰਨ ਲਈ ਸਿੱਖਿਆ ਅਤੇ ਸੰਵਿਧਾਨਕ ਸੰਸਥਾਵਾਂ ਦਾ ਭਗਵਾਂਕਰਨ ਕਰ ਰਹੀ ਹੈ ਅਤੇ ਪਿਛਲੇ ਸਾਲਾਂ ਵਿੱਚ ਤਰਕਸ਼ੀਲ ਚਿੰਤਕਾਂ ਡਾ. ਦਾਭੋਲਕਰ, ਗੋਵਿੰਦ ਪਨਸਾਰੇ, ਪ੍ਰੋ. ਐੱਮ ਐੱਮ ਕਲਬੁਰਗੀ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀਆਂ ਹੱਤਿਆਵਾਂ ਭਾਜਪਾ ਸੰਘ ਦੀ ਫ਼ਿਰਕੂ ਫਾਸ਼ੀਵਾਦੀ ਸਿਆਸਤ ਦਾ ਹੀ ਨਤੀਜਾ ਸਨ ਪਰ ਇਨ੍ਹਾਂ ਫਾਸ਼ੀਵਾਦੀ ਹਮਲਿਆਂ ਦੇ ਬਾਵਜੂਦ ਦੇਸ਼ ਵਿਚ ਤਰਕਸ਼ੀਲ ਲਹਿਰ ਅਤੇ ਵਿਗਿਆਨਕ ਸੋਚ ਹੋਰ ਵੱਧ ਵਿਕਸਤ ਹੋਈ ਹੈ।
ਤਰਕਸ਼ੀਲ ਆਗੂਆਂ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਕਿ ਡਾ.ਦਾਭੋਲਕਰ ਹੱਤਿਆ ਕੇਸ ਦੇ ਮੁੱਖ ਸਾਜ਼ਿਸ਼ ਘਾੜਿਆਂ ਡਾ.ਵਰਿੰਦਰ ਤਾਵੜੇ ਸਮੇਤ ਤਰਕਸ਼ੀਲ ਵਿਦਵਾਨਾਂ ਗੋਵਿੰਦ ਪਨਸਾਰੇ, ਪ੍ਰੋ. ਐੱਮ ਐੱਮ ਕਲਬੁਰਗੀ ਅਤੇ ਗੌਰੀ ਲੰਕੇਸ਼ ਦੇ ਫ਼ਿਰਕੂ ਕਾਤਲਾਂ ਨੂੰ ਬਿਨਾਂ ਕਿਸੇ ਹੋਰ
ਦੇਰੀ ਦੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਜਾਰੀ ਕਰਤਾ
ਸੁਮੀਤ ਅੰਮ੍ਰਿਤਸਰ
ਸੂਬਾਈ ਮੀਡੀਆ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
7696030173
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly