ਨਵੀਂ ਦਿੱਲੀ (ਸਮਾਜ ਵੀਕਲੀ): ਉੱਤਰ-ਪੱਛਮੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦਿੱਲੀ ਕੈਂਟ ਦੇ ਪੁਰਾਣਾ ਨਾਂਗਲ ਵਿੱਚ 9 ਸਾਲਾਂ ਦੀ ਬੱਚੀ ਦੀ ਸਮੂਹਿਕ ਜਬਰ-ਜਨਾਹ ਮਗਰੋਂ ਕਥਿਤ ਹੱਤਿਆ ਅਤੇ ਜਬਰੀ ਸਸਕਾਰ ਕਰਨ ਦੇ ਮਾਮਲੇ ਬਾਰੇ ਰਿਪੋਰਟ ਦਿੱਤੀ। ਸ੍ਰੀ ਹੰਸ ਰਾਜ ਨੂੰ ਬੁੱਧਵਾਰ ਪ੍ਰਧਾਨ ਮੰਤਰੀ ਵੱਲੋਂ ਵਿਸ਼ੇਸ਼ ਤੌਰ ’ਤੇ ਪੁਰਾਣਾ ਨਾਂਗਲ ’ਚ ਹਾਲਾਤ ਪਤਾ ਕਰਨ ਤੇ ਪਰਿਵਾਰ ਨੂੰ ਮਿਲ ਕੇ ਸਰਕਾਰ ਵੱਲੋਂ ਭਰੋਸਾ ਦੇਣ ਲਈ ਭੇਜਿਆ ਗਿਆ ਸੀ।
ਸ੍ਰੀ ਹੰਸ ਨੇ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹਾਲਾਤ ਬਾਰੇ ਵੇਰਵਿਆਂ ਸਣੇ ਜਾਣਕਾਰੀ ਦਿੱਤੀ ਅਤੇ ਸ੍ਰੀ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਹਰ ਪਰਿਵਾਰ ਦੀ ਲੋੜੀਂਦੀ ਮਦਦ ਕੀਤੀ ਜਾਵੇਗੀ। ਭਾਜਪਾ ਸੰਸਦ ਮੈਂਬਰ ਨੇ ਮੁਲਾਕਾਤ ਮਗਰੋਂ ਦੱਸਿਆ ਕਿ ਅੱਜ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀ ਖ਼ਬਰ ਵੀ ਰਿਪੋਰਟ ਦੇ ਨਾਲ ਨੱਥੀ ਕਰਕੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਤਾਲਮੇਲ ਕਮੇਟੀ ਬਣਾਉਣ ਸਮੇਤ ਹੋਰ ਸਾਰੇ ਵੇਰਵੇ ਸਾਂਝੇ ਕੀਤੇ ਗਏ ਹਨ। ਸ੍ਰੀ ਹੰਸ ਨੇ ਵਾਅਦਾ ਕੀਤਾ ਕਿ ਇਸ ਵਾਰਦਾਤ ਦਾ ਹੱਲ ਕਰਕੇ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਖ਼ੁਦ ਇਸ ਵਾਰਦਾਤ ਕਾਰਨ ਖਫ਼ਾ ਸਨ। ਚੇਤੇ ਰਹੇ ਪੁਰਾਣਾ ਨਾਂਗਲ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਮੇਤ ਭਾਜਪਾ ਦੇ ਹੋਰ ਆਗੂਆਂ ਦਾ ਸਥਾਨਕ ਲੋਕਾਂ ਨੇ ਖਾਸਾ ਵਿਰੋਧ ਕੀਤਾ ਸੀ ਪਰ ਹੰਸ ਰਾਜ ਨੇ ਠਰੰਮੇ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly