(ਸਮਾਜ ਵੀਕਲੀ)
ਪਿੰਡ ਵਿੱਚ ਸਿੰਦੇ ਕੇ ਪਾਠ ਸੀ ਤਾਂ ਭੋਗ ਤੇ ਸੱਦਾ ਦੇ ਕੇ ਗਏ ਸੀ। ਮੈਂ ਤੇ ਮੇਰੀ ਨਣਾਨ ਵੀਰੋ ਸਵਖਤੇ ਘਰ ਦਾ ਸਾਰਾ ਕੰਮ ਨਿਪਟਾ ਤੇ ਫੇਰ ਹਵੇਲੀ ਗੋਹਾ ਕੂੜਾ ਕਰ ਕਾਹਲ਼ ਨਾਲ ਘਰ ਨੂੰ ਤਿਆਰ ਹੋਣ ਆ ਗਈਆਂ । ਅਜੇ ਘਰ ਆ ਕੇ ਤਿਆਰ ਹੋਣ ਲੱਗੀਆਂ ਸਾ ਕਿ ਬਾਪੂ ਜੀ ਨੇ ਆਉਣ ਡਾਂਗ ਖੜਕਾ ਦਿੱਤੀ ਤੇ ਕਿਹਾ “ ਉਹ ਭਾਈ ਕੁੜੀਓ ਤੁਸੀ ਮੀਣੀ ਮੱਝ ਨੂੰ ਤੇੜਾਂ ਵਾਲਾ ਘਾਹ ਨੀ ਪਾ ਕੇ ਆਈਆਂ , ਦਿਨ ਢਲਦੇ ਉਹਨੇ ਸੂ ਪੈਣਾ “ ਮੈਂ ਤੇ ਵੀਰੋ ਇੱਕ ਦੂਜੇ ਵੱਲ ਹੈਰਾਨੀ ਨਾਲ ਦੇਖਣ ਲੱਗੀਆਂ । ਬਾਪੂ ਜੀ ਘਾਹ ਲਿਆਉਣ ਵਾਲਾ ਅਸੀਂ ਭੋਗ ਤੋਂ ਆ ਕੇ ਲਿਆ ਕੇ ਪਾ ਦੇਣਾ ਤੁਸੀ ਚਿੰਤਾ ਨਾ ਕਰੋ ਮੀਣੀ ਸਾਨੂੰ ਸਭ ਨੂੰ ਬਹੁਤ ਪਿਆਰੀ ਐ। ਤਾਈ ਬਚਨੀ ਕਹਿੰਦੀ ਸੀ ਭੋਗ ਤੇ ਸਵਖਤੇ ਆ ਕੇ ਕੰਮ ਵਿੱਚ ਹੱਥ ਵਟਾਉਣਾ । ਇਸੇ ਲਈ ਅਸੀਂ ਬੇਬੇ ਜੀ ਨੂੰ ਤੜਕੇ ਘੱਲ ਦਿੱਤਾ ਸੀ ।
ਤਾਈ ਬਚਨੀ ਦੇ ਘਰ ਭੋਗ ਤੇ ਜਾ ਕੇ ਅਸੀਂ ਕੀ ਵੇਖਿਆ ਸਾਡੀ ਬੇਬੇ ਜੋ ਤੜਕੇ ਦੀ ਘਰੋਂ ਕੰਮ ਕਰਾਉਣ ਆਈ ਹੋਈ ਸੀ ਅਰਾਮ ਨਾਲ ਬੈਠੀ ਪਾਠ ਸੁਣ ਰਹੀ ਸੀ। ਅਸੀਂ ਮੱਥਾ ਟੇਕ ਕੇ ਰਸੋਈ ਵੱਲ ਜਾਣ ਲੱਗਿਆਂ ਤਾਂ ਬੇਬੇ ਜੀ ਨੇ ਕੋਲ ਬੈਠਣ ਦਾ ਇਸ਼ਾਰਾ ਕੀਤਾ। ਸਾਡੇ ਬੇਬੇ ਜੀ ਜੋ ਸਾਰੇ ਪਿੰਡ ਵਿੱਚ ਬਿਨਾ ਬੁਲਾਵੇ ਹਰ ਇੱਕ ਪ੍ਰੋਗਰਾਮ ਵਾਲੇ ਘਰ ਸੇਵਾ ਕਰਨ ਪਹੁੰਚ ਜਾਂਦੇ ਅੱਜ ਅਰਾਮ ਨਾਲ ਬੈਠੇ ਸੀ । ਬੇਬੇ ਜੀ ਨੇ ਸਾਨੂੰ ਦੱਸਿਆ ਕਿ ਕੁੜੀਓ ਅੱਜ ਸ਼ਗਨਾਂ ਦੇ ਦਿਨ ਇਹਨਾਂ ਦੀਆਂ ਚਾਰੇ ਕੁੜੀਆਂ ਤੇ ਦੋਵੇਂ ਭੂਆ ਵਿੱਚੋਂ ਅੱਜ ਕੋਈ ਵੀ ਨੀ ਆਈ । ਉਲਟਾ ਸਿੰਦੇ ਦੀ ਸੱਸ ਭਾਵ ਬਚਨੀ ਦੀ ਕੁੜਮਣੀ ਸਾਰੇ ਪਾਸੇ ਚੌਧਰ ਕਰ ਰਹੀ ਹੈ । ਬਚਨੀ ਵੀ ਮੇਰੇ ਕੋਲ ਆਪਣੇ ਰੋਣੇ ਰੋ ਕੇ ਹਟੀ ਆ। ਮੈਂ ਤਾਂ ਸਾਫ ਸਾਫ ਕਹਿ ਦਿੱਤਾ ਬਚਨੀ ਨੂੰ “ ਦੇਖ ਭੈਣੇ ਮੈਨੂੰ ਨਾ ਦੱਸ ਗਲਤੀ ਤੇਰੀ ਹੈ , ਤੈਨੂੰ ਨੂੰਹ ਨੂੰ ਨੂੰਹ ਦੀ ਥਾਂ ਤੇ ਨਣਦਾਂ ਤੇ ਧੀਆਂ ਨੂੰ ਉਹਨਾਂ ਦੀ ਬਣਦੀ ਇੱਜ਼ਤ ਦੇਣੀ ਚਾਹੀਦੀ ਆ, ਕਸੂਰਵਾਰ ਤੂੰ ਤੇ ਤੇਰਾ ਘਰ ਵਾਲਾ, ਘਰ ਜਾ ਰਿਸ਼ਤੇ ਗਰਜ ਤੇ ਦਿਮਾਗ਼ ਨਾਲ ਸਾਂਭੇ ਜਾਂਦੇ ਆ , ਇੱਕ ਪੱਲੜਾਂ ਭਾਰੀ ਕਰ ਦੇਵੋ ਤਾਂ ਦੂਜੇ ਵਾਰੇ ਵੀ ਜ਼ਰੂਰ ਸੋਚੋ “।
ਚੰਗੀ ਮੱਤ ਵਾਲੇ ਬੰਦੇ ਨੂੰ ਆਪਣੀਆਂ ਜੰਮੀਆਂ ਤੋਂ ਬਿਨਾ ਕਿੱਥੇ ਕੋਈ ਸ਼ਗਨ ਸੁਝਦੇ ਆ। ਨਾਲੇ ਕੁੜੀਓ ਤੁਹਾਨੂੰ ਤਾਂ ਪਤਾ ਮੇਰੇ ਕੱਬੇ ਸੁਭਾਅ ਦਾ ਭਾਈ ਮੈਂ ਕੁੜਮਾ ਦੀ ਚੌਧਰ ਨੀ ਝੱਲਦੀ ਤੇ ਨਾ ਕੋਈ ਸ਼ਗਨਾਂ ਦਾ ਕਾਰਜ ਘਰ ਦੀਆਂ ਜੰਮੀਆਂ ਧੀਆਂ ਬਗੈਰ ਕਰਨਾ ਪਸੰਦ ਕਰਦੀ ਆ, ਨਾ ਕੀਤਾ ਤੇ ਨਾ ਕਰਨਾ । ਮੇਰੇ ਜੋ ਅਸੂਲ ਹਨ ਉਹ ਅਟੱਲ ਨੇ, ਜੋ ਸਹੀ ਐ ਉਸ ਨੂੰ ਸਹੀ ਕਹਾਂਗੀ , ਜੋ ਗਲਤ ਉਸ ਨੂੰ ਭਰੀ ਪੰਚਾਇਤ ਵਿੱਚ ਵੀ ਗਲਤ ਕਹਾਂਗੀ । ਸੋ ਤੁਸੀ ਚਾਹ ਪਾਣੀ ਪੀ ਲਵੋ ਜੇ ਪੀਣਾ ਤੇ ਫੇਰ ਆਪਾ ਵੀ ਆਪਣੇ ਘਰ ਚੱਲੀਏ, ਕੁੜਮ ਕੁੜਮਣੀ ਨੂੰ ਕਮਾਉਣ ਦੇ ਭੋਗ ਰੱਜ ਰੱਜ ਕੇ।
ਹਵੇਲੀ ਜਾ ਕੇ ਵੀ ਬੇਬੇ ਜੀ ਮੀਣੀ ਮੱਝ ਵਾਰੇ ਪੁੱਛਣ ਨੂੰ ਭੁੱਲ ਕੇ ਬਾਪੂ ਜੀ ਨੂੰ ਆਖ ਰਹੇ ਸੀ ਕਿ ਜਿੱਥੇ ਕੁੜਮਾ ਦੀ ਮੁਖਤਿਆਰੀ ਹੋਵੇ ਉੱਥੇ ਘਰ ਦੀਆਂ ਜੰਮੀਆ ਪਰਾਈਆਂ ਹੋ ਜਾਂਦੀਆਂ ਨੇ, ਘਰ ਦੀਆਂ ਧੀਆਂ ਦੀ ਕਦਰ ਨੀ ਪੈਂਦੀ , ਤੇ ਦੂਜੇ ਪਾਸੇ ਜਿੱਥੇ ਜਵਾਈਆਂ ਨੂੰ ਲੋਕ ਪੁੱਤ ਸਮਝਣ ਉੱਥੇ ਪੁੱਤਾਂ ਦੀ ਕਦਰ ਘਰ ਰੱਖੇ ਟੌਮੀ ਵਰਗੀ ਹੁੰਦੀ ਹੈ, ਆਪਣੇ ਹੀ ਜਾਏ ਨੂੰ ਲੋਕ ਪੁੱਛਦੇ ਨਹੀਂ ।
ਹਰ ਇੱਕ ਨੂੰ ਰਿਸ਼ਤੇ ਮੁਤਾਬਕ ਆਪਣੇ ਅਸੂਲ ਤੇ ਫ਼ਰਜ਼ ਸਮਝਣੇ ਚਾਹੀਦੇ ਹਨ। ਜਿੱਥੇ ਨੂੰਹ ਦੀ ਕਦਰ ਕਰਨੀ ਚਾਹੀਦੀ ਹੈ ਉੱਥੇ ਘਰ ਦੀਆਂ ਧੀਆਂ ਦੀ ਕਦਰ ਵੀ ਬਰਕਰਾਰ ਰੱਖਣੀ ਚਾਹੀਦੀ ਹੈ। ਜਿੱਥੇ ਰਿਸ਼ਤੇ ਅਸੂਲਾਂ ਤੇ ਫ਼ਰਜ਼ਾਂ ਦੀਆਂ ਹੱਦਾਂ ਪਾਰ ਕਰ ਜਾਣ ਉੱਥੇ ਕਈ ਅਨਮੋਲ ਰਿਸ਼ਤੇ ਚਕਨਾਚੂਰ ਹੋ ਜਾਂਦੇ ਹਨ।
ਕਿਰਪਾ ਕਰਕੇ ਤੁਸੀ ਵੀ ਆਪਣੇ ਕੀਮਤੀ ਵਿਚਾਰ ਜ਼ਰੂਰ ਸਾਂਝੇ ਕਰਨਾ ਜੀ ਤੇ ਦੱਸਣਾ ਤੁਹਾਡੇ ਘਰ ਵਿੱਚ ਕਿਹੜਾ ਰਿਸ਼ਤਾ ਬਹੁਤ ਵਧੀਆ ਹੈ? ਤੇ ਕਿਹੜਾ ਬਹੁਤ ਘਟੀਆ ?
ਸਰਬਜੀਤ ਲੌਂਗੀਆਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly