ਰਾਂਝੇ ਦਾ ਪਿੰਡ

 ਦਿਲਪ੍ਰੀਤ ਗੁਰੀ
 ਦਿਲਪ੍ਰੀਤ ਗੁਰੀ
 (ਸਮਾਜ ਵੀਕਲੀ) ਇੱਕ ਨਿੱਕਾ ਜਿਹਾ ਪਿੰਡ ‘ਮੁਹੱਬਤਪੁਰਾ’ ਪਿਛਲੇ 30 ਸਾਲ ਤੋਂ ਇਵੇਂ ਹੀ ਆਪਸੀ ਪਿਆਰ ਤੇ ਮੁਹੱਬਤ ਲਈ ਜਾਣਿਆ ਜਾਂਦਾ ਆ ਰਿਹਾ। ਮੈਂ ਖੁਸ਼ ਹਾਂ ਕਿ ਮੈਂ ਇਸ ਪਿੰਡ ਦੀ ਧੀ ਹਾਂ।
ਪਿੰਡ ਦੀ ਆਬਾਦੀ ਘੱਟ ਹੋਣ ਕਰਕੇ ਆਪਣੀ ਕੋਈ ਪੰਚਾਇਤ ਨਹੀਂ ਤੇ ਪਿੰਡ ਦੇ ਲੋਕ ਨਾਲ ਦੇ ਪਿੰਡ ਨਾਲ ਸਾਂਝੀ ਪੰਚਾਇਤ ਤੋਂ ਵੀ ਸਹੂਲਤਾਂ ਮੰਗਣਾ ਪਸੰਦ ਨਹੀਂ ਕਰਦੇ। ਪਿੰਡ ਵਿਚ ਸਹੂਲਤਾਂ ਭਾਵੇਂ ਨਾ-ਮਾਤਰ ਹੀ ਹਨ ਪਰ ਆਪਸੀ ਸਾਂਝ ਇਸ ਆਧੁਨਿਕ ਯੁੱਗ ’ਚ ਵੀ ਬੇਮਿਸਾਲ ਹੈ।
ਮੇਰਾ ਵਿਆਹ ਹੋਏ ਨੂੰ ਬੇਸ਼ੱਕ 20 ਸਾਲ ਹੋ ਗਏ ਨੇ ਪਰ ਕਈ ਗੱਲਾਂ ਅੱਜ ਵੀ ਪਿੰਡ ਜਾ ਕੇ ਬਹੁਤ ਯਾਦ ਕਰਦੀ ਹਾਂ। ਆਪਣੇ ਪਿੰਡ ਵਿਚ ਬੀਤਿਆ ਬਚਪਨ ਹਾਸੇ, ਖੇਡੇ ਤੇ ਜਵਾਨੀ ਦੇ ਚਾਅ, ਕੁੜੀਆਂ ਸੰਗ ਰੀਝਾਂ ਸਾਂਝੀਆਂ ਕਰਨੀਆਂ ਤੇ ਇੱਕ ਦੂਜੀਆਂ ਦੇ ਸੁਪਨੇ ਤੇ ਦਿਲ ਦੇ ਚਾਵਾਂ ਦੇ ਗਵਾਹ ਹੋਣਾ।
ਇਸ ਵਾਰ ਭਤੀਜੀ ਨੇ ਪੁੱਛਿਆ, “ਭੂਆ ਜੀ ਤੁਸੀਂ ਜਦੋਂ ਜਵਾਨ ਸੀ ਤਾਂ ਕੀ ਤੁਸੀਂ ਸਾਰੇ ਭੈਣ ਭਰਾ ਆਪਸ ’ਚ ਲੜਦੇ ਹੁੰਦੇ ਸੀ ਜਾਂ ਰੁੱਸਦੇ ਸੀ।”
ਮੇਰਾ ਜਵਾਬ ਸੀ, “ਸਿਦਕ ਇਹ ਮੁਹੱਬਤਪੁਰਾ ਹੈ ਇੱਥੇ ਲੜ੍ਹਨ ਵਾਲੇ ਤਾਂ ਸੰਸਕਾਰ ਈ ਨਹੀਂ, ਹਾਂ ਰੁੱਸਣ ਦਾ ਰਿਵਾਜ਼ ਪੁਰਾਣਾ ਹੈ।”
ਸਿਦਕ ਵੀ ਪਿੰਡ ਦੀ ਇਸ ਖਾਸੀਅਤ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਪਰ ਸ਼ਾਇਦ ਉਹ ਇਹ ਜਾਣਨਾ ਚਾਹੁੰਦੀ ਸੀ ਕਿ ਇਹ ਸਭ ਸਾਡੇ ਟਾਇਮ ਵੀ ਚੱਲਦਾ ਸੀ ਜਾਂ ਨਹੀਂ।
ਸਿਦਕ ਹੱਸ ਕੇ ਕਹਿੰਦੀ, “ਭੂਆ ਜੀ, ਮੈਂ ਇੱਕ ਗੱਲ ਸੋਚਦੀ ਹਾਂ ਕਿ ਸਾਡੇ ਪਿੰਡ ਦਾ ਨਾਮ ਮੁਹੱਬਤਪੁਰਾ ਹੈ ਪਰ ਇੱਥੇ ਕੋਈ ਹੀਰ, ਰਾਂਝਾ ਵੀ ਹੋਣਾ ਚਾਹੀਦਾ ਸੀ।”
ਉਸਦੀ ਇਸ ਗੱਲ ਨੇ ਮੈਨੂੰ ਬਹੁਤ ਕੁੱਝ ਹੋਰ ਯਾਦ ਕਰਾ ਦਿੱਤਾ। ਸਿਦਕ ਜੇ ਪਿੰਡ ਦਾ ਨਾਮ ਮੁਹੱਬਤਪੁਰਾ ਹੈ, ਇੱਥੇ ਮੁਹੱਬਤ ਬਰਕਤਾਂ ਵੰਡਦੀ ਹੈ ਤਾਂ ਕੁਦਰਤ ਇਹ ਰਹਿਮਤ ਕਿਵੇਂ ਨਾ ਕਰਦੀ ਕਿ ਇੱਥੇ ਕੋਈ ਕਿੱਸਾ ਨਾ ਹੁੰਦਾ। ਇੱਥੇ ਵੀ ਹੀਰ ਰਾਂਝਾ ਹੋਏ ਹਨ।
ਰਾਂਝਾ ਤਾਂ ਦੁਨੀਆਂ ਤੋਂ ਚੱਲਿਆ ਗਿਆ ਪਰ ਹੀਰ ਅਜੇ ਹੈਗੀ। ਸਿਦਕ ਦੀ ਉਤਸੁਕਤਾ ਉਸਦੀਆਂ ਅੱਖਾਂ ਤੋਂ ਸਾਫ਼ ਝਲਕਦੀ ਸੀ। ਮੈਂ ਸਿਦਕ ਨੂੰ ਦੱਸਣਾ ਸ਼ੁਰੂ ਕੀਤਾ।
“ਸਿਦਕ ਜਦੋਂ ਅਸੀਂ 14 ਕੁ ਸਾਲ ਦੇ ਤੇ ਨੌਵੀਂ ਕੁ ਕਲਾਸ ’ਚ ਪੜ੍ਹਦੇ ਸੀ, ਅਸੀਂ ਸਾਇਕਲਾਂ ਤੇ 4 ਕੁ ਕਿਲੋਮੀਟਰ ਦੂਰ ਸਕੂਲ ਜਾਂਦੇ ਸੀ। ਜਦੋਂ ਅਸੀਂ ਆਪਣੇ ਪਿੰਡ ਨੂੰ ਆ ਰਹੇ ਹੁੰਦੇ ਤਾਂ ਕੋਈ ਨਾ ਕੋਈ ਸਕੂਟਰ ਜਾਂ ਮੋਟਰ ਸਾਈਕਲ ਵਾਲੇ ਰਾਹੀ ਮਿਲ ਜਾਂਦੇ ਜੋ ਸਾਡੇ ਤੋਂ ਵੈਦ ਦੇ ਘਰ ਦਾ ਪਤਾ ਪੁੱਛਦੇ। ਅਸੀਂ ਵੀ ਉਦੋਂ ਹੈਰਾਨ ਹੁੰਦੇ ਸੀ ਕਿ ਸਾਡੇ ਨਿੱਕੇ ਜਿਹੇ ਪਿੰਡ ਦਾ ਨਾਇਕ ਤਾਂ ਇਹ ਵੈਦ ਹੈ। ਰੋਜ਼ ਹੀ ਕੋਈ 50 ਵਹੀਕਲ ਉਸ ਕੋਲ ਆਉਂਦੇ।”
“ਇੱਕ ਦਿਨ ਮੈਂ ਘਰ ਦਾਦੀ ਜੀ ਤੋਂ ਪੁੱਛਿਆ ਕਿ ਇਹ ਖੁਸ਼ਹਾਲ ਸਿੰਘ ਤਾਇਆ ਵੈਦ ਕਿਵੇਂ ਬਣ ਗਿਆ?”
ਦਾਦੀ ਜੀ ਨੇ ਦੱਸਿਆ, “ਪੁੱਤ, ਇਹ ਖੁਸ਼ਹਾਲ ਸਿੰਘ ਇੱਕ ਕੁੜੀ ‘ਜਰੀਨਾ’ ਨੂੰ ਬਹੁਤ ਪਿਆਰ ਕਰਦਾ ਸੀ। ਇਹ ਸਾਰੇ ਪਹਿਲਾਂ ਸਿੱਖ ਸਨ ਪਰ ਬਾਅਦ ਵਿੱਚ ਈਸਾਈ ਧਰਮ ਦੇ ਪੈਰੋਕਾਰ ਬਣ ਗਏ। ਜਰੀਨਾ ਸੋਹਣੀ ਤਾਂ ਘੱਟ ਸੀ ਪਰ ਕੁੜੀ ਬਹੁਤ ਸਿਆਣੀ ਸੀ। ਖੁਸ਼ਹਾਲ ਦੀ ਸ਼ੱਕੀ ਭੂਆ ਦੀ ਕੁੜੀ ਸੀ, ਜਰੀਨਾ ਵੀ ਖੁਸ਼ਹਾਲ ਦਾ ਬਹੁਤ ਮੋਹ ਕਰਦੀ ਸੀ ਪਰ ਜਰੀਨਾ ਦੇ ਦਾਦਕੇ ਨਹੀਂ ਮੰਨੇ ਦੋਵਾਂ ਦੇ ਵਿਆਹ ਲਈ। ਉਨ੍ਹਾਂ ਜਰੀਨਾ ਦਾ ਵਿਆਹ ਇੱਕ ਫੌਜੀ ਨਾਲ ਕਰ ਦਿੱਤਾ। ਖੁਸ਼ਹਾਲ ਸਿੰਘ ਜੋਗੀਆਂ ਨਾਲ ਰਲ ਗਿਆ। ਜਰੀਨਾ ਦੇ ਦੋ ਬੱਚੇ ਵੀ ਹੋ ਗਏ। ਆਪਣੇ ਨੇੜਲੇ ਪਿੰਡ ਕਿਤੇ ਜੋਗੀਆਂ ਦੀ ਮੰਡਲੀ ਨਾਲ ਖੁਸ਼ਹਾਲ ਆਇਆ ਤੇ ਇਸ ਦੀ ਮਾਂ ਨੂੰ ਪਤਾ ਲੱਗ ਗਿਆ, ਉਹ ਵਿਚਾਰੀ ਤਰਲੇ ਪਾ ਕੇ ਘਰ ਲੈ ਆਈ। ਇਹ ਜਰੀਨਾ ਬਿਨਾਂ ਕਿਸੇ ਹੋਰ ਬਾਰੇ ਸੋਚਦਾ ਨਹੀਂ ਸੀ। ਫਿਰ ਜਰੀਨਾ ਨੂੰ ਕਿਸੇ ਹੱਥ ਚਿੱਠੀ ਭੇਜੀ। ਖੁਸ਼ਹਾਲ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਨੂੰ ਤਿਆਰ ਨਹੀਂ ਸੀ ਪਰ ਮਾਂ ਨੂੰ ਫ਼ਿਕਰ ਸੀ ਕਿ ਇਹ ਦੂਜੇ ਭਰਾਵਾਂ ਦੇ ਬਰਾਬਰ ਆਪਣਾ ਘਰ ਬਣਾਲੇ।”
ਜਰੀਨਾ ਕੋਲ ਚਿੱਠੀ ਪਹੁੰਚੀ ਤਾਂ ਉਸਨੇ ਸੁਨੇਹਾ ਭੇਜਿਆ ਕਿ ਆਪ ਮੈਨੂੰ ਸਹੁਰੇ ਘਰੋਂ ਭਜਾ ਕੇ ਲੈ ਜਾਵੇ। ਜੇ ਖੁਸ਼ਹਾਲ ਰਾਂਝੇ ਵਾਂਗ ਪਿਆਰ ਕਰ ਸਕਦਾ ਤਾਂ ਜਰੀਨਾ ਵੀ ਹੀਰ ਵਾਂਗ ਨਿਭਾ ਦੇਵੇਗੀ। ਜਰੀਨਾ ਬੇਸ਼ੱਕ ਮਾਪਿਆਂ ਦੇ ਦਬਾਅ ਕਰਕੇ ਸਹੁਰੇ ਘਰ ਗ੍ਰਹਿਸਥ ਜੀਵਨ ਜੀਅ ਰਹੀ ਸੀ ਪਰ ਜਦੋਂ ਉਸਨੂੰ ਖੁਸ਼ਹਾਲ ਦੇ ਜੋਗੀ ਹੋਣ ਤੋਂ ਬਾਅਦ ਘਰ ਪਰਤਣ ਦੀ ਖ਼ਬਰ ਮਿਲੀ ਤਾਂ ਹੁਣ ਉਹ ਇਸ ਮੁਹੱਬਤ ਦਾ ਮੁੱਲ ਪਾਉਣੀ ਚਾਹੁੰਦੀ ਸੀ।
ਖੁਸ਼ਹਾਲ ਇੱਕ ਰਾਤ ਜਰੀਨਾ ਨੂੰ ਉਸਦੇ ਸਹੁਰਿਆਂ ਤੋਂ ਭਜਾ ਲਿਆਇਆ। ਜਰੀਨਾ ਦੇ ਸਹੁਰੇ ਖੁਸ਼ਹਾਲ ਦੇ ਪਿੰਡ ਆ ਗਏ। ਜਰੀਨਾ ਦੇ ਮਾਪੇ ਵੀ ਆਪਣੇ ਪਿੰਡ ਦੇ ਸਰਪੰਚ ਨੂੰ ਲੈ ਕੇ ਆ ਗਏ।
ਪੰਜਾਬ ਵਿੱਚ ਉਸ ਟਾਇਮ ਖਾੜਕੂ ਲਹਿਰ ਦਾ ਦੌਰ ਸੀ। ਜ਼ਿਆਦਾ ਮਸਲੇ ਨਾਲ ਦੇ ਪਿੰਡ ਦਾ ਚੇਅਰਮੈਨ ਹੀ ਦੇਖਦਾ ਸੀ। ਉਸਦਾ ਰਸੂਖ ਏਨਾ ਸੀ ਕਿ ਥਾਣੇ ਗਏ ਮਸਲੇ ਵੀ ਸੁਲਝਦੇ ਉਸਦੀ ਕੋਠੀ ਵਿੱਚ ਸਨ। ਇਸ ਲਈ ਕਈ ਵਾਰ ਤਾਂ ਲੋਕ ਥਾਣੇ ਜਾਣ ਦੀ ਬਜਾਏ ਚੇਅਰਮੈਨ ਦੀ ਕੋਠੀ ਚਲੇ ਜਾਂਦੇ।
ਚੇਅਰਮੈਨ ਇੱਕ ਚੰਗਾ ਵਕੀਲ ਵੀ ਸੀ ਤੇ ਨਿਡਰ ਸਿਆਸਤਦਾਨ ਵੀ। ਜਦੋਂ ਮਾਮਲਾ ਚੇਅਰਮੈਨ ਕੋਲ ਗਿਆ ਤਾਂ ਉਸਨੇ ਕਿਹਾ ਕਿ ਜਰੀਨਾ ਜਿਸ ਨਾਲ ਰਹਿਣਾ ਚਾਹੁੰਦੀ ਹੈ ਰਹਿ ਸਕਦੀ ਹੈ, ਇਸਨੂੰ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈ ਤੇ ਫੌਜੀ ਨੂੰ ਸਮਝਾਇਆ ਕਿ ਤੂੰ ਨੌਕਰੀ ਕਰਦਾ, ਤੈਨੂੰ ਚੰਗੀ ਕੁੜੀ ਮਿਲ ਜਾਏਗੀ ਪਰ ਜੇ ਇਸਦਾ ਮਨ ਹੀ ਤੇਰੇ ਨਾਲ ਨਹੀਂ ਤਾਂ ਤਨ ਦਾ ਕੀ ਕਰੇਂਗਾ। ਉਹ ਮੰਨ ਗਿਆ ਪਰ ਉਸਨੇ ਇੱਕ ਸ਼ਰਤ ਰੱਖ ਦਿੱਤੀ ਕਿ ਦੋਵੇਂ ਬੱਚੇ ਵੀ ਜਰੀਨਾ ਹੀ ਰੱਖ ਲਵੇ।
ਖੁਸ਼ਹਾਲ ਤਾਂ ਪਹਿਲਾਂ ਹੀ ਇਹ ਚਾਹੁੰਦਾ ਸੀ ਕਿ ਜਰੀਨਾ ਤੋਂ ਬੱਚੇ ਦੂਰ ਨਾ ਹੋਣ। ਇਸ ਤਰ੍ਹਾਂ ਜਰੀਨਾ ਦੋ ਬੱਚਿਆਂ ਸਮੇਤ ਖੁਸ਼ਹਾਲ ਨੂੰ ਮਿਲ ਗਈ।
ਖੁਸ਼ਹਾਲ ਦੀਆਂ ਸਾਰੀਆਂ ਭਰਜਾਈਆਂ ਖੇਤਾਂ ਵਿੱਚ ਕੰਮ ਕਰਦੀਆਂ ਸੀ ਪਰ ਖੁਸ਼ਹਾਲ ਨੇ ਜਰੀਨਾ ਨੂੰ ਕਦੇ ਬਾਹਰ ਕੰਮ ਨਹੀਂ ਕਰਨ ਦਿੱਤਾ। ਘਰ ਰਾਣੀ ਬਣਾ ਕੇ ਰੱਖਿਆ, ਦੋਵੇਂ ਬੱਚਿਆਂ ਨੂੰ ਬਹੁਤ ਪਿਆਰ ਦਿੱਤਾ। ਖੁਸ਼ਹਾਲ ਨੇ ਆਪ ਵੀ ਕਿਸੇ ਦੀ ਦਿਹਾੜੀ ਨਹੀਂ ਕੀਤੀ। ਜਰੀਨਾ ਦਾਈ ਦਾ ਕੰਮ ਜਾਣਦੀ ਸੀ, ਜ਼ਿਆਦਾ ਹੀ ਕੋਈ ਜ਼ਿੱਦ ਕਰਦਾ ਤਾਂ ਪਿੰਡ ’ਚ ਚਲੀ ਜਾਂਦੀ ਸੀ।
ਖੁਸ਼ਹਾਲ ਨੂੰ ਜੋਗੀਆਂ ਨਾਲ ਰਹਿਣ ਕਰਕੇ ਦੇਸੀ ਜੜ੍ਹੀ ਬੂਟੀਆਂ ਦੀ ਚੰਗੀ ਜਾਣਕਾਰੀ ਸੀ। ਖੁਸ਼ਹਾਲ ਦਵਾਈਆਂ ਬਣਾਉਣ ਲੱਗਾ ਤੇ ਛੇਤੀ ਹੀ ਚੰਗੇ ਵੈਦ ਦੇ ਰੂਪ ਵਿੱਚ ਮਸ਼ਹੂਰ ਹੋ ਗਿਆ। ਰੋਜ਼ਗਾਰ ਦਾ ਵਧੀਆ ਪ੍ਰਬੰਧ ਹੋ ਗਿਆ ਤਾਂ ਪਹਿਲਾਂ ਘਰ ਬਣਾਇਆ, ਉਸ ਤੋਂ ਬਾਅਦ ਜਰੀਨਾ ਦੇ ਤਿੰਨ ਬੱਚੇ ਹੋਰ ਹੋਏ। ਖੁਸ਼ਹਾਲ ਤੇ ਜਰੀਨਾ ਨੇ ਪੰਜਾਂ ਬੱਚਿਆਂ ਦੀ ਵਧੀਆ ਸਾਂਭ ਸੰਭਾਲ ਕੀਤੀ। ਸਾਰੇ ਪੜ੍ਹਾਏ ਲਿਖਾਏ ਤੇ ਕੁੜੀਆਂ ਵਿਆਹ ਦਿੱਤੀਆਂ। ਮੁੰਡੇ ਆਪਣਾ ਕੰਮਕਾਰ ਕਰਦੇ।
ਸਿਦਕ ਨੇ ਮੇਰੀ ਸਾਰੀ ਗੱਲ ਧਿਆਨ ਨਾਲ ਸੁਣੀ। ਮੈਂ ਵੀ ਆਪਣੀ ਦਾਦੀ ਤੋਂ ਜੋ ਸੁਣਿਆ ਸੀ, ਉਸਨੂੰ ਫਿਰ ਪਿੰਡ ਦੀਆਂ ਹੋਰ ਬੀਬੀਆਂ ਤੋਂ ਵੀ ਪੁੱਛਿਆ ਸੀ, ਸਭ ਨੇ ਇਸ ਪ੍ਰੇਮ ਕਹਾਣੀ ਦੀ ਗਵਾਹੀ ਭਰੀ, ਪਰ ਖ਼ਾਸ ਗੱਲ ਇਹ ਰਹੀ ਕਿ ਉਸ ਟਾਇਮ ਵੀ ਕਿਸੇ ਨੇ ਮਾੜਾ ਨਹੀਂ ਕਿਹਾ, ਸਾਰੇ ਜਰੀਨਾ ਤੇ ਖੁਸ਼ਹਾਲ ਦਾ ਪੂਰਾ ਆਦਰ-ਮਾਣ ਕਰਦੇ ਸਨ।
ਸਿਦਕ ਬੋਲੀ, “ਭੂਆ ਜੀ, ਇਹ ਤਾਂ ਪੂਰਾ ਹੀ ਹੀਰ-ਰਾਂਝੇ ਵਾਲਾ ਕਿੱਸਾ ਹੋ ਗਿਆ। ਵਿਸ਼ਵਾਸ ਨਹੀਂ ਹੁੰਦਾ, ਇਹ ਸਾਡੇ ਪਿੰਡ ਦੀ ਅਸਲੀ ਕਹਾਣੀ ਹੈ। ਸਾਡੇ ਪਿੰਡ ਦਾ ਨਾਮ ਹੀ ਮੁਹੱਬਤਪੁਰਾ ਨਹੀਂ, ਇੱਥੇ ਅੱਜ ਵੀ ਮੁਹੱਬਤ ਨੱਚਦੀ, ਗਾਉਂਦੀ, ਖੁਸ਼ੀਆਂ ਵੰਡਦੀ, ਨਫ਼ਰਤ, ਸਾੜੇ ਤੇ ਚਲਾਕੀਆਂ ਨੂੰ ਅੰਗੂਠੇ ਦਿਖਾਉਂਦੀ ਹੈ। ਇਹ ‘ਰਾਂਝੇ ਦਾ ਪਿੰਡ’ ਹੈ, ਹੀਰ ਦਾ ਸਹੁਰਾ ਪਿੰਡ ਹੈ।”
ਅੱਜ ਵੀ ਇਸ ਆਧੁਨਿਕ ਯੁਗ ’ਚ ਹੀਰਾਂ ਤੇ ਰਾਂਝੇ ਹੈਗੇ , ਅੱਜ ਵੀ ਰੂਹਾਂ ਦੀ ਮੁਹੱਬਤ ਦੇ ਪੁਜਾਰੀ ਜਿਉਂਦੇ ਹਨ। ਬੇਸ਼ੱਕ ਵਿਰਲੇ-ਵਾਂਝ ਹੀ ਸਹੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly   
Previous articleਯਾਤਰੀਆਂ ਦੇ ਹਿੱਤ ‘ਚ ਸਰਕਾਰ ਨੇ ਚੁੱਕਿਆ ਵੱਡਾ ਕਦਮ, 3 ਘੰਟੇ ਤੋਂ ਜ਼ਿਆਦਾ ਦੇਰੀ ਹੋਣ ‘ਤੇ ਰੱਦ ਕਰਨੀਆਂ ਪੈਣਗੀਆਂ ਫਲਾਈਟਾਂ
Next articleਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਮਲਿਕਾਰਜੁਨ ਖੜਗੇ ਨੂੰ ਪੱਤਰ ਲਿਖ ਕੇ ਇਸ ਮੁੱਦੇ ‘ਤੇ ਸਵਾਲ ਉਠਾਏ ਹਨ