ਅਮਰਜੀਤ ਸਿੰਘ ਜੀਤ
(ਸਮਾਜ ਵੀਕਲੀ) ਲਗਭਗ ਹਰ 40 ਸਾਲ ਬਾਅਦ ਪੰਜਾਬੀਆਂ ਚ ਕੋਈ ਨਾ ਕੋਈ ਅਜਿਹੀ ਉੱਚੇਚੀ ਸ਼ਖਸੀਅਤ ਦੀ ਆਮਦ ਤੇ ਵਿਵਾਦ ਪੈਦਾ ਹੁੰਦੇ ਰਹੇ ਹਨ ਜਿਸ ਬਾਰੇ ਵਿਰੋਧ ਤੇ ਹਮਾਇਤ ਕਰਨ ਵਾਲਿਆਂ ਚ ਚਰਚਾ ਦਾ ਵਿਸ਼ਾ ਬੜਾ ਤਿੱਖਾ ਤੇ ਖਿਚਾਅ ਭਰਪੂਰ ਬਣਿਆ ਰਹਿੰਦਾ ਹੈ।ਇਹ ਵੀ ਸਚਾਈ ਏ ਕਿ ਐਨੇ ਕੁ ਵਕਤ ਬਾਅਦ ਪੰਜਾਬੀਆਂ ਨੂੰ ਨਾਜ਼ੁਕ ਵਕਤ ਦਾ ਮੁਕਾਬਲਾ ਕਰਨਾ ਹੀ ਪੈਂਦਾ ਹੈ ,ਮੈਂ ਕੁਝ ਨਈਂ ਕਹਿੰਦਾ ਇਸ ਦਾ ਇਤਿਹਾਸ ਗਵਾਹ ਹੈ।ਵੱਡੀ ਗੱਲ ਇਹ ਹੈ ਕਿ ਹਰ ਵਾਰ ਪੰਜਾਬੀ ਦੂਣ ਸਿਵਾਏ ਹੋ ਕੇ ਨਿੱਤਰੇ ਹਨ।ਅੱਜ ਪੰਜਾਬ ਅਜੇਹੇ ਮੋੜ ਤੇ ਖੜਾ ਹੈ ਜਿੱਥੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਹੋਂਦ ਤੇ ਪ੍ਰਸ਼ਨਚਿੰਨ੍ਹ ਲੱਗ ਰਹੇ ਹਨ। ਨੋਜਵਾਨ ਪੀੜੀ ਦੇ ਸਿਰ ਤੇ ਪ੍ਰਵਾਸ ਦਾ ਭੂਤ ਸਵਾਰ ਹੈ,ਨਸ਼ਿਆਂ ਦੀ ਭਰਮਾਰ ਤੋਂ ਡਰਦੇ ਮਾਪੇ ਆਪਣੇ ਬੱਚਿਆਂ ਦੇ ਪ੍ਰਵਾਸ ਤੇ ਖੁਦ ਮੁਬਾਰਕਬਾਦ ਦੇਣ-ਲੈਣ ਚ ਸਕੂਨ ਮਹਿਸੂਸ ਕਰਦੇ ਹਨ। ਅਜਿਹੇ ਹਾਲਾਤ ਚ ਪੰਜਾਬੀਅਤ ਦੀ ਗੱਲ ਕਰਨੀ ਆਪਣੇ-ਆਪ ਚ ਵਿਵਾਦਗ੍ਰਸਤ ਜਾਪਣੀ ਅਸੰਭਵ ਨਹੀਂ ।ਜੇਕਰ ਕੋਈ ਪੰਜਾਬੀ ਸੱਭਿਆਚਾਰ ਦੀ ਗੱਲ ਕਰਨ ਵਾਲਾ , ਪੰਜਾਬੀਅਤ ਲਈ ਫਿਕਰਮੰਦ ਆਵਾਜ ਚੁੱਕੇਗਾ ਵੀ ਤਾਂ ਉਹ ਅਲੱਗਵਾਦੀ ਤਾਂ ਹੋਵੇਗਾ ਹੀ ,ਵਗਦੇ ਵਹਿਣ ਦੇ ਉਲਟ ਗੱਲ ਕਰਨ ਵਾਲਾ ,ਦੂਜਿਆਂ ਤੋਂ ਵੱਖਰਾ ਜਾਪੇਗਾ ਹੀ। ਕੋਈ ਵਕਤ ਸੀ ਪੰਜਾਬੀ ਦੇ ਇਕ ਉੱਘੇ ਨਾਵਲਕਾਰ ਨੇ ਅੱਜ ਤੋਂ 38 ਸਾਲ ਪਹਿਲਾਂ ਹੀ ਇਸ ਤਰਾਂ ਦੇ ਆਵਾਸ ਤੇ ਪ੍ਰਵਾਸ ਦੀ ਚਿੰਤਾ ਭਰਪੂਰ ਪੇਸ਼ਨਗੋਈ ਕਰ ਦਿੱਤੀ ਸੀ , ਉਸ ਦੀ ਚਿਤਾਵਨੀ ਨੂੰ ਵੀ ਅਲੱਗ ਕਿਸਮ ਦੀ ਰੰਗਤ ਦੇਣ ਵਾਲੇ ਅਖੌਤੀ ਵਿਦਵਾਨਾਂ ਨੇ ਸੌੜੀ ਸੋਚ ਕਹਿ ਕੇ ਭੰਡਿਆ ਸੀ। ਅੱਜ ਵੀ ਬਹੁਤ ਸਾਰੇ ਹਨ ਜੋ ਦੁਨੀਆ ਨੂੰ ਮੁੱਠੀ ਚ ਬੰਦ ਕਰਨ ਦੇ ਮੁਦਈ ਹਨ,ਪੂਰੀ ਦੁਨੀਆ ਨੂੰ ਇੱਕ ਮੰਡੀ ਹੋਇਆਂ ਦੇਖਣ ਦੇ ਅਭਿਲਾਸ਼ੀ ਹਨ। ਕੀ ਇਸ ਤਰਾਂ ਦੇ ਸਭਿਆਚਾਰ ਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਘੱਟ ਹੋਣ ਦੀ ਸੰਭਾਵਨਾ ਹੈ?? ਬਿਲਕੁਲ ਨਹੀਂ ,ਸਮੁੰਦਰ ਚ ਨਦੀਆਂ ,ਦਰਿਆ, ਚਸ਼ਮੇ ਸਭ ਖਾਰੇ ਹੋ ਜਾਂਦੇ ਹਨ ਕੁਝ ਵੀ ਮਨੁੱਖਤਾ ਦੀ ਤਿਸ਼ਨਗੀ ਘਟਾਉਣ ਦੇ ਯੋਗ ਨਹੀਂ ਰਹਿੰਦਾ।ਇਸ ਲਈ ਹਰ ਤਰਾਂ ਦੇ ਸਭਿਆਚਾਰ ਦਾ ਕਾਇਮ ਰਹਿਣਾ ਜਰੂਰੀ ਹੈ । ਗੱਲ ਪੰਜਾਬੀਅਤ ਦੀ ਕਰੀਏ ਤਾਂ ਇਸ ਨੂੰ ਬਚਾਉਣ ਲਈ ਹਰ ਹੀਲਾ ਕਰਕੇ ਬੇਥਾਹ ਪ੍ਰਵਾਸ ਨੂੰ ਬੰਨ੍ਹ ਮਾਰਨਾ ਪਵੇਗਾ ,ਬੇਸ਼ੱਕ ਆਵਾਸ ਤੇ ਪ੍ਰਵਾਸ ਨੂੰ ਪੂਰੀ ਤਰਾਂ ਰੋਕਣਾ ਅਸੰਭਵ ਹੈ ਤੇ ਕੁਦਰਤੀ ਵਹਾਅ ਦੇ ਉਲਟ ਵੀ ਹੈ ਪਰ ਇਸ ਨੂੰ ਸੰਤੁਲਿਤ ਹੱਦ ਤੱਕ ਸੀਮਿਤ ਰੱਖਣਾ ਵੀ ਜਰੂਰੀ ਹੈ।ਕੋਈ ਮਜਦੂਰੀ ਕਰਨ ਜਾਂਦਾ ਹੈ ਜਾ ਆਉਂਦਾ ਹੈ ਤਾਂ ਉਸ ਨੂੰ ਜ਼ਿੰਦਗੀ ਜਿਊਣ ਦਾ ਹੱਕ ਬਿਨਾਂ ਵਿਤਕਰੇ ਤੋਂ ਮਿਲੇ ,ਪਰ ਵੋਟਾਂ ਦੀ ਗੰਦਲੀ ਰਾਜਨੀਤੀ ਚ ਉਸ ਨੂੰ ਸਥਾਨਕ ਨਾਗਰਿਕ ਬਣਾਉਣ ਬਾਰੇ ਠੋਸ ਤੇ ਪ੍ਰੀਖਿਅਕ ਨੀਤੀ ਦੀ ਸਖਤ ਲੋੜ ਹੈ। ਪੰਜਾਬ ਤੋਂ ਵੱਖਰੇ ਹੋ ਕੇ ਹਿਮਾਚਲ ਪ੍ਰਦੇਸ਼ ਜਦ ਦੂਜੇ ਰਾਜਾਂ ਨਾਲ ਸਬੰਧਤ ਲੋਕਾਂ ਨੂੰ ਕਿਸੇ ਤਰਾਂ ਦੀ ਸਥਾਨਕਤਾ ਦੇਣ ਤੋਂ ਇਨਕਾਰੀ ਹੈ,ਰਾਜਸਥਾਨ ‘ਚ ਵਿਸ਼ੇਸ਼ ਕਾਨੂੰਨ ਹੈ ਇਸ ਸਬੰਧੀ,ਜੰਮੂ-ਕਸ਼ਮੀਰ ਵਿਚ ਕੋਈ ਗੈਰ-ਸਥਾਨਕ ਬਸ਼ਰ ਸਥਾਨਕਤਾ ਹਾਸਲ ਨਹੀਂ ਕਰ ਸਕਦਾ ,ਮਹਾਂਰਾਸ਼ਟਰ ਅਤੇ ਹੋਰ ਕਈ ਰਾਜਾਂ ਨੇ ਆਪਣੇ ਰਾਜ ਅਧਿਕਾਰ ਰਾਹੀਂ ਇਸ ਤਰਾਂ ਦੀ ਵਿਵਸਥਾ ਕੀਤੀ ਹੋਈ ਹੈ ਕਿ ਉੱਥੋਂ ਦੇ ਸਭਿਆਚਾਰ ਤੇ ਕੋਈ ਪ੍ਰਵਾਸੀ ਸਭਿਆਚਾਰ ਭਾਰੂ ਨਾ ਪਵੇ ,ਤਾਂ ਪੰਜਾਬ ਦੇ ਸਿਆਸਤਦਾਨ ਤੇ ਅਖੌਤੀ ਵਿਦਵਾਨ ਕਿਉਂ ਸੁੱਤੇ ਰਹੇ ਹਨ ਹੁਣ ਤੱਕ?? ਪੰਜਾਬ ਬੇਸ਼ੱਕ ਭਾਰਤ ਦੀ ਖੜਗ- ਭੁਜਾ ਜਾਣੀ ਜਾਂਦੀ ਰਹੀ ਏ,ਹੈ ਵੀ ‘ਤੇ ਅੱਗੇ ਰਹੇ ਵੀ , ਕਾਮਨਾ ਕਰਦੇ ਹਾਂ,ਪਰ ਪੰਜਾਬ ,ਪੰਜਾਬ ਤਾਂ ਰਹੇ!!ਏਥੇ ਰੋਜੀ-ਰੋਟੀ ਕਮਾਉਣ ਆਉਂਦੇ ਪ੍ਰਵਾਸੀ ਮਜ਼ਦੂਰਾਂ ਨੂੰ ਰੁਜ਼ਗਾਰ ਮਿਲੇ ਪਰ ਸਥਾਨਕਤਾ ਲਈ ਠੋਸ ਨੀਤੀ ਤੇ ਖਰੇ ਉਤਰਣ ਲਈ ਲਾਜਮ ਕੀਤਾ ਜਾਵੇ।ਪੰਜਾਬ ਮੂਲ ਨਿਵਾਸੀਆਂ ਨੂੰ ਰੁਜ਼ਗਾਰ ਦੇ ਹਰ ਖੇਤਰ ਵਿਚ ਪਹਿਲ ਦਿੱਤੀ ਜਾਵੇ, ਨਸਲੀ ਵਿਤਕਰੇ ਤੋਂ ਬਿਨਾਂ ਹਰ ਪੰਜਾਬੀ ਮਾਣ-ਸਨਮਾਨ ਨਾਲ ਮਨੁੱਖੀ ਹੱਕਾਂ ਦਾ ਆਨੰਦ ਮਾਣੇ!
ਪੂਰੀ ਮਨੁੱਖਤਾ ਦੇ ਮੁਦਈ ਵਿਦਵਾਨਾਂ , ਸਿਆਸਤਦਾਨਾਂ ਅਤੇ ਪੰਜਾਬੀਅਤ ਦੇ ਅਲੰਬਰਦਾਰਾਂ ਨੂੰ ਸਿਰ ਜੋੜ ਕੇ ਬੈਠਣਾ ਪਵੇਗਾ,ਪੰਜਾਬ ਨੂੰ ਨਸ਼ਾ ਮੁਕਤ ਤੇ ਰੰਗਲਾ ਪੰਜਾਬ ਬਣਾਉਣ ਲਈ, ਹਰ ਤਰਾਂ ਦੇ ਮਾਫੀਆ ਸਿਸਟਮ ਦੇ ਖਾਤਮੇ ਲਈ, ਅੰਤਹੀਣ, ਬੇਥਵਾ ਪ੍ਰਵਾਸੀ ਪ੍ਰਵਾਹ ਰੋਕਣ ਲਈ। ਫਿਰ ਕੋਈ ਪੰਜਾਬ ਹਿਤੈਸ਼ੀ ਚੀਖ ਚੀਖ ਕੇ ਪੁਕਾਰ ਨਹੀਂ ਕਰੇਗਾ,ਕਾਨੂੰਨ ਕੰਮ ਕਰੇਗਾ ਤਾਂ ਇਨਸਾਫ ਲਈ ਕਿਸੇ ਨੂੰ ਬਾਗੀ , ਨਾਬਰ ਜਾ ਅਲੱਗਵਾਦੀ ਕਹਾਉਣ ਲਈ ਮਜਬੂਰ ਨਹੀਂ ਹੋਣਾ ਪਵੇਗਾ।
ਅਮਰਜੀਤ ਸਿੰਘ ਜੀਤ
9417287122
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly