(ਸਮਾਜ ਵੀਕਲੀ)
ਗਿੰਦੇ ਦੇ ਖੇਤਾਂ ਵਿੱਚ ਚੱਲ ਰਹੀ ਹੈ ਗੋਭੀ ਦੀ ਪੈਦਾਵਾਰ
ਤੇ ਮਿੰਦੇ ਦੀ ਪੈਲ਼ੀ ‘ਚ ਹੈ ਅੱਜਕੱਲ੍ਹ ਘੀਆ ਦੀ ਭਰਮਾਰ।
ਦੋਵੇਂ ਅਲੱਗ ਅਲੱਗ ਵੇਚਣ ਜਾਂਦੇ ਨੇ ਮੰਡੀ ਤੜਕਸਾਰ
ਕਿਉਂਕਿ ਆਪਸ ਵਿੱਚ ਨਹੀਂ ਹੈ ਬੋਲਚਾਲ ਜਾਂ ਸਰੋਕਾਰs
ਤੇ ਉੱਥੇ ਦੋਹਾਂ ਦਾ ਇੱਕ ਹੀ ਸਾਂਝਾ ਆੜ੍ਹਤੀ ਹੈ ਖਰੀਦਦਾਰ।
ਵਿਕਦੀ ਹੈ ਦੋਵਾਂ ਦੀ ਸਬਜ਼ੀ ਪੰਜ ਰੁਪਈਏ ਕਿੱਲੋ ਅਨੁਸਾਰ।
ਆੜ੍ਹਤੀ ਤੋਂ ਨਿੱਤ ਚੁੱਕਦਾ ਹੈ ਥੋਕ-ਵਪਾਰੀ ਗਣੇਸ਼ ਕੁਮਾਰ।
ਫਿਰ ਉਹਤੋਂ ਲੈਂਦਾ ਹੈ ਇੱਕ ਰੇਹੜੀ ਵਾਲ਼ਾ ਰਾਮੂ ਪ੍ਰਚੂਨਦਾਰ
ਤੇ ਪਹੁੰਚ ਜਾਂਦਾ ਹੈ ਵੇਚਣ ਇਹਨਾਂ ਦੇ ਹੀ ਪਿੰਡ ਵਿਚਕਾਰ।
ਹੋਕੇ ਨਾਲ਼ ਲਾਉਂਦਾ ਹੈ “ਗੋਭੀ ਲੈ.., ਘੀਆ ਲੈ..” ਦੀ ਪੁਕਾਰ।
ਫਿਰ ਤੀਹ ਰੁਪਏ ਕਿੱਲੋ ਘੀਆ ਲੈਂਦੀ ਹੈ ਗਿੰਦੇ ਦੀ ਨਾਰ
ਤੇ ਐਨੇ ਵਿੱਚ ਹੀ ਮਿੰਦੇ ਵਾਲ਼ੀ ਬਣੇ ਗੋਭੀ ਦੀ ਖਰੀਦਦਾਰ।
ਨਿਕਲ਼ੇ ਰੋਮੀ ਘੜਾਮੇਂ ਵਾਲ਼ਿਆ ਇਹ ਕੈਸਾ ਤੱਤ-ਸਾਰ।
ਛੇ ਗੁਣਾ ਮਹਿੰਗੀ ਤੇ ਬਾਸੀ, ਆਪਣੀ ਹੀ ਸਬਜ਼ੀ ਖਾ ਰਿਹਾ ਪਰਿਵਾਰ।
ਸੋ ਪੇਸ਼-ਏ-ਖਿਦਮਤ ਹੈ ਬੇਇਤਫ਼ਾਕੀ ਦੀ ਇੱਕ ਛੋਟੀ ਜਿਹੀ ਮਾਰ।
ਇੱਕ ਛੋਟੀ ਜਿਹੀ ਮਾਰ, ਇੱਕ ਛੋਟੀ ਜਿਹੀ ਮਾਰ, ਇੱਕ ਛੋਟੀ ਜਿਹੀ ਮਾਰ।
ਰੋਮੀ ਘੜਾਮੇਂ ਵਾਲਾ। 98552-81105