ਮੁੰਬਈ (ਸਮਾਜ ਵੀਕਲੀ): ਅਦਾਕਾਰ ਜੋੜੀ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦੀਆਂ ਦੀਆਂ ਰਸਮਾਂ ਧੂਮ-ਧਾਮ ਨਾਲ ਸ਼ੁਰੂ ਹੋ ਗਈਆਂ ਹਨ। ਅੱਜ ਰਣਬੀਰ ਦੀ ਮਾਂ ਨੀਤੂ ਕਪੂਰ ਆਪਣੀ ਧੀ ਰਿਧਿਮਾ ਕਪੂਰ ਸਾਹਨੀ, ਜੁਆਈ ਭਾਰਤ ਸਾਹਨੀ ਤੇ ਦੋਹਤੀ ਸਮਾਰਾ ਨਾਲ ਰਣਬੀਰ ਦੇ ਬਾਂਦਰਾ ਸਥਿਤ ਬੰਗਲੇ ’ਤੇ ਵਿਆਹ ਤੋਂ ਪਹਿਲਾਂ ਹੋਣ ਵਾਲੀਆਂ ਰਸਮਾਂ ਵਿੱਚ ਸ਼ਾਮਲ ਹੋਣ ਪੁੱਜੀ। ਇਸੇ ਦੌਰਾਨ ਆਲੀਆ ਦੇ ਪਿਤਾ ਮਹੇਸ਼ ਭੱਟ ਤੇ ਉਸ ਦੀ ਭੈਣ ਪੂਜਾ ਭੱਟ ਵੀ ਮਹਿੰਦੀ ਤੇ ਹਲਦੀ ਦੀ ਰਸਮ ਵਿੱਚ ਸ਼ਾਮਲ ਹੋਣ ਲਈ ਰਣਬੀਰ ਦੇ ਘਰ ਪੁੱਜੇ। ਹਾਲਾਂਕਿ ਦੋਵੇਂ ਪਰਿਵਾਰਾਂ ਨੇ ਵਿਆਹ ਸਬੰਧੀ ਹਾਲੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਇੱਕ ਸੂਚਨਾ ਅਨੁਸਾਰ ਰਣਬੀਰ ਤੇ ਆਲੀਆ ਭਲਕੇ 14 ਅਪਰੈਲ ਨੂੰ ਵਿਆਹ ਕਰਵਾਉਣਗੇ।
ਇਸ ਦੇ ਨਾਲ ਹੀ ਰਣਬੀਰ ਦੀਆਂ ਭੈਣਾਂ ਕਰੀਨਾ ਕਪੂਰ ਤੇ ਕ੍ਰਿਸ਼ਮਾ ਕਪੂਰ, ਨਤਾਸ਼ਾ ਨੰਦਾ ਤੇ ਉਸ ਦੀ ਭੂਆ ਰੀਮਾ ਜੈਨ ਵੀ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਉਸ ਦੇ ਘਰ ਪੁੱਜੀਆਂ। ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਆਲੀਆ ਭੱਟ ਨੂੰ ਵਟਣਾ ਲਾਇਆ। ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਕੁਝ ਮਹਿਮਾਨਾਂ ਨੂੰ ਲਿਆਉਣ-ਲਿਜਾਣ ਲਈ ਘਰ ਦੇ ਬਾਹਰ ਇੱਕ ਚਿੱਟੇ ਰੰਗ ਦੀ ਏਸੀ ਵੈਨ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰਣਬੀਰ ਦਾ ਬੰਗਲਾ ‘ਵਾਸਤੂ’, ਆਰਕੇ ਸਟੂਡੀਓ ਅਤੇ ਕ੍ਰਿਸ਼ਨਾ ਰਾਜ ਬੰਗਲੇ ਦੀ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਸੀ। ਮਹਿੰਦੀ ਤੇ ਹਲਦੀ ਦੀ ਰਸਮ ਵਿੱਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਮਹਿਮਾਨਾਂ ਨੇ ਪੀਲੇ ਤੇ ਹਰੇ ਰੰਗ ਦੀਆਂ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ। –
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly