ਸੁਖਪਾਲ ਖਹਿਰਾ ਨੂੰ ਪਾਰਟੀ ਚੋਂ ਕੱਢਣ ਲਈ ਰਾਣਾ ਗੁਰਜੀਤ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ

ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ

ਕਪੂਰਥਲਾ, ( ਕੌੜਾ ) – ਸੀਨੀਅਰ ਕਾਂਗਰਸੀ ਆਗੂ ਤੇ ਤਕਨੀਕੀ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪਾਰਟੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਤੋਂ ਬਲੈਕ ਮਨੀ ਲਾਂਡਰਿੰਗ ਮਾਮਲੇ ਚ ਕਥਿਤ ਸ਼ਮੂਲੀਅਤ ਦੇ ਚਲਦਿਆਂ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਚੋਂ ਕੱਢਣ ਦੀ ਮੰਗ ਕੀਤੀ ਹੈ।ਸ੍ਰੀਮਤੀ ਗਾਂਧੀ ਨੂੰ ਲਿਖੀ ਚਿੱਠੀ ਚ ਰਾਣਾ ਨੇ ਕਿਹਾ ਕਿ ਖਹਿਰਾ ਮਨੀ ਲਾਂਡਰਿੰਗ ਦੇ ਮਾਮਲੇ ਚ ਇਸ ਵੇਲੇ ਜੇਲ੍ਹ ਚ ਹਨ। ਇਹ ਕੋਈ ਆਮ ਤੌਰ ਤੇ ਸਾਹਮਣੇ ਆਉਣ ਵਾਲਾ ਅਨਿਯਮਿਤ ਸੰਪਤੀ ਜਾਂ ਧਨ ਨਾਲ ਜੁੜਿਆ ਮਨੀ ਲਾਂਡਰਿੰਗ ਦਾ ਕੇਸ ਨਹੀਂ ਹੈ। ਸਗੋਂ ਇਹ ਡਰੱਗ ਮਨੀ ਨਾਲ ਜੁੜਿਆ ਮਾਮਲਾ ਹੈ। ਕੇਸ ਨਾਲ ਜੁੜੀ ਰਕਮ ਨੂੰ ਕਥਿਤ ਨਸ਼ੇ ਰਾਹੀਂ ਕਮਾਇਆ ਗਿਆ ਸੀ, ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।

ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨਸ਼ਿਆਂ ਖ਼ਿਲਾਫ਼ ਰਹੀ ਹੈ। ਚਿੱਠੀ ਚ ਉਨ੍ਹਾਂ ਨੇ ਕਿਹਾ ਕਿ ਅਸਲੀਅਤ ਵਿੱਚ ਸਾਡੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜੀ ਨੇ ਪੰਜਾਬ ਚ ਨਸ਼ੇ ਦੀ ਗੰਭੀਰ ਸਮੱਸਿਆ ਦਾ ਸਾਲ 2015 ਚ ਮੁੱਦਾ ਚੁੱਕਿਆ ਸੀ। ਕਿਸ ਤਰ੍ਹਾਂ ਸਾਡੀ ਪਾਰਟੀ ਅਜਿਹੇ ਵਿਅਕਤੀ ਨੂੰ ਟਿਕਟ ਦੇ ਸਕਦੀ ਹੈ , ਜਿਸ ਤੇ ਜਾਂ ਉਸਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਤੇ ਨਸ਼ੇ ਦਾ ਦਾਗ ਹੋਵੇ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਆਗੂਆਂ ਅਤੇ ਉਮੀਦਵਾਰਾਂ ਲਈ ਜਵਾਬ ਦੇਣਾ ਮੁਸ਼ਕਿਲ ਹੋ ਜਾਵੇਗਾ ਕਿ ਇੱਕ ਪਾਸੇ ਅਸੀਂ ਨਸ਼ੇ ਦਾ ਖ਼ਾਤਮਾ ਕਰਨ ਦੀ ਸਹੁੰ ਚੁੱਕਦੇ ਹਾਂ ਤਾਂ ਦੂਜੇ‍ ਵੱਲ ਅਸੀਂ ਅਜਿਹੇ ਦਾਗੀ ਵਿਅਕਤੀ ਨੂੰ ਪਾਰਟੀ ਦੀ ਟਿਕਟ ਦੇ ਰਹੇ ਹਾਂ, ਜਿਹੜਾ ਕਥਿਤ ਨਸ਼ੇ ਦੇ ਰਾਹੀਂ ਪ੍ਰਾਪਤ ਕੀਤੀ ਰਕਮ ਨਾਲ ਜੁੜੇ ਮਨੀ ਲਾਂਡਰਿੰਗ ਦੇ ਕੇਸ ਚ ਜੇਲ੍ਹ ਚ ਬੰਦ ਹੈ।ਰਾਣਾ ਨੇ ਕਿਹਾ ਕਿ ਇਹ ਉਚਿਤ ਵਕਤ ਹੈ ਕਿ ਕਾਂਗਰਸ ਪਾਰਟੀ ਨੂੰ ਨਸ਼ੇ ਦੇ ਮੁੱਦੇ ਉਤੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਤੇ ਜਿਹੜਾ ਵਿਅਕਤੀ ਇਨ੍ਹਾਂ ਦੋਸ਼ਾਂ ਚ ਦਾਗੀ ਹੈ ਤੇ ਜੇਲ੍ਹ ਚ ਬੰਦ ਹੈ, ਉਸ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਵਿਅਕਤੀ ਕਿਸੇ ਵੀ ਤਰੀਕੇ ਨਾਲ ਨਹੀਂ ਜਿੱਤਣ ਵਾਲਾ ਤੇ ਅਜਿਹੇ ਵਿਅਕਤੀ ਜਾਂ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਦੇਣ ਦੇ ਨਾਲ ਨਾ ਸਿਰਫ ਗਲਤ ਸੰਦੇਸ਼ ਜਾਵੇਗਾ, ਬਲਕਿ ਇਸ ਦਾ ਅਰਥ ਮਹੱਤਵਪੂਰਨ ਚੋਣਾਂ ਚ ਇਕ ਅਹਿਮ ਸੀਟ ਨੂੰ ਗਵਾਉਣਾ ਵੀ ਹੋਵੇਗਾ।

ਰਾਣਾ ਗੁਰਜੀਤ ਨੇ ਦਾਅਵਾ ਕੀਤਾ ਕਿ ਇਕ ਇਮਾਨਦਾਰ ਤੇ ਵਫਾਦਾਰ ਕਾਂਗਰਸੀ ਹੋਣ ਕਾਰਨ, ਜਿਸ ਨੇ ਬੀਤੇ ਦੋ ਦਹਾਕਿਆਂ ਤੋਂ ਲੋਕ ਸਭਾ ਅਤੇ ਵਿਧਾਨ ਸਭਾ ਚ ਕਾਂਗਰਸ ਦੀਆਂ ਨੀਤੀਆਂ, ਸਿਧਾਂਤਾਂ ਤੇ ਵਿਚਾਰਾਂ ਦਾ ਪ੍ਰਚਾਰ ਕੀਤਾ ਹੈ ਅਤੇ ਉਨ੍ਹਾਂ ਬਚਾਇਆ ਹੈ, ਉਹ ਆਪਣੀ ਪਾਰਟੀ ਚ ਅਜਿਹਾ ਹੁੰਦੇ ਨਹੀਂ ਦੇਖ ਸਕਦੇ ਤੇ ਉਹ ਵੀ ਉਨ੍ਹਾਂ ਦੇ ਨਾਲ ਲੱਗਣ ਵਾਲੇ ਵਿਧਾਨ ਸਭਾ ਹਲਕੇ ਚ।ਉਨ੍ਹਾਂ ਕਿਹਾ ਕਿ ਉਹ ਇਸਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹਨ ਕਿ ਸਾਰੇ ਤੱਥਾਂ ਨੂੰ ਤੁਹਾਡੇ ਸਾਹਮਣੇ ਰੱਖਣ, ਤਾਂ ਜੋ ਤੁਸੀਂ ਜਲਦ ਹੀ ਜ਼ਰੂਰੀ ਕਦਮ ਚੁੱਕ ਸਕੋ।

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਸ਼ਾਇਰ ਕੰਵਰ ਇਕਬਾਲ ਸਿੰਘ ਗਣਤੰਤਰ ਦਿਵਸ ਮੌਕੇ ਲਾਲ ਕਿਲੇ ਵਾਲੇ ਰਾਸ਼ਟਰੀ ਕਵੀ ਦਰਬਾਰ ਵਿੱਚ ਪੜ੍ਹਨਗੇ ਕਵਿਤਾ
Next articleਸਿਰਜਣਾ ਕੇਂਦਰ (ਰਜਿ.) ਕਪੂਰਥਲਾ ਵੱਲੋਂ ਰਾਜਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਦਾ ਆਯੋਜਨ