
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰਗੰਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਸੁਖਦੇਵ ਸਲੇਮਪੁਰੀ ਦੀ ਲਿਖੀ ਪੁਸਤਕ ‘ਕਿਤਾਬ’ ਲੋਕ ਅਰਪਣ ਕੀਤੀ ਗਈ। ਪ੍ਰਿੰਸੀਪਲ ਡਾ: ਅਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਪੰਜਾਬੀ ਵਿਭਾਗ ਦੀ ਫੈਕਲਟੀ ਅਤੇ ਵਿਦਿਆਰਥਣਾਂ ਵੱਲੋਂ ਕਿਤਾਬ ਲੋਕ ਅਰਪਣ ਸਮਾਗਮ ਵਿੱਚ ਰਾਮਗੜ੍ਹੀਆ ਵਿੱਦਿਅਕ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਬਤੌਰ ਮੁੱਖ ਮਹਿਮਾਨ ਜਦਕਿ ਸ਼੍ਰੀਮਤੀ ਰੁਚੀ ਬਾਵਾ ਸੀ.ਡਬਲਯੂ.ਸੀ. ਜੁਵੇਨਾਈਲ ਜਸਟਿਸ ਕੋਰਟ, ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ । ਇਸ ਮੌਕੇ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਮੁੱਖ ਬੁਲਾਰੇ ਵਜੋਂ ਪੁੱਜੇ। ਇਸ ਮੌਕੇ ਰਣਜੋਧ ਸਿੰਘ ਨੇ ਸੁਖਦੇਵ ਸਲੇਮਪੁਰੀ ਦੀ ਰਚਨਾ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ, “ਇਹ ਕਿਤਾਬ ਆਪਣੇ ਆਪ ਵਿੱਚ ਸਮਾਜ ਦੇ ਸਾਰੇ ਖੇਤਰਾਂ ਨੂੰ ਛੂੰਹਦੀ ਹੈ ਅਤੇ ਸਾਨੂੰ ਜੀਵਨ ਵਿੱਚ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਦਾ ਸੰਦੇਸ਼ ਦਿੰਦੀ ਹੈ। ਮੈਨੂੰ ਉਮੀਦ ਹੈ ਕਿ ਪਾਠਕ ਵੀ ਇਸ ਨੂੰ ਪੜ੍ਹ ਕੇ ਇਸ ਦਾ ਭਰਪੂਰ ਲਾਭ ਉਠਾਉਣਗੇ।” ਇਸ ਮੌਕੇ ਸ਼੍ਰੀਮਤੀ ਰੁਚੀ ਬਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਯੁੱਗ ਵਿੱਚ ਭਾਵੇਂ ਇੰਟਰਨੈੱਟ ਦੇ ਜ਼ਰੀਏ ਗੂਗਲ ਉੱਪਰ ਹਰ ਤਰ੍ਹਾਂ ਦੀ ਜਾਣਕਾਰੀ ਸੰਭਵ ਹੈ, ਪਰ ਮਨੁੱਖੀ ਜੀਵਨ ਵਿੱਚ ਕਿਤਾਬਾਂ ਦੀ ਆਪਣੀ ਥਾਂ ਹੈ। ਇਸ ਮੌਕੇ ਉਨ੍ਹਾਂ ਸੁਖਦੇਵ ਸਲੇਮਪੁਰੀ ਦੀ ਕਿਤਾਬ ਉੱਪਰ ਚਰਚਾ ਕਰਦਿਆਂ ਕਿਹਾ ਕਿ ਇਹ ਕਿਤਾਬ ਨਿਆਣਿਆਂ ਅਤੇ ਸਿਆਣਿਆਂ ਦਾ ਗਿਆਨ ਵਧਾਉਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ। ਇਸ ਮੌਕੇ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਸੁਖਦੇਵ ਸਲੇਮਪੁਰੀ ਦੀ ਕਿਤਾਬ ਉੱਪਰ ਆਪਣਾ ਕੁੰਜੀਵਤ ਪਰਚਾ ਪੜ੍ਹਦਿਆਂ ਕਿਹਾ ਕਿ ਇਹ ਇੱਕ ਉਹ ਦਸਤਾਵੇਜ਼ ਹੈ, ਜਿਸ ਨੇ ਕਿਤਾਬਾਂ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਲੇਖਕ ਨੇ ਆਪਣੀ ਕਿਤਾਬ ਵਿੱਚ ਕਿਸੇ ਇੱਕ ਵਿਸ਼ੇ ਨੂੰ ਨਹੀਂ ਸਮਾਜ ਦਾ ਹਰ ਵਿਸ਼ਾ ਸੰਖੇਪ ਅਤੇ ਪ੍ਰਭਾਵਸ਼ਾਲੀ ਲੇਖਣੀ ਨਾਲ ਛੂਹਿਆ ਹੈ। ਕਿਤਾਬਾਂ ਸਾਡੀਆਂ ਸੱਚੀਆਂ ਸਾਥੀ ਹਨ। ਇਹ ਪੁਸਤਕਾਂ ਜ਼ਿੰਦਗੀ ਦੇ ਹਰ ਪੜਾਅ ’ਤੇ ਸਾਡਾ ਸਾਥ ਦਿੰਦੀਆਂ ਹਨ ਅਤੇ ਲੇਖਕ ਦੀ ਇਹ ਪੁਸਤਕ ਵੀ ਅਜਿਹੀ ਰਚਨਾ ਹੈ ਜੋ ਪਾਠਕਾਂ ਦਾ ਮਾਰਗਦਰਸ਼ਨ ਕਰਦੀ ਹੋਈ ਉਨ੍ਹਾਂ ਨੂੰ ਚੰਗੇ-ਮਾੜੇ, ਸੱਚ ਅਤੇ ਝੂਠ ਬਾਰੇ ਗਿਆਨ ਪ੍ਰਦਾਨ ਕਰੇਗੀ। ਇਸ ਮੌਕੇ ਉੱਘੇ ਕਾਲਮ-ਨਵੀਸ ਬੁੱਧ ਸਿੰਘ ਨੀਲੋਂ ਨੇ ਕਿਤਾਬ ਉੱਪਰ ਆਪਣਾ ਪਰਚਾ ਪੜ੍ਹਦਿਆਂ ਕਿਹਾ ਕਿ ਇਹ ਕਿਤਾਬ ਗਿਆਨ ਦਾ ਭੰਡਾਰ ਹੈ, ਇਸ ਲਈ ਹਰ ਵਿਦਿਆਰਥੀ ਅਤੇ ਅਧਿਆਪਕ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਕਿਤਾਬ ਦੀ ਰਵਾਨਗੀ ਦਰਿਆ ਦੇ ਪਾਣੀ ਵਾਂਗ ਤੁਰਦੀ ਹੈ, ਜਿੱਥੋਂ ਮਰਜ਼ੀ ਪੜ੍ਹਨੀ ਸ਼ੁਰੂ ਕਰੋ, ਉਥੋਂ ਹੀ ਪਾਠਕ ਨੂੰ ਆਪਣੇ ਵਹਿਣ ਵਿੱਚ ਲੈ ਤੁਰਦੀ ਹੈ। ਕਿਤਾਬ ਦਾ ਹਰ ਪੰਨਾ ਆਪਣੇ ਆਪ ਵਿੱਚ ਅਰਥ ਭਰਪੂਰ ਹੈ। ਇਸ ਮੌਕੇ ਉਨ੍ਹਾਂ ਵਿਦਿਆਰਥਣਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਲਾਇਬਰੇਰੀ ਵਿੱਚ ਜਾ ਕੇ ਕਿਤਾਬਾਂ ਪੜ੍ਹਨ ਦੀ ਰੁਚੀ ਜ਼ਰੂਰ ਪੈਦਾ ਕਰਨ। ਇਸ ਮੌਕੇ ਮਾਸਟਰ ਹਰਜਿੰਦਰ ਸਿੰਘ ਭੂੰਦੜੀ ਨੇ ਕਿਤਾਬ ਉੱਪਰ ਚਰਚਾ ਕਰਦਿਆਂ ਕਿਹਾ ਕਿ ਕਿਤਾਬ ਦੀ ਸ਼ੈਲੀ ਸਧਾਰਣ ਅਤੇ ਰਵਾਨਗੀ ਵਾਲੀ ਹੋਣ ਕਰਕੇ ਪਾਠਕ ਅੰਦਰ ਉਤਸੁਕਤਾ ਬਣੀ ਰਹਿੰਦੀ ਹੈ ਕਿ ਉਹ ਸਾਰੀ ਕਿਤਾਬ ਇੱਕੋ ਬੈਠਕ ਵਿੱਚ ਪੜ੍ਹ ਕੇ ਪੂਰੀ ਕਰੇ। ਕਿਤਾਬ ਵਿੱਚ ਕੇਵਲ ਪੰਜਾਬ ਦੀ ਹੀ ਨਹੀਂ ਬਲਕਿ ਦੇਸ਼ ਸਮੇਤ ਸਮੁੱਚੇ ਸੰਸਾਰ ਨੂੰ ਇੱਕ ਕਲਾਵੇ ਵਿੱਚ ਲਿਖੀ ਗਈ ਹੈ। ਸਲੇਮਪੁਰੀ ਦੀ ਕਿਤਾਬ ਬੀਤੇ, ਵਰਤਮਾਨ ਅਤੇ ਭਵਿੱਖਤ ਸਮੇਂ ਦੇ ਹਾਲਾਤਾਂ ਉੱਪਰ ਚਾਨਣਾ ਪਾਉਂਦੀ ਹੈ। ਇਸ ਮੌਕੇ ਉੱਘੇ ਪੱਤਰਕਾਰ ਅਸ਼ਵਨੀ ਜੇਤਲੀ ਨੇ ਕਿਤਾਬ ਉੱਪਰ ਚਰਚਾ ਕਰਦਿਆਂ ਕਿਹਾ ਕਿ ਲੇਖਕ ਸਲੇਮਪੁਰੀ ਕਿਤਾਬ ਵਿੱਚ ਹਰ ਗੱਲ ਜੁਰਅਤ ਨਾਲ ਆਖਦਾ ਹੈ। ਉਹ ਲੋਕਤੰਤਰ ਦੇ ਚੌਥੇ ਥੰਮ੍ਹ ਦੇ ਪਾਵਿਆਂ ਨੂੰ ਵਿਕਾਊਪੁਣੇ ਦੀ ਲੱਗੀ ਸਿਉਂਕ ਬਾਰੇ ਵੀ ਡੰਕੇ ਦੀ ਚੋਟ ਨਾਲ ਕਹਿਣ ਦਾ ਜਿਗਰਾ ਰੱਖਦਾ ਹੈ। ਇਸ ਮੌਕੇ ਉੱਘੇ ਬੁੱਧੀਜੀਵੀ ਅਤੇ ਸਾਬਕਾ ਸਰਪੰਚ ਚਰਨ ਦਾਸ ਤਲਵੰਡੀ ਨੇ ਸੁਖਦੇਵ ਸਲੇਮਪੁਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਲੇਮਪੁਰੀ ਦੀ ਕਿਤਾਬ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਪਾਠਕਾਂ ਤੱਕ ਇੱਕ ਵੱਖਰਾ ਸੁਨੇਹਾ ਲੈ ਕੇ ਜਾਵੇਗੀ। ਇਸ ਮੌਕੇ ਡਾ: (ਪ੍ਰੋਫੈਸਰ) ਹਰਵਿੰਦਰ ਕੌਰ ਮੁੱਖੀ ਪੰਜਾਬੀ ਵਿਭਾਗ ਨੇ ਬਾਖੂਬੀ ਮੰਚ ਸੰਚਾਲਨ ਲਈ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਪ੍ਰਿੰਸੀਪਲ ਹਰਦੀਪ ਕੌਰ, ਪ੍ਰਿੰਸੀਪਲ ਗੁਰਬਚਨ ਸਿੰਘ, ਪ੍ਰੋਫੈਸਰ ਗੁਰਸ਼ਰਨ ਕੌਰ, ਲੈਕਚਰਾਰ ਦੀਪਇੰਦਰਪਾਲ ਸਿੰਘ, ਪੱਤਰਕਾਰ ਕੁਲਦੀਪ ਸਲੇਮਪੁਰੀ, ਪਰਮਜੀਤ ਕੌਰ ਸਲੇਮਪੁਰੀ ਪ੍ਰਬੰਧ ਅਫ਼ਸਰ, ਸਾਬਕਾ ਸਰਪੰਚ ਹਰਜੀਤ ਕੌਰ ਸਲੇਮਪੁਰੀ, ਅਮਰਜੀਤ ਕੌਰ ਸਾਬਕਾ ਲੋਕ ਸੰਪਰਕ ਅਫਸਰ ਸੀ.ਐੱਮ.ਸੀ /ਹਸਪਤਾਲ, ਅਧਿਆਪਕ ਆਗੂ ਮਨੀਸ਼ ਕੁਮਾਰ, ਭਾਰਤ ਭੂਸ਼ਣ ਮੱਟੂ, ਰਜਵਿੰਦਰ ਕੌਰ ਸੈਣੀ, ਰੁਪਿੰਦਰ ਸਿੰਘ ਢੋਲੇਵਾਲ, ਮੁਲਾਜਮ ਆਗੂ ਅੰਮ੍ਰਿਤਦੀਪ ਸਿੰਘ, ਗੁਰਵਿੰਦਰ ਕੌਰ, ਸਮਾਜ ਸੇਵਕ ਰਤਨ ਸਿੰਘ ਰੰਧਾਵਾ ਅਤੇ ਵਿਦਿਆਰਥਣ ਆਗੂ ਤਮੰਨਾ ਕੌਰ ਸਮੇਤ ਵੱਡੀ ਗਿਣਤੀ ਵਿੱਚ ਹੋਰ ਸ਼ਖਸੀਅਤਾਂ ਅਤੇ ਫੈਕਲਟੀ ਮੈਂਬਰ ਹਾਜ਼ਰ ਸਨ।