ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਮਿਊਜ਼ਿਕ ਲੋਕਲ ਵਿਭਾਗ ਵੱਲੋਂ ਨੇਤਰਹੀਣ ਸੰਗੀਤ ਅਧਿਆਪਕ ਇਕਬਾਲ ਸਿੰਘ ਬਮਰਾਹ ਦੀ ਪੁਸਤਕ ਰਿਲੀਜ਼ ਕਰਨ ਲਈ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ । ਸਮਾਗਮ ਦੇ ਮੁੱਖ ਮਹਿਮਾਨ ਸੰਤ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਸਨ । ਸਮਾਗਮ ਦਾ ਆਗਾਜ਼ ਗੁਰਬਾਣੀ ਦੇ ਸ਼ਬਦ “ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂ ਨ ਟਰੋਂ” ਨਾਲ਼ ਹੋਇਆ । ਸ੍ਰ: ਰਣਜੋਧ ਸਿੰਘ ਪ੍ਰਧਾਨ ਨੇ ਵਿਚਾਰ ਕਰਦਿਆਂ ਕਿਹਾ ਕਿ ਨੇਤਰਹੀਣ ਇਕਬਾਲ ਸਿੰਘ ਨੂੰ ਚਾਹੇ ਪਰਮਾਤਮਾ ਨੇ ਅੱਖਾਂ ਦੀ ਜੋਤ ਨਹੀਂ ਦਿੱਤੀ ਪਰ ਅੰਦਰ ਦੀ ਜੋਤ ਤੇ ਦਿਬ ਦ੍ਰਿਸ਼ਟੀ ਉਹਨਾਂ ਨੂੰ ਬਖਸ਼ੀ ਹੈ । ਉਹਨਾਂ ਨੇਤਰਹੀਣਾਂ ਭਾਈ ਗੋਪਾਲ ਸਿੰਘ, ਭਾਈ ਲਛਮਣ ਸਿੰਘ ਗੰਧਰਵ, ਭਾਈ ਗੁਰਮੇਜ ਸਿੰਘ, ਭਾਈ ਲਖਵਿੰਦਰ ਸਿੰਘ ਦੇ ਹਵਾਲੇ ਦੇ ਕੇ ਦੱਸਿਆ ਕਿ ਗੁਰਮੇਜ ਸਿੰਘ ਨੇ ਕਈ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਬਰੇਲ ਲਿਪੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਆਰ ਕੀਤਾ ਹੈ । ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕਮਰਾ ਨੰਬਰ 13 ਵਿੱਚ ਕੋਈ ਵੀ ਨੇਤਰਹੀਣ ਪਾਠ ਕਰ ਸਕਦਾ ਹੈ । ਉਹਨਾਂ ਇਕਬਾਲ ਸਿੰਘ ਦੇ ਜੀਵਨ ਬਾਰੇ ਵੀ ਸੰਖੇਪ ਵਿੱਚ ਵਿਚਾਰ ਸਾਂਝੇ ਕੀਤੇ । ਸ੍ਰ: ਇਕਬਾਲ ਸਿੰਘ ਨੇ ਬੋਲਦਿਆਂ ਕਿਹਾ ਕਿ “ਗੁਰਬਾਣੀ ਗਾਇਨ” ਪੁਸਤਕ ਵਿੱਚ 31 ਸ਼ੁੱਧ
ਰਾਗ, 31 ਭਾਰਤੀ ਸ਼ਾਸਤਰੀ ਸੰਗੀਤ ਰਾਗ, 31 ਅਜਿਹੀਆਂ ਰਚਨਾਵਾਂ ਜਿਨ੍ਹਾਂ ਦੀਆਂ ਧੁੰਨਾਂ ਕਿਸੇ ਇੱਕ ਰਾਗ ਵਿੱਚ ਨਾ ਹੋ ਕੇ ਸੁਗਮ ਸੰਗੀਤ ਦੇ ਤਾਲਾਂ ਵਿੱਚ ਸ੍ਵਰ ਲਿਪੀ ਬੱਧ ਕੀਤੀਆਂ ਗਈਆਂ ਹਨ, ਉਹ ਸ਼ਾਮਲ ਹਨ । ਪੁਸਤਕ ਵਿੱਚ ਕੁੱਲ ਮਿਲਾ ਕੇ 93 ਸ਼ਬਦ ਅਤੇ 62 ਰਾਗ ਲਿਖੇ ਗਏ ਹਨ । ਉਹਨਾਂ ਕਿਹਾ ਕਿ ਮੇਰਾ ਪੁਸਤਕ ਲਿਖਣ ਦਾ ਉਦੇਸ਼ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਇਸ ਪੁਸਤਕ ਨੂੰ ਪੜ੍ਹ ਕੇ ਗੁਰਬਾਣੀ ਨਾਲ ਜੁੜਨ ਅਤੇ ਰਾਗਾਂ ਵਿੱਚ ਕੀਰਤਨ ਕਰਨ ਦੀ ਆਦਤ ਪਾਉਣ ਤਾਂ ਜੋ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਇਹਨਾਂ ਰਾਗਾਂ ਵਿੱਚ ਹੀ ਕੀਰਤਨ ਕੀਤਾ ਜਾ ਸਕੇ ।ਸਮਾਗਮ ਦੇ ਮੁੱਖ ਮਹਿਮਾਨ ਸੰਤ ਅਮੀਰ ਸਿੰਘ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਇਕਬਾਲ ਸਿੰਘ ਜੀ ਵੱਲੋਂ ਜੋ ਗੁਰਬਾਣੀ ਦੇ ਰਾਗਾਂ ਬਾਰੇ ਪੁਸਤਕ ਤਿਆਰ ਕੀਤੀ ਗਈ ਹੈ,ਉਹ ਕਾਬਲੇ ਤਾਰੀਫ਼ ਹੈ । ਉਹਨਾਂ ਕਿਹਾ ਕਿ ਪੁਸਤਕ ਵਿੱਚ ਸਹਿਯੋਗ ਕਰਨ ਵਾਲੇ, ਪਰੂਫ ਰੀਡਿੰਗ ਕਰਨ ਵਾਲੇ ਸਾਰੇ ਹੀ ਵਧਾਈ ਦੇ ਪਾਤਰ ਹਨ । ਇਕਬਾਲ ਸਿੰਘ ਬਮਰਾਹ ਦੀ ਪਲੇਠੀ ਪੁਸਤਕ “ਗੁਰਬਾਣੀ ਗਾਇਨ” ਭਾਗ ਪਹਿਲਾ ਸੰਤ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ, ਸ੍ਰ ਰਣਜੋਧ ਸਿੰਘ ਪ੍ਰਧਾਨ, ਸ੍ਰ: ਗੁਰਚਰਨ ਸਿੰਘ ਲੋਟੇ ਜਨਰਲ ਸਕੱਤਰ, ਪ੍ਰਿੰਸੀਪਲ ਅਜੀਤ ਕੌਰ, ਸ੍ਰ: ਇਕਬਾਲ ਸਿੰਘ ਬਮਰਾਹ ਨੇ ਰਿਲੀਜ਼ ਕਰਨ ਦੀ ਰਸਮ ਅਦਾ ਕੀਤੀ । ਕਾਲਜ ਪ੍ਰਬੰਧਕ ਕਮੇਟੀ ਵੱਲੋਂ ਸੰਤ ਅਮੀਰ ਸਿੰਘ ਜੀ ਨੂੰ ਸ਼ਾਲ ਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ । ਸੰਤ ਅਮੀਰ ਸਿੰਘ ਜੀ ਨੇ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਪੁਸਤਕ ਦੇ ਲੇਖਕ ਸ੍ਰ: ਇਕਬਾਲ ਸਿੰਘ ਜੀ ਨੂੰ ਸ਼ਾਲ, ਸਨਮਾਨ ਚਿੰਨ੍ਹ ਅਤੇ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਦੀ ਵੱਡੀ ਅਕਾਰੀ ਤਸਵੀਰ ਦੇ ਕੇ ਸਨਮਾਨਿਤ ਕੀਤਾ । ਮੰਚ ਦਾ ਸੰਚਾਲਨ ਮੈਡਮ ਹਰਬਿੰਦਰ ਕੌਰ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਇਆ । ਸਮਾਗਮ ਵਿੱਚ ਡਾ: ਚਰਨਜੀਤ ਕੌਰ ਮੁਖੀ ਸੰਗੀਤ ਵਿਭਾਗ, ਜਸਪ੍ਰੀਤ ਸਿੰਘ, ਜੋਗਿੰਦਰ ਸਿੰਘ, ਸੰਗੀਤਾ ਕਪੂਰ ਅਧਿਆਪਕ, ਹੇਮਾ ਅਧਿਆਪਕ, ਪਰਮਿੰਦਰ ਸਿੰਘ ਫੁੱਲਾਂਵਾਲ, ਸਿੱਖ ਮਿਸ਼ਨਰੀ ਕਾਲਜ ਦੇ ਮੈਂਬਰ, ਵਿਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਰਾਮਗੜ੍ਹੀਆ ਗਰਲਜ਼ ਕਾਲਜ ਦੀ ਕਮੇਟੀ ਦੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



