ਲਵਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ) ਜੀਵਨ ਤੇ ਗੁਰੀ ਰੋਜ਼ ਸ਼ਾਮ ਨੂੰ ਪਾਰਕ ’ਚ ਸੈਰ ਕਰਨ ਆਉਂਦੀਆਂ। ਸੈਰ ਕਰਦੇ-ਕਰਦੇ ਗੱਲਾਂ ਕਰਦੀਆਂ ਹੌਲੀ-ਹੌਲੀ ਦੋਸਤ ਬਣ ਗਈਆਂ। ਉਹ ਰੋਜ਼ ਆਪਣੀ ਜ਼ਿੰਦਗੀ ਦੀਆਂ ਨਿੱਕੀਆਂ-ਵੱਡੀਆਂ ਗੱਲਾਂ ਇੱਕ ਦੂਜੀ ਨੂੰ ਦੱਸਣ ਲੱਗੀਆਂ।
ਇੱਕ ਦਿਨ ਜੀਵਨ ਨੇ ਗੁਰੀ ਨੂੰ ਦੱਸਿਆ ਕਿ ਉਹ ਕਿਸੇ ਗੱਲ ਨੂੰ ਲੈ ਕੇ ਬਹੁਤ ਪ੍ਰੇਸ਼ਾਨ ਹੈ। ਗੁਰੀ ਨੇ ਉਸਨੂੰ ਪ੍ਰੇਸ਼ਾਨ ਨਾ ਹੋ ਕੇ ਆਪਣੀ ਪ੍ਰੇਸ਼ਾਨੀ ਦਾ ਕਾਰਨ ਦੱਸਣ ਲਈ ਕਿਹਾ।
ਜੀਵਨ ਦੇ ਦੱਸਿਆ, “ਇੱਕ ਲੜਕਾ ਕਾਲਜ ਸਮੇਂ ਤੋਂ ਮੈਨੂੰ ਜਾਣਦਾ, ਅਸੀਂ ਇੱਕ ਦੂਜੇ ਦੀ ਕਈ ਵਾਰ ਮੱਦਦ ਕੀਤੀ, ਚੰਗੇ ਦੋਸਤ ਵਾਂਗ ਰਹੇ। ਬੇਸ਼ੱਕ ਅਸੀਂ ਇੱਕ ਦੂਜੇ ਦਾ ਬਹੁਤ ਕਰਦੇ ਰਹੇ ਹਾਂ ਪਰ ਕਦੇ ਵੀ ਇਹ ਦੋਸਤੀ ਮੁਹੱਬਤ ਨਹੀਂ ਬਣ ਸਕੀ।”
ਕਾਲਜ ਖ਼ਤਮ ਹੋਣ ਤੋਂ ਬਾਅਦ ਇਹ ਗੱਲ ਕਿਸੇ ਦੋਸਤ ਨੇ ਦੱਸੀ ਕਿ ਉਹ ਮੈਨੂੰ ਜੀਵਨਸਾਥੀ ਦੇ ਰੂਪ ’ਚ ਦੇਖਣਾ ਚਾਹੁੰਦਾ ਸੀ ਪਰ ਕਦੇ ਇਜ਼ਹਾਰ ਨਾ ਕਰ ਸਕਿਆ ਕਿਉਂਕਿ ਉਹ ਇੱਕ ਦੋਸਤ ਨੂੰ ਕਦੇ ਨਹੀਂ ਖੋਹਣਾ ਚਾਹੁੰਦਾ ਸੀ। ਇਹ ਕਹਿ ਜੀਵਨ ਨੇ ਠੰਢਾ ਜਿਹਾ ਹੌਕਾ ਭਰਿਆ।
ਗੁਰੀ ਨੇ ਜੀਵਨ ਦੇ ਮੋਢੇ ’ਤੇ ਹੱਥ ਰੱਖਿਆ ਤੇ ਬੋਲੀ, “ਜੀਵਨ ਮੈਨੂੰ ਇਹ ਨਹੀਂ ਪਤਾ ਤੇਰੀ ਹੁਣ ਪਰੇਸ਼ਾਨੀ ਦੀ ਵਜ੍ਹਾ ਕੀ ਹੈ?”
“ਜੀਵਨ, ਕੁਦਰਤ ਜੋ ਵੀ ਕਰਦੀ ਹੈਨਾ ਉਸ ਵਿੱਚ ਕੋਈ ਰਮਜ਼ ਜ਼ਰੂਰ ਹੁੰਦੀ ਹੈ।”
ਜੀਵਨ ਨੇ ਇਕਦਮ ਗੁਰੀ ਵੱਲ ਦੇਖਿਆ ਤੇ ਬੋਲੀ, “ਸੱਚੀ ਗੁਰੀ ਇਹ ਕੁਦਰਤ ਦੀ ਰਮਜ਼ ਹੁੰਦੀ ਹੈ, ਕਿਸੇ ਦਾ ਸਾਡੀ ਜ਼ਿੰਦਗੀ ਵਿੱਚ ਆਉਣਾ।”
ਗੁਰੀ ਨੇ ਜਵਾਬ ਦਿੰਦਿਆਂ ਕਿਹਾ, “ਹਾਂ, ਬਿਲਕੁੱਲ। ਇਹ ਬਹੁਤ ਵੱਡੀ ਸੱਚਾਈ ਹੈ, ਕੋਈ ਵੀ ਇਨਸਾਨ, ਨਾਮ, ਘਟਨਾ, ਜੋ ਵੀ ਸਾਡੀ ਜ਼ਿੰਦਗੀ ’ਚ ਆਉਂਦੇ ਹਨ, ਉਸ ਵਿੱਚ ਕੁਦਰਤ ਦੀ ਰਮਜ਼ ਹੁੰਦੀ ਹੈ, ਬੇਸ਼ੱਕ ਉਸਦੀ ਸਮਝ ਬਹੁਤ ਦੇਰ ਨਾਲ ਆਉਂਦੀ ਹੈ।”
ਗੁਰੀ ਨੇ ਫਿਰ ਜੀਵਨ ਦੇ ਮੋਢੇ ’ਤੇ ਹੱਥ ਰੱਖਦਿਆਂ ਪੁੱਛਿਆ, “ਮੈਨੂੰ ਆਪਣੀ ਪ੍ਰੇਸ਼ਾਨੀ ਬਾਰੇ ਵਿਸਥਾਰ ਨਾਲ ਦੱਸ, ਜੋ ਲੜਕਾ ਕਾਲਜ ਖ਼ਤਮ ਹੁੰਦਿਆਂ ਹੀ ਜ਼ਿੰਦਗੀ ’ਚੋਂ ਚਲੇ ਗਿਆ, ਉਸਦਾ ਹੁਣ ਜ਼ਿਕਰ ਕਿਉਂ?”
ਜੀਵਨ ਬੋਲੀ, “ਉਹ ਵਾਪਸ ਆ ਗਿਆ, ਮੇਰੇ ਹੀ ਸ਼ਹਿਰ ’ਚ ਮਤਲਬ ਆਪਣੇ ਇਸ ਸ਼ਹਿਰ ਵਿੱਚ। ਪਰ ਇਹ ਹੀ ਸੋਚ ਕੇ ਪ੍ਰੇਸ਼ਾਨ ਹਾਂ ਕਿ ਕੁਦਰਤ ਨੇ 9 ਸਾਲਾਂ ਬਾਅਦ ਉਸਨੂੰ ਮੇਰੇ ਸਾਹਮਣੇ ਕਿਉਂ ਲਿਆ ਕੇ ਖੜ੍ਹਾ ਕਰ ਦਿੱਤਾ।ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਇੱਕ ਬੇਟੇ ਨਾਲ ਹੀ ਜ਼ਿੰਦਗੀ ਨੂੰ ਅੱਗੇ ਤੋਰ ਰਹੀ ਹਾਂ। ਡਰ ਲੱਗਦਾ ਹੈ, ਕਿਤੇ ਆਪਣੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਜਲਦੀ ਉਸ ਵੱਲ ਆਕਰਸ਼ਿਤ ਨਾ ਹੋ ਜਾਵਾਂ। ਉਸਦਾ ਵੀ ਪਰਿਵਾਰ ਹੋਏਗਾ, ਕਿਤੇ ਮੈਂ ਕਮਜ਼ੋਰ ਨਾ ਪੈ ਜਾਵਾਂ, ਇੱਕ ਦੋਸਤ ਦੀ ਆਦਤ ਨਾ ਪੈ ਜਾਵੇ। ਮੇਰੇ ਸਹੁਰਿਆਂ ਤਾਂ ਮੈਨੂੰ ਉਦੋਂ ਵੀ ਘਰੋਂ ਕੱਢ ਦਿੱਤਾ ਸੀ, ਜਦੋਂ ਮੇਰੇ ਪਤੀ ਦੀ ਮੌਤ ਹੋ ਗਈ ਸੀ। ਘਰ ’ਚੋਂ ਵੀ ਬਸ ਕੁੱਝ ਨਹੀਂ ਦਿੱਤਾ, ਇੱਕ ਪਿੰਡ ਕੁੱਝ ਜਾਇਦਾਦ ਹੀ ਹੈ, ਜਿਸ ਨਾਲ ਗੁਜ਼ਾਰਾ ਚੱਲੀ ਜਾਂਦਾ। ਮੇਰੇ ਸੱਸ-ਸਹੁਰੇ ਨੇ ਵੀ ਮੈਨੂੰ ਮੇਰੇ ਦਿਉਰ ਦੇ ਬਰਾਬਰ ਘਰੋਂ ਪ੍ਰਾਪਰਟੀ ਵੀ ਨਹੀਂ ਦਿੱਤੀ।”
ਗੁਰੀ ਫਿਰ ਬੋਲੀ, “ਤੂੰ ਹੌਸਲਾ ਰੱਖ। ਜੋ ਹੋਵੇਗਾ ਚੰਗਾ ਹੀ ਹੋਵੇਗਾ, ਮੈਂ ਤੈਨੂੰ ਆਪਣੀ ਕਹਾਣੀ ਦੱਸਦੀ ਹਾਂ। ਜਦ ਮੈਂ ਸਕੂਲ ਪੜ੍ਹਦੀ ਸੀ ਤਾਂ ਥੋੜ੍ਹਾ ਬਹੁਤ ਸ਼ਾਇਰੀ ਦਾ ਸ਼ੌਂਕ ਸੀ, ਕਿਤਾਬਾਂ ਪੜ੍ਹਨ ਦਾ ਸ਼ੌਂਕ ਸੀ, ਸਾਡੇ ਪਿੰਡਾਂ ’ਚ ਸਕੂਲਾਂ ਦੀ ਬਹੁਤ ਘਾਟ ਸੀ, ਕਈ ਪਿੰਡਾਂ ਨੂੰ ਇੱਕ 12ਵੀਂ ਦਾ ਸਕੂਲ ਸੀ। ਸ਼ਹਿਰ ਦੂਰ ਸਨ ਤੇ ਸੜਕਾਂ ਦਾ ਜ਼ਿਆਦਾ ਚੰਗਾ ਹਾਲ ਨਹੀਂ ਸੀ, ਜਿਸ ਕਰਕੇ ਕਾਲਜ ਦੀਆਂ ਵੈਨਾਂ ਸਾਡੇ ਪਿੰਡ ਵੱਲ ਨਹੀਂ ਆਉਂਦੀਆਂ ਸਨ। ਜ਼ਮੀਨਾਂ ਖੁੱਲ੍ਹੀਆਂ ਸਨ ਤੇ ਲੋਕ ਮਿਹਨਤੀ ਪਰ ਕੁੜੀਆਂ ਨੂੰ ਬੱਸਾਂ ’ਤੇ ਭੇਜ ਕੇ ਨਹੀਂ ਰਾਜ਼ੀ ਸਨ। ਹੋਸਟਲ ਰਹਿੰਦੀਆਂ ਨਹੀਂ ਸਨ, ਖਾਣਾ ਪਸੰਦ ਨਹੀਂ ਸੀ ਆਉਂਦਾ ਤੇ ਦਿਲ ਵੀ ਨਾ ਲਾਉਂਦੀਆਂ ਕਿਉਂਕਿ ਸਾਡੇ ਪਿੰਡਾਂ ਵੱਲ ਸੰਯੁਕਤ ਪਰਿਵਾਰ ਸਨ। ਇਸ ਲਈ +2 ਪਾਸ ਕਰਦਿਆਂ ਹੀ ਵਿਆਹ ਹੋ ਜਾਂਦਾ। ਨੌਵੀਂ ਤੋਂ ਦਸਵੀਂ ’ਚ ਕੁੜੀਆਂ ਆਪਣੇ ਰਾਜਕੁਮਾਰ ਲਈ ਸੁਪਨੇ ਸਜਾਉਣ ਲੱਗਦੀਆਂ। ਮੈਂ ਜਦ ਪੜ੍ਹਦੀ ਸੀ ਤਾਂ ਮੈਨੂੰ ਵੀ ਪੁੱਛ ਲੈਂਦੀਆਂ ਕਿ ਸ਼ਾਇਰੀ ਵਾਲੀਏ ਤੂੰ ਤਾਂ ਕੋਈ ‘ਬੱਬੂ ਮਾਨ’ ਵਰਗੇ ਦਾ ਸੁਪਨਾ ਹੀ ਲਿਆ ਹੋਣਾ।”
ਪਰ ਮੇਰੀ ਸੋਚ ਹੀ ਅਲੱਗ ਸੀ, ਮੈਂ ਕਹਿ ਦਿੰਦੀ ਕਿ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ ਪਰ ਮੇਰੀ ਇੱਕ ਸੋਹਣੀ ਕੁੜੀ ਹੋਵੇਗੀ, ਜਿਸਦਾ ਨਾਮ ਮੈਂ ‘ਅੰਮ੍ਰਿਤ’ ਰੱਖਾਂਗੀ। ਉਹ ਬੜਾ ਹੱਸਦੀਆਂ, ਪਹਿਲਾਂ ਵਿਆਹ ਤਾਂ ਹੋ ਜਾਣ ਦੇ, ਕੁੜੀ ਜੰਮਣ ਪਹਿਲਾਂ ਬੈਠ ਗਈ ਤੇ ਕਈ ਵਾਰ ‘ਬੇਸ਼ਰਮ’ ਜਿਹੀ ਵੀ ਆਖ ਦਿੰਦੀਆਂ।
ਸਮਝ ਮੈਨੂੰ ਵੀ ਨਾ ਆਉਂਦੀ ਕਿ ਮੈਂ ਇਹ ਰੀਝ ਕਿਉਂ ਪਾਲ ਰਹੀ ਹਾਂ? ਮੈਨੂੰ ਇੱਕ ‘ਅੰਮ੍ਰਿਤ’ ਨਾਮ ਦੀ ਸੀਨੀਅਰ ਕੁੜੀ ਬਹੁਤ ਸੋਹਣੀ ਲੱਗਦੀ ਸੀ। ਅੰਮ੍ਰਿਤਾ ਪ੍ਰੀਤਮ ਨੂੰ ਪੜ੍ਹਿਆ, ਅੰਮ੍ਰਿਤਾ ਵਿਰਕ ਦੇ ਗਾਣੇ ਚੱਲਦੇ ਸਨ। ਸੁਖਵਿੰਦਰ ਅੰਮ੍ਰਿਤ ਦੀ ਕਵਿਤਾਵਾਂ ਅਖਬਾਰਾਂ ’ਚ ਲੱਗਦੀਆਂ ਸਨ। ਮੈਂ ਸੋਚਦੀ ਸ਼ਾਇਦ ਇਸ ਕਰਕੇ ‘ਅੰਮ੍ਰਿਤ’ ਨਾਮ ਮੇਰੇ ਦਿਮਾਗ਼ ’ਚ ਵੱਸਿਆ। ਸਕੂਲ ਛੱਡਿਆ, ਲਿਖਣਾ ਛੁੱਟ ਗਿਆ, ਵਿਆਹ ਹੋ ਗਿਆ, ਦੋ ਬੇਟੇ ਹੋ ਗਏ। ਧੀ ਦੀ ਦਾਤ ਮਾਲਕ ਨੇ ਦਿੱਤੀ ਹੀ ਨਾ, ਜਿਸਦਾ ਨਾਮ ‘ਅੰਮ੍ਰਿਤ’ ਰੱਖਦੀ। ਵਕਤ ਬੀਤਦਾ ਗਿਆ।
20 ਸਾਲ ਬਾਅਦ ਲਿਖਣਾ ਸ਼ੁਰੂ ਕੀਤਾ ਤੇ ਫੇਸਬੁੱਕ ਤੇ ਪਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਇੱਕ ਇਨਸਾਨ ਦੀ ਵਾਰਤਕ ਪੜ੍ਹੀ, ਉਹ ਬੜੀ ਦਿਲ ’ਤੇ ਲੱਗੀ। ਉਨ੍ਹਾਂ ਨਾਲ ਗੱਲ ਕਰੀ ਤਾਂ ਉਸ ਘਰ ਦੀ ਕਰਤਾ-ਧਰਤਾ ਔਰਤ ਦਾ ਨਾਮ ‘ਅੰਮ੍ਰਿਤ’ ਸੀ, ਜੋ ਬਹੁਤ ਹੀ ਦਲੇਰ, ਸੁਘੜ, ਸਿਆਣੀ ਔਰਤ ਸੀ, ਮੈਂ ਉਸਦੀ ਸੀਰਤ ’ਤੇ ਇੱਕ ਕਵਿਤਾ ਲਿਖੀ, ਜਿਸਦਾ ਨਾਮ ਰੱਖਿਆ ‘ਅੰਮ੍ਰਿਤ ਵਰਗੀ ਕੁੜੀ’।
ਉਸ ਤੋਂ ਕੁੱਝ ਸਮੇਂ ਬਾਅਦ ਮੈਂ ਆਪਣੀ ਕਿਤਾਬ ਛਪਾਉਣ ਦਾ ਮਨ ਬਣਾਇਆ, ਸਾਰੀਆਂ ਕਵਿਤਾਵਾਂ ਮੈਂ ਭੇਜ ਦਿੱਤੀਆਂ, ਪ੍ਰਕਾਸ਼ਕ ਨੇ ਕਿਤਾਬ ਦਾ ਨਾਮ ‘ਅੰਮ੍ਰਿਤ ਵਰਗੀ ਕੁੜੀ’ ਚੁਣਿਆ ਜਦ ਕਿ ਮੈਂ ਕੁੱਝ ਹੋਰ ਸੋਚ ਰਹੀ ਸੀ, ਫਿਰ ਮੈਂ ਵੀ ਕੁਦਰਤ ਦੀ ਮਰਜ਼ੀ ਸਮਝ ਕੇ ਹੀ ਇਸ ਨਾਮ ਲਈ ਹਾਂ ਕਰ ਦਿੱਤੀ।
ਸੱਚੀਂ ਇਹ ਕਿਤਾਬ ਦੀ ਬੜੀ ਚਰਚਾ ਹੋਈ, ਖ਼ਾਸ ਕਰਕੇ ਨਾਮ ਦੀ। ਇਹ ਕਿਤਾਬ ’ਚ ਜ਼ਿਆਦਾ ਕਵਿਤਾਵਾਂ ਉਹ ਸਨ, ਜਦੋਂ ਮੈਂ ਉਦਾਸ ਹੁੰਦੀ ਤਾਂ ਲਿਖਦੀ ਸੀ ਜਾਂ ਜਦੋਂ ਆਪਣੀ ਮਾਂ ਨੂੰ ਯਾਦ ਕਰਦੀ, ਜੋ ਇਸ ਦੁਨੀਆਂ ’ਚ ਨਹੀਂ। ਇਸ ਕਿਤਾਬ ਨੇ ਮੈਨੂੰ ਮੇਰੀ ਧੀ ਵਾਲੀ ਖੁਸ਼ੀ ਦਿੱਤੀ।
ਆਖ਼ਰ ‘ਅੰਮ੍ਰਿਤ ਵਰਗੀ ਕੁੜੀ’ ਇੱਕ ਕਿਤਾਬ ਬਣੀ, ਜੋ ਮੈਂ 22 ਸਾਲ ਪਹਿਲਾਂ ਅੰਮ੍ਰਿਤ ਨਾਮ ਦੀ ਆਪਣੀ ਕੁੜੀ (ਧੀ) ਚਾਹੁੰਦੀ ਸੀ। ਕੁਦਰਤ ਦੀ ਕੀ ਮਰਜ਼ੀ, ਕੀ ਰਮਜ਼ ਉਹ ਜਾਣਦੀ ਹੈ। ਗੁਰੀ ਨੇ ਗੱਲ ਪੂਰੀ ਕਰਕੇ, ਜੀਵਨ ਨੂੰ ਆਪਣੇ ਦੋਸਤ ਨੂੰ ਮਿਲ ਕੇ ਗੱਲ ਕਰਨ ਦੀ ਸਲਾਹ ਦਿੱਤੀ।
ਉਸ ਦਿਨ ਪਾਰਕ ਤੋਂ ਵਾਪਸੀ ਤੇ ਹੀ ਰਸਤੇ ਵਿੱਚ ਜੀਵਨ ਨੂੰ ਆਪਣਾ ਦੋਸਤ ਰਾਜ ਮਿਲ ਗਿਆ। ਜੀਵਨ ਨੇ ਹਾਲ-ਚਾਲ ਪੁੱਛਿਆ ਤਾਂ ਉਸਨੇ ਕਿਹਾ, “ਜੀਵਨ ਮੈਂ ਤੇਰੇ ਬਾਰੇ ਸਭ ਜਾਣਦਾ ਤੇ ਮੈਂ ਅੱਜ ਵੀ ਉੱਥੇ ਹੀ ਖੜ੍ਹਾ ਕਿਉਂਕਿ ਕੁਦਰਤ ਨੇ ਅੱਗੇ ਨਹੀਂ ਵੱਧਣ ਦਿੱਤਾ।
ਰਾਜ ਬੋਲਿਆ, “ਜੀਵਨ ਕਿਤੇ ਬੈਠ ਕੇ ਗੱਲ ਕਰੀਏ?”
ਜੀਵਨ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਦੋਵੇਂ ਨੇੜੇ ਦੇ ਹੀ ਰੈਸਟੋਰੈਂਟ ’ਚ ਚਲੇ ਗਏ। ਅੱਜ ਜੀਵਨ ਰਾਜ ਬਾਰੇ ਸਭ ਕੁੱਝ ਜਾਣਨਾ ਚਾਹੁੰਦੀ ਸੀ। ਜੀਵਨ ਨੇ ਰਾਜ ਨੂੰ ਥੋੜ੍ਹੇ ਸਮੇਂ ’ਚ ਦੱਸਣ ਲਈ ਕਿਹਾ, ਕਿਉਂਕਿ ਬੱਚਾ ਟਿਊਸ਼ਨ ਤੋਂ ਆਉਣ ਵਾਲਾ ਸੀ।
ਰਾਜ ਨੇ ਕਹਿਣਾ ਸ਼ੁਰੂ ਕੀਤਾ, “ਆਪਣੇ ਕਾਲਜ ਛੱਡਣ ਤੋਂ ਸਾਲ ਬਾਅਦ ਮੈਂ ਨੌਕਰੀ ਕਰਨ ਲੱਗਾ, ਉੱਥੇ ਈ ਤੇਰਾ ਘਰਵਾਲਾ ਨੌਕਰੀ ਕਰਦਾ ਸੀ। ਅਸੀਂ ਚੰਗੇ ਦੋਸਤ ਬਣ ਗਏ। ਮੈਨੂੰ ਨਹੀਂ ਪਤਾ ਸੀ ਕਿ ਉਹ ਤੇਰੇ ਘਰ ਵਾਲਾ ਹੈ। ਤੇਰਾ ਵਿਆਹ 9 ਮਹੀਨੇ ਪਹਿਲਾਂ ਹੋਇਆ ਸੀ, ਇਹ ਪਤਾ ਸੀ। ਪਰ ਇਹ ਕੋਈ ਸਬੱਬ ਹੀ ਸੀ। ਤੇਰੇ ਪਤੀ ਪ੍ਰੀਤ ਨੇ ਮੈਨੂੰ ਦੱਸਿਆ ਸੀ ਕਿ ਉਸਨੂੰ ਇੱਕ ਗੰਭੀਰ ਬਿਮਾਰੀ ਹੈ ਤੇ ਉਹ ਬਾਪ ਨਹੀਂ ਬਣ ਸਕਦਾ। ਉਹ ਤੈਨੂੰ ਬਹੁਤ ਪਿਆਰ ਕਰਦਾ ਸੀ ਤੇ ਖੋਹਣਾ ਨਹੀਂ ਚਾਹੁੰਦਾ ਸੀ ਤੇ ਉਸਨੂੰ ਇਹ ਵੀ ਪਤਾ ਸੀ ਕਿ ਉਹ ਜ਼ਿਆਦਾ ਟਾਇਮ ਜ਼ਿੰਦਾ ਨਹੀਂ ਰਹਿ ਸਕਦਾ। ਵੱਧ ਤੋਂ ਵੱਧ ਪੰਜ ਸਾਲ, ਪਰ ਉਹ ਇਸ ਵਕਤ ਨੂੰ ਚੰਗੀ ਤਰ੍ਹਾਂ ਜੀਊਣਾ ਚਾਹੁੰਦਾ ਸੀ। ਮੈਨੂੰ ਨੌਕਰੀ ਉਸ ਕਾਰਨ ਹੀ ਮਿਲੀ ਸੀ। ਉਂਝ ਵੀ ਚੰਗੇ ਦੋਸਤ ਸਾਂ, ਮੈਂ ਉਸਦੀ ਹਰ ਮੱਦਦ ਲਈ ਤਿਆਰ ਹੋ ਗਿਆ, ਉਹ ਬਹੁਤ ਚੰਗਾ ਸੀ। ਉਸਨੇ ਮੈਨੂੰ ਆਪਣੀ ਸਹੁੰ ਪਾ ਕੇ, ਮੈਨੂੰ ਆਪਣਾ ਸਪਰਮ ਡੌਨੇਟ ਕਰਨ ਲਈ ਕਿਹਾ ਤੇ ਤੇਰੀ ਤਸਵੀਰ ਵਿਖਾਈ।”
ਜੀਵਨ ਬੋਲੀ, “ਮਤਲਬ”
ਰਾਜ ਬੋਲਿਆ, “ਮਤਲਬ ਤੇਰਾ ਇਲਾਜ਼, ਜਿਸ ਹਸਪਤਾਲ ਤੋਂ ਹੋਇਆ ਤੇ ਤੁਸੀਂ ਜੋ ਬੱਚਾ ਕਨਸੀਵ ਕੀਤਾ, ਡਾਕਟਰ ਦੀ ਖ਼ਾਸ ਵਿਧੀ ਦੀ ਮੱਦਦ ਨਾਲ ਉਹ ਮੇਰਾ ਅੰਸ਼ ਹੈ।ਮੈਨੂੰ ਮਾਫ਼ ਕਰੀਂ ਜੀਵਨ, ਮੈਂ ਇਸ ਲਈ ਮਜ਼ਬੂਰ ਸੀ। ਇੱਕ ਦੋਸਤ ਨਹੀਂ, ਦੋ ਦੋਸਤਾਂ ਦੀ ਖੁਸ਼ੀ ਦਾ ਸਵਾਲ ਸੀ। ਜਦ ਬੱਚਾ ਹੋ ਗਿਆ ਤੇ ਪ੍ਰੀਤ ਨੇ ਮੈਨੂੰ ਤਸਵੀਰਾਂ ਵਿਖਾਈਆਂ, ਮੈਂ ਕਦੇ ਵੀ ਪ੍ਰੀਤ ਨੂੰ ਆਪਣੀ ਦੋਸਤੀ ਬਾਰੇ ਨਹੀਂ ਦੱਸਿਆ ਪਰ ਉਸਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਗਿਆ ਸੀ। ਉਸਨੇ ਮੈਨੂੰ ਕਿਹਾ, ਉਸ ਕੋਲ ਜ਼ਿਆਦਾ ਟਾਇਮ ਨਹੀਂ ਹੈ ਤੇ ਮੈਂ ਉਦੋਂ ਤੱਕ ਵਿਆਹ ਨਾ ਕਰਾਵਾਂ ਤੇ ਉਸਦੇ ਪਰਿਵਾਰ ਨੂੰ ਸੰਭਾਲਾਂ। ਉਸਨੇ ਜਦ ਇਹ ਕਿਹਾ ਕਿ ਇਹ ਤੇਰਾ ਵੀ ਤਾਂ ਪਰਿਵਾਰ ਹੈ। ਮੇਰਾ ਰੌਣ ਨਿਕਲ ਗਿਆ। ਮੈਂ ਵਚਨ ਦੇ ਦਿੱਤਾ। ਜੀਵਨ ਮੈਂ ਪ੍ਰੀਤ ਨੂੰ ਵੀ ਬਹੁਤ ਪਿਆਰ ਕਰਦਾ ਸੀ। ਇਸ ਲਈ ਇਹ ਸਭ ਕੀਤਾ ਤੇ ਅੱਜ ਉਸ ਨੂੰ ਦਿੱਤਾ ਵਚਨ ਨਿਭਾਉਣਾ ਚਾਹੁੰਦਾ। ਸ਼ਾਇਦ ਪ੍ਰੀਤ ਨੂੰ ਆਪਣੇ ਪਰਿਵਾਰ ਦਾ ਪਹਿਲਾਂ ਹੀ ਪਤਾ ਸੀ ਕਿ ਉਹ ਉਸਦੀ ਮੌਤ ਤੋਂ ਬਾਅਦ ਤੈਨੂੰ ਨਹੀਂ ਸੰਭਾਲਣਗੇ।”
ਜੀਵਨ ਬਹੁਤ ਰੋਈ। ਰਾਜ ਨੇ ਉੱਠ ਕੇ ਉਸਨੂੰ ਜੱਫ਼ੀ ਪਾ ਲਈ। ਜੀਵਨ ਹੁਣ ਕੁਦਰਤ ਦੀ ਰਮਜ਼ ਸਮਝ ਚੁੱਕੀ ਸੀ। ਉਸਨੂੰ ਗੁਰੀ ਦੀ ਕੁੱਝ ਟਾਇਮ ਪਹਿਲਾਂ ਕਹੀ ਗੱਲ ਚੰਗੀ ਤਰ੍ਹਾਂ ਸਮਝ ਆ ਚੁੱਕੀ ਸੀ। ਜੀਵਨ ਤੇ ਪ੍ਰੀਤ ਨੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਇੱਕ ਦੂਜੇ ਦੇ ਹੱਥ ਘੁੱਟ ਕੇ ਫੜ੍ਹ ਲਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj