ਰੱਖੜੀ ਤੇ ਭੈਣਾਂ ਭਰਾਵਾਂ ਲਈ ਵਿਸ਼ੇਸ਼
ਅਵਤਾਰ ਤਰਕਸ਼ੀਲ
(ਸਮਾਜ ਵੀਕਲੀ) ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ l ਜਿਸ ਤਰ੍ਹਾਂ ਹਨੇਰਾ ਜਿੰਨਾ ਮਰਜ਼ੀ ਸੰਘਣਾ ਹੋਵੇ ਉਹ ਸੂਰਜ ਨੂੰ ਚੜ੍ਹਨੋਂ ਨਹੀਂ ਰੋਕ ਸਕਦਾ l ਸਮੇਂ ਨੂੰ ਰੋਕਿਆ ਵੀ ਨਹੀਂ ਜਾ ਸਕਦਾ l ਇਸ ਕਰਕੇ ਸਮਾਂ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਕਦੇ ਵੀ ਹੌਂਸਲਾ ਨਹੀਂ ਛੱਡਣਾ ਚਾਹੀਦਾ l
“ਕਈ ਵਾਰ ਦਰੱਖਤ ਦੇ ਝੜ੍ਹਦੇ ਪੱਤੇ ਦੇਖ ਕੇ ਹੀ ਦੂਜੇ ਵਿਅਕਤੀ ਦਰੱਖਤ ਦੀ ਮੌਤ ਦੀ ਆਸ ਲਗਾ ਲੈਂਦੇ ਹਨ ਪਰ ਬਹੁਤ ਵਾਰ ਦਰੱਖਤ ਦੇ ਪੱਤੇ ਝੜਨ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਉਸ ਉੱਪਰ ਨਵਾਂ ਪੁੰਗਾਰਾ ਫੁੱਟਣ ਦਾ ਵੇਲਾ ਆ ਗਿਆ ਹੈ l”
ਇਹੋ ਜਿਹੀ ਹੀ ਜ਼ਿੰਦਗੀ ਦੀ ਘਟਨਾ ਦੀ ਸਾਂਝ ਪਾ ਰਿਹਾ ਹਾਂ ਜੋ ਤੁਹਾਨੂੰ ਵੀ ਮੌਟੀਵੇਟ ਕਰੇਗੀ l
ਜਦੋਂ ਦੋ ਸਾਲਾਂ ਦਾ ਸੀ ਤਾਂ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਤਾਂ ਮੈਨੂੰ ਮੇਰੇ ਵੱਡੇ ਭਰਾ ਭਰਜਾਈ ਨੇ ਆਪਣੇ ਬੱਚਿਆਂ ਵਾਂਗ ਪਾਲਿਆ ਅਤੇ ਪੜ੍ਹਾਇਆ l ਮੇਰੇ ਮਾਤਾ ਜੀ ਬਿਮਾਰ ਰਹਿੰਦੇ ਸਨ l ਮੇਰੀ ਭਤੀਜੀ ਅਤੇ ਭਤੀਜਾ ਹੀ ਮੇਰੇ ਭੈਣ ਭਰਾ ਬਣ ਗਏ l ਭਤੀਜੀ ਹੀ ਮੇਰੇ ਰੱਖੜੀ ਬੰਨ੍ਹਦੀ ਸੀ l
ਸੰਨ 1989 ਵਿੱਚ ਮੈਂ ਨਿਊਜ਼ੀਲੈਂਡ ਆ ਗਿਆ ਤਾਂ ਅਸੀਂ ਦੋ ਮੁਲਕਾਂ ਵਿੱਚ ਵੰਡੇ ਗਏ l ਉਦੋਂ ਫੋਨ ਨਹੀਂ ਸਨ ਅਤੇ ਵਟਸਐਪ ਵੀ ਨਹੀਂ ਸੀ l ਜੋ ਵਿਰਲੇ ਵਿਰਲੇ ਫੋਨ ਸਨ ਉਨ੍ਹਾਂ ਤੋਂ ਫੋਨ ਕਰਨਾ 3 ਡਾਲਰ ਪ੍ਰਤੀ ਮਿੰਟ ਹੁੰਦਾ ਸੀ, ਗੱਲ ਵੀ ਔਖੀ ਸੁਣਦੀ ਸੀ ਅਤੇ ਏਨੇ ਪੈਸੇ ਵੀ ਨਹੀਂ ਹੁੰਦੇ ਸਨ l ਗੱਲਬਾਤ ਚਿੱਠੀ ਰਾਹੀਂ ਹੀ ਹੁੰਦੀ ਸੀ l
ਨਿਊਜ਼ੀਲੈਂਡ ਵਿੱਚ ਪਹਿਲੇ ਸਾਲ ਕੰਮ ਬਹੁਤ ਘੱਟ ਮਿਲਿਆ l ਜਿਹੜਾ ਮਿਲਿਆ ਉਸ ਦੇ ਪੈਸੇ ਵੀ ਪੁਰਾਣੇ ਆਏ ਹੋਏ ਪੰਜਾਬੀ ਹੇਰਾ ਫੇਰੀ ਕਰਕੇ ਖਾ ਗਏ l ਉਨ੍ਹਾਂ ਦਿਨਾਂ ਵਿੱਚ ਇਥੇ ਕੋਈ ਆਟਾ ਜਾਂ ਕਰਿਆਨੇ ਦਾ ਸਮਾਨ ਵੀ ਕੱਚੇ ਬੰਦਿਆਂ ਨੂੰ ਉਧਾਰ ਨਹੀਂ ਦਿੰਦਾ ਸੀ l
ਬੇਗ਼ਾਨੇ ਮੁਲਕ ਵਿੱਚ ਬਿਨਾਂ ਵੀਜ਼ਾ, ਬਿਨਾਂ ਭਾਸ਼ਾ, ਬਿਨਾਂ ਕਾਰ, ਬਿਨਾਂ ਘਰ, ਬਿਨਾਂ ਨੌਕਰੀ, ਬਿਨਾਂ ਕਿਸੇ ਰਿਸ਼ਤੇਦਾਰੀ ਅਤੇ ਬਿਨਾਂ ਪੈਸੇ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ? ਇਸ ਦਾ ਅੰਦਾਜ਼ਾ ਸ਼ਾਇਦ ਉਹ ਵਿਅਕਤੀ ਹੀ ਸਹੀ ਲਗਾ ਸਕਦਾ ਹੈ ਜਿਸ ਨੇ ਉਹ ਹਲਾਤ ਹੰਢਾਏ ਹੋਣ l
ਇਸ ਤਰ੍ਹਾਂ ਦੇ ਹਲਾਤਾਂ ਵਿੱਚ ਹੀ ਭੈਣ (ਭਤੀਜੀ) ਦੀ ਰੱਖੜੀ ਆ ਗਈ l ਉਸ ਸਮੇਂ ਮੈਂ ਨਿਊਜ਼ੀਲੈਂਡ ਦੇ ਹੇਸਟਿੰਗਸ ਸ਼ਹਿਰ ਦੀ ਰੋਪਾਰੀ ਰੋਡ (Raupare Road) ਦੇ ਇੱਕ ਬਾਗ ਵਿੱਚ ਲੱਗੇ ਤੰਬੂਆਂ ਵਿੱਚ ਰਹਿੰਦਾ ਹੁੰਦਾ ਸੀ ਜਿੱਥੇ ਮੀਂਹ ਵੇਲੇ ਸਾਡੇ ਤੰਬੂਆਂ ਵਿੱਚ ਪਾਣੀ ਵੜ੍ਹ ਜਾਣਾ, ਕੋਰੇ ਵੇਲੇ ਸਲ੍ਹਾਬ ਨਾਲ ਗਿੱਲੇ ਹੋਏ ਗੱਦਿਆਂ ਉੱਪਰ ਸੌਂ ਜਾਣਾ ਅਤੇ ਸਵੇਰ ਤੱਕ ਰਜ਼ਾਈਆਂ ਵੀ ਪਾਣੀ ਪਾਣੀ ਹੋ ਜਾਣੀਆਂ l ਬਰਫ਼ ਜੰਮੇ ਪਾਣੀ ਨਾਲ ਹੀ ਨਹਾਉਣਾ ਪੈਂਦਾ ਸੀ l
ਭੈਣ ਵਲੋਂ ਆਈ ਰੱਖੜੀ ਭਾਵੇਂ ਕਿਸੇ ਤੋਹਫੇ ਦੀ ਮੁਹਤਾਜ਼ ਨਹੀਂ ਹੁੰਦੀ ਸਗੋਂ ਇਹ ਪਿਆਰ ਦੀ ਨਿਸ਼ਾਨੀ ਹੁੰਦੀ ਹੈ ਪਰ ਸਮਾਜ ਦੀ ਬਣੀ ਰੀਤ ਮੁਤਾਬਕ ਮੈਂ ਭੈਣ ਨੂੰ ਤੋਹਫ਼ਾ ਭੇਜਣਾ ਚਾਹੁੰਦਾ ਸੀ ਪਰ ਉਸ ਸਮੇਂ ਮੇਰੇ ਕੋਲ ਸਿਰਫ ਨਿਊਜ਼ੀਲੈਂਡ ਦਾ ਇੱਕ ਡਾਲਰ ਸੀ ਭਾਵ ਉਸ ਸਮੇਂ ਮੈਂ ਇੰਡੀਆ ਨਾਲੋਂ ਵੀ ਗਰੀਬ ਹੋ ਗਿਆ ਸੀ ਜਾਂ ਕਿਹਾ ਜਾ ਸਕਦਾ ਹੈ ਕਿ ਦਰੱਖਤ ਦੇ ਪੱਤੇ ਝੜ ਗਏ ਸਨ ਪਰ ਹੌਂਸਲਾ ਅਜੇ ਵੀ ਬੁਲੰਦ ਸੀ l
ਉਸ ਸਮੇਂ ਨਿਊਜ਼ੀਲੈਂਡ ਵਿੱਚ ਇੱਕ ਡਾਲਰ ਕਾਗਜ਼ ਦਾ ਹੁੰਦਾ ਸੀ l ਮੈਂ ਉਹੀ ਡਾਲਰ ਭੈਣ ਨੂੰ ਚਿੱਠੀ ਵਿੱਚ ਭੇਜਿਆ ਅਤੇ ਚਿੱਠੀ ਵਿੱਚ ਲਿਖਿਆ ਕਿ ਇਹ ਤੇਰੇ ਭਰਾ ਦਾ ਆਖਰੀ ਬਚਿਆ ਹੋਇਆ ਡਾਲਰ ਹੈ ਜੋ ਭੇਜ ਰਿਹਾ ਹਾਂ l ਭਾਵ ਉਹ ਇੱਕੋ ਡਾਲਰ ਹੀ ਏਨਾ ਕੀਮਤੀ ਹੋ ਗਿਆ ਸੀ l
ਭੈਣ ਨੇ ਵੀ ਉਹ ਡਾਲਰ ਸਾਂਭ ਕੇ ਰੱਖਿਆ, ਬਾਦ ਵਿੱਚ ਭੈਣ ਦਾ ਵਿਆਹ ਹੋਇਆ ਅਤੇ ਫਿਰ ਕਨੇਡਾ ਚਲੀ ਗਈ l ਇਸ ਦੌਰਾਨ ਉਨ੍ਹਾਂ ਕਈ ਘਰ ਬਦਲੇ l ਅੱਜ 35 ਸਾਲ ਬੀਤ ਜਾਣ ਤੋਂ ਬਾਦ ਵੀ ਭੈਣ ਨੇ ਉਹ ਡਾਲਰ ਸਾਂਭ ਕੇ ਰੱਖਿਆ ਹੋਇਆ ਹੈ ਕਿ ਇਹ ਉਸ ਦੇ ਭਰਾ ਦੀ ਬੇਗ਼ਾਨੇ ਮੁਲਕ ਵਿੱਚ ਸਖਤ ਮਿਹਨਤ ਦੀ ਕੀਤੀ ਕਮਾਈ ਸੀ l
ਰੱਖੜੀ ਦਾ ਧਾਗਾ ਭਾਵੇਂ ਹੋਰ ਕੁੱਝ ਨਾ ਬਦਲ ਸਕੇ ਪਰ ਇਹ ਵਿੱਛੜ ਗਏ ਆਪਣਿਆਂ ਨੂੰ ਪਿਆਰ ਦਾ ਅਹਿਸਾਸ ਕਰਾਉਂਦਾ ਹੈ, ਉਨ੍ਹਾਂ ਨੂੰ ਇਕੱਠੇ ਕਰਨ ਵਿੱਚ ਸਹਾਈ ਹੁੰਦਾ ਹੈ ਅਤੇ ਬੀਤੀਆਂ ਯਾਦਾਂ ਨੂੰ ਤਾਜ਼ਾ ਕਰਵਾ ਦਿੰਦਾ ਹੈ l
ਸੋ ਉਸ ਪੱਤਝੜ ਤੋਂ ਬਾਦ ਮੇਰੇ ਤੇ ਵੀ ਬਹਾਰ ਆਈ ਸੀ ਤੇ ਮੈਂ ਵੱਖ ਵੱਖ ਖੇਤਰਾਂ ਵਿੱਚ ਜ਼ਿਕਰਯੋਗ ਤਰੱਕੀ ਕੀਤੀ ਸੀ l ਜ਼ਿਕਰਯੋਗ ਤਰੱਕੀ ਮੈਂ ਇਕੱਲੇ ਨੇ ਨਹੀਂ ਕੀਤੀ ਸੀ ਬਲਕਿ ਭਾਈਚਾਰੇ ਵਿੱਚੋਂ ਹਜ਼ਾਰਾਂ ਲੋਕਾਂ ਨੂੰ ਇਸ ਤਰੱਕੀ ਦੇ ਰਾਹ ਤੋਰ ਦਿੱਤਾ ਸੀ ਅਤੇ ਨਾਲ ਦੀ ਨਾਲ ਬਹੁਤ ਸਾਰੇ ਗੋਰਿਆਂ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੂੰ ਤਰੱਕੀ ਦੇ ਰਾਹ ਤੋਰ ਦਿੱਤਾ ਸੀ l
ਪੱਤਝੜ ਵੇਲੇ ਮੈਂ ਇਕੱਲਾ ਸੀ, ਫਿਰ ਨਵਾਂ ਪੁੰਗਾਰਾ ਫੁੱਟਿਆ, ਨਵੇਂ ਪੱਤੇ ਫੁੱਟੇ, ਨਵੀਆਂ ਟਾਹਣੀਆਂ ਆਈਆਂ, ਫਲ ਲੱਗੇ, ਵਿਆਹ ਹੋਇਆ, ਬੱਚੇ ਹੋਏ ਅਤੇ ਸਹੁਰਾ ਪਰਿਵਾਰ ਵਿੱਚੋਂ ਰਿਸ਼ਤੇਦਾਰ ਨਿਊਜ਼ੀਲੈਂਡ ਆਏ ਅਤੇ ਘਰ ਰੌਣਕਾਂ ਨਾਲ ਭਰ ਗਿਆ l
ਥੱਲੇ ਦਿੱਤੀਆਂ ਫੋਟੋਆਂ ਵਿੱਚ ਸਾਡੇ ਪਰਿਵਾਰਿਕ ਮੈਂਬਰ ਅਤੇ ਸਹੁਰਾ ਪਰਿਵਾਰ ਦੇ ਮੈਂਬਰ ਇਸ ਰੱਖੜੀ ਵੇਲੇ ਸ਼ਾਮਿਲ ਹਨ l ਭੈਣ ਅਤੇ ਬਾਕੀ ਪਰਿਵਾਰ ਕਨੇਡਾ ਵਿੱਚ ਹੈ ਜਿਨ੍ਹਾਂ ਨੂੰ ਅੱਜ ਦੇ ਦਿਨ ਤੇ ਬਹੁਤ ਯਾਦ ਕਰ ਰਹੇ ਹਾਂ l ਭੈਣ ਵਲੋਂ ਅੱਜ ਵੀ ਰੱਖੜੀਆਂ ਆਈਆਂ ਹਨ ਜਿਨ੍ਹਾਂ ਨੂੰ ਬੰਨ੍ਹ ਕੇ ਉਸ ਨੂੰ ਯਾਦ ਕਰ ਰਿਹਾ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly