ਰੱਖੜੀ ਕਰਵਾ ਚੌਥ ਸਾਡੇ ਤਿਉਹਾਰ

(ਸਮਾਜ ਵੀਕਲੀ)  ਰੱਖੜੀ, ਕਰਵਾ ਚੌਥ,ਅਹੋਈ, ਝੱਕਰੀ ਵਰਗੇ ਤਿਉਹਾਰ ਜਿਨ੍ਹਾਂ ਵਿੱਚੋਂ ਔਰਤ ਗ਼ੁਲਾਮੀ ਝਲਕਦੀ ਹੋਵੇ ਮੈਂ ਮੰਨਣ ਤੋਂ ਇਨਕਾਰੀ ਹਾਂ।ਜਿਸ ਬਰਾਬਰਤਾ ਦੇ ਸਮਾਜ ਦੀ ਅਸੀਂ ਗੱਲ ਕਰਦੇ ਹਾਂ ।ਉਸ ਵਿੱਚ ਜਾਤ,ਗੋਤ, ਧਰਮ, ਮਜ਼੍ਹਬ ਫਿਰਕੇ ,ਖਿੱਤੇ ਦੇ ਵਖਰੇਵੇੱ ਦੇ ਨਾਲ਼ ਲਿੰਗ ਭੇਦ ਕਰਨ ਦੀ ਵੀ ਮਨ੍ਹਾਹੀ ਹੈ।ਔਰਤ ਨੂੰ ਛੁਟਿਆਉਣ ਅਤੇ ਮਰਦ ਨੂੰ ਵਡਿਆਉਣ ਵਾਲ਼ੀਆਂ ਰਸਮਾਂ ਮੈਨੂੰ ਪਸੰਦ ਨਹੀਂ।  ਰੱਖੜੀ ਵਾਲ਼ੇ ਦਿਨ ਉਹ ਭੈਣਾਂ ਬਹੁਤ ਰੋਂਦੀਆਂ ਹਨ ਜਿਨ੍ਹਾਂ ਦੇ ਭਰਾ ਨਹੀਂ ਹੁੰਦਾ।ਫਿਰ ਉਹ ਕੀ ਤਿਉਹਾਰ ਹੋਇਆ ਜੋ ਇੱਕ ਪਾਸੇ ਖ਼ੁਸ਼ੀ ਅਤੇ ਦੂਜੇ ਪਾਸੇ ਗ਼ਮੀ ਪਰੋਸੇ ।ਕੀ ਭਰਾਵਾਂ ਤੋਂ ਸੱਖਣੀਆਂ ਭੈਣਾਂ ਨੂੰ ਅਭਾਗਣਾ,ਵਿਚਾਰੀਆਂ ਅਤੇ ਸਰਾਪੀਆਂ ਕਹਿ ਕੇ ਉਹਨਾਂ ਦਾ ਮਨੋਬਲ ਡੇਗਣਾ ਜ਼ਾਇਜ਼ ਹੈ?ਅੱਜ ਧੀਆਂ ਸਰਹੱਦਾਂ ਦੀ ਰਾਖੀ ਕਰ ਰਹੀਆਂ ਹਨ ਉਹ ਆਪਣੀ ਰਾਖੀ ਦੀਆਂ ਮੁਥਾਜ ਨਹੀਂ।ਬਾ-ਸ਼ਰਤ ਮਹੌਲ ਸਾਜਗਾਰ ਹੋਵੇ।ਅੱਜ ਉਹ ਕੋਈ ਖੇਤਰ ਨਹੀਂ ਜੋ ਔਰਤ ਤੋਂ ਅਛੋਹ ਰਿਹਾ ਹੋਵੇ।ਹਰ ਥਾਂ ਉਸ ਨੇ ਅਮਿੱਟ ਪੈੜਾਂ ਪਾਈਆਂ ਹਨ। ਜੇਕਰ ਇਹ ਤਿਉਹਾਰ ਪਿਆਰ ਦੇ ਪ੍ਰਤੀਕ ਵਜੋਂ ਮਨਾਏ ਜਾਂਦੇ ਹਨ ਤਾਂ ਭਰਾ ਵੀ ਭੈਣਾਂ ਦੇ ਰੱਖੜੀ ਬੰਨ੍ਹਣ ਅਤੇ ਭੈਣਾਂ ਭੈਣਾਂ ਵੀ ਇੱਕ ਦੂਸਰੇ ਦੇ ਬੰਨ੍ਹਣ ਜਾਂ ਫਿਰ ਸਾਰੇ ਰਿਸ਼ਤੇ ਨਾਤੇ ਇੱਕ ਦੂਜੇ ਦੇ ਪਿਆਰ ਦੀ ਤੰਦ ਬੰਨ੍ਹ ਕੇ ਆਪਣੀ ਸਾਂਝ ਪੀਡੀ ਕਰਨ। ਇਤਿਹਾਸ ਮਿਥਿਹਾਸ ਮੁਤਾਬਕ ਰਾਖੀ ਦਾ ਵਚਨ ਲੈਣ ਵਾਲ਼ੀ ਗੱਲ ਵੀ ਉਦੋਂ ਨਿਰਾਰਥਕ ਹੋ ਜਾਂਦੀ ਹੈ ਜਦੋਂ ਭਾਰਤੀ ਬਹੂ ਬੇਟੀਆਂ ਗਜ਼ਨੀ ਦੇ ਬਜ਼ਾਰ ਵਿੱਚ ਟਕੇ ਟਕੇ ਨੂੰ ਵਿਕ ਰਹੀਆਂ ਸਨ । ਕਿੱਥੇ ਗਿਆ ਸੀ ਉਂਦੋਂ ਰਾਖੀ (ਰਖਵਾਲੀ) ਦਾ ਦਿੱਤਾ ਬਚਨ।ਔਰਤ ਪਤੀ ਦੀ ਲੰਮੀ ਆਰਜ਼ੂ ਲਈ ਵਰਤ ਰੱਖਦੀ ਹੈ ਤਾਂ ਪਤੀ ਕਿਉਂ ਨਹੀਂ ?ਅਜਿਹੇ ਸਵਾਲ ਮੇਰੇ ਮਨ ਮਸਤਕ ਵਿੱਚ ਖ਼ਲਲ ਪਾਉਂਦੇ ਹਨ।ਬਾਕੀ ਸੋਚ ਆਪੋ ਆਪਣੀ ਵਿਚਾਰ ਆਪੋ ਆਪਣੇ….ਬਹੁਤੇ ਮੇਰੇ ਵਿਚਾਰਾਂ ਨਾਲ਼ ਸਹਿਮਤ ਵੀ ਨਹੀਂ ਹੋਣਗੇ। ਮੈਂ ਤਿੰਨ ਭਰਾਵਾਂ ਦੀ ਇਕੱਲੀ ਭੈਣ ਹਾਂ ।ਭਰਾਵਾਂ ਨਾਲ਼ ਅੰਤਾਂ ਦਾ ਮੋਹ ਹੈ ਪਰ ਮੈਂ ਕਦੇ ਰੱਖੜੀ ਨਹੀਂ ਬੰਨ੍ਹੀ।

ਖ਼ੈਰ……ਸਭ ਰਿਸ਼ਤੇ ਸਲਾਮਤ ਰਹਿਣ…… ਦੁਆਵਾਂ…… ਜਗਜੀਤ ਕੌਰ ਢਿੱਲਵਾਂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article~~ ਸਮ੍ਰਿਤੀ ~~
Next article*ਖੂਬਸੂਰਤ ਗੀਤ ਲਿਖਣ ਵਾਲਾ:-ਗੀਤਕਾਰ ਤਰਸੇਮ ਖਾਸਪੁਰੀ*