ਨਵੀਂ ਦਿੱਲੀ (ਸਮਾਜ ਵੀਕਲੀ): ਰਾਜ ਸਭਾ ਦੇ 12 ਮੈਂਬਰਾਂ ਨੂੰ ਮੁਅੱਤਲ ਕਰਨ ਖ਼ਿਲਾਫ਼ ਅੱਜ ਵਿਰੋਧੀ ਧਿਰ ਦੇ ਚੋਟੀ ਦੇ ਆਗੂ ਸੰਸਦ ਕੰਪਲੈਕਸ ’ਚ ਧਰਨੇ ’ਤੇ ਬੈਠ ਗਏ ਤੇ ਮੁਅੱਤਲ ਮੈਂਬਰਾਂ ਨੂੰ ਆਪਣਾ ਸਮਰਥਨ ਦਿੱਤਾ। ਬਾਰਾਂ ਮੁਅੱਤਲ ਮੈਂਬਰਾਂ ਨਾਲ ਰੋਸ ਜ਼ਾਹਿਰ ਕਰਨ ਵਾਲਿਆਂ ਵਿਚ ਰਾਜ ਸਭਾ ਦੇ ਮੈਂਬਰ ਮਲਿਕਾਰਜੁਨ ਖੜਗੇ, ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ, ਸਪਾ ਆਗੂ ਅਖਿਲੇਸ਼ ਯਾਦਵ ਤੇ ‘ਆਪ’ ਆਗੂ ਸੰਜੈ ਸਿੰਘ ਸ਼ਾਮਲ ਸਨ। ਸੰਸਦ ਮੈਂਬਰ ਰੋਸ ਵਜੋਂ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨੇ ਉਤੇ ਬੈਠੇ ਹੋਏ ਹਨ। ਉਹ ਮੁਅੱਤਲੀ ਨੂੰ ਗ਼ੈਰ-ਲੋਕਤੰਤਰਿਕ ਤੇ ਉਪਰਲੇ ਸਦਨ ਦੇ ਨਿਯਮਾਂ ਦੇ ਖ਼ਿਲਾਫ਼ ਦੱਸ ਰਹੇ ਹਨ।
ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰਿਵੰਸ਼ ਨੇ ਅੱਜ ਕਿਹਾ ਕਿ ਪਿਛਲੇ ਸੈਸ਼ਨ ਨੂੰ ਮੁਲਤਵੀ ਕਰਨ ਬਾਰੇ ਰਾਸ਼ਟਰਪਤੀ ਦਾ ਹੁਕਮ ਪੂਰੀ ਪ੍ਰਕਿਰਿਆ ਦਾ ਪਾਲਣ ਕਰਨ ਮਗਰੋਂ ਹੀ ਲਾਗੂ ਕੀਤਾ ਗਿਆ ਸੀ। ਇਹ ਟਿੱਪਣੀ ਉਨ੍ਹਾਂ 12 ਮੈਂਬਰਾਂ ਨੂੰ ਮੌਜੂਦਾ ਸੈਸ਼ਨ (255ਵੇਂ) ਵਿਚ ਮੁਅੱਤਲ ਕਰਨ ਦੇ ਸੰਦਰਭ ਵਿਚ ਕੀਤੀ ਜਿਨ੍ਹਾਂ ਨੂੰ 11 ਅਗਸਤ ਨੂੰ ਮੁਲਤਵੀ ਹੋਏ ਪਿਛਲੇ ਸੈਸ਼ਨ ਵਿਚ ਕੀਤੇ ਵਿਹਾਰ ਲਈ ਮੁਅੱਤਲ ਕੀਤਾ ਗਿਆ ਹੈ। ਕਾਂਗਰਸ ਦੇ ਰਾਜ ਸਭਾ ਮੈਂਬਰ ਆਨੰਦ ਸ਼ਰਮਾ ਨੇ ਚੇਅਰਮੈਨ ਤੋਂ ਇਸ ਬਾਰੇ ਸਵਾਲ ਪੁੱਛਿਆ ਸੀ ਕਿ ਕੀ 254ਵੇਂ ਸੈਸ਼ਨ ਨੂੰ ਮੁਲਤਵੀ ਪੂਰੇ ਨੇਮਾਂ ਤਹਿਤ ਕੀਤਾ ਗਿਆ ਸੀ ਜਾਂ ਨਹੀਂ। ਉਨ੍ਹਾਂ ਇਹ ਵੀ ਪੁੱਛਿਆ ਸੀ ਕਿ ਕੀ ਮੌਜੂਦਾ ਸੈਸ਼ਨ 254ਵੇਂ ਸੈਸ਼ਨ ਦਾ ਹੀ ਹਿੱਸਾ ਹੈ ਜਾਂ ਵੱਖਰਾ ਹੈ।
ਮੁਅੱਤਲੀ ਦਾ ਜ਼ਿਕਰ ਕੀਤੇ ਬਿਨਾਂ ਹਰਿਵੰਸ਼ ਨੇ ਕਿਹਾ ਕਿ ‘ਸੈਸ਼ਨ’ ਸ਼ਬਦ ਦੀ ਨਾ ਤਾਂ ਸੰਵਿਧਾਨ ਵਿਚ ਵਿਆਖਿਆ ਕੀਤੀ ਗਈ ਹੈ ਤੇ ਨਾ ਹੀ ਰਾਜ ਸਭਾ ਲਈ ਬਣੇ ਨੇਮਾਂ ਵਿਚ ਇਸ ਬਾਰੇ ਕੁਝ ਹੈ। ਵਿਰੋਧੀ ਧਿਰ ਨੇ ਅੱਜ ਕਿਹਾ ਕਿ ਉਹ ਮੁਆਫ਼ੀ ਨਹੀਂ ਮੰਗੇਗੀ ਤੇ ਸਰਕਾਰ ਦੇ ਰਵੱਈਏ ਦੀ ਨਿਖੇਧੀ ਕੀਤੀ। ਕੁਝ ਲੋਕ ਸਭਾ ਮੈਂਬਰ ਵੀ ਰਾਜ ਸਭਾ ਮੈਂਬਰਾਂ ਨਾਲ ਧਰਨੇ ’ਤੇ ਬੈਠੇ। ਇਸੇ ਦੌਰਾਨ ਰਾਜ ਸਭਾ ਨੇ ਵਿਰੋਧੀ ਧਿਰ ਦੇ ਬਾਈਕਾਟ ਵਿਚਾਲੇ ਦੋ ਬਿੱਲ ਪਾਸ ਕਰ ਦਿੱਤੇ। ਵਿਰੋਧੀ ਧਿਰ ਨੇ ਮੁਅੱਤਲ ਕੀਤੇ ਗਏ ਮੈਂਬਰਾਂ ਦੇ ਸਮਰਥਨ ਵਿਚ ਸਦਨ ਦਾ ਬਾਈਕਾਟ ਕੀਤਾ ਸੀ। ਸਦਨ ਨੇ ਇਸ ਦੌਰਾਨ ‘ਅਸਿਸਟੇਡ ਰੀਪ੍ਰੋਡਕਟਿਵ ਟੈਕਨੋਲੋਜੀ ਬਿੱਲ ਤੇ ‘ਸਰੋਗੇਸੀ ਰੈਗੂਲੇਸ਼ਨ ਬਿੱਲ’ ਪਾਸ ਕਰ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly