ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਅੱਜ ਉਨ੍ਹਾਂ ਦੀ 77ਵੀਂ ਜਨਮ ਵਰ੍ਹੇਗੰਢ ’ਤੇ ਸ਼ਰਧਾਂਜਲੀਆਂ ਦਿੱਤੀਆਂ ਹਨ। ਪਾਰਟੀ ਨੇ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਨਜ਼ਰੀਆ ਬਹੁਤ ਵਿਸ਼ਾਲ ਸੀ ਤੇ ਉਨ੍ਹਾਂ ਦੀਆਂ ਦੂਰਦਰਸ਼ੀ ਨੀਤੀਆਂ ਨਾਲ ਆਧੁਨਕਿ ਭਾਰਤ ਦੇ ਨਿਰਮਾਣ ਵਿੱਚ ਵੱਡੀ ਮਦਦ ਮਿਲੀ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀਰ ਭੂਮੀ ਜਾ ਕੇ ਆਪਣੇ ਪਿਤਾ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ। ਰਾਹੁਲ ਗਾਂਧੀ ਨੇ ਉਥੇ ਕੁਝ ਸਮਾਂ ਵੀ ਗੁਜ਼ਾਰਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀਆਂ ਦਿੱਤੀਆਂ ਹਨ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਗਰੋਂ ਇਕ ਫੇਸਬੁੱਕ ਪੋਸਟ ਵਿੱਚ ਕਿਹਾ, ‘‘ਰਾਜੀਵ ਗਾਂਧੀ ਜੀ ਅਜਿਹੇ ਵਿਅਕਤੀ ਸਨ, ਜਿਨ੍ਹਾਂ ਦਾ ਨਜ਼ਰੀਆ ਬਹੁਤ ਵਿਸ਼ਾਲ ਸੀ ਤੇ ਉਨ੍ਹਾਂ ਦੀਆਂ ਦੂਰਦਰਸ਼ੀ ਨੀਤੀਆਂ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਮਦਦਗਾਰ ਸਾਬਤ ਹੋਈਆਂ। ਉਹ ਇਕ ਸ਼ਾਨਦਾਰ ਪਿਤਾ, ਦਿਆਲੂ ਤੇ ਪਿਆਰ ਕਰਨ ਵਾਲੇ ਇਨਸਾਨ ਸਨ। ਉਹ ਹਮੇਸ਼ਾਂ ਮੇਰੇ ਦਿਲ ਵਿੱਚ ਜਿਊਂਦੇ ਰਹਿਣਗੇ। ਮੈਂ ਵੀਰ ਭੂਮੀ ਵਿੱਚ ਉਨ੍ਹਾਂ ਨੂੰ ਆਪਣਾ ਸਤਿਕਾਰ ਭੇਟ ਕੀਤਾ।’
ਇਸ ਮੌਕੇ ਸੀਨੀਅਰ ਕਾਂਗਰਸ ਆਗੂ ਪਵਨ ਕੁਮਾਰ ਬਾਂਸਲ, ਕੇ.ਸੀ.ਵੇਣੂਗੋਪਾਲ ਤੇ ਇੰਡੀਅਨ ਯੂਥ ਕਾਂਗਰਸ (ਆਈਵਾਈਸੀ) ਦੇ ਮੁਖੀ ਸ੍ਰੀਨਿਵਾਸ ਬੀ.ਵੀ ਵੀ ਰਾਹੁਲ ਨਾਲ ਮੌਜੂਦ ਸਨ। ਰਾਹੁਲ ਗਾਂਧੀ ਨੇ ਫੇਸਬੁੱਕ ’ਤੇ ਆਪਣੇ ਪਿਤਾ ਦੇ ਇਕ ਕਥਨ ਦਾ ਹਵਾਲਾ ਦਿੰਦਾ ਲਿਖਿਆ, ‘‘ਧਰਮਨਿਰਪੱਖ ਭਾਰਤ ਹੀ ਇਕੋ ਇਕ ਭਾਰਤ ਹੈ, ਜੋ ਜਿਊਂਦਾ ਰਹਿ ਸਕਦਾ ਹੈ।’’ ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਸੰਸਦ ਭਵਨ ਵਿੱਚ ਸ਼ਰਧਾਂਜਲੀਆਂ ਦਿੱਤੀਆਂ। ਰਾਹੁਲ ਗਾਂਧੀ ਨੇ ਆਪਣੇ ਪਿਤਾ ਨੂੰ ਸਮਰਪਿਤ ਫੋਟੋ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ, ਜੋ ਕਿ ਇੰਡੀਅਨ ਯੂਥ ਕਾਂਗਰਸ ਵੱਲੋਂ ਵਿਉਂਤੀ ਗਈ ਸੀ। ਉਨ੍ਹਾਂ ਯੂਥ ਕਾਂਗਰਸ ਦੇ ਹੈੱਡਕੁਆਰਟਰ ’ਤੇ ਸਾਬਕਾ ਪ੍ਰਧਾਨ ਮੰਤਰੀ ਦੇ ਬੁੱਤ ਦੀ ਘੁੰਡ ਚੁਕਾਈ ਵੀ ਕੀਤੀ।
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਪਿਤਾ ਰਾਜੀਵ ਗਾਂਧੀ ਨਾਲ ਆਪਣੇ ਬਚਪਨ ਦੀਆਂ ਤਸਵੀਰਾਂ ਪੋਸਟ ਕਰਕੇ ਸ਼ਰਧਾਂਜਲੀ ਦਿੱਤੀ। ਕਾਂਗਰਸ ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕੀਤੇ ਟਵੀਟ ਵਿੱਚ ਰਾਜੀਵ ਗਾਂਧੀ ਨੂੰ 21ਵੀਂ ਸਦੀ ਦੇ ਭਾਰਤ ਦਾ ਨਿਰਮਾਤਾ ਦੱਸਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਛੱਤੀਸਗੜ੍ਹ ਦੇ ਉਨ੍ਹਾਂ ਦੇ ਹਮਰੁਤਬਾ ਭੁਪੇਸ਼ ਬਘੇਲ ਨੇ ਵੀ ਸਾਬਕਾ ਪ੍ਰਧਾਨ ਮੰਤਰੀ ਨੂੰ ਸ਼ਰਧਾਂਜਲੀਆਂ ਦਿੱਤੀਆਂ। ਸੀਨੀਅਰ ਪਾਰਟੀ ਆਗੂ ਕਪਿਲ ਸਿੱਬਲ, ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ, ਮਲਿਕਾਰਜੁਨ ਖੜਗੇ, ਸ਼ਸ਼ੀ ਥਰੂਰ, ਸਚਿਨ ਪਾਇਲਟ, ਸਲਮਾਨ ਖੁਰਸ਼ੀਦ ਨੇ ਵੀ ਵੱਖੋ ਵੱਖਰੇ ਟਵੀਟ ਕਰਕੇ ਰਾਜੀਵ ਗਾਂਧੀ ਨੂੰ ਯਾਦ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly