ਚੰਡੀਗੜ੍ਹ (ਸਮਾਜ ਵੀਕਲੀ): ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜਨਮ ਤਰੀਕ ਬਾਰੇ ਕੋਈ ਇਲਮ ਨਹੀਂ ਹੈ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰਾਜਾ ਵੜਿੰਗ ਅੱਜ ਉਦੋਂ ਕਸੂਤੀ ਸਥਿਤੀ ਵਿੱਚ ਫਸ ਗਏ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਤੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਬਾਰੇ ਪੁੱਛ ਲਿਆ। ਅੱਗਿਓਂ ਰਾਜਾ ਨੇ ਚੁੱਪ ਵੱਟ ਲਈ ਜਿਸ ਤੋਂ ਸਾਫ ਸੀ ਕਿ ਉਹ ਸ਼ਹੀਦ ਭਗਤ ਸਿੰਘ ਦੀ ਜਨਮ ਤਰੀਕ ਤੋਂ ਅਣਜਾਣ ਹਨ। ਰਾਜਾ ਵੜਿੰਗ ਆਪਣੇ ਜਾਲ ’ਚ ਖੁ਼ਦ ਹੀ ਫਸ ਗਏ। ਮੁੱਖ ਮੰਤਰੀ ਭਗਵੰਤ ਮਾਨ ਅੱਜ ਸਦਨ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸਮੁੱਚੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕਰ ਕੇ ਹੀ ਹਟੇ ਸਨ ਕਿ ਰਾਜਾ ਵੜਿੰਗ ਨੇ ਅੱਗਿਓਂ ਮੁੱਦਾ ਉਠਾ ਦਿੱਤਾ ਕਿ ਛੁੱਟੀ ਕਰਨ ਦੀ ਥਾਂ ਚੰਗਾ ਹੋਵੇਗਾ ਕਿ ਜੇਕਰ ਬੱਚਿਆਂ ਨੂੰ ਇਸ ਦਿਨ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਬਾਰੇ ਦੱਸਿਆ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸੀਟ ਤੋਂ ਉੱਠੇ ਅਤੇ ਉਨ੍ਹਾਂ ਨੇ ਵੜਿੰਗ ਨੂੰ ਸਿੱਧਾ ਸਵਾਲ ਕੀਤਾ, ‘‘ਰਾਜਾ ਜੀ, ਤੁਹਾਨੂੰ ਪਤੈ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੁੰਦਾ ਹੈ।’’ਰਾਜਾ ਵੜਿੰਗ ਦੀ ਚੁੱਪ ਨੂੰ ਦੇਖਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ‘ਨੋਟ ਕਰੋ, ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਹੁੰਦਾ ਹੈ।’ ਮਗਰੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੜਿੰਗ ਨੂੰ ਇਸ ਮੁੱਦੇ ’ਤੇ ਬਹਿਸ ਵਿੱਚ ਪੈਣ ਤੋਂ ਰੋਕਿਆ। ਇਸ ਮੌਕੇ ਸਦਨ ਵਿੱਚ ਮੌਜੂਦ ਨਵੇਂ ਚਿਹਰੇ ਵੜਿੰਗ ਦੀ ਇਸ ਅਗਿਆਨਤਾ ’ਤੇ ਹੱਸ ਰਹੇ ਸਨ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਇਸ ਮੌਕੇ ਅੰਦਰੋ-ਅੰਦਰੀ ਖੁਸ਼ ਨਜ਼ਰ ਆਏ। ਸੈਸ਼ਨ ਦੀ ਸਮਾਪਤੀ ਮਗਰੋਂ ‘ਆਪ’ ਵਿਧਾਇਕਾਂ ਨੇ ਤਨਜ਼ ਕੱਸੇ ਕਿ ਕਾਂਗਰਸੀ ਆਗੂਆਂ ਨੂੰ ਤਾਂ ਸਿਰਫ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਜਨਮ ਦਿਨ ਦਾ ਪਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly