ਨਵੀਂ ਦਿੱਲੀ (ਸਮਾਜ ਵੀਕਲੀ): ਜਾਗੋ ਪਾਰਟੀ ਦੇ ਰਾਜੌਰੀ ਗਾਰਡਨ ਤੋਂ ਉਮੀਦਵਾਰ ਰਾਜਾ ਬਲਦੀਪ ਸਿੰਘ ਨੇ ਇਸ ਇਲਾਕੇ ਦੀ ਅਹਿਮ ਸ਼ਖ਼ਸੀਅਤ ਸ਼ਾਹ ਸਾਹਿਬ ਜੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਤੋਂ ਸਮਰਥਨ ਮੰਗਿਆ।
ਉਮੀਦਵਾਰ ਵੱਲੋਂ ਸੁਭਾਸ਼ ਨਗਰ ਵਿੱਚ ਆਪਣੇ ਸਮਰਥਕਾਂ ਨਾਲ ਲਗਾਤਾਰ ਸੰਪਰਕ ਮੁਹਿੰਮ ਦੀ ਨੀਤੀ ਉੱਪਰ ਅਮਲ ਕੀਤਾ ਜਾ ਰਿਹਾ ਹੈ ਤੇ ਇਸੇ ਲੜੀ ਤਹਿਤ ਉਹ ਸ਼ਾਹ ਸਾਹਿਬ ਨੂੰ ਮਿਲ ਤੇ ਆਪਣੀਆਂ ਨੀਤੀਆਂ ਬਾਰੇ ਦੱਸਿਆ। ਸ਼ਾਹ ਜੀ ਵੱਲੋਂ ਰਾਜੌਰੀ ਗਾਰਡਨ ਸਿੰਘ ਸਭਾ ਦੇ ਹਸਪਤਾਲਾਂ ਨਾਲ ਜੁੜੇ ਕਾਰਜਾਂ ਦਾ ਕਈ ਵਾਰ ਉਦਘਾਟਨ ਵੀ ਕੀਤਾ ਗਿਆ ਸੀ। ਸ੍ਰੀ ਰਾਜਾ ਨੇ ਕਿਹਾ ਕਿ ਉਹ ਬੀਤੇ ਕਈ ਦਹਾਕਿਆਂ ਤੋਂ ਇਸੇ ਇਲਾਕੇ ਨਾਲ ਵਾਬਾਸਤਾ ਰਹੇ ਹਨ ਤੇ ਹਰੇਕ ਸਿੱਖ ਦੇ ਪਰਿਵਾਰਾਂ ਦੇ ਨੇੜੇ ਖ਼ੁਦ ਨੂੰ ਮੰਨਦੇ ਹਨ। ਉਨ੍ਹਾਂ ਬਲਾਕ 3 ਦੇ ਸਿੱਖ ਵੋਟਰਾਂ ਨਾਲ ਗੱਲਬਾਤ ਵੀ ਕੀਤੀ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।
ਰਾਜਾ ਬਲਦੀਪ ਸਿੰਘ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਮਾਂ-ਬੋਲੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਰਾਜਾ ਬਲਦੀਪ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਇਸ ਦੂਜੀ ਵੱਡੀ ਧਾਰਮਿਕ ਸੰਸਥਾ ਵਿਚ ਸੇਵਾ ਭਾਵਨਾ ਹਲੀਮੀ ਨਾਲ ਕੰਮ ਕਰਨ ਵਾਲਿਆਂ ਨੂੰ ਚੁਣ ਕੇ ਭੇਜਿਆ ਜਾਵੇ। ਇਹ ਚੋਣਾਂ ਦੂਜੀਆਂ ਸਿਆਸੀ ਚੋਣਾਂ ਤੋਂ ਭਿੰਨ ਹਨ ਤੇ ਗੁਰੂ ਘਰ ਦੀ ਸੇਵਾ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਵੇ ਨਾ ਕਿ ਸਿਆਸਤ ਚਮਕਾਉਣ ਵਾਲੇ ਕਮੇਟੀ ਵਿਚ ਭੇਜੇ ਜਾਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ, ਐਚਐੱਸ ਸੇਠੀ, ਐੱਚ.ਐੱਸ ਭਾਟੀਆ ਤੇ ਤਰਨਬੀਰ ਸਿੰਘ ਸਣੇ ਹੋਰ ਪਤਵੰਤਿਆਂ ਨੇ ਚੋਣ ਪ੍ਰਚਾਰ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly