ਸਿਰਸਾ (ਸਮਾਜ ਵੀਕਲੀ): ਪੰਜਾਬ ਤੇ ਹਰਿਆਣਾ ਵਿੱਚ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਨਾਲ ਸਾਉਣੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਸ਼ਹਿਰੀ ਖੇਤਰਾਂ ’ਚ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧਾਂ ਕਾਰਨ ਸੜਕਾਂ ਤੇ ਨੀਵੀਆਂ ਥਾਵਾਂ ਪਾਣੀ ਨਾਲ ਭਰ ਗਈਆਂ ਹਨ। ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਤਿੰਨ ਦਿਨਾਂ ਤੋਂ ਰੁਕ ਰੁਕ ਕੇ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਆਸਾਂ ’ਤੇ ਪਾਣੀ ਫੇਰ ਦਿੱਤਾ ਹੈ। ਮੀਂਹ ਨਾਲ ਚਲੀਆਂ ਤੇਜ਼ ਹਵਾਵਾਂ ਨਾਲ ਕਈ ਥਾਈਂ ਝੋਨੇ ਦੀ ਪੱਕੀ ਫ਼ਸਲ ਧਰਤੀ ’ਤੇ ਵਿੱਛ ਗਈ ਹੈ। ਝੋਨੇ ਦੀ ਵਾਢੀ ਵਿੱਚ ਵੀ ਵਿਘਨ ਪੈ ਗਿਆ ਹੈ। ਖਿੜੇ ਨਰਮੇ ’ਤੇ ਮੀਂਹ ਪੈਣ ਨਾਲ ਜਿਥੇ ਨਰਮੇ ਦੇ ਮਿਆਰ ’ਤੇ ਅਸਰ ਪਿਆ ਹੈ ਉਥੇ ਕਈ ਥਾਵਾਂ ’ਤੇ ਆਏ ਉਖਾੜੇ ਰੋਗ ਤੇ ਗੁਲੀਬੀ ਸੁੰਡੀ ਨੇ ਕਿਸਾਨਾਂ ਦੇ ਸਾਹ ਸੂਤ ਲਏ ਹਨ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਹੈ ਕਿ ਉਖਾੜੇ ਰੋਗ ਤੇ ਗੁਲੀਬੀ ਸੁੰਡੀ ਕਾਰਨ ਐਤਕੀਂ ਨਰਮੇ ਦੀ ਪੈਦਵਾਰ ਘੱਟ ਹੈ ਉਥੇ ਹੀ ਹੁਣ ਰਹਿੰਦੀ ਕਸਰ ਮੀਂਹ ਨੇ ਕੱਢ ਦਿੱਤੀ ਹੈ।
ਮੀਂਹ ਕਾਰਨ ਖਿੜਿਆ ਨਰਮਾ ਖ਼ਰਾਬ ਹੋ ਗਿਆ ਹੈ ਤੇ ਨਰਮੇ ਦੇ ਹੇਠਲੇ ਪਾਸੇ ਲੱਗੇ ਟਿੰਗੇ ਵੀ ਖ਼ਰਾਬ ਹੋ ਗਏ ਹਨ। ਕਿਸਾਨਾਂ ਨੇ ਦੱਸਿਆ ਹੈ ਕਿ ਮੀਂਹ ਕਾਰਨ ਜਿਥੇ 1509 ਕਿਸਮ ਦਾ ਪੱਕਿਆ ਝੋਨਾ ਧਰਤੀ ’ਤੇ ਵਿੱਛ ਗਿਆ ਹੈ ਤੇ ਵਾਢੀ ਰੁੱਕ ਗਈ ਹੈ। ਦੂਜੀਆਂ ਕਿਸਮਾਂ ਦੇ ਨਿੱਸਰ ਰਹੇ ਝੋਨੇ ਦਾ ਮੀਂਹ ਕਾਰਨ ਬੂਰ ਡਿੱਗ ਗਿਆ ਹੈ, ਜਿਸ ਕਾਰਨ ਝੋਨੇ ਦੀ ਪੈਦਾਵਾਰ ’ਤੇ ਮਿਆਰ ਅਸਰ ਪਵੇਗਾ। ਇਸੇ ਤਰ੍ਹਾਂ ਮੀਂਹ ਕਾਰਨ ਸਬਜ਼ੀ ਕਾਸ਼ਤਕਾਰਾਂ ਦੀਆਂ ਆਸਾਂ ’ਤੇ ਵੀ ਪਾਣੀ ਫੇਰ ਦਿੱਤਾ ਹੈ। ਵੇਲ ਵਾਲੀਆਂ ਸਬਜ਼ੀਆਂ ’ਤੇ ਮੀਂਹ ਦਾ ਜ਼ਿਆਦਾ ਅਸਰ ਪਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly