ਨਵੀਂ ਭਰਤੀ, ਰੇਲਵੇ ਹਸਪਤਾਲ, ਲੈਵਲ-1 ਕਰਮਚਾਰੀ, ਫੋਰਕ ਲਿਫਟਰ, ਸਮੱਗਰੀ ਦੀ ਉਪਲਬਧਤਾ ਵਰਗੇ ਮੁੱਖ ਮੁੱਦਿਆਂ ‘ਤੇ ਗੰਭੀਰਤਾ ਨਾਲ ਚਰਚਾ
ਆਰਸੀਐਫ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਜ਼ਰੂਰੀ ਮੰਗਾਂ ਨੂੰ ਹੱਲ ਕਰਵਾਉਣਾ ਸਾਡਾ ਟੀਚਾ – ਅਮਰੀਕ ਸਿੰਘ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਰੇਲ ਕੋਚ ਫੈਕਟਰੀ (ਆਰਸੀਐਫ) ਦੇ ਦੌਰੇ ‘ਤੇ ਆਏ ਰੇਲਵੇ ਬੋਰਡ ਦੇ ਅਤਿਰਿਕਤ ਮੈਂਬਰ (ਉਤਪਾਦਨ ਇਕਾਈ) ਸੰਜੇ ਕੁਮਾਰ ਪੰਕਜ ਨਾਲ ਆਰਸੀਐਫ ਐਂਪਲਾਈਜ਼ ਯੂਨੀਅਨ ਦੀ ਇੱਕ ਵਿਸਤ੍ਰਿਤ ਅਤੇ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਕਰਮਚਾਰੀਆਂ ਦੀਆਂ ਵੱਖ-ਵੱਖ ਜ਼ਰੂਰੀ ਮੰਗਾਂ ਅਤੇ ਸਮੱਸਿਆਵਾਂ ‘ਤੇ ਡੂੰਘੀ ਚਰਚਾ ਕੀਤੀ ਗਈ। ਰੇਲਵੇ ਬੋਰਡ ਦੇ ਅਧਿਕਾਰੀ ਨੇ ਇਹਨਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦੀ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਮੀਟਿੰਗ ਦਾ ਮਾਹੌਲ ਪੂਰੀ ਤਰ੍ਹਾਂ ਸਕਾਰਾਤਮਕ ਰਿਹਾ ਅਤੇ ਸਾਰੇ ਪੱਖਾਂ ਨੇ ਰਚਨਾਤਮਕ ਸਹਿਯੋਗ ਦੀ ਭਾਵਨਾ ਪ੍ਰਗਟ ਕੀਤੀ।
ਮੀਟਿੰਗ ਵਿੱਚ ਆਰਸੀਐਫ ਐਂਪਲਾਈਜ਼ ਯੂਨੀਅਨ ਦੁਆਰਾ ਉਠਾਏ ਗਏ ਪ੍ਰਮੁੱਖ ਮੁੱਦਿਆਂ ਵਿੱਚ ਵੱਧ ਰਹੇ ਉਤਪਾਦਨ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇਂ ਪਦਾਂ ਦਾ ਸਿਰਜਣ, ਸਾਰੇ ਖਾਲੀ ਪਦਾਂ ‘ਤੇ ਤੁਰੰਤ ਭਰਤੀ ਪ੍ਰਕਿਰਿਆ ਸ਼ੁਰੂ ਕਰਨ, ਸਾਲਾਨਾ ਕੋਚ ਉਤਪਾਦਨ ਅਨੁਸਾਰ ਸਮੇਂ ਸਿਰ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ, ਰੇਲਵੇ ਦੁਆਰਾ ਖਰੀਦੀ ਗਈ ਘਟੀਆ ਕੁਆਲਟੀ ਵਾਲੀ ਮਸ਼ੀਨਰੀ ਦੀ ਵਰਤੋਂ ਰੋਕ ਕੇ ਉਹਨਾਂ ਨੂੰ ਸੰਬੰਧਿਤ ਕੰਪਨੀਆਂ ਨੂੰ ਵਾਪਸ ਭੇਜਣ, ਨਵੇਂ ਫੋਰਕਲਿਫਟਰਾਂ ਦੀ ਖਰੀਦ, ਸੁਰੱਖਿਆ ਸੰਬੰਧੀ ਸਮਾਨ ਦੀ ਖਰੀਦ ਜ਼ੈੱਮ (ਸਰਕਾਰੀ ਈ-ਮਾਰਕੀਟਪਲੇਸ) ਦੀ ਬਜਾਏ ਐੱਸ ਪੀ ਸੀ ਦੁਆਰਾ ਕਰਨ, ਐੱਨ ਪੀ ਐੱਸ (ਨਵੀਂ ਪੈਨਸ਼ਨ ਯੋਜਨਾ) ਨੂੰ ਖਤਮ ਕਰਕੇ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ, ਪ੍ਰਸ਼ਾਸਨਿਕ ਇਮਾਰਤ ਵਿੱਚ ਪੰਜ ਦਿਨਾਂ ਦਾ ਕਾਰਜ ਹਫਤਾ ਲਾਗੂ ਕਰਨ, ਆਰਸੀਐਫ ਵਿੱਚ ਸਪਲਾਈ ਅਤੇ ਅਪਲਾਈ ਨਾਲ ਜੁੜੇ ਸਾਰੇ ਟੈਂਡਰ ਪ੍ਰਕਿਰਿਆ ਨੂੰ ਰੱਦ ਕਰਨ, ਐਕਟ ਅਪ੍ਰੈਂਟਿਸ ਦੀ ਜਗ੍ਹਾ ਸਥਾਈ ਭਰਤੀ ਪ੍ਰਕਿਰਿਆ ਅਪਣਾਉਣ, ਆਰਸੀਐਫ ਹਾਲਟ ਸਟੇਸ਼ਨ ਨੂੰ ਪੂਰੇ ਸਟੇਸ਼ਨ ਦਾ ਦਰਜਾ ਅਤੇ ਸਾਰੀਆਂ ਜ਼ਰੂਰੀ ਸਹੂਲਤਾਂ ਦੇਣ, ਆਰ ਆਰ ਸੀ ਦੁਆਰਾ ਭਰਤੀ ਹੋਏ ਲੈਵਲ-1 ਕਰਮਚਾਰੀਆਂ ਨੂੰ (ਅਸਿਸਟੈਂਟ ਵਰਕਸ਼ਾਪ) ਦਾ ਅਧਿਕਾਰ ਦਿਵਾਉਣ ਅਤੇ ਉਹਨਾਂ ਨੂੰ ਤੁਰੰਤ ਵਰਕਸ਼ਾਪ ਵਿੱਚ ਤਬਦੀਲ ਕਰਨ, ਲਾਲਾ ਲਾਜਪਤ ਰਾਏ ਹਸਪਤਾਲ ਵਿੱਚ ਮਹਿਲਾ ਰੋਗ ਵਿਸ਼ੇਸ਼ਜ, ਬਾਲ ਰੋਗ ਵਿਸ਼ੇਸ਼ਜ ਅਤੇ ਦਿਲ ਦੇ ਰੋਗਾਂ ਦੇ ਵਿਸ਼ੇਸ਼ਜ ਸਮੇਤ ਹੋਰ ਵਿਸ਼ੇਸ਼ਜ ਡਾਕਟਰਾਂ ਦੀ ਨਿਯੁਕਤੀ ਨੂੰ ਯਕੀਨੀ ਬਣਾਉਣ, ਭਾਰੀ ਸਮਾਨ ਦੀ ਆਵਾਜਾਈ ਲਈ ਗੇਟ ਨੰਬਰ-3 ਅਤੇ ਵਰਕਸ਼ਾਪ ਗੇਟ ਦੀ ਵਰਤੋਂ ਬੰਦ ਕਰਕੇ ਸੁਲਤਾਨਪੁਰ ਦੀ ਤਰਫ ਨਵਾਂ ਗੇਟ ਬਣਾਉਣ ਸਮੇਤ ਹੋਰ ਮਹੱਤਵਪੂਰਨ ਮੰਗਾਂ ਨੂੰ ਵਿਸਤਾਰ ਨਾਲ ਪੇਸ਼ ਕੀਤਾ ਗਿਆ।
ਆਰ ਸੀ ਐਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਮੀਟਿੰਗ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਮੰਗ ਪੱਤਰ ਦੇਣਾ ਸਿਰਫ਼ ਇੱਕ ਰਸਮ ਨਹੀਂ ਹੋਣੀ ਚਾਹੀਦੀ, ਸਗੋਂ ਇਹਨਾਂ ‘ਤੇ ਤੁਰੰਤ ਕਾਰਵਾਈ ਪ੍ਰਸ਼ਾਸਨ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਹਾ ਕਿ ਮਾਨਤਾ ਪ੍ਰਾਪਤ ਯੂਨੀਅਨ ਦੁਆਰਾ ਫੈਕਟਰੀ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਜ਼ਰੂਰੀ ਸਮੱਸਿਆਵਾਂ ਨੂੰ ਲੈ ਕੇ ਹੀ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪੇ ਜਾਂਦੇ ਹਨ, ਜਿਨ੍ਹਾਂ ‘ਤੇ ਤੁਰੰਤ ਕਾਰਵਾਈ ਦੀ ਲੋੜ ਹੁੰਦੀ ਹੈ। ਉਹਨਾਂ ਨੇ ਰੇਲਵੇ ਬੋਰਡ ਦੇ ਅਧਿਕਾਰੀ ਦੁਆਰਾ ਹਾਲਟ ਸਟੇਸ਼ਨ ‘ਤੇ ਟ੍ਰੇਨਾਂ ਦੇ ਠਹਿਰਾਅ ਵਿੱਚ ਸਹਿਯੋਗ ਲਈ ਖਾਸ ਧੰਨਵਾਦ ਵੀ ਜਤਾਇਆ। ਅਮਰੀਕ ਸਿੰਘ ਨੇ ਖਾਲੀ ਪਦਾਂ ‘ਤੇ ਤੁਰੰਤ ਭਰਤੀ ਪ੍ਰਕਿਰਿਆ ਸ਼ੁਰੂ ਕਰਨ, 2017-2019 ਦੌਰਾਨ ਕੱਟੇ ਗਏ ਨਾਈਟ ਡਿਊਟੀ ਭੱਤੇ ਦੀ ਵਾਪਸੀ, ਐੱਚ ਐੱਮ ਆਈ ਐੱਸ ਸਿਸਟਮ ਦੀ ਲਗਾਤਾਰ ਖਰਾਬੀ ਨੂੰ ਦੂਰ ਕਰਨ ਲਈ ਰੇਲਟੇਲ ਨਾਲ ਸਿੱਧਾ ਤਾਲਮੇਲ, ਮਲਟੀ ਸਪੈਸ਼ਲਿਟੀ ਹਸਪਤਾਲ ਨਾਲ ਅਨੁਬੰਧ ਕਰਕੇ ਵਿਸ਼ੇਸ਼ਜ ਡਾਕਟਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ, ਸੁਰੱਖਿਆ ਸੰਬੰਧੀ ਸਮਾਨ ਦੀ ਖਰੀਦ ਪ੍ਰਕਿਰਿਆ ਵਿੱਚ ਸੁਧਾਰ ਵਰਗੇ ਮੁੱਦਿਆਂ ‘ਤੇ ਖਾਸ ਜ਼ੋਰ ਦਿੱਤਾ।
ਇਸ ਮੌਕੇ ਰੇਲਵੇ ਬੋਰਡ ਦੇ ਵਧੀਕ ਮੈਂਬਰ ਸੰਜੇ ਕੁਮਾਰ ਪੰਕਜ ਨੇ 2102 ਕੋਚਾਂ ਦੇ ਰਿਕਾਰਡ ਉਤਪਾਦਨ ਲਈ ਆਰ.ਸੀ.ਐਫ ਨੂੰ 1 ਲੱਖ ਰੁਪਏ ਦਾ ਇਨਾਮ ਦੇ ਕੇ ਫੈਕਟਰੀ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਪ੍ਰਬੰਧਕੀ ਪੱਖ ਤੋਂ ਸੰਜੇ ਕੁਮਾਰ ਪੰਕਜ (ਵਧੀਕ ਮੈਂਬਰ, ਉਤਪਾਦਨ ਇਕਾਈ), ਐਸ.ਐਸ. ਮਿਸ਼ਰਾ (ਜਨਰਲ ਮੈਨੇਜਰ), ਰਵੀ ਕੁਮਾਰ (ਪ੍ਰਿੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ), ਪਾਰਸ ਮਹਿੰਦੀਰੱਤਾ (ਸਹਾਇਕ ਡਾਇਰੈਕਟਰ), ਭੁਵਨੇਸ਼ਵਰ ਅੱਤਰੀ (ਮੁੱਖ ਪ੍ਰਸੋਨਲ ਅਫ਼ਸਰ), ਸੁਮਿਤ ਕਪੂਰ (ਸਕੱਤਰ) ਜਨਰਲ ਮੈਨੇਜਰ ਹਾਜ਼ਰ ਸਨ। ਯੂਨੀਅਨ ਦੇ ਨੁਮਾਇੰਦਿਆਂ ਵਿੱਚ ਅਮਰੀਕ ਸਿੰਘ (ਪ੍ਰਧਾਨ), ਦਰਸ਼ਨ ਲਾਲ (ਚੇਅਰਮੈਨ), ਮਨਜੀਤ ਸਿੰਘ ਬਾਜਵਾ (ਕਾਰਜਕਾਰੀ ਪ੍ਰਧਾਨ), ਹਰਵਿੰਦਰ ਪਾਲ (ਖਜ਼ਾਨਚੀ), ਜਸਪਾਲ ਸਿੰਘ ਸੇਖੋਂ (ਸੰਯੁਕਤ ਸਕੱਤਰ), ਨਰਿੰਦਰ ਕੁਮਾਰ ਅਤੇ ਪ੍ਰਦੀਪ ਕੁਮਾਰ (ਸਹਾਇਕ ਸਕੱਤਰ), ਭਰਤ ਰਾਜ
(ਸੰਗਠਨ ਸਕੱਤਰ) ਨੇ ਸਰਗਰਮ ਸ਼ਮੂਲੀਅਤ ਕੀਤੀ। ਮੀਟਿੰਗ ਦੇ ਅੰਤ ਵਿੱਚ ਸਾਰੀਆਂ ਧਿਰਾਂ ਨੇ ਮਿਲ ਕੇ ਇਨ੍ਹਾਂ ਮਸਲਿਆਂ ਦੇ ਜਲਦੀ ਹੱਲ ਲਈ ਪੂਰਾ ਸਹਿਯੋਗ ਦੇਣ ਦਾ ਅਹਿਦ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



