ਕਪੂਰਥਲਾ, (ਸਮਾਜ ਵੀਕਲੀ) ( ਕੌੜਾ )-ਰੇਲ ਕੋਚ ਫੈਕਟਰੀ, ਕਪੂਰਥਲਾ ਜੋ ਕਿ ਭਾਰਤੀ ਰੇਲਵੇ ਦੀ ਪ੍ਰਮੁੱਖ ਕੋਚ ਨਿਰਮਾਣ ਇਕਾਈ ਹੈ, ਨੂੰ ‘ਰੇਲਵੇ’ ਸ਼੍ਰੇਣੀ ਦੇ ਤਹਿਤ ਸਾਲ 2024 ਲਈ ‘ਊਰਜਾ ਕੁਸ਼ਲਤਾ ਦੇ ਖੇਤਰ ’ਚ ਗੋਲਡਨ ਪੀ-ਕੌਕ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਹੈ।
ਮੰਜੁਲ ਮਾਥੁਰ, ਜਨਰਲ ਮੈਨੇਜਰ, ਰੇਲ ਕੋਚ ਫੈਕਟਰੀ ਨੇ ਬੈਂਗਲੁਰੂ ਵਿਚ ਇੰਸਟੀਚਿਊਟ ਆਫ਼ ਡਾਇਰੈਕਟਰਜ਼ ਦੁਆਰਾ ਆਯੋਜਿਤ ਪੁਰਸਕਾਰ ਸਮਾਰੋਹ ਵਿਚ ਜਸਟਿਸ ਐੱਮ. ਐੱਨ. ਵੈਂਕਟਚਲਿਆ, ਜੋ ਕਿ ਭਾਰਤ ਦੇ ਸਾਬਕਾ ਚੀਫ਼ ਜਸਟਿਸ ਰਹੇ ਹਨ, ਤੋਂ ਗੋਲਡਨ ਪੀ-ਕੌਕ ਐਵਾਰਡ ਦੀ ਟਰਾਫੀ ਅਤੇ ਸਰਟੀਫਿਕੇਟ ਪ੍ਰਾਪਤ ਕੀਤਾ। ਇਨਾਮ ਵੰਡ ਸਮਾਰੋਹ ਦੌਰਾਨ ਆਰ. ਸੀ. ਐੱਫ. ਦੇ ਚੀਫ ਇਲੈਕਟ੍ਰੀਕਲ ਸਰਵਿਸਸ ਇੰਜੀਨੀਅਰ ਬਲਦੇਵ ਰਾਜ ਵੀ ਮੌਜੂਦ ਸਨ।
ਇਸ ਪ੍ਰਾਪਤੀ ’ਤੇ ਬੋਲਦਿਆਂ ਜਨਰਲ ਮੈਨੇਜਰ ਮੰਜੁਲ ਮਾਥੁਰ ਨੇ ਕਿਹਾ ਕਿ ਅਸੀਂ ਇਸ ਵੱਕਾਰੀ ਗੋਲਡਨ ਪੀ-ਕੌਕ ਐਵਾਰਡ ਨੂੰ ਪ੍ਰਾਪਤ ਕਰ ਕੇ ਬੇਹੱਦ ਖੁਸ਼ ਹਾਂ, ਅਜਿਹੀ ਮਾਨਤਾ ਸਾਨੂੰ ਨਵੀਨਤਾਕਾਰੀ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਦੀ ਹੈ, ਜੋ ਰੇਲ ਉਦਯੋਗ ਵਿਚ ਊਰਜਾ ਕੁਸ਼ਲਤਾ ਵੱਲ ਲੈ ਜਾਂਦੇ ਹਨ।
ਦੱਸਣਯੋਗ ਹੈ ਕਿ ਇੰਸਟੀਚਿਊਟ ਆਫ਼ ਡਾਇਰੈਕਟਰਜ਼ (ਆਈ. ਓ. ਡੀ.), ਭਾਰਤ ਦੁਆਰਾ 1991 ’ਚ ਸਥਾਪਿਤ ਕੀਤੇ ਗਏ ਗੋਲਡਨ ਪੀ-ਕੌਕ ਐਵਾਰਡਜ਼ ਨੂੰ ਵਿਸ਼ਵ ਭਰ ਵਿਚ ਕਾਰਪੋਰੇਟ ਉੱਤਮਤਾ ਦਾ ਇਕ ਮਾਪਦੰਡ ਮੰਨਿਆ ਜਾਂਦਾ ਹੈ। ਇਸ ਸਾਲ ਇਸ ਪੁਰਸਕਾਰ ਲਈ ਵੱਖ-ਵੱਖ ਸੰਸਥਾਵਾਂ ਤੋਂ 778 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਊਰਜਾ ਕੁਸ਼ਲਤਾ ਸ਼੍ਰੇਣੀ ਤਹਿਤ 14 ਵੱਖ-ਵੱਖ ਕੰਪਨੀਆਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਲਈ ਸਨਮਾਨਿਤ ਕੀਤਾ ਗਿਆ ਹੈ, ਜਿਸ ਵਿਚ ਆਰ. ਸੀ. ਐੱਫ. ਕਪੂਰਥਲਾ ਨੇ ਰੇਲ ਖੇਤਰ ’ਚ ਪਹਿਲੀ ਵਾਰ ਇਹ ਪੁਰਸਕਾਰ ਪ੍ਰਾਪਤ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly