ਨਵੇਂ ਟੀਚਿਆਂ ਦੀ ਪ੍ਰਾਪਤੀ ਲਈ ਆਰ ਸੀ ਐਫ ਦੇ ਮਿਹਨਤੀ ਕਰਮਚਾਰੀ ਸਖ਼ਤ ਮਿਹਨਤ ਕਰ ਰਹੇ ਹਨ- ਮੰਜੁਲ ਮਾਥੁਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਆਜ਼ਾਦੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਮੰਜੁਲ ਮਾਥੁਰ , ਜਨਰਲ ਮੈਨੇਜਰ, ਆਰ.ਸੀ.ਐਫ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਪਰੇਡ ਵਿੱਚ ਸ਼ਾਮਲ ਰੇਲਵੇ ਪ੍ਰੋਟੈਕਸ਼ਨ ਫੋਰਸ, ਸੇਂਟ ਜੌਹਨ ਐਂਬੂਲੈਂਸ ਬ੍ਰਿਗੇਡ, ਸਕੂਲੀ ਬੱਚਿਆਂ ਅਤੇ ਸਕਾਊਟਸ ਅਤੇ ਗਾਈਡਾਂ ਦੀ ਟੁਕੜੀਆਂ ਦਾ ਨਿਰੀਖਣ ਕੀਤਾ।
ਉਪਰੰਤ ਜਨਰਲ ਮੈਨੇਜਰ ਸ੍ਰੀ ਮਾਥੁਰ ਨੇ ਦੇਸ਼ ਦੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਮਹਾਰਾਜਾ ਰਣਜੀਤ ਸਿੰਘ ਸਟੇਡੀਅਮ ਵਿਖੇ ਹਾਜ਼ਰ ਸਮੂਹ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਰਾਸ਼ਟਰੀ ਦਿਹਾੜਾ ਬਹੁਤ ਹੀ ਖਾਸ ਮੌਕਾ ਹੈ। ਜਿਸ ‘ਤੇ ਅਸੀਂ ਉਨ੍ਹਾਂ ਬਹਾਦਰਾਂ ਅਤੇ ਦੇਸ਼ ਭਗਤਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਦੇ ਨਤੀਜੇ ਵਜੋਂ ਅੱਜ ਅਸੀਂ ਆਜ਼ਾਦ ਭਾਰਤ ਦੇ ਨਾਗਰਿਕ ਹਾਂ। ਆਰ ਸੀ ਐਫ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਸ਼੍ਰੀ ਮਾਥੁਰ ਨੇ ਕਿਹਾ ਕਿ ਇਸ ਸਾਲ ਆਰ ਸੀ ਐੱਫ ਨੂੰ ਕਈ ਨਵੇਂ ਪ੍ਰੋਜੈਕਟ ਸੌਂਪੇ ਗਏ ਹਨ। ਜਿਨ੍ਹਾਂ ‘ਚ ਅੰਮ੍ਰਿਤ ਭਾਰਤ ਪ੍ਰੋਜੈਕਟ ਤਹਿਤ 615 ਕੋਚ, 978 ਜੀ.ਐੱਸ., 146 ਐੱਲ.ਐੱਸ.ਸੀ.ਐੱਨ., 68 ਪਾਵਰ ਕਾਰਾਂ ਅਤੇ ਹੋਰ ਨਵੀਆਂ ਕਿਸਮਾਂ ਦੇ ਡਿੱਬੇ ਸ਼ਾਮਲ ਹਨ । ਇਸ ਤੋਂ ਇਲਾਵਾ, ਆਰ ਸੀ ਐੱਫ ਨੂੰ ਭਾਰਤੀ ਰੇਲਵੇ ਦੇ ਵੱਕਾਰੀ ਵੰਦੇ ਭਾਰਤ ਪ੍ਰੋਜੈਕਟ ਦੇ ਤਹਿਤ 02 ਚੇਅਰ ਕਾਰ ਰੇਕ ਬਣਾਉਣ ਦਾ ਆਰਡਰ ਪ੍ਰਾਪਤ ਹੋਇਆ ਹੈ। ਆਰ ਸੀ ਐਫ ਵਲੋਂ ਊਧਮਪੁਰ ਬਾਰਾਮੂਲਾ ਰੇਲ ਸੈਕਸ਼ਨ ਲਈ ਜਲਦੀ ਹੀ ਤਿੰਨ ਰੈਕ ਰਵਾਨਾ ਹੋਣ ਜਾ ਰਹੇ ਹਨ। ਇਨ੍ਹਾਂ ਨਵੇਂ ਟੀਚਿਆਂ ਦੀ ਪ੍ਰਾਪਤੀ ਲਈ ਆਰ ਸੀ ਐਫ ਦੇ ਮਿਹਨਤੀ ਕਰਮਚਾਰੀ ਸਖ਼ਤ ਮਿਹਨਤ ਕਰ ਰਹੇ ਹਨ। ਕਾਲਕਾ-ਸ਼ਿਮਲਾ ਰੇਲਵੇ ਲਈ ਨੈਰੋ ਗੇਜ ਕੋਚ ਵੀ ਜਲਦੀ ਹੀ ਸੇਵਾ ਵਿੱਚ ਆ ਜਾਣਗੇ। ਇਸ ਤੋਂ ਇਲਾਵਾ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਵੈ-ਚਾਲਿਤ ਦੁਰਘਟਨਾ ਰਾਹਤ ਰੇਲ ਡਿੱਬੇ ਅਤੇ ਆਟੋਮੈਟਿਕ ਨਿਰੀਖਣ ਟਰੇਨ ਬਣਾਉਣ ਦਾ ਕੰਮ ਵੀ ਸੌਂਪਿਆ ਗਿਆ ਹੈ, ਜਿਸ ‘ਤੇ ਕੰਮ ਚੱਲ ਰਿਹਾ ਹੈ। ਇਸੇ ਮਹੀਨੇ 16 ਕੋਚਾਂ ਵਾਲੀ ਪਹਿਲੀ ਵੰਦੇ ਮੈਟਰੋ ਟ੍ਰੇਨ ਨੂੰ ਵੀ ਰਵਾਨਾ ਕੀਤਾ ਜਾ ਰਿਹਾ ਹੈ, ਜਿਸ ਲਈ ਸਾਰਾ ਆਰ ਸੀ ਐਫ ਪਰਿਵਾਰ ਵਧਾਈ ਦਾ ਹੱਕਦਾਰ ਹੈ।
ਸ਼੍ਰੀ ਮਾਥੁਰ ਨੇ ਕਿਹਾ ਕਿ ਆਰ ਸੀ ਐੱਫ ਨੇ ਇਸ ਸਾਲ ਊਰਜਾ ਕੁਸ਼ਲਤਾ ਦੇ ਖੇਤਰ ਵਿੱਚ ‘ਰੇਲਵੇ’ ਸ਼੍ਰੇਣੀ ਦੇ ਤਹਿਤ ਸਾਲ 2024 ਲਈ ਵੱਕਾਰੀ ‘ਗੋਲਡਨ ਪੀਕੌਕ ਅਵਾਰਡ’ ਪ੍ਰਾਪਤ ਕੀਤਾ ਹੈ। ਰੇਲਵੇ ਸੈਕਟਰ ਵਿੱਚ ਆਰ ਸੀ ਐਫ ਨੂੰ ਪਹਿਲੀ ਵਾਰ ਇਹ ਐਵਾਰਡ ਮਿਲਿਆ ਹੈ।
ਇਸ ਤੋਂ ਇਲਾਵਾ ਆਪਣੀ ਤਕਰੀਰ ਵਿਚ ਉਨ੍ਹਾਂ ਨੇ ਸਾਰੇ ਵਿਭਾਗਾਂ ਦੀਆਂ ਪ੍ਰਾਪਤੀਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ।
ਸਮਾਗਮ ਦੇ ਅੰਤ ਵਿੱਚ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸੁਤੰਤਰਤਾ ਦਿਵਸ ਮੌਕੇ ਆਰ ਸੀ ਐਫ ਦੇ ਪ੍ਰਬੰਧਕੀ ਦਫ਼ਤਰ, ਝੀਲ ਕੰਪਲੈਕਸ, ਵੱਖ-ਵੱਖ ਚੌਕਾਂ, ਕਲੋਨੀ ਦੇ ਗੇਟਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਜੋ ਰਾਤ ਸਮੇਂ ਮਨਮੋਹਕ ਨਜ਼ਾਰਾ ਪੇਸ਼ ਕਰਦੇ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly