ਬੱਚਿਆਂ ਨੂੰ ਇਹ ਕੁੱਤੇ ਆਪਣਾ ਨਿਸ਼ਾਨਾਂ ਬਣਾਉਂਦੇ ਹਨ
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ, ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਸਬੰਧ ਵਿੱਚ ਸ਼ਹਿਰ ਵਾਸੀਆਂ ਦਾ ਇੱਕ ਵਫਦ ਕੌਂਸਲਰ ਬਲਜਿੰਦਰ ਸਿੰਘ ਰਿੰਪਾ ਅਤੇ ਸੁਖਵੀਰ ਸਿੰਘ ਰਾਏ ਦੀ ਅਗਵਾਈ ਹੇਠ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੂੰ ਮਿਲਿਆ, ਇਸ ਸਮੇਂ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਜੋਸ਼ੀ ਵੀ ਉੱਥੇ ਮੌਜ਼ੂਦ ਸਨ। ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੂੰ ਦਿੱਤੇ ਇੱਕ ਮੰਗ ਪੱਤਰ ਵਿੱਚ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਰਾਏਕੋਟ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਸਮੱਸਿਆ ਪੇਸ਼ ਆਂਉਦੀ ਹੈ, ਖਾਸਕਰ ਬੱਚਿਆਂ ਨੂੰ ਇਹ ਕੁੱਤੇ ਆਪਣਾ ਨਿਸ਼ਾਨਾਂ ਬਣਾਉਂਦੇ ਹਨ, ਜਿਸ ਕਾਰਨ ਕੁੱਤਿਆਂ ਦੇ ਕੱਟਣ ਦੇ ਕੇਸਾਂ ਵਿੱਚ ਕਾਫੀ ਵਾਧਾ ਹੋਇਆ ਹੈ, ਕਿਉਂਕਿ ਇਹ ਆਵਾਰਾ ਕੁੱਤੇ ਸ਼ਹਿਰ ਦੇ ਹਰੇਕ ਗਲੀ ਮੁਹੱਲਿਆਂ ਵਿੱਚ ਝੁੰਡ ਬਣਾ ਕੇ ਫਿਰਦੇ ਹਨ ਅਤੇ ਮੌਕਾ ਦੇਖ ਕੇ ਬੱਚਿਆਂ ਨੂੰ ਨਿਸ਼ਾਨਾ ਬਣਾਂਉਂਦੇ ਹਨ। ਇਸ ਤੋਂ ਇਲਾਵਾ ਇੰਨ੍ਹਾਂ ਕਾਰਨ ਸ਼ਹਿਰ ਦੀਆਂ ਸੜਕਾਂ ’ਤੇ ਗੰਦਗੀ ਫੈਲੀ ਰਹਿੰਦੀ ਹੈ, ਜਿਸ ਵਿੱਚ ਪਾਲਤੂ ਕੁੱਤਿਆਂ ਦਾ ਵੀ ਵੱਡਾ ਯੋਗਦਾਨ ਹੁੰਦਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਸ਼ਹਿਰ ਵਿੱਚ ਫਿਰਦੇ ਆਵਾਰਾ ਕੁੱਤਿਆਂ ’ਤੇ ਕਾਬੂ ਪਾਉਣ ਤੋਂ ਇਲਾਵਾ ਪਾਲਤੂ ਕੁੱਤਿਆਂ ਦੀ ਵੀ ਵੈਰੀਫਿਕੇਸ਼ਨ ਕਰਵਾ ਕੇ ਉਨ੍ਹਾਂ ਦੇ ਮਾਲਕਾਂ ਨੂੰ ਹਲਕਾਅ ਸਬੰਧੀ ਟੀਕਾਕਰਨ ਕਵਾਉਣ ਦੀ ਹਦਾਇਤ ਜਾਰੀ ਕੀਤੀ ਜਾਵੇ। ਇਸ ਸਬੰਧ ’ਚ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੇ ਵਫ਼ਦ ’ਚ ਸ਼ਾਮਲ ਸ਼ਹਿਰ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਆਵਾਰਾ ਕੁੱਤਿਆਂ ਦੀ ਵੱਧਦੀ ਤਾਦਾਦ ’ਤੇ ਕਾਬੂ ਪਾਉਣ ਲਈ ਪਹਿਲ ਦੇ ਅਧਾਰ ’ਤੇ ਕੁੱਤਿਆਂ ਦੀ ਨਸਬੰਧੀ ਸਬੰਧੀ ਟੈਂਡਰ ਲਗਾਉਣਗੇ। ਇਸ ਮੌਕੇ ਵਫ਼ਦ ਵਿੱਚ ਸੁਖਵੀਰ ਸਿੰਘ ਰਾਏ, ਰਾਜੂ ਰਾਏਕੋਟ, ਰਮਨ ਮਾਨ, ਕੌਂਸਲਰ ਗੁਰਦਾਸ ਮਾਨ, ਐਡਵੋਕੇਟ ਸੰਨੀ ਭੰਗਾਨੀ, ਪ੍ਰਦੀਪ ਸਿੰਘ ਸਿੱਧੂ, ਜਸਕਮਲ ਸਿੰਘ, ਬੱਬੂ ਰਾਏਕੋਟ, ਸੁਖਚੈਨ ਸਿੰਘ ਰਾਏ, ਲਖਵੀਰ ਸਿੰਘ ਰਾਏ, ਲਾਡੀ ਰਾਏਕੋਟ, ਗੁਰਜੰਟ ਸਿੰਘ ਧਾਲੀਵਾਲ ਆਦਿ ਸ਼ਾਮਲ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



