ਮਾਨਸਾ (ਸਮਾਜ ਵੀਕਲੀ): ਮਾਨਸਾ ਵਿਧਾਨ ਸਭਾ ਹਲਕੇ ਤੋਂ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪੱਕੇ ਪੈਰੀਂ ਕਰਨ ਲਈ ਭਲਕੇ 15 ਫਰਵਰੀ ਨੂੰ ਕੌਮੀ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਥੇ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਨਗੇ। ਇਸ ਹਲਕੇ ਤੋਂ ਸਿੱਧੂ ਮੂਸੇਵਾਲਾ ਦਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਨਾਲ ਮੁਕਾਬਲਾ ਹੈ, ਜਦਕਿ ਕੁਝ ਕਾਂਗਰਸੀ ਅਜੇ ਵੀ ਸਿੱਧੂ ਮੂਸੇਵਾਲਾ ਨੂੰ ਟਿਕਟ ਦੇਣ ਤੋਂ ਨਾਰਾਜ਼ ਹਨ।
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸਿੱਧੂ ਮੂਸੇਵਾਲਾ ਨੂੰ ਕਾਂਗਰਸ ਵਿੱਚ ਸ਼ਾਮਲ ਕਰਦਿਆਂ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕਰਵਾਈ ਸੀ ਤੇ ਪਾਰਟੀ ਨੇ ਸਿੱਧੂ ਮੂਸੇਵਾਲਾ ਨੂੰ ਮਾਨਸਾ ਤੋਂ ਟਿਕਟ ਦੇ ਕੇ ਮਾਲਵਾ ਖੇਤਰ ਵਿੱਚ ਇਸ ਨੂੰ ਸਟਾਰ ਪ੍ਰਚਾਰਕ ਵਜੋਂ ਵਰਤਣਾ ਸੀ ਪਰ ਕਾਂਗਰਸ ਦੇ ਆਪਸੀ ਕਾਟੋ-ਕਲੇਸ਼ ਕਾਰਨ ਉਹ ਆਪਣੇ ਹਲਕੇ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਰਾਹੁਲ ਗਾਂਧੀ ਦੀ ਮਾਨਸਾ ਫੇਰੀ ਸਬੰਧੀ ਅੱਜ ਸਾਰਾ ਦਿਨ ਕਾਂਗਰਸੀਆਂ ਵੱਲੋਂ ਇਕੱਠ ਵਧਾਉਣ ਲਈ ਜ਼ੋਰ ਅਜ਼ਮਾਈ ਹੁੰਦੀ ਰਹੀ ਅਤੇ ਖੁਦ ਸਿੱਧੂ ਮੂਸੇਵਾਲਾ ਨੇ ਕਈ ਨੁੱਕੜ ਰੈਲੀਆਂ ਨੂੰ ਬਾਕਾਇਦਾ ਸੰਬੋਧਨ ਕੀਤਾ। ਉਨ੍ਹਾਂ ਅੱਜ ਹਲਕੇ ਦੇ ਪਿੰਡ ਰੱਲਾ, ਮਾਨਸਾ ਕੈਂਚੀਆਂ, ਕੋਟੜਾ, ਭੈਣੀਬਾਘਾ, ਮਾਨ ਬੀਬੜੀਆਂ ਸਮੇਤ ਮਾਨਸਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਕੇਜਰੀਵਾਲ ਪੰਜਾਬ ਨੂੰ ਅਬਦਾਲੀ ਵਾਂਗ ਲੁੱਟਣਾ ਚਾਹੁੰਦਾ ਹੈ ਤੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਰਹੇ ਹਨ ਪਰ ਪੰਜਾਬ ਦੇ ਅਣਖੀ ਲੋਕ ‘ਆਪ’ ਨੂੰ ਮੂੰਹ ਨਹੀਂ ਲਾਉਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly