ਰਾਹੁਲ ਗਾਂਧੀ ਕੋਵਿਡ ਦੇ ਮੱਦੇਨਜ਼ਰ ਯਾਤਰਾ ਰੱਦ ਕਰਨ: ਸਿਹਤ ਮੰਤਰੀ

ਨੂਹ (ਸਮਾਜ ਵੀਕਲੀ):ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਵੱਲੋਂ ਕਰੋਨਾਵਾਇਰਸ ਫੈਲਣ ਦੇ ਉਠਾਏ ਗਏ ਖ਼ਦਸ਼ਿਆਂ ਦਾ ਹਵਾਲਾ ਦਿੰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਵਿਡ ਨੇਮਾਂ ਦਾ ਪਾਲਣ ਨਹੀਂ ਕੀਤਾ ਜਾ ਸਕਦਾ ਹੈ ਤਾਂ ਉਹ ਭਾਰਤ ਜੋੜੋ ਯਾਤਰਾ ਮੁਅੱਤਲ ਕਰਨ ਬਾਰੇ ਵਿਚਾਰ ਕਰਨ। ਕੋਵਿਡ ਮੁੜ ਤੋਂ ਫੈਲਣ ਦੇ ਖ਼ਦਸ਼ੇ ਤਹਿਤ ਭਾਰਤ ਜੋੜੋ ਯਾਤਰਾ ਨੂੰ ਨਿਸ਼ਾਨਾ ਬਣਾਉਣ ਲਈ ਸਰਕਾਰ ਦੀ ਆਲੋਚਨਾ ਕਰਦਿਆਂ ਕਾਂਗਰਸ ਨੇ ਭਾਜਪਾ ਵੱਲੋਂ ਕਰਨਾਟਕ ਅਤੇ ਰਾਜਸਥਾਨ ’ਚ ਕੱਢੀਆਂ ਜਾ ਰਹੀਆਂ ਯਾਤਰਾਵਾਂ ’ਤੇ ਸਵਾਲ ਉਠਾਏ ਹਨ।

ਪਾਰਟੀ ਨੇ ਕਿਹਾ ਹੈ ਕਿ ਜਨ ਸਿਹਤ ਦਾ ਮੁੱਦਾ ਇੰਨਾ ਗੰਭੀਰ ਨਹੀਂ ਹੈ ਕਿ ਉਸ ’ਤੇ ਸਿਆਸਤ ਕੀਤੀ ਜਾਵੇ। ਰਾਹੁਲ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਲਿਖੇ ਪੱਤਰ ’ਚ ਮਾਂਡਵੀਆ ਨੇ ਕਿਹਾ ਕਿ ਰਾਜਸਥਾਨ ਦੇ ਤਿੰਨ ਸੰਸਦ ਮੈਂਬਰਾਂ ਪੀ ਪੀ ਚੌਧਰੀ, ਨਿਹਾਲ ਚੰਦ ਅਤੇ ਦੇਵੀਜੀ ਪਟੇਲ ਨੇ ਕੋਵਿਡ ਦੇ ਫੈਲਾਅ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਬੇਨਤੀ ਕੀਤੀ ਹੈ ਕਿ ਮਾਰਚ ਦੌਰਾਨ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਸਮੇਤ ਕੋਵਿਡ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ ਅਤੇ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਹੀ ਯਾਤਰਾ ’ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਯਾਤਰਾ ’ਚ ਸ਼ਾਮਲ ਹੋਣ ਵਾਲਿਆਂ ਨੂੰ ਪਹਿਲਾਂ ਅਤੇ ਬਾਅਦ ’ਚ ਇਕਾਂਤਵਾਸ ’ਚ ਰੱਖਿਆ ਜਾਣਾ ਚਾਹੀਦਾ ਹੈ।

ਉਧਰ ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਇਕ ਬਿਆਨ ’ਚ ਕਿਹਾ ਕਿ ਕੇਂਦਰੀ ਸਿਹਤ ਮੰਤਰੀ ਨੇ ਰਾਜਸਥਾਨ ਦੇ ਭਾਜਪਾ ਸੰਸਦ ਮੈਂਬਰਾਂ ਵੱਲੋਂ ਲਿਖੇ ਪੱਤਰ ਦੇ ਆਧਾਰ ’ਤੇ ਚਿੱਠੀ ਲਿਖੀ ਹੈ ਜਿਨ੍ਹਾਂ ਦੋਸ਼ ਲਾਇਆ ਹੈ ਕਿ ਭਾਰਤ ਜੋੜੋ ਯਾਤਰਾ ’ਚ ਕੋਵਿਡ ਪ੍ਰੋਟੋਕੋਲ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਸਥਾਨ ’ਚ ਭਾਰਤ ਜੋੜੋ ਯਾਤਰਾ ਦੀ ਭਾਰੀ ਸਫ਼ਲਤਾ ਮਗਰੋਂ ਸੰਸਦ ਮੈਂਬਰਾਂ ਦਾ ਪੱਤਰ ਭੇਜਿਆ ਗਿਆ ਸੀ। ਉਨ੍ਹਾਂ ਕਿਹਾ,‘‘ਸੰਸਦ ’ਚ ਬੈਠਕਾਂ ਆਮ ਵਾਂਗ ਚੱਲ ਰਹੀਆਂ ਹਨ। ਉਡਾਣਾਂ ਸਮੇਤ ਕਿਤੇ ਵੀ ਮਾਸਕ ਲਾਜ਼ਮੀ ਨਹੀਂ ਹਨ। ਜੇਕਰ ਕੋਵਿਡ ਹਾਲਾਤ ਗੰਭੀਰ ਹਨ ਤਾਂ ਸੰਸਦ ਮੁਅੱਤਲ ਕੀਤੀ ਜਾਵੇ, ਜਹਾਜ਼ਾਂ ’ਚ ਮਾਸਕ ਲਾਜ਼ਮੀ ਕੀਤੇ ਜਾਣ ਅਤੇ ਇਕੱਠਾਂ ’ਤੇ ਪਾਬੰਦੀਆਂ ਲਾਈਆਂ ਜਾਣ। ਭਾਜਪਾ ਵੱਲੋਂ ਰਾਜਸਥਾਨ ਅਤੇ ਕਰਨਾਟਕ ’ਚ ਯਾਤਰਾਵਾਂ ਕਿਉਂ ਕੱਢੀਆਂ ਜਾ ਰਹੀਆਂ ਹਨ। ਕੇਂਦਰ ਵੱਲੋਂ ਮੰਗਲਵਾਰ ਨੂੰ ਛੱਡ ਕੇ ਸੂਬਿਆਂ ਨੂੰ ਪਹਿਲਾਂ ਕੋਈ ਪੱਤਰ ਨਹੀਂ ਭੇਜੇ ਗਏ।’’ ਜੈਰਾਮ ਨੇ ਮਾਰਚ 2020 ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਉਸ ਸਮੇਂ ਲੌਕਡਾਊਨ ਲਗਾਉਣ ’ਚ ਇਕ ਹਫ਼ਤੇ ਦੀ ਦੇਰੀ ਕੀਤੀ ਸੀ ਤਾਂ ਜੋ ਮੱਧ ਪ੍ਰਦੇਸ਼ ’ਚ ਕਾਂਗਰਸ ਸਰਕਾਰ ਨੂੰ ਡੇਗਿਆ ਜਾ ਸਕੇ।

ਉਂਜ ਉਨ੍ਹਾਂ ਕਿਹਾ ਕਿ ਜੇਕਰ ਇਕੱਠਾਂ ਬਾਰੇ ਕੋਈ ਪ੍ਰੋਟੋਕੋਲ ਜਾਰੀ ਹੁੰਦਾ ਹੈ ਤਾਂ ਭਾਰਤ ਜੋੜੋ ਯਾਤਰਾ ਇਸ ਦਾ ਬਿਨ੍ਹਾਂ ਸ਼ੱਕ ਪਾਲਣ ਕਰੇਗੀ। ਹਰਿਆਣਾ ਦੇ ਨੂਹ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਭਾਜਪਾ ਭਾਰਤ ਜੋੜੋ ਯਾਤਰਾ ਦੀ ਸਫ਼ਲਤਾ ਤੋਂ ਡਰ ਗਈ ਹੈ। ਸਰਕਾਰ ਕੋਵਿਡ ਪ੍ਰੋਟੋਕੋਲ ਐਲਾਨੇ ਅਸੀਂ ਸਾਰੇ ਉਸ ਦਾ ਪਾਲਣ ਕਰਾਂਗੇ।’’ ਨੂਹ ’ਚ ਹੀ ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਕਿਹਾ ਕਿ ਸਿਹਤ ਮੰਤਰੀ ਨੇ ਅਜਿਹਾ ਪੱਤਰ ਰਾਜਸਥਾਨ ’ਚ ਭਾਜਪਾ ਪ੍ਰਧਾਨ ਸਤੀਸ਼ ਪੂਨੀਆ ਨੂੰ ਕਿਉਂ ਨਹੀਂ ਲਿਖਿਆ ਹੈ ਜੋ ਕਿ ਉਥੇ ਜਨਆਕ੍ਰੋਸ਼ ਯਾਤਰਾ ਕੱਢ ਰਹੇ ਹਨ। ‘ਕੀ ਕਰਨਾਟਕ ’ਚ ਵੀ ਸਿਹਤ ਮੰਤਰੀ ਨੇ ਭਾਜਪਾ ਨੂੰ ਅਜਿਹੀ ਚਿੱਠੀ ਲਿਖੀ ਹੈ। ਅਸੀਂ ਸਮਝ ਸਕਦੇ ਹਾਂ ਕਿ ਦੋਵੇਂ ਸੂਬਿਆਂ ’ਚ ਭਾਜਪਾ ਨੂੰ ਲੋਕਾਂ ਤੋਂ ਕੋਈ ਸਮਰਥਨ ਨਹੀਂ ਮਿਲ ਰਿਹਾ ਹੈ। ਪਰ ਭਾਰਤ ਜੋੜੋ ਯਾਤਰਾ ਨਾਲ ਲੋਕਾਂ ਦੇ ਜੁੜਨ ਕਾਰਨ ਭਾਜਪਾ ਘਬਰਾ ਗਈ ਹੈ ਅਤੇ ਉਹ ਉਸ ਨੂੰ ਰੋਕਣ ਦੇ ਯਤਨ ਕਰ ਰਹੀ ਹੈ।’ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਮਾਂਡਵੀਆ ਵੱਲੋਂ ਲਿਖੇ ਗਏ ਪੱਤਰ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਪੱਤਰ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਜਪਾ ਦਾ ਉਦੇਸ਼ ਭਾਰਤ ਜੋੜੋ ਯਾਤਰਾ ਨੂੰ ਰੋਕਣਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖ ਪੰਥ ਦੀਆਂ ਸਿਰਮੌਰ ਸੰਸਥਾਵਾਂ ਵਲੋਂ ਸਿੱਖ ਸਿਕਲੀਗਰ ਵਣਜਾਰਿਆਂ ਨੂੰ ਸਿੱਖੀ ਲਹਿਰ ਨਾਲ ਜੋੜਨ ਲਈ ਉਚੇਚੇ ਉਪਰਾਲੇ ਕੀਤਾ ਜਾਣ-ਸ. ਦਲੇਰ ਸਿੰਘ ਯੂ. ਐੱਸ. ਏ
Next articleਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਮੰਗਾਂ ਹਮਦਰਦੀ ਨਾਲ ਸੁਣਨ ਦਾ ਦਾਅਵਾ