ਨਵੀਂ ਦਿੱਲੀ (ਸਮਾਜ ਵੀਕਲੀ): ਸੁਪਰੀਮ ਕੋਰਟ ਨੇ ਮੀਡੀਆ ਕਾਰੋਬਾਰੀ ਰਾਘਵ ਬਹਿਲ ਨੂੰ ਰਾਹਤ ਦਿੰਦਿਆਂ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡ) ਨੂੰ ਉਸ ਖ਼ਿਲਾਫ਼ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਮਾਮਲੇ ’ਚ ਕੋਈ ਸਖ਼ਤ ਕਾਰਵਾਈ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਦਿੱਲੀ ਹਾਈ ਕੋਰਟ ਨੇ ਬਹਿਲ ਵੱਲੋਂ ਕੇਸ ਖਾਰਜ ਕਰਨ ਦੀ ਅਰਜ਼ੀ ’ਤੇ 3 ਦਸੰਬਰ ਨੂੰ ਈਡੀ ਨੂੰ ਨੋਟਿਸ ਜਾਰੀ ਕੀਤਾ ਸੀ ਪਰ ਉਸ ਨੇ ਰਾਘਵ ਨੂੰ ਕੋਈ ਅੰਤਰਿਮ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਹੇਠਲੇ ਬੈਂਚ ਨੇ ਨੋਟਿਸ ਜਾਰੀ ਕਰਦਿਆਂ ਬਹਿਲ ਦੀ ਨਵੀਂ ਅਪੀਲ ਨੂੰ ਬਕਾਇਆ ਪਈਆਂ ਅਰਜ਼ੀਆਂ ਨਾਲ ਨੱਥੀ ਕਰਨ ਦੇ ਵੀ ਹੁਕਮ ਦਿੱਤੇ ਹਨ। ਇਨਕਮ ਟੈਕਸ ਵਿਭਾਗ ਨੇ ਅਰਜ਼ੀਕਾਰ ਖ਼ਿਲਾਫ਼ ਦੋਸ਼ ਲਾਇਆ ਹੈ ਕਿ ਉਸ ਨੇ ਲੰਡਨ ’ਚ ਕਾਲੇ ਧਨ ਨਾਲ ਸੰਪਤੀ ਖ਼ਰੀਦੀ ਹੈ ਜਿਸ ’ਤੇ ਈਡੀ ਨੇ ਕੇਸ ਦਰਜ ਕੀਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly