ਨਾਮਵਰ ਪ੍ਰਵਾਸੀ ਲੇਖਿਕਾ ਰੂਪੀ ਕਵਿਸ਼ਾ ਬਰੈਂਪਟਨ ਦਾ ਪੰਜਾਬੀ ਨਾਟਕ ‘ਭਾਵਗੁਰੂ’ ਹੋਇਆ ਲੋਕ ਅਰਪਣ
ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪਿਛਲੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਕਲਾ ਕੇਂਦਰ ਬਟਾਲਾ ਵੱਲੋਂ ਆਰ ਆਰ ਬਾਵਾ ਡੀ ਏ ਵੀ ਕਾਲਜ ਫਾਰ ਗਰਲਜ ਬਟਾਲਾ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਗਮ ਆਯੋਜਿਤ ਕੀਤਾ ਗਿਆ ਜਿਸਦੀ ਪ੍ਰਧਾਨਗੀ ਡਾਕਟਰ ਜਗਜੀਤ ਕੌਰ ਐਮ ਡੀ ਨੇ ਕੀਤੀ।ਇਸ ਮੌਕੇ ਉੱਘੇ ਪ੍ਰਵਾਸੀ ਸ਼ਾਇਰ ਹਰਜਿੰਦਰ ਸਿੰਘ ਪੱਤੜ ਮੁੱਖ ਮਹਿਮਾਨ ਅਤੇ ਗ਼ਜ਼ਲਗੋ ਅਮਰਜੀਤ ਸਿੰਘ ਜੀਤ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਡਾ ਰਵਿੰਦਰ ,ਡਾ ਅਨੂਪ ਸਿੰਘ, ਡਾ ਸਤਨਾਮ ਨਿੱਝਰ, ਪ੍ਰਿੰਸੀਪਲ ਡਾ ਏਕਤਾ ਖੋਸਲਾ,ਡਾ ਸਤਨਾਮ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ, ਸ ਗੁਰਮੀਤ ਸਿੰਘ ਸੇਵਾਮੁਕਤ ਡੀਈਓ ਅਤੇ ਪ੍ਰਿੰਸੀਪਲ ਡਾ ਅਸ਼ਵਨੀ ਕਾਂਸਰਾ ਉਚੇਚੇ ਤੌਰ ਤੇ ਪ੍ਰਧਾਨਗੀ ਮੰਡਲ ‘ ਚ ਸ਼ਾਮਲ ਸਨ। ਸਮਾਗਮ ਦਾ ਆਗਾਜ਼ ਡਾ.ਸਿਮਰਤ ਸੁਮੈਰਾ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ।ਵਿਸ਼ਵ ਪੰਜਾਬੀ ਸਾਹਿਤ ਕਲਾ ਕੇਂਦਰ ਸੰਸਥਾ ਦੀ ਸੰਸਥਾਪਕ ਪ੍ਰਿੰਸੀਪਲ ਸਤਿੰਦਰ ਪੰਨੂੰ ਦੇ ਮੈਸੇਜ਼ ਨਾਲ ਉਨ੍ਹਾਂ ਦੀ ਹਾਜ਼ਰੀ ਰਹੀ, ਕਾਲਜ ਦੀਆਂ ਵਿਦਿਆਰਥਣਾਂ ਨੇ ਸੁਰਤਾਲ ਦਾ ਉੱਤਮ ਪ੍ਰਦਰਸ਼ਨ ਕਰਦੇ ਹੋਏ ਵਾਹ ਵਾਹ ਖੱਟੀ। ਬਹੁਭਾਸ਼ਾਈ ਪ੍ਰਵਾਸੀ ਲੇਖਿਕਾ ਰੂਪੀ ਕਵਿਸ਼ਾ ਦਾ ਪੰਜਾਬੀ ਨਾਟਕ ਲੋਕ ਅਰਪਣ ਕਰਨ ਉਪਰੰਤ ਡਾਕਟਰ ਰਵਿੰਦਰ ਹੁਰਾਂ ਨੇ ਲੇਖਿਕਾ ਨੂੰ ਮੁਬਾਰਕਬਾਦ ਦਿੰਦਿਆਂ ਨਾਟਕ ਬਾਰੇ ਹਾਜ਼ਰੀਨ ਨਾਲ ਵਿਚਾਰ ਸਾਂਝਿਆਂ ਕਰਦੇ ਹੋਏ ‘ਭਾਵਗੁਰੂ’ ਨਾਟਕ ਦੇ ਜਲਦ ਹੀ ਸਫਲ ਮੰਚਨ ਦੀ ਕਾਮਨਾ ਕੀਤੀ। ਉਹਨਾਂ ਵੱਲੋਂ ਆਪਣੀ ਇਕ ਨਜ਼ਮ ਵੀ ਸਰੋਤਿਆਂ ਨਾਲ ਸਾਂਝੀ ਕੀਤੀ।ਲੇਖਿਕਾ ਕਵਿਸ਼ਾ ਨੇ ਵੀ ਨਾਟਕ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸ਼ਾਇਰਾ ਵਜੋਂ ਆਪਣੀਆਂ ਨਜ਼ਮਾਂ ਪੇਸ਼ ਕੀਤੀਆਂ।ਕਵੀ ਦਰਬਾਰ ਦੌਰਾਨ ਪੰਜਾਬ ਦੇ ਵੱਖੋ-ਵੱਖ ਕੋਨਿਆਂ ਤੋਂ ਪਹੁੰਚੇ ਕਵੀਆਂ ਨੇ ਭਰਪੂਰ ਰੰਗ ਬੰਨ੍ਹਿਆ। ਵਿਸ਼ੇਸ਼ ਮਹਿਮਾਨ ਅਮਰਜੀਤ ਸਿੰਘ ਜੀਤ ਨੇ ਵਿਦਿਆਰਥਣਾਂ ਨੂੰ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸਾਹਿਤ ਨਾਲ ਜੁੜਨ ਲਈ ਪ੍ਰੇਰਿਤ ਕਰਦਿਆਂ ਆਪਣੀ ਗ਼ਜ਼ਲ ‘ਮੈਂ ਨਈਂ ਕਹਿੰਦਾ ਚਰਖਾ ਕੱਤੇਂ ਜਾਂ ਕੱਢੇਂ ਫੁੱਲਕਾਰੀ, ਮੈਂ ਤਾਂ ਕਹਿਨਾਂ ਨੀਂ ਕੁੜੀਏ ਜਾ ਅੰਬਰੀਂ ਲਾ ਤੂੰ ਉਡਾਰੀ’ ਪੇਸ਼ ਕੀਤੀ।ਮੁੱਖ ਮਹਿਮਾਨ ਹਰਜਿੰਦਰ ਸਿੰਘ ਪੱਤੜ ਹੁਰਾਂ ਵਿਦਿਆਰਥਣਾਂ ਦੇ ਰੂ-ਬ-ਰੂ ਹੁੰਦਿਆਂ ਕੈਨੇਡਾ ਦੇ ਪ੍ਰਵਾਸ ਬਾਰੇ

ਆਪਣੇ ਤਜਰਬੇ ਸਾਂਝੇ ਕੀਤੇ ਉਹਨਾਂ ਨੇ ਪ੍ਰਵਾਸ ਦੌਰਾਨ ਹੰਢਾਏ ਪਲ ਸਾਂਝੇ ਕਰਦਿਆਂ ਉੱਥੋਂ ਦੀਆਂ ਖੂਬੀਆਂ ਤੇ ਤਲਖ ਹਕੀਕਤਾਂ ਬਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ। ਇਕ ਪ੍ਰੋੜ੍ਹ ਸ਼ਾਇਰ ਵਜੋਂ ਆਪਣੀਆਂ ਨਜ਼ਮਾਂ ਨਾਲ ਭਰਪੂਰ ਰੰਗ ਬੰਨ੍ਹਿਆ। ਸਮਾਗਮ ਦੇ ਪ੍ਰਧਾਨਗੀ ਭਾਸ਼ਣ ਵਿੱਚ ਡਾ ਜਗਜੀਤ ਕੌਰ ਐਮ ਡੀ ਨੇ ਪ੍ਰਬੰਧਕਾਂ ਨੂੰ ਸ਼ਾਨਦਾਰ ਸਾਹਿਤਕ ਸਮਾਗਮ ਆਯੋਜਿਤ ਕਰਨ ਲਈ ਮੁਬਾਰਕਬਾਦ ਦਿੱਤੀ ।ਨਰੋਏ ਸਮਾਜ ਦੇ ਨਿਰਮਾਣ ਲਈ ਅਜੇਹੇ ਸਾਹਿਤਕ ਸਮਾਗਮਾਂ ਨੂੰ ਸਮੇਂ ਦੀ ਲੋੜ ਆਖਿਆ। ਇਸ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ ਏਕਤਾ ਖੋਸਲਾ ਵੱਲੋਂ ਖੁਸ਼ੀ ਦੇ ਰੌਂਅ ‘ਚ ਸਫਲ ਸਮਾਗਮ ਲਈ ਤਸੱਲੀ ਜ਼ਾਹਿਰ ਕੀਤੀ ਗਈ। ਪੰਜਾਬੀ ਸਾਹਿਤ ਕਲਾ ਕੇਂਦਰ ਦੇ ਮੁਖੀ ਡਾ ਸਿਮਰਤ ਸੁਮੈਰਾ ਨੇ ਸਮਾਗਮ ਦੇ ਸਿਖਰ ਤੇ ਆਪਣੀ ਸ਼ਾਇਰੀ ਦੀ ਸਾਂਝ ਪਾਉਂਦਿਆਂ ,ਫਿਰ ਮਿਲਣ ਦੇ ਵਾਅਦੇ ਨਾਲ ਸਭ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਵਰਗਿਸ ਸਲਾਮਤ ਤੇ ਡਾ ਇੰਦਰਾ ਵਿਰਕ ਵੱਲੋਂ ਬਾਖੂਬੀ ਨਿਭਾਇਆ ਗਿਆ। ਸਮਾਗਮ ਦੌਰਾਨ ਡਾ ਪੰਕਜ ਮਹਾਜਨ, ਪ੍ਰਿੰਸੀਪਲ ਸ਼ਾਲਿਨੀ ਦੱਤਾ,ਪ੍ਰਿੰਸੀਪਲ ਜਸਪ੍ਰੀਤ ਛੀਨਾ, ਸ਼ਾਇਰ ਸੁਰਜੀਤ ਸਾਜਨ,ਸੰਦੀਪ ਸਿੰਘ ਪੱਤੜ, ਰਮੇਸ਼ ਕੁਮਾਰ ਜਾਨੂੰ,ਸੁਲਤਾਨ ਭਾਰਤੀ, ਵਿਜੇ ਅਗਨੀਹੋਤਰੀ, ਓਮ ਪ੍ਰਕਾਸ਼, ਉਦੋ ਕੇ ਨਿਮਾਣਾ, ਵਰਗਿਸ ਸਲਾਮਤ, ਰਣਜੀਤ, ਡਾ ਇੰਦਰਾ ਵਿਰਕ,ਡਾਕਟਰ ਸ਼ੈਲਜਾ,ਡਾ.ਨਵਦੀਪ ਕੌਰ, , ਦਵਿੰਦਰ ਦੀਦਾਰ ਜੋਗਿੰਦਰ ਸਿੰਘ,ਮਰਿੰਦ ਲਾਲ ਦੁੱਗਲ ,ਕਾਲਜ ਸਟਾਫ ਅਤੇ ਕਾਲਜ ਵਿਦਿਆਰਥਣਾਂ ਨੇ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ।