ਦੇਹਰਾਦੂਨ (ਸਮਾਜ ਵੀਕਲੀ): ਭਾਜਪਾ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਮਗਰੋਂ ਪੁਸ਼ਕਰ ਸਿੰਘ ਧਾਮੀ (45) ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉੱਤਰਾਖੰਡ ’ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਧਾਮੀ ’ਤੇ ਭਾਜਪਾ ਨੂੰ ਮੁੜ ਸੱਤਾ ’ਚ ਲਿਆਉਣ ਦੀ ਜ਼ਿੰਮੇਵਾਰੀ ਹੋਵੇਗੀ। ਉਹ ਸੂਬੇ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਹੋਣਗੇ ਅਤੇ ਤੀਰਥ ਸਿੰਘ ਰਾਵਤ ਦੀ ਥਾਂ ਲੈਣਗੇ ਜਿਨ੍ਹਾਂ ਚਾਰ ਮਹੀਨਿਆਂ ਦੇ ਅੰਦਰ ਹੀ ਸ਼ੁੱਕਰਵਾਰ ਰਾਤ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਮਗਰੋਂ ਧਾਮੀ ਵਿਧਾਇਕਾਂ ਅਤੇ ਕੇਂਦਰੀ ਆਬਜ਼ਰਵਰਾਂ ਨਾਲ ਰਾਜ ਭਵਨ ਪਹੁੰਚ ਗਏ ਅਤੇ ਰਾਜਪਾਲ ਬੇਬੀ ਰਾਣੀ ਮੌਰਿਆ ਕੋਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਉਨ੍ਹਾਂ ਵੱਲੋਂ ਐਤਵਾਰ ਨੂੰ ਹਲਫ਼ ਲਿਆ ਜਾਵੇਗਾ। ਊਧਮ ਸਿੰਘ ਨਗਰ ਜ਼ਿਲ੍ਹੇ ਦੇ ਖਤੀਮਾ ਤੋਂ ਦੋ ਵਾਰ ਵਿਧਾਇਕ ਚੁਣੇ ਜਾ ਚੁੱਕੇ ਧਾਮੀ ਨੇ ਕਿਹਾ,‘‘ਮੇਰੀ ਪਾਰਟੀ ਨੇ ਆਮ ਵਰਕਰ ਅਤੇ ਸਾਬਕਾ ਸੈਨਿਕ ਦੇ ਪੁੱਤਰ ਨੂੰ ਵੱਡੇ ਅਹੁਦੇ ਲਈ ਚੁਣਿਆ ਹੈ। ਅਸੀਂ ਸਾਰਿਆਂ ਦੇ ਸਹਿਯੋਗ ਨਾਲ ਲੋਕਾਂ ਦੇ ਮਸਲੇ ਹੱਲ ਕਰਨ ਲਈ ਕੰਮ ਕਰਾਂਗੇ। ਮੈਂ ਆਪਣੇ ਆਗੂਆਂ ਵੱਲੋਂ ਕੀਤੇ ਗਏ ਕੰਮਾਂ ਨੂੰ ਅਗਾਂਹ ਵਧਾਵਾਂਗਾ।’’
ਧਾਮੀ ਦੇ ਨਾਮ ਦੀ ਤਜਵੀਜ਼ ਅਹੁਦੇ ਤੋਂ ਲਾਂਭੇ ਹੋ ਰਹੇ ਤੀਰਥ ਸਿੰਘ ਰਾਵਤ ਨੇ ਪੇਸ਼ ਕੀਤੀ ਅਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਦਨ ਕੌਸ਼ਿਕ ਅਤੇ ਤ੍ਰਿਵੇਂਦਰ ਸਿੰਘ ਰਾਵਤ ਨੇ ਇਸ ਦੀ ਤਾਕੀਦ ਕੀਤੀ। ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਕੇਂਦਰੀ ਆਬਜ਼ਰਵਰ ਵਜੋਂ ਮੌਕੇ ’ਤੇ ਹਾਜ਼ਰ ਸਨ। ਭਾਜਪਾ ਨੇ 10 ਮਾਰਚ ਨੂੰ ਤ੍ਰਿਵੇਂਦਰ ਸਿੰਘ ਰਾਵਤ ਦੀ ਥਾਂ ’ਤੇ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਬਣਾਇਆ ਸੀ ਤਾਂ ਜੋ ਆਗਾਮੀ ਚੋਣਾਂ ’ਚ ਨਵਾਂ ਚਿਹਰਾ ਪੇਸ਼ ਕੀਤਾ ਜਾ ਸਕੇ। ਪਰ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ ਨਾ ਕਰਾਏ ਜਾਣ ਕਾਰਨ ਤੀਰਥ ਸਿੰਘ ਰਾਵਤ ਨੂੰ ਵੀ ਅਸਤੀਫ਼ਾ ਦੇਣਾ ਪੈ ਗਿਆ ਹੈ ਕਿਉਂਕਿ ਛੇ ਮਹੀਨਿਆਂ ਦੇ ਅੰਦਰ ਅੰਦਰ ਉਨ੍ਹਾਂ ਨੇ ਵਿਧਾਇਕ ਬਣਨਾ ਸੀ।
ਉਧਰ ਕਾਂਗਰਸ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਹੈ ਕਿ ਉੱਤਰਾਖੰਡ ਦੇ ਵਿਕਾਸ ਦੀ ਬਜਾਏ ਉਨ੍ਹਾਂ ਸੂਬੇ ਨੂੰ ਸਿਆਸੀ ਅਸਥਿਰਤਾ ਦੇ ਕੰਢੇ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਸੀਨੀਅਰ ਕਾਂਗਰਸ ਆਗੂ ਹਰੀਸ਼ ਰਾਵਤ ਨੇ ਕਿਹਾ ਕਿ ਸਾਢੇ ਚਾਰ ਸਾਲਾਂ ’ਚ ਭਾਜਪਾ ਦੇ ਤਿੰਨ ਮੁੱਖ ਮੰਤਰੀ ਬਣੇ ਅਤੇ ਪਾਰਟੀ ਨੇ ਵਾਰ ਵਾਰ ਮੁੱਖ ਮੰਤਰੀ ਬਦਲ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਕਾਂਗਰਸ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਦੀ ਸੱਤਾ ਲਈ ਭੁੱਖ ਦੀ ਇਹ ਮਿਸਾਲ ਹੈ ਅਤੇ ਲੋਕਾਂ ਨੂੰ ਧੋਖਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਜ਼ਿੰਮੇਵਾਰ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly