*ਪੁਨੂੰ ਨੂੰ ਬਲੋਚ ਲੈ ਗਏ*

(ਸਮਾਜ ਵੀਕਲੀ)

ਅੱਧੀ ਰਾਤ ਨੂੰ ਪਏ ਪੁਆੜੇ ਸੱਸੀਏ ।
ਭੈੜੇ ਨਿਕਲੇ ਬਲੋਚ ਮਾੜੇ ਸੱਸੀਏ ।
ਨੇਰੀ ਰਾਤ ਚ ਡਾਚੀ ਦੇ ਉੱਤੇ ਸੁਟ ਕੇ,
ਨੀ ਵਤਨਾਂ ਦੇ ਰਾਹ ਪੈ ਗਏ।
ਜੀਹਨੂੰ ਆਖਦੀ ਸੀ ਪੁਨੂੰ ਮੇਰਾ ਪੁਨੂੰ,
ਨੀ ਪੁਨੂੰ ਨੂੰ ਬਲੋਚ ਲੈ ਗਏ ।

ਧੋਖਾ ਅੱਲੜੇ ਨੀ ਇਸ਼ਕ ਚ ਖਾ ਲਿਆ ।
ਰੋਗ ਹਿਜਰਾਂ ਦਾ ਜਿੰਦੜੀ ਨੂੰ ਲਾ ਲਿਆ ।
ਤਾਣ ਲੰਮੀਆਂ ਤੂੰ ਹੋਈ ਬੇ ਫਿਕਰੀ,
ਸਾਂਈ ਸਿਰ ਦਾ ਜੋ ਮੰਨਿਆ ਗੁਆ ਲਿਆ ।
ਜੇਹੜੇ ਪਿਆਰ ਦੇ ਮਹਿਲ ਤੂੰ ਉਸਾਰੇ,
ਪਲਾਂ ਦੇ ਵਿੱਚ ਵੇਖ ਢਹਿ ਗਏ ।
ਜੀਹਨੂੰ…………………

ਹੁੰਦੇ ਅਪਣੇ ਨਾ ਕਦੇ ਵੀ ਬਗਾਨੇ ਨੀ।
ਸੰਗ ਉਨਾਂ ਦੇ ਨਾ ਪੁੱਗਣ ਯਰਾਨੇ ਨੀ।
ਝੂਠੇ ਪਿਆਰ ਦੇ ਪੁਜਾਰੀ ਝੂਠੇ ਚੰਦਰੇ,
ਲਾਉਂਦੇ ਹੁਸਨਾਂ ਤੇ ਫਿਰਨ ਨਿਸ਼ਾਨੇ ਨੀ।
ਸਾਕ ਨਵੇਂ ਜੋ ਬਨਾਏ ਤੂੰ ਅਪਣੇ,
ਨੀ ਤੇਰੇ ਵੈਰੀ ਬਣ ਬਹਿ ਗਏ।
ਜੀਹਨੂੰ………………..

ਭਰ ਸਬਰਾਂ ਦੀ ਘੁੱਟ ਰੋ ਨਾ ਸੱਸੀਏ।
ਅੱਖਾਂ ਹਝੂੰਆਂ ਦੇ ਨਾਲ ਧੋ ਨਾ ਸੱਸੀਏ।
ਜਿਹੜੇ ਕਦਰ ਪਿਆਰ ਦੀ ਨਾ ਜਾਣਦੇ,
ਆਉਂਦੇ ਮੁੜਕੇ ਕਦੇ ਵੀ ਓ ਨਾ ਸੱਸੀਏ।
ਰੱਖ ਹੌਂਸਲਾ ਡੁਲਾਵੀਂ ਨਾ ਤੂੰ ਚਿੱਤ ਨੂੰ,
ਨੀ ਮਾਮਲੇ ਤਾਂ ਭਾਰੇ ਪੈ ਗਏ।
ਜੀਹਨੂੰ………………..

ਛੱਡ ਥਲਾਂ ਵਲ ਜਾਣ ਦਾ ਖਿਆਲ ਨੀ।
ਕਿਥੋਂ ਪੁਨੂੰ ਨੂੰ ਲਵੇਂਗੀ ਹੁਣ ਭਾਲ ਨੀ।
ਤੱਤੀ ਰੇਤ ਉੱਤੋਂ ਸਿਖਰ ਦੁਪਿਹਰਾ ਨੀ,
ਦੇਹੀ ਕੁੰਦਨ ਜਿਹੀ ਤੂੰ ਲਏਗੀ ਗਾਲ ਨੀ।
ਉਹਨਾਂ ਖੱਟਿਆ ਕੀ ‘ਬੁਜਰਕ’ ਵਾਲਿਆ ,
ਜੋ ਇਸ਼ਕ ਦੇ ਰਾਹ ਪੈ ਗਏ ।
ਜੀਹਨੂੰ………………

ਹਰਮੇਲ ਸਿੰਘ ਬੁਜ਼ਰਕੀਆ
94275-97204

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵਾਸ ਨਾਲ ਚਲਦਾ ਹੈ ਸਾਡਾ ਜੀਵਨ…
Next articleਚਿੱਠੀ