ਮਾਨਸਾ (ਸਮਾਜ ਵੀਕਲੀ) ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬਦੀਆਂ ਨੇ ਪੰਜਾਬ ਭਰ ਵਿੱਚ ‘ਐੱਮ-ਸੇਵਾ’ ਐਪ ਨੂੰ ਲਾਜ਼ਮੀ ਤੌਰ ‘ਤੇ ਲਾਗੂ ਕਰਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਇਨ੍ਹਾਂ ਜਥੇਬੰਦੀਆਂ ਵਿੱਚ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ, ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ, ਏ.ਐਨ.ਐਮ., ਐਲ.ਐਚ.ਵੀ. ਯੂਨੀਅਨ, ਅਤੇ ਏ.ਐਮ.ਓ. ਐਸੋਸੀਏਸ਼ਨ ਸ਼ਾਮਲ ਹਨ। ਆਗੂਆਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਇਹ ਐਪ ਮੁਲਾਜ਼ਮਾਂ ਨਾਲ ਬਿਨਾਂ ਕਿਸੇ ਸਲਾਹ-ਮਸ਼ਵਰੇ ਦੇ ਜਲਦਬਾਜ਼ੀ ਵਿੱਚ ਲਾਗੂ ਕਰ ਰਹੀ ਹੈ। ਸਿਹਤ ਮੁਲਾਜ਼ਮਾਂ ਨੇ ਆਪਣੀਆਂ ਸਮੱਸਿਆਵਾਂ ਉਜਾਗਰ ਕਰਦਿਆਂ ਕਿਹਾ ਕਿ ਵਿਭਾਗ ਵਿੱਚ ਕਈ ਅਸਾਮੀਆਂ ਖ਼ਾਲੀ ਹਨ ਅਤੇ ਕਰਮਚਾਰੀ ਡੈਪੂਟੇਸ਼ਨ ‘ਤੇ ਕੰਮ ਕਰ ਰਹੇ ਹਨ। ਫੀਲਡ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਨਿੱਜੀ ਸਾਧਨਾਂ ‘ਤੇ 5 ਤੋਂ 20 ਕਿਲੋਮੀਟਰ ਤੱਕ ਦਾ ਸਫ਼ਰ ਕਰਦੇ ਹਨ, ਪਰ ਸਤੰਬਰ 2021 ਤੋਂ ਉਨ੍ਹਾਂ ਦੇ ਸਫ਼ਰੀ ਅਤੇ ਹੋਰ ਭੱਤੇ ਬੰਦ ਹਨ। ਇਨ੍ਹਾਂ ਮੰਗਾਂ ਸਬੰਧੀ ਸਰਕਾਰ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਕੋਈ ਵੀ ਮੰਗ ਨਹੀਂ ਮੰਨੀ ਗਈ। ਜਥੇਬੰਦੀਆਂ ਨੇ ਮੰਗ ਕੀਤੀ ਕਿ ‘ਐੱਮ-ਸੇਵਾ’ ਐਪ ਨੂੰ ਜ਼ਬਰਦਸਤੀ ਥੋਪਿਆ ਨਾ ਜਾਵੇ। ਇਸੇ ਤਹਿਤ, ਮਾਨਸਾ ਜ਼ਿਲ੍ਹੇ ਦੇ ਬਲਾਕ ਖਿਆਲਾ ਕਲਾਂ ਦੇ ਸਿਹਤ ਕਰਮਚਾਰੀਆਂ ਨੇ ਐਸ.ਐਮ.ਓ. ਡਾ. ਹਰਮਨਦੀਪ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ। ਇਸ ਮੰਗ ਪੱਤਰ ਵਿੱਚ ‘ਐੱਮ-ਸੇਵਾ’ ਐਪ ਨੂੰ ਨਾ ਥੋਪਣ ਤੋਂ ਇਲਾਵਾ, ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਲਈ ਮਹੀਨਾਵਾਰ ਰਿਪੋਰਟਾਂ ਲਈ ਸਟੇਸ਼ਨਰੀ ਅਤੇ ਪ੍ਰਫਾਰਮੇ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਇਸ ਮੌਕੇ ਮਲਕੀਤ ਸਿੰਘ, ਜਗਦੀਸ਼ ਸਿੰਘ, ਸੁਖਪਾਲ ਸਿੰਘ, ਸਰਬਜੀਤ ਸਿੰਘ, ਗੁਰਦੀਪ ਸਿੰਘ, ਖੁਸ਼ਵਿੰਦਰ ਸਿੰਘ, ਜਗਸੀਰ ਸਿੰਘ, ਸੁਖਵਿੰਦਰ ਸਿੰਘ, ਹਰਨੈਲ ਸਿੰਘ, ਪ੍ਰਦੀਪ ਸਿੰਘ, ਰਾਜਪਾਲ ਕੌਰ, ਕਰਮਜੀਤ ਕੌਰ, ਚਰਨਜੀਤ ਕੌਰ, ਰਮਨਦੀਪ ਕੌਰ, ਹਰਪ੍ਰੀਤ ਕੌਰ, ਵੀਰਪਾਲ ਕੌਰ ਸਮੇਤ ਹੋਰ ਕਰਮਚਾਰੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



