ਪੰਜਾਬੀਓ ਜਾਗੋ ਤੇ ਸੋਚੋ ਤੇ ਕਾਰਵਾਈ ਕਰੋ

ਰਮੇਸ਼ਵਰ ਸਿੰਘ ਪਟਿਆਲਾ

(ਸਮਾਜ ਵੀਕਲੀ)– ਉੱਨੀ ਸੌ ਸੰਤਾਲੀ ਦੇ ਅੱਲੇ ਜ਼ਖ਼ਮ ਹੁਣ ਤਕ ਸੁੱਕੇ ਨਹੀਂ, ਬਿਨਾਂ ਮਤਲਬ ਬਰਤਾਨਵੀਆਂ ਦੇ ਇਸ਼ਾਰੇ ਤੇ ਪੰਜਾਬ ਦੇ ਦੋ ਟੁਕੜੇ ਕੀਤੇ ਗਏ।ਲੱਖਾਂ ਜਾਨਾ ਮੁਫ਼ਤ ਵਿਚ ਭੇਟ ਚੜ੍ਹਾ ਦਿੱਤੀਆਂ ਗਈਆਂ ਉਨ੍ਹਾਂ ਪਿੱਛੇ ਕਾਰਨ ਕੀ ਸੀ ਅੱਜ ਤਕ ਕਿਸੇ ਨੂੰ ਸਮਝ ਨਹੀਂ ਆਇਆ।ਪੰਜਾਬ ਦੇ ਦੋ ਟੁਕੜੇ ਕਰ ਦਿੱਤੇ ਗਏ ਤੇ ਸ਼ਰ੍ਹੇਆਮ ਕਤਲੇਆਮ ਹੋਈ ਇਸ ਪਿੱਛੇ ਕਿਸ ਦਾ ਹੱਥ ਸੀ ਹੁਣ ਤਕ ਸਮਝ ਨਹੀਂ ਆਇਆ ਤੇ ਨਾ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ।ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਭਾਸ਼ਾ ਪਹਿਰਾਵਾ ਵਿਰਸਾ ਸਭ ਇੱਕੋ ਹੈ,ਦੋਨਾਂ ਪੰਜਾਬਾਂ ਵਿੱਚ ਸਾਰੇ ਧਰਮਾਂ ਵਾਲੇ ਲੋਕ ਰਹਿੰਦੇ ਹਨ।ਫੇਰ ਟੁਕੜੇ ਕਿਉਂ ਹੋਏ ਕਦੇ ਕਿਸੇ ਨੇ ਸੋਚਿਆ ? ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਵਪਾਰ ਆਰਾਮ ਨਾਲ ਹੋ ਸਕਦਾ ਹੈ, ਕੁਝ ਘੰਟਿਆਂ ਵਿੱਚ ਟਰੱਕਾਂ ਨਾਲ ਜ਼ਰੂਰੀ ਮਾਲ ਇੱਧਰ ਉੱਧਰ ਕੀਤਾ ਜਾ ਸਕਦਾ ਹੈ।ਪਰ ਨਹੀਂ ਕਾਰਨ ਕੀ ਹੈ ਗੁਜਰਾਤ ਸਮੁੰਦਰੀ ਰਸਤੇ ਰਾਹੀਂ ਵਿਉਪਾਰ ਕੀਤਾ ਜਾ ਰਿਹਾ ਹੈ, ਵਿਉਪਾਰੀ ਲੋਕ ਮੁਫ਼ਤ ਵਿੱਚ ਮੋਟੀ ਰਕਮ ਕਮਾ ਰਹੇ ਹਨ ਤੇ ਆਪਾਂ ਨੂੰ ਲਿਆਂਦਾ ਮਾਲ ਮਹਿੰਗਾ ਮਿਲ ਰਿਹਾ ਹੈ।

ਪੂਰਬ ਤੇ ਪੱਛਮ ਪੰਜਾਬ ਵਿੱਚ ਰਹਿੰਦੇ ਲੋਕਾਂ ਦੇ ਧਾਰਮਿਕ ਸਥਾਨ ਅਲੱਗ ਅਲੱਗ ਥਾਵਾਂ ਤੇ ਹਨ ਤੇ ਰਿਸ਼ਤੇਦਾਰ ਵੀ ਅਲੱਗ ਥਾਵਾਂ ਤੇ ਰਹਿੰਦੇ ਹਨ ਮਿਲਣ ਲਈ ਵੀਜ਼ਾ ਪ੍ਰਾਪਤ ਕਰਨਾ ਪੈਂਦਾ ਹੈ,ਜਿਸ ਕੰਮ ਲਈ ਬਹੁਤ ਖੱਜਲ ਖੁਆਰੀ ਹੁੰਦੀ ਹੈ। ਪਿਛਲੇ ਸਾਲ ਬਾਬਾ ਨਾਨਕ ਜੀ ਦਾ ਪ੍ਰਕਾਸ਼ ਉਤਸਵ ਕਰਤਾਰਪੁਰ ਸਾਹਿਬ ਚ ਮਨਾਇਆ ਗਿਆ, ਆਉਣ ਜਾਣ ਲਈ ਰਸਤਾ ਖੁੱਲ੍ਹਵਾਉਣ ਲਈ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕੀ ਰੌਲਾ ਹੈ।ਫੇਰ ਕੋਰੋਨਾ ਕਾਰਨ ਉਹ ਰਸਤਾ ਬੰਦ ਕਰ ਦਿੱਤਾ ਗਿਆ ਦੁਬਾਰਾ ਫੇਰ ਖੁੱਲ੍ਹਵਾਉਣ ਲਈ ਸਰਕਾਰਾਂ ਦੀਆਂ ਮਿੰਨਤਾਂ ਕਰਨੀਆਂ ਪਈਆਂ।ਇਸੇ ਤਰ੍ਹਾਂ ਲਹਿੰਦੇ ਪੰਜਾਬ ਵਾਲਿਆਂ ਦੇ ਇਧਰ ਬਹੁਤ ਧਾਰਮਿਕ ਅਸਥਾਨ ਹਨ ਉਨ੍ਹਾਂ ਨੂੰ ਵੀ ਦਰਸ਼ਨ ਕਰਨ ਲਈ ਬਹੁਤ ਹੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।ਵੀਜ਼ਾ ਪ੍ਰਾਪਤ ਕਰ ਲਿਆ ਜਾਵੇ ਤਾਂ ਇਸ ਪਿੱਛੇ ਵੀ ਇਕ ਗਿਣੀ ਮਿੱਥੀ ਸਾਜ਼ਿਸ਼ ਹੁੰਦੀ ਹੈ ਜਾਣ ਵਾਲੇ ਉਸ ਥਾਂ ਤੇ ਹੀ ਜਾ ਸਕਦੇ ਹਨ ਜਿੱਥੇ ਜਾਣ ਦੀ ਸਰਕਾਰ ਨੇ ਮੋਹਰ ਲਾਈ ਹੋਵੇ। ਲੱਖਾਂ ਲੋਕ ਏਧਰ ਓਧਰ ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਕੇ ਆ ਗਏ ਪਰ ਬਾਕੀ ਧਾਰਮਿਕ ਸਥਾਨ ਤੇ ਲੋਕਾਂ ਨੂੰ ਮਿਲਣਾ ਬਾਕੀ ਰਹਿ ਗਿਆ। ਪੰਜਾਬੀਓ ਜਾਗੋ ਧਾਰਮਕ ਸਥਾਨਾਂ ਦੇ ਦਰਸ਼ਨਾਂ ਲਈ ਪੱਕਾ ਕਾਰਡ ਬਣਵਾ ਲੈਣਾ ਚਾਹੀਦਾ ਹੈ, ਜਦੋਂ ਦਿਲ ਕਰੇ ਜਾ ਕੇ ਦਰਸ਼ਨ ਕਰ ਸਕੀਏ ਤੇ ਆਪਣੇ ਮਿੱਤਰਾਂ ਦੋਸਤਾਂ ਨੂੰ ਮਿਲ ਸਕੀਏ।

ਸਾਡੀ ਭਾਸ਼ਾ ਵਿਰਸਾ ਸਭ ਇੱਕ ਹੈ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚ ਅਨੇਕਾਂ ਰੇਡੀਓ ਸਥਾਪਤ ਕੀਤੇ ਹੋਏ ਹਨ, ਪਰ ਪਤਾ ਨਹੀਂ ਕਿਨ੍ਹਾਂ ਕਾਰਨਾਂ ਕਰਕੇ ਸਰਕਾਰਾਂ ਨੇ ਇੱਕ ਦੂੁਜੇ ਪਾਸੇ ਆਵਾਜ਼ ਜਾਣ ਤੇ ਪਾਬੰਦੀ ਲਗਾਈ ਹੋਈ ਹੈ।ਕਦੇ ਵੀ ਨਾ ਲਹਿੰਦੇ ਪੰਜਾਬ ਦੀ ਸਰਕਾਰ ਨਾ ਚੜ੍ਹਦੇ ਪੰਜਾਬ ਦੀ ਸਰਕਾਰ ਨੇ ਇਹ ਮਸਲਾ ਕਦੇ ਨਹੀਂ ਚੁੱਕਿਆ। ਰੇਡੀਓ ਅਤੇ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਤੋਂ ਅਸੀਂ ਦੋਨੋਂ ਪੰਜਾਬਪ ਵਾਲੇ ਵਾਂਝੇ ਹਾਂ। ਖ਼ਾਸ ਦਿਨ ਤੇ ਪ੍ਰੋਗਰਾਮ ਕਰਵਾਉਣੇ ਹੋਣ ਉਸ ਲਈ ਵੀ ਵੀਜ਼ਾ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਇਹ ਸਨ ਪਾਬੰਦੀਆਂ ਜੋ ਬਿਨਾਂ ਕਾਰਨ ਉਨੀ ਸੌ ਸੰਤਾਲੀ ਵਿੱਚ ਲਗਾ ਦਿੱਤੀਆਂ ਗਈਆਂ।ਫਿਰ ਆਇਆ ਸਾਲ 1966 ਸਾਡੇ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ ਗਏ, ਕਾਰਨ ਕੀ ਸੀ ਅੱਜ ਤਕ ਕਿਸੇ ਨੂੰ ਸਮਝ ਨਹੀਂ ਆਇਆ ਇੱਕ ਦੂਸਰੀ ਭਾਸ਼ਾ ਵਾਲੇ ਅਲੱਗ ਸੂਬਿਆਂ ਵਿਚ ਬੈਠੇ ਹਨ। ਤੇ ਰਾਜਨੀਤਕ ਪਾਰਟੀਆਂ ਕੋਈ ਨਾ ਕੋਈ ਮੁੱਦਾ ਲੱਭ ਕੇ ਲੜਾਈ ਕਰਾਉਣ ਲਈ ਅੱਗੇ ਰਹਿੰਦੀਆਂ ਹਨ।ਕਦੇ ਪਾਣੀ ਦਾ ਝਗੜਾ ਕਦੇ ਭਾਸ਼ਾ ਦਾ ਝਗੜਾ ਜੋ ਸਮਝ ਤੋਂ ਬਾਹਰ ਹੈ।ਚੰਡੀਗੜ੍ਹ ਪੰਜਾਬ ਦੀ ਧਰਤੀ ਤੇ ਵਸਿਆ ਤੇ ਇਸ ਤੇ ਰਾਜ ਕੇਂਦਰ ਸਰਕਾਰ ਕਰ ਰਹੀ ਹੈ। ਅਨੇਕਾਂ ਰਾਜਨੀਤਕ ਪਾਰਟੀਆਂ ਚੰਡੀਗੜ੍ਹ ਦੇ ਮਸਲੇ ਨੂੰ ਲੈ ਕੇ ਵੋਟਾਂ ਪ੍ਰਾਪਤ ਕਰ ਗਈਆਂ ਪਰ ਚੰਡੀਗਡ਼੍ਹ ਕੇਂਦਰ ਕੋਲ ਹੀ ਹੈ।

ਫੇਰ ਆਇਆ ਸਾਲ 1984 ਗਲਤੀ ਕਿਸੇ ਨੇ ਕੀਤੀ ਤੇ ਸਜ਼ਾ ਲੱਖਾਂ ਲੋਕਾਂ ਨੂੰ ਭੁਗਤਣੀ ਪਈ ਜੋ ਜ਼ਖ਼ਮ ਹੁਣ ਤਕ ਵੀ ਅੱਲੇ ਹਨ,ਸਭ ਪਤਾ ਹੈ ਕਿਸ ਨੇ ਗ਼ਲਤ ਕਦਮ ਚੁੱਕੇ ਪਰ ਸਜ਼ਾ ਕਿਸੇ ਨੂੰ ਅੱਜ ਤੱਕ ਨਹੀਂ ਮਿਲੀ।ਕਾਰਨ ਕੀ ਆਪਾਂ ਨੂੰ ਮਿਲ ਕੇ ਬੈਠ ਕੇ ਦੁੱਖਾਂ ਬਾਰੇ ਵਿਚਾਰ ਨਾ ਆਉਂਦਾ ਨਹੀਂ ਰਾਜਨੀਤਕ ਪਾਰਟੀਆਂ ਰੋਟੀ ਸੇਕ ਜਾਂਦੀਆਂ ਹਨ। ਉਸ ਤੋਂ ਬਾਅਦ ਲਾਰੇ ਲੱਪੇ ਚਾਲੂ ਰਹਿੰਦੇ ਹਨ।ਲਓ ਹੁਣ ਸਰਕਾਰ ਨੂੰ ਇਕ ਹੋਰ ਨਵਾਂ ਸ਼ੋਸ਼ਾ ਸੋਚਿਆ ਹੈ,ਭਾਖੜਾ ਬੰਨ੍ਹ ਪੰਜਾਬ ਦੀ ਧਰਤੀ ਤੇ ਸਥਾਪਤ ਹੈ ਸਾਰੀ ਦੁਨੀਆਂ ਜਾਣਦੀ ਹੈ, ਪਤਾ ਨਹੀਂ ਸਰਕਾਰ ਨੂੰ ਕੀ ਅਹੁਡ਼ਿਆ ਆਪਣੀ ਮੈਂਬਰਸ਼ਿਪ ਕੀ ਆਪਣਾ ਹਿੱਸਾ ਹੀ ਖ਼ਤਮ ਕਰ ਦਿੱਤਾ। ਭਾਖੜਾ ਤੋਂ ਪੰਜਾਬ ਦੀ ਲੋੜ ਜਿੰਨਾ ਪਾਣੀ ਵੀ ਕਦੇ ਨਹੀਂ ਦਿੱਤਾ ਗਿਆ ਬਿਜਲੀ ਤਾਂ ਸਿੱਧੇ ਦੂਸਰੇ ਰਾਜਾਂ ਨੂੰ ਜਾਂਦੀ ਹੈ। ਪੰਜਾਬ ਦਾ ਪਾਣੀ ਦੂਸਰੇ ਰਾਜਾਂ ਵਿੱਚ ਜਾ ਕੇ ਮੁਫ਼ਤ ਮਿਲਦਾ ਹੈ ਤੇ ਅਸੀਂ ਬਿਜਲੀ ਤੇ ਪਾਣੀ ਤੋਂ ਵਾਂਝੇ ਹਾਂ।

ਮੇਰੇ ਪੰਜਾਬੀ ਭੈਣੋ ਤੇ ਭਰਾਵੋ ਨਵੀਂ ਸਰਕਾਰ ਹੋਂਦ ਵਿੱਚ ਆਉਣ ਵਾਲੀ ਹੈ, ਸਭ ਤੋਂ ਪਹਿਲਾਂ ਪੰਜਾਬ ਦੇ ਜਿਸ ਜਿਸ ਥਾਂ ਤੇ ਚੀਜ਼ਾਂ ਤੇ ਹੱਕ ਹਨ ਉਹ ਲੈਣ ਲਈ ਆਪਾਂ ਨੂੰ ਸਿੱਧਾ ਉਪਰਾਲਾ ਕਰਨਾ ਚਾਹੀਦਾ ਹੈ। ਅੱਜ ਕੱਲ੍ਹ ਸਰਕਾਰਾਂ ਦੇ ਲਾਰੇ ਸੁਣਨੇ ਬੰਦ ਕਰ ਦੇਵੋ, ਆਪਾਂ ਦਿੱਲੀ ਵਿਚ ਜਾ ਕੇ ਖੇਤੀ ਦੇ ਤਿੰਨ ਕਾਲੇ ਕਾਨੂੰਨ ਵੀ ਵਾਪਸ ਕਰਵਾਏ ਹਨ ਤਾਂ ਆਪਾਂ ਆਪਣੇ ਹੱਕ ਕਿਉਂ ਨਹੀਂ ਲੈਂਦੇ।ਰਾਜਨੀਤਕ ਪਾਰਟੀਆਂ ਸਭ ਇੱਕੋ ਹੀ ਹਨ ਨਹਿਰਾਂ ਸੂਏ ਕੱਸੀਆਂ ਸਭ ਪੱਕੀਆਂ ਕਰ ਦਿੱਤੀਆਂ ਗਈਆਂ, ਪਾਣੀ ਰਿਸ ਕੇ ਧਰਤੀ ਵਿੱਚ ਕੀ ਜਾਣਾ ਸੀ।ਉਲਟਾ ਪੰਜਾਬੀਆਂ ਤੇ ਇਲਜ਼ਾਮ ਲਾਇਆ ਜਾਂਦਾ ਹੈ ਕਿ ਝੋਨੇ ਦੀ ਫ਼ਸਲ ਲਗਾ ਕੇ ਧਰਤੀ ਵਿੱਚੋਂ ਪਾਣੀ ਖਿੱਚਦੇ ਹਨ। ਸਾਡਾ ਬਣਦਾ ਨਹਿਰੀ ਪਾਣੀ ਦੇਣਾ ਚਾਹੀਦਾ ਹੈ ਤੇ ਨਹਿਰਾਂ ਕੱਚੀਆਂ ਕਿਧਰੇ ਟੁੱਟ ਕੇ ਨਹੀਂ ਜਾਂਦੀਆਂ।ਪਾਣੀ ਸਿੰਮ ਕੇ ਧਰਤੀ ਦੇ ਪਾਣੀ ਦਾ ਪੱਧਰ ਵਧਦਾ ਹੈ ਪੰਜਾਬੀਓ ਜਾਗੋ ਤੇ ਤੋੜ ਦਿਓ ਇਹ ਨਾ ਨਹਿਰਾਂ ਤੇ ਸੂਇਆਂ ਦੀਆਂ ਲਗਾਈਆਂ ਇੱਟਾਂ ਨੂੰ ਤੇ ਆਪਣੇ ਹੱਕਾਂ ਲਈ ਜਾਗੋ।ਪੰਜਾਬ ਮਾਰੂਥਲ ਬਣਨ ਲਈ ਵਧਦਾ ਜਾ ਰਿਹਾ ਹੈ ਆਪਣੇ ਹੱਕਾਂ ਨੂੰ ਪਛਾਣੋ ਤੇ ਜਲਦੀ ਤੋਂ ਜਲਦੀ ਪ੍ਰਾਪਤ ਕਰੋ। ਸਰਕਾਰਾਂ ਆਪਾਂ ਬਣਾਉਂਦੇ ਹਾਂ ਉਨ੍ਹਾਂ ਵੱਲ ਨਾ ਦੇਖੋ। ਖੇਤੀ ਆਪਣਾ ਮੁੱਖ ਧੰਦਾ ਹੈ ਇਸ ਨੂੰ ਬਚਾਓ ਬਾਕੀ ਕੰਮ ਆਪਾਂ ਕਰ ਹੀ ਲਵਾਂਗੇ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392

Previous articleयूक्रेन में युद्ध और शांति
Next articleਦੋ ਕਿਤਾਬਾਂ ਦਾ ਲੋਕ ਅਰਪਣ ਅਤੇ ਸਨਮਾਨ ਸਮਾਰੋਹ