ਪੰਜਾਬੀਓ ! ਆਓ ਜ਼ਹਿਰ ਖਾਈਏ ?

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਜੇ ਕਿਸੇ ਨੂੰ ਆਖਿਆ ਜਾਵੇ ਕਿ ਇਹ ਜੋ ਫਲ..ਸਬਜ਼ੀ ਰੋਟੀ ਤੇ ਦੁੱਧ ਖਾ ਪੀ ਲਵੋ ਤਾਂ ਝੱਟ ਖਾ ਲਵੇਗਾ ਪਰ ਜੇ ਕਹਿ ਦੇਈਏ ਕਿ ਸਭ ਜ਼ਹਿਰ ਹੈ। ਅਗਲਾ ਛਾਲ ਮਾਰ ਕੇ ਪਾਸੇ ਹੋਣ ਤੋਂ ਪਹਿਲਾਂ ਗਾਲਾਂ ਦੀ ਬੁਛਾੜ ਮਾਰੇਗਾ। ਸੱਚ ਇਹ ਕਿ ਅਸੀਂ ਜ਼ਹਿਰ ਹੀ ਤਾਂ ਖਾ ਤੇ ਪੀ ਰਹੇ ਹਾਂ । ਦੁਨੀਆ ਦੇ ਵਿੱਚ ਇਹ ਜ਼ਹਿਰ ਅਮਰੀਕਾ ਨੇ ਵੀਅਤਨਾਮ ਵਿੱਚ ਵਰਤੀ ਸੀ ਉਸ ਵੇਲੇ ਗਿਆਰਾਂ ਲੱਖ ਲੋਕ ਪ੍ਰਭਾਵਿਤ ਹੋਏ ਸਨ ਪਰ ਸਾਡੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਹਰੀ, ਚਿੱਟੀ ਤੇ ਨੀਲੀ ਕ੍ਰਾਂਤੀ ਲਿਆਉਣ ਦੇ ਬਹਾਨੇ ਸਾਨੂੰ ਬਲੀ ਦੇ ਬੱਕਰੇ ਬਣਾਇਆ । ਸਾਨੂੰ ਬਲੀ ਦੇ ਬੱਕਰੇ ਬਣਾਉਣ ਦੇ ਲਈ ਬੇਗਾਨਿਆਂ ਨੇ ਘੱਟ ਤੇ ਆਪਣਿਆਂ ਨੇ ਪੂੰਛਾੰ ਚੁੱਕ ਲਈਆਂ ਹੁਣ ਸਭ ਪੂੰਛਾਂ ਚੱਡਿਆਂ ਵਿੱਚ ਲੈ ਕੇ ਬਦੇਸ਼ ਦੌੜ ਗਏ ਤੇ ਦੌੜ ਰਹੇ ਹਨ।

ਹੁਣ ਜੋ ਹਾਲਤ ਪੰਜਾਬ ਦੀ ਬਣੀ ਹੈ ਸਭ ਦੇ ਸਾਹਮਣੇ ਹੈ। ਪੰਜਾਬ ਦੇ ਨਿੱਜੀ ਹਸਪਤਾਲ, ਡੇਰੇ ਤੇ ਧਾਰਮਿਕ ਅਸਥਾਨ ਖੁੰਬਾਂ ਉਗ ਰਹੇ ਹਨ। ਇਹ ਲੋਕਾਂ ਦਾ ਸਰੀਰਕ ਇਲਾਜ ਕਰਨ ਦੇ ਨਾਮ ਉਤੇ ਲੁੱਟਮਾਰ ਕਰ ਰਹੇ ਹਨ ਤੇ ਅਸੀਂ ਕਰਵਾ ਰਹੇ ਹਾਂ ਪਰ ਬੀਮਾਰੀ ਦੀਆਂ ਜੜ੍ਹਾਂ ਨੂੰ ਫੜਨ ਦੀ ਵਜਾਏ ਅਸੀਂ ਦਵਾਈਆਂ ਦੇ ਗੁਲਾਮ ਬਣ ਕੇ ਰਹਿ ਗਏ ਹਾਂ । ਪੰਜਾਬ ਦਾ ਪੌਣ ਪਾਣੀ, ਖਾਣ ਪੀਣ ਤੇ ਬੋਲਚਾਲ ਵਿੱਚ ਜ਼ਹਿਰ ਹੈ। ਇਹ ਜ਼ਹਿਰ ਅਚਾਨਕ ਨਹੀਂ ਆਈ। ਇਸਦੇ ਵਿੱਚ ਉਹਨਾਂ ਮਲਟੀ ਕੰਪਨੀਆਂ ਦਾ ਹੱਥ ਹੈ ਜਿਹਨਾਂ ਸਾਡੇ ਖੇਤੀਬਾੜੀ ਵਿਗਿਆਨੀਆਂ ਦੇ ਮੂੰਹ ਨੂੰ ਖੂਨ ਲਾ ਕੇ ਸਾਡੇ ਹੱਥ, ਪੈਰ ਤੇ ਸਿਰ ਵੱਢਿਆ। ਹੁਣ ਅਸੀਂ ਲੂਲੇ ਲਗੜੇ ਤੇ ਬਗੈਰ ਸਿਰਾਂ ਵਾਲੇ ਸਵਾ ਤਿੰਨ ਕਰੋੜ ਹਾਂ । ਇਨ੍ਹਾਂ ਨੂੰ ਇਸ ਹਾਲਤ ਤੱਕ ਪੁਜਦਾ ਕਰਨ ਵਾਲੇ ਕੁੱਝ ਕੁ ਹਨ.ਜਿਹਨਾਂ ਨੇ ਸਾਡੇ ਜੀਵਨ ਵਿੱਚ ਜ਼ਹਿਰ ਘੋਲਿਆ ਸੀ।

ਤੁਸੀਂ ਸਭ ਜਾਣਦੇ ਹੋ ਕਿ ਲਾਲਚ ਬੁਰੀ ਬਲਾ ਹੈ। ਤੁਸੀਂ ਲਾਲਚੀ ਕੁੱਤੇ ਦੀ ਕਹਾਣੀ ਪੜ੍ਹੀ ਹੈ। ਕੁੱਤੇ ਦੇ ਬਹਾਨੇ ਕਿਸੇ ਨੇ ਸਾਨੂੰ ਚਿਤਰਿਆ ਹੈ। ਜੇ ਗਲਤ ਹੈ ਤਾਂ ਦੱਸੋ। ਖੇਤੀਬਾੜੀ ਵਿਗਿਆਨੀਆਂ ਨੇ ਲਾਲਚ ਵਸ ਉਹ ਜ਼ਹਿਰੀਲੀਆਂ ਜ਼ਹਿਰਾਂ ਦੀਆਂ ਸਿਫਾਰਸ਼ਾੰ ਕੀਤੀਆਂ ਜੋ ਦੁਨੀਆਂ ਵਿੱਚ ਬੰਦ ਸਨ। ਕਿਸਾਨਾਂ ਨੇ ਵੱਧ ਝਾੜ ਤੇ ਮੁਨਾਫੇ ਦੇ ਚੱਕਰ ਵਿੱਚ ਉਹਨਾਂ ਨੂੰ ਅਪਣਾਇਆ । ਇਕ ਵਾਰ ਗੱਡੀ ਕੀ ਤੋਰੀ ਮੋਦੀ ਵਾਲੀ ਬੁਲਟ ਰੇਲ ਬਣ ਗਈ। ਜਿਹੜੀ ਹੁਣ ਰੁਕਣ ਦਾ ਨਾਮ ਨਹੀਂ ਲੈ ਰਹੀ। ਅਸੀਂ ਆਪਣੇ ਵਿਰਸੇ ਵੱਲ ਪਿੱਠ ਕੀ ਮੋੜੀ ਸਾਡੇ ਕੋਲ ਸਭ ਕੁੱਝ ਖੁੱਸ ਗਿਆ ।

ਖੈਰ ਅਜੇ ਡੁੱਲੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ । ਜੇ ਗਲਤੀਆਂ ਸਾਡੇ ਆਪਣਿਆਂ ਨੇ ਕੀਤੀਆਂ ਤੇ ਸੰਤਾਪ ਵੀ ਅਸੀਂ ਹੀ ਭੋਗਿਆ ਤੇ ਭੋਗ ਰਹੇ ਹਾਂ । ਹੁਣ ਇਹ ਸੰਤਾਪ ਸਾਡੀਆਂ ਅਗਲੀਆਂ ਨਸਲਾਂ ਨਾ ਭੁਗਤਣ ਇਸ ਬਾਰੇ ਸੋਚੀਏ। ਸੋਚਣ ਵਾਲਿਆਂ ਤੇ ਸੋਚਿਆ ਹੋਇਆ ਹੀ ਹੈ ਕਿ ਕੁਦਰਤ ਦੇ ਨਾਲ ਟੱਕਰ ਲੈ ਕੇ ਨਹੀਂ ਸਗੋਂ ਕੁਦਰਤ ਦੇ ਨਾਲ ਰਲ ਕੇ ਹੀ ਬਚਾਓ ਹੋ ਸਕਦਾ ਹੈ। ਅਸੀਂ ਬੀਮਾਰੀ ਤੋਂ ਬਚਣ ਲਈ ਦਵਾਈਆਂ ਵਰਤਦੇ ਹਾਂ । ਇਹ ਨੌਬਤ ਤੱਕ ਜਾਣ ਤੋਂ ਪਹਿਲਾਂ ਜੇ ਅਸੀਂ ਕੁਦਰਤ ਦੀ ਗੋਦ ਵਿੱਚ ਬਹਿ ਜਾਈਏ ਤਾਂ ਕੋਈ ਬਚਾ ਹੈ, ਨਹੀਂ ਸਾਡੀਆਂ ਨਸਲਾਂ ਸਾਨੂੰ ਲਾਹਣਤਾਂ ਪਾਉਣਗੀਆਂ ਜਿਵੇਂ ਆਪਾਂ ਹੁਣ ਮੋਦੀ ਨੂੰ ਪਾ ਰਹੇ ਹਾਂ ।

ਕੁਦਰਤ ਨਾਲ ਕਿਵੇਂ ਜੁੜਿਆ ਜਾ ਸਕਦਾ ਕਿਸੇ ਨੂੰ ਦੱਸਣ ਤੇ ਸਮਝਾਉਣ ਦੀ ਜਰੂਰਤ ਨਹੀਂ । ਜੇ ਕਿਸੇ ਨੂੰ ਸਮਝਾਉਣ ਦੀ ਜਰੂਰਤ ਹੈ ਤਾਂ ਆਪਣੀ ਮੈਂ ਨੂੰ ਸਮਝਾਓ। ਆਪਣੇ ਆਪ ਨੂੰ ਪੁੱਛੋ ਕਿ ਕਿਤੇ ਮੈਂ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਦਾ ਕਾਤਲ ਤਾਂ ਨਹੀਂ ? ਜਦੋਂ ਤੁਸੀਂ ਆਪਣੇ ਆਪ ਦੇ ਸਾਹਮਣੇ ਪਾਕਿ ਪਵਿੱਤਰ ਹੋ ਗਏ ਤਾਂ ਆਲਾ ਦੁਆਲਾ ਵੀ ਪਵਿੱਤਰ ਹੋ ਜਾਵੇਗਾ। ਪੈਸੇ ਤੇ ਜਾਇਦਾਦ ਦੀ ਅੰਨ੍ਹੀ ਦੌੜ ਵਿੱਚੋ ਬਾਹਰ ਨਿਕਲੋ । ਕੁਦਰਤ ਤੇ ਆਪਣੇ ਆਪ ਨਾਲ ਜੁੜੋ ਤੇ ਹੋਰਨਾਂ ਨੂੰ ਜੋੜੋ। ਜ਼ਹਿਰ ਦੀਆਂ ਫਸਲਾਂ ਨਾ ਬੀਜੋ..ਮਲਟੀ ਕੰਪਨੀਆਂ ਦੇ ਲਇ ਨਹੀਂ ਆਪਣੇ ਤੇ ਆਪਣਿਆਂ ਲਈ ਜੀਓ।

ਬਹੁਤ ਸਮਾਂ ਗੁਜਰ ਗਿਆ ਹੈ ਜ਼ਹਿਰ ਖਾਦਿਆਂ ਤੇ ਪੀਦਿਆਂ…ਬਸ ਕਰੋ…ਹੁਣ ਤੇ ਬਸ ਹੋ ਗਈ ਹੈ। ਅਸੀਂ ਤੁਹਾਡੇ ਦਰ ਆਏ ਹਾਂ ..ਆਪਣੀਆਂ ਨਸਲਾਂ ਤੇ ਫਸਲਾਂ ਬਚਾ ਲਵੋ । ਜ਼ਹਿਰ ਦੇ ਵਪਾਰੀਆਂ ਨੇ ਮਨੁੱਖਤਾ ਨੂੰ ਤਬਾਹ ਕਰਨ ਲਈ ਸਾਨੂੰ ਦਮੜਿਆਂ ਦੇ ਲਾਲਚ ਵਿੱਚ ਫਸਾ ਕੇ ਸਾਡੇ ਪੌਣ ਤੇ ਪਾਣੀ ਤੇ ਧਰਤੀ ਮਾਂ ਨੂੰ ਪਲੀਤ ਕਰ ਦਿੱਤਾ । ਹੁਣ ਕਿਵੇਂ ਬਚਣਾ ਹੈ ਤੇ ਭਵਿੱਖ ਬਚਾ ਕੇ ਰੱਖਣਾ ਹੈ ? ਇਸ ਬਾਰੇ ਆਪਾਂ ਸਭ ਨੇ ਰਲਮਿਲ ਕੇ ਯਤਨ ਕਰਨਾ ਹੈ।

ਕੁਦਰਤੀ ਖੇਤੀਬਾੜੀ ਕਿਵੇਂ ਕਰਨੀ ਹੈ..? ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਜਾਣਦੇ ਹੀ ਹੋ। ਵਗੈਰ ਜ਼ਹਿਰਾਂ ਦੇ ਕਿਵੇਂ ਫਸਲਾਂ ਬੀਜਣੀਆਂ ਤੇ ਕਿਵੇਂ ਕੁਦਰਤੀ ਖਾਦ ਤਿਆਰ ਕਰਨੀ ਤੇ ਵਰਤਣੀ ਹੈ.ਸਮੇ ਸਮੇ ਤੁਹਾਨੂੰ ਮਾਹਿਰ ਦੱਸਣਗੇ। ਤੁਸੀਂ ਇਸ ਗਰੁਪ ਨਾਲ ਜੁੜੋ ਤੇ ਹੋਰਨਾਂ ਨੂੰ ਜੋੜੋ।

ਇਹ ਵੀ ਇਕ ਸੱਚ ਹੈ !

ਵਿੱਦਿਅਕ ਅਦਾਰਿਆਂ ਦਾ ਕੰਮ ਚਾਨਣ ਵੰਡਣਾ ਹੁੰਦਾ ਹੈ। ਸਮਾਜ ਵਿਚ ਫੈਲ ਰਹੇ ਹਨੇਰੇ ਨੂੰ ਦੂਰ ਕਰਨਾ ਹੁੰਦਾ ਹੈ। ਇਹ ਹਨੇਰਾ ਦੂਰ ਕਰਨ ਲਈ ਵਿੱਦਿਅਕ ਅਦਾਰੇ ਸਦਾ ਸੂਰਜ ਦੀ ਭੂਮਿਕਾ ਨਿਭਾਉਂਦੇ ਹਨ। ਅਸੀਂ ਆਪਣੇ ਅੰਦਰ ਫੈਲੇ ਹਨੇਰੇ ਨੂੰ ਦੂਰ ਕਰਨ ਲਈ ਇਨਾਂ ਸੰਸਥਾਵਾਂ ਅੰਦਰ ਜਾਂਦੇ ਹਾਂ। ਆਪੋ-ਆਪਣੇ ਮਨਾਂ ਅੰਦਰ ਲੱਗੇ ਹਨੇਰ ਦੇ ਜਾਲਿਆਂ ਨੂੰ ਉਤਾਰ ਦਿੰਦੇ ਹਾਂ। ਪਰ ਜਦੋਂ ਕੋਈ ਸੂਰਜ ਵਾਂਗ ਰੌਸ਼ਨੀ ਦਿੰਦਾ ਅਦਾਰਾ ਕਿਸੇ ਰੋਗ ਦਾ ਸ਼ਿਕਾਰ ਹੋ ਜਾਵੇ ਤਾਂ ਹਰਿਕ ਨੂੰ ਸੋਚਣ ਦੀ ਲੋੜ ਪੈ ਜਾਂਦੀ ਹੈ। ਇਹ ਕਿਵੇਂ ਹੋਇਆ ਹੈ? ਸਾਡੇ ਮਨਾਂ ਅੰਦਰ ਸਵਾਲ ਉੱਗ ਆਉਂਦੇ ਹਨ।

ਹਰਾ ਇਨਕਲਾਬ ਲਿਆਉਣ ਦੇ ਸੁਪਨਿਆਂ ਨਾਲ ਹੋਂਦ ਵਿਚ ਆਈ ਯੂਨੀਵਰਸਿਟੀ ਨੇ ਕੁਝ ਹੀ ਵਰਿਆਂ ਵਿਚ ਆਪਣਾ ਨਾਂਅ ਬਦਲ ਲਿਆ। ਅੱਜ-ਕੱਲ ਇਸ ਨੂੰ ਕੈਂਸਰ ਯੂਨੀਵਰਸਿਟੀ ਦੇ ਨਾਂਅ ਨਾਲ ਪੁਕਾਰਿਆ ਜਾਂਦਾ ਹੈ। ਘਰ ਦੇ ਭੇਤੀ ਦੱਸਦੇ ਹਨ ਕਿ ਯੂਨੀਵਰਸਿਟੀ ਲਈ ਕੋਈ ਸਰਕਾਰੀ ਵੰਡ ਤਾਂ ਆਉਂਦਾ ਨਹੀਂ, ਖੋਜ ਕਾਰਜ ਸਭ ਠੱਪ ਹੋਏ ਪਏ ਹਨ, ਜਿਹੜੇ ਇੱਕਾ-ਦੁੱਕਾ ਸੈਮੀਨਾਰ ਹੁੰਦੇ ਹਨ, ਉਹ ਪ੍ਰਾਈਵੇਟ ਫਰਮਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਇਨਾਂ ਪ੍ਰਾਈਵੇਟ ਫਰਮਾਂ ਵਿਚ ਵਧੇਰੇ ਗਿਣਤੀ ਉਨਾਂ ਰਸਾਇਣਿਕ ਦਵਾਈਆਂ ਬਨਾਉਣ ਵਾਲੀਆਂ ਕੰਪਨੀਆਂ ਦੀ ਹੈ, ਜਿਹੜੀਆਂ ਇਥੋਂ ਦੇ ਮਾਹਿਰ ਨੂੰ ਚੋਗਾ ਪਾ ਕੇ ਰੱਖਦੀਆਂ ਹਨ। ਖ਼ਬਰਾਂ ਵਿਚੋਂ ਖ਼ਬਰ ਇਹ ਹੈ ਕਿ ਇੱਥੋਂ ਦੇ ਮਾਹਿਰ ਹੁਣ ਮਨੁੱਖ ਨਾ ਹੋ ਕੇ ਪਾਲਤੂ ਜਾਨਵਰ ਹੀ ਬਣ ਗਏ ਹਨ। ਜਿਨਾਂ ਦੇ ਗਲੇ ਵਿਚ ਪਟੇ ਪਏ ਹੋਏ ਹਨ, ਜਿਨਾਂ ਦੀ ਸੰਗਲੀ ਕਿਸੇ ਨਾ ਕਿਸੇ ਕੀਟ ਨਾਸਿਕ ਦਵਾਈਆਂ ਦੀ ਕੰਪਨੀ ਦੇ ਹੱਥਾਂ ਵਿਚ ਹੈ। ਸੁਣਿਆ ਹੈ ਕਿ ਕੰਪਨੀਆਂ ਦਾ ਆਪਣਾ ਇਕ ਨੈੱਟਵਰਕ ਹੈ। ਪਹਿਲਾਂ ਉਹ ਉਸ ਨੈੱਟਵਰਕ ਅਧੀਨ ਆਪਣੇ ਪ੍ਰੋਗਰਾਮ ਲਿਆਉਂਦੇ ਹਨ।

ਬਿਮਾਰੀ ਫੈਲਾਉਂਦੇ ਹਨ, ਫੇਰ ਬਿਮਾਰੀ ਦੇ ਇਲਾਜ ਲਈ ਦਵਾਈ ਦੱਸਦੇ ਹਨ। ਸਾਡੇ ਮਾਹਿਰ ਉਨਾਂ ਦਵਾਈਆਂ ਦੀ ਅੱਗੇ ਸਿਫ਼ਾਰਸ਼ ਕਰਦੇ ਹਨ। ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਦੇ ਅੰਕੜੇ ਦੱਸਦੇ ਹਨ ਕਿ ਕਿੰਨੀਆਂ ਹੀ ਦਵਾਈਆਂ ਅਜਿਹੀਆਂ ਹਨ, ਜਿਹੜੀਆਂ ਕਈ ਵਰਿਆਂ ਤੋਂ ਸਿਫ਼ਾਰਸ਼ ਕੀਤੀਆਂ ਜਾ ਰਹੀਆਂ ਹਨ। ਉਹ ਦਵਾਈਆਂ ਦੁਨੀਆਂ ਭਰ ‘ਚ ਬੰਦ ਹਨ ਪਰ ਸਾਡੇ ਵਰਤੀਆਂ ਜਾ ਰਹੀਆਂ ਹਨ।
ਸਿਫ਼ਾਰਸ਼ੀ ਕੀਟਨਾਸ਼ਕ ਦਵਾਈਆਂ ਨੇ ਧਰਤੀ ਹੀ ਨਹੀਂ ਬਲਕਿ ਸਾਰਾ ਸਮਾਜ ਹੀ ਬਿਮਾਰ ਕਰ ਦਿੱਤਾ ਹੈ। ਮਾਲਵਾ ਤਾਂ ਕੈਂਸਰ ਤੇ ਚਮੜੀ ਦੇ ਰੋਗ ਦਾ ਕੇਂਦਰ ਬਣ ਗਿਆ ਹੈ। ਹੁਣ ਖੇਤਾਂ ਵਿਚ ਫ਼ਸਲ ਨਹੀਂ, ਲਾਸ਼ਾਂ ਉੱਗਦੀਆਂ ਹਨ। ਬਹੁਤ ਸਾਰੇ ਸਰਵੇਖਣ ਇਹ ਵੀ ਪੋਲ ਖੋਲ• ਰਹੇ ਕਿ ਮਨੁੱਖ ਦੇ ਅੰਦਰ ਵੀ ਇਨਾਂ ਦਵਾਈਆਂ ਦੇ ਕਣ ਦੇਖਣ ਨੂੰ ਮਿਲੇ ਹਨ। ਹੁਣ ਕੋਈ ਵੀ ਫ਼ਸਲ ਦਵਾਈ ਤੋਂ ਬਗੈਰ ਨਹੀਂ ਹੁੰਦੀ ਅਤੇ ਨਾ ਹੀ ਮਨੁੱਖ ਦਵਾਈ ਤੋਂ ਬਗੈਰ ਚੱਲ ਸਕਦਾ ਹੈ।

ਦੱਸਣ ਵਾਲੇ ਤਾਂ ਦੱਸਦੇ ਹਨ ਕਿ ਸਾਰਾ ਪੰਜਾਬ ਹੀ ਹਸਪਤਾਲ ਬਣ ਗਿਆ ਹੈ। ਇਨਾਂ ਮਾਹਿਰਾਂ ਦੀ ਕ੍ਰਿਪਾਂ ਦੇ ਨਾਲ ਪੰਜਾਬ ਦੀ ਧਰਤੀ ਉੱਤੋਂ ਬੜਾ ਕੁਝ ਅਲੋਪ ਹੋ ਗਿਆ ਹੈ। ਇਨਾਂ ਅਲੋਪ ਹੋ ਗਿਆਂ ਵਿਚ ਪਸ਼ੂ, ਪੰਛੀ, ਰੁੱਖ ਤੇ ਫੁੱਲ-ਬੂਟੇ ਆਦਿ ਹਨ। ਮਾਹਿਰਾਂ ਦੀ ਕ੍ਰਿਪਾ ਨਾਲ ਸਾਡੀਆਂ ਮਿੱਤਰ ਗਿਰਝਾਂ ਤੇ ਇੱਲਾਂ ਖ਼ਤਮ ਹੋ ਗਈਆਂ ਹਨ। ਮਾਹਿਰ ਹਿੱਕ ਉੱਤੇ ਹੱਥ ਰੱਖ ਕੇ ਇਹ ਨਹੀਂ ਆਖ ਸਕਦੇ ਕਿ ਅਸੀਂ ਇਹ ਨਹੀਂ ਕੀਤਾ। ਹੁਣ ਤਾਂ ਸਗੋਂ ਉਹ ਇਸ ਜ਼ਿੰਮੇਵਾਰੀ ਤੋਂ ਭੱਜ ਵੀ ਨਹੀਂ ਸਕਦੇ ਕਿ ਉਨਾਂ ਨੇ ਕੁਝ ਲਾਲਚਾਂ ਬਦਲੇ ਸਾਰੇ ਪੰਜਾਬ ਨੂੰ ਖੋਜ ਦਾ ਕੇਂਦਰ ਹੀ ਨਹੀਂ ਸਗੋਂ ਕਤਲਗਾਹ ਬਣਾ ਕੇ ਰੱਖ ਦਿੱਤਾ ਹੈ।

ਪੰਜਾਬ ਦਾ ਪੌਣ-ਪਾਣੀ ਤੇ ਧਰਤੀ ਨੂੰ ਦੂਸ਼ਿਤ ਕਰ ਦਿੱਤਾ ਹੈ, ਜਿਸ ਕਾਰਨ ਹੁਣ ਪੰਜਾਬ ਦੇ ਹਸਪਤਾਲਾਂ ਤੇ ਸਮਸ਼ਾਨ ਘਾਟਾਂ ‘ਤੇ ਮੇਲੇ ਲੱਗਦੇ ਹਨ। ਸਾਡੇ ਪੁਰਾਤਨ ਮੇਲੇ ਤਾਂ ਨੈਟ ਨੇ ਖਤਮ ਕਰ ਦਿੱਤੇ ਹਨ। ਸਰਕਾਰੀ ਹਸਪਤਾਲ ਖੁਦ ਬੀਮਾਰ ਹਨ ਤੇ ਸਾਧਾਂ ਦੇ ਡੇਰੇ ਖੁੰਬਾਂ ਵਾਂਗ ਉਗ ਰਹੇ ਹਨ। ਲੋਕ ਆਪਣੀਆਂ ਬੀਮਾਰੀਆਂ ਦਾ ਇਲਾਜ ਕਰਵਾਉਣ ਦੇ ਲਈ ਡੇਰਿਆਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਇਹ ਡੇਰੇ ਲੋਕਾਂ ਦਾ ਆਰਥਿਕ ਤੇ ਸਰੀਰਿਕ ਸੋਸ਼ਣ ਕਰਦੇ ਹਨ। ਸਰਕਾਰ ਦੇ ਮੰਤਰੀ ਤੇ ਸੰਤਰੀ ਸ਼ਰੀਕੇਬਾਜ਼ੀ ‘ਚ ਉਲਝੇ ਹਨ। ਸੁਚੇਤ ਲੋਕ ਸੜਕਾਂ ਤੇ ਹਨ।

ਉਹ ਯੂਨੀਵਰਸਿਟੀ ਜਿਸ ਨੇ ਮਨੁੱਖ ਦੇ ਭਲੇ ਲਈ ਦੇਸ਼ ਦੇ ਵਿਕਾਸ ਲਈ ਯੋਗਦਾਨ ਪਾਉਣ ਸੀ, ਉਹ ਬਿਮਾਰੀਆਂ ਫੈਲਾਉਣ ਵਾਲੀ ਸੰਸਥਾ ਬਣ ਗਈ, ਜਿਸ ਦੇ ਮਾਹਿਰ ਪ੍ਰਾਈਵੇਟ ਫਰਮਾਂ ਦੇ ਹੱਥਾਂ ਵਿਚ ਖੇਡਦੇ ਹਨ। ਉਨਾਂ ਦੇ ਖਿਡੌਣੇ ਬਣ ਕੇ ਕਰ ਰਹਿ ਰਹੇ ਹਨ ਕੱਠਪੁਤਲੀ ਨਾਚ।
ਖ਼ਬਰ ਆਈ ਹੈ ਕਿ ਇਸੇ ਯੂਨੀਵਰਸਿਟੀ ਵਿਚ ਹੁਣ ਜਿੰਨ ਵੀ ਸੈਮੀਨਾਰ ਹੁੰਦੇ ਹਨ, ਉਹਨਾਂ ਨੂੰ ਇਕ ਜ਼ਹਿਰ ਬਨਾਉਣ ਵਾਲੀਆਂ ਕੰਪਨੀਆਂ ਹੀ ਕਰਵਾ ਰਹੀਆਂ ਹਨ ਜਿਹਨਾਂ ਨੂੰ ਨਿੱਜੀ ਫਰਮਾਂ ਨੇ ਪਲੈਨ ਕੀਤਾ ਸੀ, ਜਿਸ ਨੇ ਇਸ ਸੈਮੀਨਾਰ ਨੂੰ ਸਫ਼ਲ ਬਣਾਉਣ ਲਈ ਹਰ ਤਰਾਂ ਦਾ ਹਰਬਾ ਵਰਤਿਆ ਰਿਹਾ ਹੈ। ਮੁੱਖ ਅਧਿਕਾਰੀ ਤਾਂ ਉਸ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਵੀ ਕੰਨੀ ਕਤਰਾਉਂਦੇ ਹਨ। ਦਾਲ ਵਿਚ ਕੋਕੜੂ ਹੀ ਨਹੀਂ ਸਗੋਂ ਸਾਰੀ ਦਾਲ ਹੀ ਕਾਲੀ ਹੈ।

ਯੂਨੀਵਰਸਿਟੀ ਨੇ ਖੋਜ ਦਾ ਕੰਮ ਤਿਆਗ ਦਿੱਤਾ ਹੈ, ਉਸ ਦੇ ਮਾਹਿਰ ਹੁਣ ਖੋਜ ਦੀ ਬਜਾਏ ਜ਼ਹਿਰ ਵੰਡਣ ਵਾਲੀਆ ਦਲਾਲ ਬਣ ਗਏ ਹਨ, ਜ਼ਿਹੜੇ ਵੱਡੀਆਂ-ਵੱਡੀਆਂ ਕੰਪਨੀਆਂ ਦਾ ਮਾਲ ਅੱਗੇ ਵਿਕਾਉਂਦੇ ਹਨ। ਜਿੰਨਾ-ਜਿੰਨਾ ਮਾਲ ਵਿਕਦਾ ਹੈ, ਓਨਾ ਉਹਨਾਂ ਨੂੰ ਕਮਿਸ਼ਨ ਮਿਲ ਜਾਂਦਾ ਹੈ। ਸਰਕਾਰ ਤੋਂ ਤਨਖ਼ਾਹ ਟੀ. ਏ, ਡੀ. ਏ. ਆਦਿ ਉਨਾਂ ਨੂੰ ਮੁਫ਼ਤ ਵਿਚ ਮਿਲ ਜਾਂਦਾ ਹੈ। ਹੁਣ ਜਦੋਂ ਤੂਹਾਨੂੰ ਤਨਖ਼ਾਹ ਮੁਫ਼ਤ ਵਿਚ ਤੇ ਕਮਿਸ਼ਨ ਵੱਖਰਾ ਮਿਲਦਾ ਹੋਵੇ ਤਾਂ ਖੋਜ ਕਰੋਗੇ ਕਿ ਦਲਾਲੀ?

ਦਲਾਲ ਦਾ ਕਿੱਤਾ ਬੜਾ ਮਾੜਾ ਗਿਣਿਆ ਜਾਂਦਾ ਹੈ, ਪਰ ਹੁਣ ਇਸ ਕਿੱਤੇ ਵਿਚ ਉਹ ਵਿਦਵਾਨ ਵੀ ਸ਼ਾਮਲ ਹੋ ਗਏ ਹਨ, ਜਿਨਾਂ ਦਾ ਕੰਮ ਤਾਂ ਸੀ, ਚਾਨਣਾ ਵੰਡਣਾ ਪਰ ਉਹ ਚਾਨਣ ਵੰਡਦੇ-ਵੰਡਦੇ ਹਨੇਰ ਵੰਡਣ ਲੱਗ ਪਏ। ਉੱਡਦੀ-ਉੱਡਦੀ ਖ਼ਬਰ ਹੈ ਕਿ ਸਰਕਾਰ ਨੇ ਇਸ ਅਦਾਰੇ ਨੂੰ ਪ੍ਰਾਈਵੇਟ ਫਰਮਾਂ ਦੇ ਹਵਾਲੇ ਕਰ ਦੇਣਾ ਹੈ ਤਾਂ ਕਿ ਦਲਾਲੀ ਦਾ ਕੰਮ ਖ਼ਤਮ ਹੀ ਕਰ ਦਿੱਤਾ ਜਾਵੇ। ਹੁਣ ਇਨਾਂ ਦਲਾਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਹੁਣ ਇਹ ਆਪਣੇ ਕੀਤੇ ਕੁਕਰਮਾਂ ਕਰਕੇ ਮੱਥੇ ‘ਤੇ ਹੱਥ ਰੱਥ ਕੇ ਰੋਂਦੇ ਹਨ। ਹੋਲੀ ਹੋਲੀ ਸਰਕਾਰ ਬਾਕੀ ਦੇ ਖੇਤੀ ਫਾਰਮ ਵੇਚ ਰਹੀ ਹੈ ਤਾਂ ਕਿ ਨਾ ਬਾਂਸ ਰਹੇ ਤੇ ਨਾ ਬੰਸਰੀ ਵੱਜੇ। ਹੁਣ ਬੰਸਰੀ ਤਾਂ ਆਮ ਲੋਕਾਂ ਦੀ ਵੱਜ ਰਹੀ ਹੈ।

ਖ਼ਬਰਾਂ ਤਾਂ ਇਹ ਵੀ ਕੰਨ ਕੁਤਰ ਰਹੀਆਂ ਹਨ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਫਾਰਮ ਵੀ ਇਸੇ ਤਰਾਂ ਲੇਖੇ ਲਾਏ ਜਾਣਗੇ ਤਾਂ ਸਰਕਾਰੀ ਦਲਾਲ ਦੀ ਬਜਾਏ ਸਿੱਧਾ ਕਿਸਾਨ ਨਾਲ ਸੰਪਰਕ ਕੀਤਾ ਜਾਵੇਗਾ। ਇਸ ਡਰ ਦੇ ਮਾਰੇ ਕਈ ਮਾਹਿਰ ਠੰਢੇ ਮੁਲਕਾਂ ਵੱਲ ਉਡਾਰੀਆਂ ਮਾਰਨ ਲਈ ਪਰ ਤੋਲ ਰਹੇ ਹਨ। ਕਈ ਤਾਂ ਉਡਾਰੀ ਮਾਰ ਵੀ ਗਏ ਹਨ। ਉਨਾਂ ਨੂੰ ਪਾਲਾ ਵੱਢ-ਵੱਢ ਖਾ ਰਿਹਾ ਹੈ। ਕਿਤੇ ਉਹ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੀ ਨਾ ਹੀ ਹੋ ਜਾਣ। ਵਿੱਦਿਆ ਅਦਾਰੇ ਤੋਂ ਕੈਂਸਰ ਯੂਨੀਵਰਸਿਟੀ ਤੱਕ ਸਫ਼ਰ ਵਿਚ ਕਿੰਨੇ ਮਾਹਿਰਾਂ ਦਾ ਯੋਗਦਾਨ ਹੈ।

ਇਹ ਤਾਂ ਉਹ ਮਾਹਿਰ ਹੀ ਜਾਣਦੇ ਹਨ, ਪਰ ਜਿਹੜੀਆਂ ਖ਼ਬਰਾਂ ਚੁਗਲੀਆਂ ਕਰ ਰਹੀਆਂ ਹਨ, ਉਹ ਦੱਸਦੀਆਂ ਹਨ, ਜਲਦੀ ਹੀ ਕੈਂਸਰ ਯੂਨੀਵਰਸਿਟੀ ਦੇ ਮਾਹਿਰਾਂ ਤੇ ਅਧਿਕਾਰੀਆਂ ਨੂੰ ਸਨਮਾਨਿਤ ਕਰਨ ਜਾ ਰਹੇ ਹਨ। ਉਨਾਂ ਦਾ ਮੰਨਣਾ ਹੈ ਕਿ ਇਸ ਯੂਨੀਵਰਸਿਟੀ ਸਦਕਾ ਹੀ ਉਨਾਂ ਦਾ ਤੋਰੀ-ਫੁਲਕਾ ਚੱਲਦਾ ਹੈ। ਜੈ ਕੈਂਸਰ ਯੂਨੀਵਰਸਿਟੀ ਦੀ। ਜੇ ਤੁਹਾਨੂੰ ਇਸ ਕੈਂਸਰ ਯੂਨੀਵਰਸਿਟੀ ਦਾ ਪਤਾ ਐ ਤਾਂ ਲੋਕਾਂ ਨੂੰ ਜਰੂਰ ਦੱਸਣਾ ਤਾਂ ਕਿ ਬਾਕੀ ਦੇ ਲੋਕ ਬਚ ਸਕਣ । ਕੋਈ ਦੱਸ ਪਾਵੇਗਾ? ਪੰਜਾਬ ਹੁਣ ਆਪ ਹੀ ਕਤਲ਼ਗਾਹ ਬਣ ਗਿਆ ਹੈ। ਪੰਜਾਬ ਦੇ ਆਮ ਲੋਕ ਇਸ ਇਨਕਲਾਬ ਦੇ ਪੱਟੇ ਲੋਕ ਆਪਣੀ ਮੌਤ ਮਰਨ ਦੇ ਲਈ ਮਜਬੂਰ ਹੋ ਗਏ ਹਨ।

ਭਾਵੇ ਇਸ ਦੇ ਆਮ ਲੋਕਾਂ ਦਾ ਓਨਾਂ ਕਸੂਰ ਨਹੀਂ ਸੀ ਪਰ ਜਿਹਨਾਂ ਨੂੰ ਇਸ ਦਾ ਪਤਾ ਸੀ ਕਿ ਇਹਨਾਂ ਇਨਕਲਾਬਾਂ ਨੇ ਭਵਿੱਖ ਦੇ ਵਿਚ ਕੀ ਚੰਦ ਚਾੜਨੇ ਹਨ ? ਉਹ ਤਾਂ ਮੋਟੀਆਂ ਕਮਾਈਆਂ ਕਰਕੇ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਗਏ ਹਨ। ਕਿਸਾਨ ਤੇ ਮਜ਼ਦੂਰ ਹੁਣ ਖੁਦਕੁਸ਼ੀਆਂ ਦੇ ਰਸਤੇ ਤੁਰਿਆ ਹੋਇਆ ਹੈ। ਆਮ ਲੋਕ ਵੱਖ-ਵੱਖ ਤਰਾਂ ਦੀਆਂ ਜਾਨ-ਲੇਵਾ ਬੀਮਾਰੀਆਂ ਦੇ ਨਾਲ ਇਲਾਜ-ਖੁਣੋਂ ਮਰਨ ਲਈ ਘਰਾਂ ਦੇ ਵਿਚ ਮਜਬੂਰ ਹਨ। ਇਹਨਾਂ ਬੀਜੇ ਕੰਡਿਆਂ ਨੂੰ ਦਾ ਖਮਿਆਜਾ ਤਾਂ ਆਮ ਲੋਕ ਭੁਗਤ ਰਹੇ ਹਨ ਪਰ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿ ਉਹਨਾਂ ਦੇ ਆਪਣੇ ਹੀ ਉਹਨਾ ਦਾ ਗਲਾ ਘੁੱਟ ਗਏ ਹਨ। ਹੁਣ ਇਸ ਦੀ ਜੁੰਮੇਵਾਰੀ ਕੋਈ ਵੀ ਆਪਣੇ ਸਿਰ ਲੈਣ ਲਈ ਤਿਆਰ ਨਹੀਂ।
ਹੁਣ ਕੀ ਕਰੀਏ ?

ਧਰਤੀ ਹੇਠਲੇ ਪਾਣੀਆਂ ਤੋਂ ਅੰਬਰ ਤੱਕ ਮਹੌਲ ਗਰਮ ਹੈ
ਪਰ ਧਰਤੀ ਉਤੇ ਲੋਕਾਂ ਦਾ ਹੁਣ ਸੁਭਾਅ ਬਹੁਤ ਨਰਮ ਹੈ

ਮੱਧ ਵਰਗ ਦੀਆਂ ਚਾਰੇ ਪਾਸੇ ਮੌਜਾਂ ਨੇ
ਧੀਆਂ ਪੁਤ ਸੈਂਟ ਨੇ ਤੇ ਬਾਹਰ ਨੇ.
ਵੱਡੀ ਕੋਠੀ ਤੇ ਵੱਡੀ ਕਾਰ ਹੈ.
ਕੋਠੀ ਹੁਣ ਘਰ ਨਹੀਂ ਲੱਗਦੀ ਬਜ਼ਾਰ ਹੈ

ਹੁਣ ਕਦੇ ਪੰਜਾਬ ਗੇੜਾ ਮਾਰੀਦਾ ਹੈ. ਨਹੀਂ ਤੇ ਫੋਨ ਕਰਕੇ ਸਾਰੀ ਦਾ ਹੈ
ਮੰਨਿਆਂ ਕਿ ਹਰੇ ਇਨਕਲਾਬ ਨੇ ਬਹੁਤ ਤਰੱਕੀ ਕੀਤੀ ਹੈ.
ਪੈਨਸ਼ਨ ਤੇ ਮੰਹਿਗਾਈ ਭੱਤੇ ਬਹੁਤ ਨੇ
…….

ਪਰ ਕੀ ਖੱਟਿਆ ਹੈ?
ਕੋਠੀ,ਕਾਰ ਤੇ ਨਾਰ
ਮਨੁੱਖਤਾ ਦਾ ਵਪਾਰ ?
….
ਸਮਾਜ ਸਰੀਰਕ ਘੱਟ ਤੇ
ਮਾਨਸਿਕ ਬੀਮਾਰ
ਘਟਿਆ ਪਿਆਰ
ਉਝ ਵਸਦਾ ਸੰਸਾਰ
ਪਰ ਕੋਈ ਇਥੇ ਰਹਿਣ ਦੇ ਲਈ
ਨਹੀਂ ਹੈ ਤਿਆਰ .
55 ਲੱਖ ਘਰ
54 ਲੱਖ ਪਾਸਪੋਰਟ
ਭਰ ਭਰ ਜਾਣ ਜਹਾਜ਼

ਸੋ ਦੋਸਤੋ ! ਇਸ ਗਰੁੱਪ ਦੇ ਨਾਲ ਜੁੜੋ ਇਸਦਾ ਲਿੰਕ ਦਿੱਤਾ ਗਿਆ ਹੈ!

ਬੁੱਧ ਸਿੰਘ ਨੀਲੋੰ
94643 70823

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਚੁੱਪ ਸੌੰ.ਸੁੱਖ -ਦੁੱਖ ?
Next articleਜ਼ਾਲਮਾਂ