ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਹੀਨਾਵਾਰ ਮੀਟਿੰਗ ਵਿੱਚ ਪ੍ਰਸਿੱਧ ਗ਼ਜ਼ਲਗੋ ਕ੍ਰਿਸ਼ਨ ਭਨੋਟ ਨੂੰ ਸ਼ਰਧਾਂਜਲੀ ਭੇਟ ਕੀਤੀ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਰਚ ਮਹੀਨੇ ਦੀ ਇਕੱਤਰਤਾ ਸਭਾ ਦੀ ਲਾਇਬ੍ਰੇਰੀ ਦੇ ਸੈਮੀਨਾਰ ਹਾਲ ਵਿਚ  ਸਭਾ ਦੇ ਪ੍ਰਧਾਨ  ਅਨਿਲ ਫਤਹਿਗੜ੍ਹ  ਜੱਟਾਂ ਦੀ ਪ੍ਰਧਾਨਗੀ ਵਿੱਚ ਹੋਈ। ਸਭਾ ਵਿੱਚ ਹਾਜ਼ਰੀਨ ਮੈਂਬਰਾਂ ਦੇ ਵੱਲੋਂ , ਪਿਛਲੇ ਦਿਨੀ ਸਦਾ ਲਈ ਵਿਛੜੇ ਪ੍ਰਸਿੱਧ ਗ਼ਜ਼ਲਗੋ ਕ੍ਰਿਸ਼ਨ ਭਨੋਟ ਨੂੰ ਭਾਵਭਿੰਨੀ ਸ਼ਰਧਾਂਜਲੀ ਲਈ ਦੋ ਮਿੰਟ ਦਾ ਮੌਨ ਧਾਰਿਆ ਗਿਆ ।  ਕ੍ਰਿਸ਼ਨ ਭਨੋਟ ਨਾਲ ਜੁੜੀਆਂ ਯਾਦਾਂ ਨੂੰ ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ , ਜਸਵੀਰ ਝੱਜ , ਹਰਬੰਸ ਮਾਲਵਾ ਤੇ ਅਨਿਲ ਫ਼ਤਿਹਗੜ ਨੇ ਤਾਜ਼ਾ ਕੀਤਾ। ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਕ੍ਰਿਸ਼ਨ ਭਨੋਟ ਨੂੰ ਸਭਾ ਦਾ ਮੈਂਬਰ ਹੋਣ ਤੇ ਬਹੁਤ ਮਾਣ ਸੀ। ਸਭਾ ਨੂੰ ਉਨ੍ਹਾਂ ਤੇ ਹਮੇਸ਼ਾ ਮਾਣ ਰਹੇਗਾ।  ਉਨ੍ਹਾਂ ਤੋਂ ਬਿਨਾਂ ਪੰਜਾਬੀ ਗ਼ਜ਼ਲ ਦਾ ਇਤਿਹਾਸ ਅਧੂਰਾ ਹੈ।  ਜਸਵੀਰ ਝੱਜ ਨੇ ਕਿਹਾ ਕਿ ਜਿੰਨਾਂ ਕ੍ਰਿਸ਼ਨ ਭਨੋਟ ਨੇ ਆਪਣੇ ਜੀਵਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਉਨਾ ਹੀ ਉਨ੍ਹਾਂ ਨੇ ਵਧੀਆ ਲਿਖਿਆ I ਹਰਬੰਸ ਮਾਲਵਾ ਅਤੇ ਅਨਿਲ ਫ਼ਤਿਹਗੜ ਜੱਟਾਂ ਨੇ  ਉਨ੍ਹਾਂ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਜਸਵੀਰ ਕੌਰ  ਦੀ ਕਵਿਤਾ ‘ ਸ਼ਬਦਾਂ ਸੰਗ ਦੋਸਤੀ ‘ ਨਾਲ ਹੋਈ, ਜਿਸ ਤੇ ਨਿੱਠ ਕੇ ਚਰਚਾ ਹੋਈ। ਇਸ ਤੋਂ ਬਾਅਦ ਹਰਲੀਨ ਰਾਮਪੁਰੀ ਨੇ ਵੱਡੇ ਅਰਥਾਂ ਵਾਲੀ ਕਵਿਤਾ ‘ਵਾਟਰਫਾਲ ‘ , ਸਾਧੂ ਸਿੰਘ ਨੇ ਸਮੇਂ ਦੇ ਦੁਖਾਂਤ ਦਾ ਗੀਤ ‘ ਕੋਠੀਆ ਵਾਲਾ ‘, ਜਗਦੇਵ ਮਕਸੂਦੜਾ ਨੇ ਜੀਵਨ ਦੇ ਕਰਜ਼ ਬਾਰੇ ਕਵਿਤਾ ‘ਧਰਤੀ ਮਾਂ ਦੇ ਜੰਮੇ ਜਾਏ ‘ , ਅਤਿਸ਼ ਪਾਇਲਵੀ  ਨੇ ਗ਼ਜ਼ਲ ‘ਜਦੋਂ ਵੀ ਸੋਚਦਾ ਹਾਂ ਮੈਂ ਕਿਸੇ ਦੀ ਸ਼ਾਇਰੀ ਤੇ ‘ ਸੁਣਾਈ ਜਿਸ ਦੀ ਸਭਾ ਵਲੋਂ ਬਹੁਤ ਦਾਦ ਦਿੱਤੀ ਗਈ। ਬਲਵੰਤ ਮਾਂਗਟ ਨੇ ਕਵਿਤਾ ‘ਮਨ ਦੇ ਰੰਗ ‘, ਨੇਤਰ ਮੁੱਤੋਂ ਨੇ ਕਵਿਤਾ ‘ ਹਾਉਂਕਾ ‘, ਗੁਲਜ਼ਾਰ ਭੈੜਾ ਨੇ ਗ਼ਜ਼ਲ ‘ਕੋਟ ਕਚਹਿਰੀ ਰੋਲ ਕਝੌਲਾ , ਸ਼ਰਾ ‘ਚ ਸੱਚ ਨਿਤਾਰਾ ਹੋਉ ‘,  ਕਰਨੈਲ ਸਿਵੀਆ ਨੇ ਗੀਤ ‘ਕਿਹੜਾ ਰੀਸ ਕਰ ਲਉਗਾ ‘, ਹਰਬੰਸ ਮਾਲਵਾ ਨੇ ਗੀਤ ‘ਹੁੰਦਾ ਕੀ ਜੜਾਂ ਦਾ ਦੁੱਖ , ਪੱਤਿਆਂ ਨੂੰ ਭਲਾ ਕੀ ਪਤਾ’, ਅਨਿਲ ਫ਼ਤਿਹਗੜ੍ਹ ਜੱਟਾਂ ਨੇ ਕਵਿਤਾ ‘ਭਸਮਾਂਸੁਰ ‘ , ਅਮਰਿੰਦਰ ਸੋਹਲ ਨੇ ਗ਼ਜ਼ਲ ‘ਨਾ ਬਹਾਰਾਂ ਵਿੱਚ ਮਜ਼ਾ ਨਾ ਸਾਉਣ ਵਿੱਚ ਹੈ’, ਸੁਣਾਈ । ਸੁਣਾਈਆਂ ਰਚਨਾਵਾਂ ਤੇ ਹੋਈ ਚਰਚਾ ਵਿੱਚ ਸੁਰਿੰਦਰ ਰਾਮਪੁਰੀ , ਜਸਵੀਰ ਝੱਜ , ਅਮਨ ਆਜ਼ਾਦ , ਰਘਬੀਰ ਸਿੰਘ , ਮਨਜੀਤ ਘਣਗਸ ਨੇ ਭਾਗ ਲਿਆ ਤੇ ਬਹੁਤ ਕੀਮਤੀ ਸੁਝਾਅ ਦਿੱਤੇ।  ਇਸਤੋਂ ਬਾਅਦ ਸਭਾ ਵਲੋਂ ਸਾਧੂ ਸਿੰਘ ਝੱਜ ਦੀ ਕਿਤਾਬ ‘ਸੱਚ ਛੁਪਦਾ ਨਹੀਂ ‘  ਰੀਲੀਜ਼ ਕੀਤੀ ਗਈ। ਸਭਾ ਵਲੋਂ ਹਰਲੀਨ ਰਾਮਪੁਰੀ ਨੂੰ ਉਨ੍ਹਾਂ ਦੀ ਕਵਿਤਾ ਨੂੰ ਐਵਰਲਾਸਟਿੰਗ ਪਬਲੀਕੇਸ਼ਨ ਵਲੋਂ ਪਹਿਲਾ ਸਥਾਨ ਹਾਸਲ ਹੋਣ ਦੀ ਵਧਾਈ ਦਿੱਤੀ ਗਈ । ਅੰਤ ਵਿੱਚ ਸਭਾ ਦੇ ਪ੍ਰਧਾਨ ਅਨਿਲ ਫ਼ਤਿਹਗੜ ਜੱਟਾਂ ਵਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ । ਸਭਾ ਦੇ ਪ੍ਰਬੰਧਕੀ ਕੰਮਾਂ ਨੂੰ ਪ੍ਰਭਜੋਤ ਰਾਮਪੁਰ ਅਤੇ ਅਮਨ ਆਜ਼ਾਦ ਵਲੋਂ ਬਾਖੂਬੀ ਨਿਭਾਇਆ ਗਿਆ । ਮੰਚ ਸੰਚਾਲਨ  ਸਭਾ ਦੇ ਜਨਰਲ  ਸਕੱਤਰ  ਬਲਵੰਤ ਮਾਂਗਟ ਨੇ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਤੇ 15 ਮਾਰਚ ਨੂੰ ਫਗਵਾੜਾ ਵਿਖੇ ਪਹੁੰਚ ਦੀ ਤਿਆਰੀ
Next articleਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਨੇ ਲਗਾਇਆ ਢਿੱਲਵਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ