ਗੁਰਭਿੰਦਰ ਗੁਰੀ (ਸਮਾਜ ਵੀਕਲੀ) ਲੁਧਿਆਣਾਃ ਬਾਬਾ ਬੰਦਾ ਸਿੰਘ ਬਹਾਦਰ ਅੰਤਰ ਰਾਸ਼ਟਰੀ ਫਾਉਂਡੇਸ਼ਨ (ਰਜਿਃ) ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਪੁਰਸਕਾਰ ਨਾਲ ਸਨਮਾਨਿਤ ਕਰਦਿਆਂ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਹੈ ਕਿ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਕਰਕੇ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ ਵਸ਼ਵ ਨੂੰ ਦੱਸਿਆ ਕਿ ਸੰਤ ਸਿਪਾਹੀ ਕਿਵੇਂ ਬਣਨਾ ਹੈ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਗੁਰੂ ਆਸ਼ੇ ਅਨੁਸਾਰ ਤੇਗ ਦੀ ਧਾਰ ਨਾਲ ਪੰਜਾਬ ਦੀ ਧਰਤੀ ਤੇ ਹੱਕ ਸੱਚ ਇਨਸਾਫ਼ ਦੇ ਪੂਰਨੇ ਪਾਏ, ਜਿਸ ਤੇ ਪੂਰੇ ਉੱਤਰਦਿਆਂ ਪੰਜਾਬ ਦੇ ਕਲਮਕਾਰਾਂ ਨੇ ਵਕਤ ਨਾਲ ਪੂਰੀ ਵਫ਼ਾ ਨਿਭਾਈ ਹੈ। ਬਰਨਾਲਾ ਵਾਸੀ ਲੇਖਕ ਸਃ ਬੂਟਾ ਸਿੰਘ ਚੌਹਾਨ ਨੇ ਹਮੇਸ਼ਾਂ ਆਪਣੀਆਂ ਕਵਿਤਾਵਾਂ, ਕਹਾਣੀਆਂ ਤੇ ਨਾਵਲਾਂ ਵਿੱਚ ਚਿੜੀਆਂ ਵਰਗੇ ਮਾਸੂਮ ਲੋਕਾਂ ਦੀ ਹੀ ਧਿਰ ਬਣ ਕੇ ਵਿਖਾਇਆ ਹੈ ਜਿੰਨ੍ਹਾਂ ਨੂੰ ਹਕੂਮਤੀ ਬਾਜ਼ ਨੋਚਦੇ ਹਨ। ਸਾਡੀ ਸੰਸਥਾ ਵੱਲੋਂ ਉਨ੍ਹਾਂ ਦਾ ਸਨਮਾਨ ਕਰਨਾ ਪਵਿੱਤਰ ਫ਼ਰਜ਼ ਵਰਗਾ ਹੈ।
ਇਸ ਮੌਕੇ ਕ੍ਰਿਸ਼ਨ ਕੁਮਾਰ ਬਾਵਾ ਜੀ ਨੇ ਆਪਣੀ ਸਵੈਜੀਵਨੀ ਵੀ ਬੂਟਾ ਸਿੰਘ ਚੌਹਾਨ ਨੂੰ ਭੇਂਟ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਮੁੱਖ ਸਰਪ੍ਰਸਤ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੂਟਾ ਸਿੰਘ ਚੌਹਾਨ ਕਲਮ ਦਾ ਨਿਧੜਕ ਯੋਧਾ ਹੈ ਜਿਸ ਨੇ ਕਲਮ ਨੂੰ ਸ਼ਸਤਰ ਬਣਾ ਕੇ ਵਰਤਿਆ ਹੈ। ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਦੇ ਪੰਜਾਬੀ ਬੋਰਡ ਵਿੱਚ ਪੰਜਾਬ ਸਰਕਾਰ ਦੀ ਪੰਜ ਸਾਲ ਵਾਸਤੇ ਪ੍ਰਤੀਨਿਧਤਾ ਕਰਨਾ ਉਸ ਦੇ ਹਿੱਸੇ ਆਇਆ ਹੈ ਜੋ ਪੰਜਾਬੀ ਜਗਤ ਲਈ ਮਾਣ ਵਾਲੀ ਗੱਲ ਹੈ। ਬੂਟਾ ਸਿੰਘ ਚੌਹਾਨ ਇਸ ਸਨਮਾਨ ਤੋਂ ਪਹਿਲਾਂ ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁਕੇ ਹਨ।
ਉਨ੍ਹਾਂ ਦੀਆਂ ਸਿਰ ਜੋਗੀ ਛਾਂ, ਖ਼ਿਆਲ ਖ਼ੁਸ਼ਬੋ ਜਿਹਾ, ਨੈਣਾਂ ਵਿੱਚ ਸਮੁੰਦਰ ਅਤੇ ਖ਼ੁਸ਼ਬੋ ਦਾ ਕੁਨਬਾ ਗ਼ਜ਼ਲ ਸੰਗ੍ਰਹੀ,ਚਿੱਟਾ ਪੰਛੀ, ਨਿੱਕੀ ਜਿਹੀ ਡੇਕ, ਤਿੰਨ ਦੂਣੀ ਅੱਠ ਅਤੇ ਸਤਰੰਗੀਆਂ ਚਿੜੀਆਂ ਬਾਲ ਸਾਹਿੱਤ ਪੁਸਤਕਾਂ ਹਨ। ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਮਰਾਠੀ ਲੇਖਕ ਲਕ਼ਮਣ ਗਾਇਕਵਾੜ ਦੇ ਪੰਜ ਨਾਵਲਾਂ ਦਾ ਉਹ ਪੰਜਾਬੀ ਅਨੁਵਾਦ ਕਰ ਚੁਕੇ ਹਨ, ਜਿੰਨ੍ਹਾਂ ਵਿੱਚੋਂ ਚੋਰ ਉਚੱਕੇ ਪ੍ਰਮੁਖ ਹੈ। ਇਸ ਮੌਕੇ ਉੱਘੇ ਉਦਯੋਗ ਪਤੀ ਤੇ ਸਮਾਜ ਸੇਵਕ ਪਵਨ ਗਰਗ , ਅਰਜੁਨ ਬਾਵਾ ਤੇ ਕੁਝ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ।
ਇਸ ਸਾਲ ਦੇ ਪੰਜਾਬੀ ਲਈ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸ਼੍ਰੀ ਸੁਖਜੀਤ ਨੇ ਵੀ ਸਃ ਬੂਟਾ ਸਿੰਘ ਚੌਹਾਨ ਨੂੰ ਸਨਮਾਨਿਤ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਨੂੰ ਮੁਬਾਰਕ ਦਿੱਤੀ ਹੈ।