ਮੈਗਜ਼ੀਨ ਸ਼ਬਦ-ਤ੍ਰਿੰਝਣ ਅਤੇ ਬਾਲ ਨਾਵਲ ‘ਭੂਤਾਂ ਦੇ ਸਿਰਨਾਵੇਂ’ ਵੀ ਲੋਕ ਅਰਪਣ
ਬਰਨਾਲਾ (ਸਮਾਜ ਵੀਕਲੀ) ( ਚੰਡਿਹੋਕ )— ਬੀਤੇ ਦਿਨੀਂ ਬਰਨਾਲਾ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਸੇਖਾ ਵਿਖੇ ‘ਤੀਸਰਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ ਸਨਮਾਨ ਸਮਾਰੋਹ’ ‘ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈਲਫੇਅਰ ਐਂਡ ਕਲਚਰਲ ਸੁਸਾਇਟੀ (ਰਜਿ.) ਬਠਿੰਡਾ’ ਵੱਲੋਂ ‘ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ (ਰਜਿ.) ਮੋਗਾ ਦੇ ਸਹਿਯੋਗ ਨਾਲ਼ ਪਿਛਲੇ ਦਿਨੀਂ ਨਾਮਵਾਰ ਬਜ਼ੁਰਗ ਵਿਅੰਗਕਾਰ ਸ੍ਰੀ ਨਿਰੰਜਣ ਸ਼ਰਮਾ (ਸੇਖਾ) ਨੂੰ ਬੜੇ ਆਦਰ ਸਾਹਿਤ ਪ੍ਰਦਾਨ ਕੀਤਾ ਗਿਆ। ਨਿਰੰਜਣ ਸੇਖਾ ਆਪਣੀ ਉਮਰ ਦੇ ਨੌ ਦਹਾਕੇ ਪਾਰ ਕਰ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਦੀ ਨਾਸਾਜ਼ ਸਿਹਤ ਕਾਰਨ ਪੁਰਸਕਾਰ ਉਨ੍ਹਾਂ ਦੇ ਪਿੰਡ ਵਿਖੇ ਇੱਕ ਸਮਾਗਮ ਉਲੀਕ ਕੇ ਉਨ੍ਹਾਂ ਦੇ ਪਿੰਡ ਵਿਖੇ ਹੀ ਸਮਾਰੋਹ ਕਰਵਾਇਆ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਅਤੇ ‘ਸ਼ਬਦ-ਤ੍ਰਿੰਝਣ’ ਮੈਗਜ਼ੀਨ ਦੇ ਸੰਪਾਦਕ ਸ੍ਰੀ ਮੰਗਤ ਕੁਲਜਿੰਦ ਨੇ ਦੱਸਿਆ । ਉਨ੍ਹਾਂ ਕਿਹਾ ਕਿ ‘ਤੀਸਰਾ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ’ ਪ੍ਰਦਾਨ ਕਰਨ ਦੇ ਨਾਲ਼-ਨਾਲ਼ ‘ਸ਼ਬਦ-ਤ੍ਰਿਝਣ’ ਮੈਗਜ਼ੀਨ ਤੇ ਸਾਧੂ ਰਾਮ ਲੰਗੇਆਣਾ ਦੇ ਤਰਕਸ਼ੀਲ ਬਾਲ ਨਾਵਲ ‘ਭੂਤਾਂ ਦੇ ਸਿਰਨਾਵੇਂ’ ਵੀ ਲੋਕ-ਅਰਪਨ ਕੀਤੇ ਗਏ ਅਤੇ ‘ਹਾਸ ਵਿਅੰਗ’ ਕਵੀ ਦਰਬਾਰ ਵੀ ਕਰਵਾਇਆ ਗਿਆ। ਸ਼੍ਰੀ ਕੇ.ਐਲ. ਗਰਗ ਪ੍ਰਧਾਨ ਪੰਜਾਬੀ ਹਾਸ ਵਿਅੰਗ ਅਕਾਦਮੀ ਦੀ ਪ੍ਰਧਾਨਗੀ ਵਿੱਚ ਚੱਲੇ ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਕਹਾਣੀਕਾਰ ਡਾ.ਜੋਗਿੰਦਰ ਸਿੰਘ ਨਿਰਾਲਾ ‘ਸੰਪਾਦਕ ‘ਮੁਹਾਂਦਰਾ’ ਮੈਗਜ਼ੀਨ’ ਸਨ । ਇਨ੍ਹਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸ਼੍ਰੀ ਸੁਖਦਰਸ਼ਨ ਗਰਗ ਪ੍ਰਧਾਨ ਪੇਂਡੂ ਸਾਹਿਤ ਸਭਾ ਬਾਲਿਆਂਵਾਲੀ, ਵਿਅੰਗਕਾਰ ਨਿਰੰਜਨ ਸ਼ਰਮਾ ਸੇਖਾ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਦੇਵਕੀ ਦੇਵੀ ਸ਼ੁਸ਼ੋਭਿਤ ਸਨ। ਸ੍ਰੀ ਮੰਗਤ ਕੁਲਜਿੰਦ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਪੁਰਸਕਾਰ ਬਾਰੇ ਖ਼ੂਬਸੂਰਤ ਲਹਿਜ਼ੇ ਨਾਲ਼ ਜਾਣ ਪਹਿਚਾਣ ਕਰਵਾਈ। ਸ੍ਰੀ ਸੇਖਾ ਨੂੰ ਦਿੱਤੇ ਪੁਰਸਕਾਰ ਵਿੱਚ ਸਨਮਾਨ- ਪੱਤਰ, ਸਨਮਾਨ- ਚਿੰਨ੍ਹ ਅਤੇ ਇੱਕ ਲੋਈ ਤੋਂ ਇਲਾਵਾ ਨਕਦ ਰਾਸ਼ੀ ਵੀ ਸ਼ਾਮਲ ਸੀ। ਸਮੁੱਚੇ ਸਾਹਿਤਕਾਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਅਮਰਜੀਤ ਸਿੰਘ ਪੇਂਟਰ ਸਟੇਟ-ਐਵਾਰਡੀ ਵੱਲੋਂ ਸਨਮਾਨ-ਪੱਤਰ ਪੜ੍ਹ ਕੇ ਸੁਣਾਇਆ ਗਿਆ। ਇਸ ਮੌਕੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਜਗਦੀਸ਼ ਰਾਏ ਕੁਲਰੀਆਂ ਨੂੰ ਅਨੁਵਾਦ ਪੁਰਸਕਾਰ 2023 ਮਿਲਣ ਤੇ ਆਦਾਰਾ ਸ਼ਬਦ-ਤ੍ਰਿੰਜਣ ਵੱਲੋਂ ਸਨਮਾਨ-ਚਿੰਨ੍ਹ ਦੇ ਕੇ ਉਹਨਾਂ ਦਾ ਵੀ ਮਾਣ ਵਧਾਇਆ ਗਿਆ।ਪੰਜਾਬੀ ਸਾਹਿਤ ਸਭਾ (ਰਜਿ)ਬਰਨਾਲਾ ਨੇ ਵੀ ਨਿਰੰਜਨ ਸ਼ਰਮਾ ਸੇਖਾ ਨੂੰ ਉਹਨਾਂ ਦੀਆਂ ਜ਼ਿੰਦਗੀ ਭਰ ਦੀਆਂ ਸਾਹਿਤਕ ਸੇਵਾਵਾਂ ਲਈ ਸਨਮਾਨਿਤ ਕੀਤਾ। ਪੰਜਾਬੀ ਸਾਹਿਤ ਸਭਾ ਦੇ ਜਨਰਲ ਸਕੱਤਰ ਮਾਲਵਿੰਦਰ ਸ਼ਾਇਰ ਨੇ ਸ੍ਰੀ ਮੰਗਤ ਕੁਲਜਿੰਦ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਬਰਨਾਲਾ ਦੀਆਂ ਸਮੂਹ ਸਾਹਿਤਕ ਸਭਾਵਾਂ ਵਿੱਚ ਸ੍ਰੀ ਨਿਰੰਜਨ ਸ਼ਰਮਾ ਸੇਖਾ ਨੂੰ ਸਨਮਾਨਿਤ ਕਰਨ ‘ਤੇ ਧੰਨਵਾਦ ਕੀਤਾ। ਸ੍ਰੀ ਨਿਰੰਜਣ ਸੇਖਾ ਆਪਣੇ ਸੰਬੋਧਨ ਵਿੱਚ ਹਾਸ-ਵਿਅੰਗ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਸਨਮਾਨ ਸਮਾਰੋਹ ਦੀ ਸ਼ੋਭਾ ਵਧਾ ਰਹੇ ਸਾਰੇ ਵਿਦਵਾਨਾਂ, ਵਿਅੰਗਕਾਰਾਂ, ਸਾਹਿਤਕਾਰਾਂ ਅਤੇ ਰਿਸ਼ਤੇਦਾਰਾ ਦਾ ਧੰਨਵਾਦ ਕੀਤਾ। ਸੇਖਾ ਜੀ ਦੀ ਪੋਤਰੀ ਰਮਨਪ੍ਰੀਤ ਸ਼ਰਮਾ ਨੇ ਆਪਣੇ ਦਾਦਾ ਜੀ ਦੀ ਜ਼ਿੰਦਗੀ ਭਰ ਦੀ ਘਾਲਣਾ ਦਾ ਜ਼ਿਕਰ ਕਰਦਿਆਂ ਉਹਨਾਂ ਨੂੰ ਆਪਣਾ ਆਦਰਸ਼ ਮੰਨਿਆ।
ਅੰਤ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਿਅੰਗ-ਸਮਰਾਟ ਕੇ.ਐਲ.ਗਰਗ ਨੇ ਹਾਸ ਵਿਅੰਗ ਅਕਾਦਮੀ ਦੀ ਜਾਣ ਪਛਾਣ ਕਰਵਾਈ ਅਤੇ ਇਸ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।ਨਾਲ ਹੀ ਉਹਨਾਂ ਪੰਜਾਬੀ ਹਾਸ ਵਿਅੰਗ ਲਈ ਦਿੱਤੇ ਜਾਂਦੇ ਐਵਾਰਡਾਂ ਦੀ ਜਾਣਕਾਰੀ ਦਿੱਤੀ।ਡਾ.ਜੋਗਿੰਦਰ ਸਿੰਘ ਨਿਰਾਲਾ, ਭੋਲਾ ਸਿੰਘ ਸੰਘੇੜਾ,ਰਾਮ ਸਰੂਪ ਬਰਨਾਲਾ ਦਵਿੰਦਰ ਬਰਨਾਲਾ ਅਤੇ ਹੋਰ ਕਈ ਸਤਿਕਾਰਿਤ ਵਿਦਵਾਨ ਤੇ ਸਾਹਿਕਾਰਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਸੇਖਾ ਨੂੰ ਪੁਰਸਕਾਰ ਮਿਲਣ ਤੇ ਮੁਬਾਰਕਾਂ ਦਿੱਤੀਆਂ।
ਅੱਜ ਦੇ ਸਮਾਗਮ ਵਿੱਚ ਕਰਵਾਏ ਗਏ ਹਾਸ ਵਿਅੰਗ ਕਵੀ ਦਰਬਾਰ ਵਿੱਚ ਬਠਿੰਡਾ ਅਤੇ ਆਸੇ ਪਾਸੇ ਦੇ ਇਲਾਕੇ ਤੋਂ ਆਏ ਕਵੀਆਂ ਨੇ ਹਿੱਸਾ ਲਿਆ। ਮਾਸਟਰ ਜਗਨਨਾਥ ਸਕੱਤਰ ਪੇਂਡੂ ਸਾਹਿਤ ਸਭਾ ਬਾਲਿਆਂ ਵਾਲੀ ਨੇ ਕਵੀ ਦਰਬਾਰ ਦਾ ਸੰਚਾਲਨ ਕੀਤਾ, ਰਮੇਸ਼ ਗਰਗ, ਮਾਲਵਿੰਦਰ ਸ਼ਾਇਰ ,ਸੁਖਦੇਵ ਸਿੰਘ ਔਲਖ, ਮੁਖਤਿਆਰ ਅਲਾਲ, ਇਕਬਾਲ ਸਿੰਘ ਪੀ.ਟੀ.ਆਈ, ਪ੍ਰਿੰ.ਦਰਸ਼ਨ ਸਿੰਘ ਬਰੇਟਾ,ਡਾ.ਸਾਧੂ ਰਾਮ, ਜਸਵੀਰ ਸ਼ਰਮਾ ਦੱਦਾਹੂਰ, ਸਾਗਰ ਸਿੰਘ ਸਾਗਰ,ਜਤਿੰਦਰ ਪਾਲ ਸਿੰਘ, ਮਮਤਾ ਸੇਤੀਆ ਸੇਖਾ, ਤੇਜਿੰਦਰ ਚੰਡਿਹੋਕ,ਕੁਲਵਿੰਦਰ ਕੌਸ਼ਲ ਸੁਖਦਰਸ਼ਨ ਗਰਗ,ਮੰਗਤ ਕੁਲਜਿੰਦ, ਗੁਰਨੈਬ ਸਾਜਨ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਦੇ ਰੰਗ ਬਿਖੇਰੇ।ਕਾਵਿ ਦੇ ਵੱਖ ਵੱਖ ਰੂਪਾਂ ਤੋਂ ਇਲਾਵਾ ਇਹਨਾਂ ਵਿੱਚ ਵਾਰਤਕ ਦਾ ਰੰਗ ਵੀ ਸੀ। ਮਜ਼ਾਹੀਆ ਲਹਿਜ਼ਾ ਅਤੇ ਵਿਅੰਗਾਤਮਕ ਤਰਜ਼, ਤਰੰਨਮ ਜਾਂ ਉਚਾਰਣ ਤੋਂ ਬਿਨਾਂ ਸੰਜੀਦਗੀ ਝਲਕ ਮੁੱਖ ਸੀ।
ਇਸ ਮੌਕੇ ਮਸ਼ਹੂਰ ਪੱਤਰਕਾਰ ਗੁਰਨੈਬ ਸਾਜਨ ਦਿਉਣ,ਰਾਜਿੰਦਰ ਰਾਜੂ, ਅੰਮ੍ਰਿਤਪਾਲ, ਰੋਹਿਤ ਸ਼ਰਮਾ ਅਤੇ ਹੋਰ ਦੂਰੋ ਨੇੜਿਓਂ ਆਏ ਰਿਸ਼ਤੇਦਾਰ, ਦੋਸਤ-ਮਿੱਤਰ, ਪਰਿਵਾਰਕ ਮੈਂਬਰ ਅਤੇ ਸਾਹਿਤਕਾਰ ਹਾਜ਼ਰ ਸਨ। ਮੰਚ ਸੰਚਾਲਨ ਜਗਦੀਸ਼ ਰਾਏ ਕੂਲਰੀਆਂ ਨੇ ਬਾ-ਖ਼ੂਬੀ ਨਿਭਾਇਆ।
-ਤੇਜਿੰਦਰ ਚੰਡਿਹੋਕ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly