(ਸਮਾਜ ਵੀਕਲੀ) ਉੱਚੀ ਲੰਮੀ ਛੈਲ ਛਬੀਲੀ ਪੰਜਾਬਣ ਮੁਟਿਆਰ ਕਮਲਜੀਤ ਨੀਰੂ ਆਪਣੇ ਸਮੇਂ ਦੀ ਪ੍ਰਸਿੱਧ ਤੇ ਨਾਮਵਰ ਗਾਇਕਾ ਰਹੀ ਹੈ। ਉਸਦੇ ਨਾਂ ਦੀ ਧਮਕ ਖੰਨਾ ਸ਼ਹਿਰ ਤੋਂ ਉੱਠ ਦੇਸ਼ ਵਿਦੇਸ਼ ਦੀ ਧਰਤ ਤੇ ਜਾ ਗੂੰਜੀ। ਕਮਲਜੀਤ ਨੀਰੂ ਪੰਜਾਬੀ ਸੰਗੀਤ ਇੰਡਸਟਰੀ ਦੀ ਇੱਕ ਅਜਿਹੀ ਪਹਿਲੀ ਗਾਇਕਾ ਹੈ ਜਿਸਦਾ ਸਰੋਤੇ ਸੀਟੀਆਂ ਦੇ ਨਾਲ ਸਵਾਗਤ ਕਰਦੇ ਹੋਏ ਉਸਦੀ ਹੌਸਲਾਅਫਜ਼ਾਈ ਕਰਦੇ ਜਦੋਂਕਿ ਸੀਟੀ ਵਜਾਉਣਾ ਅਸ਼ਲੀਲਤਾ ਦੇ ਗਲਤ ਅਰਥ ਬਿਆਨ ਕਰਦਾ ਹੈ ਪਰ ਇੱਥੇ ਉਸਦੀ ਕਲਾ ਦੇ ਮੁਰੀਦ ਸੀਟੀ ਤੇ ਸੀਟੀ ਵਜਾ ਉਸਨੂੰ ਹੌਸਲੇ ਦੀ ਦਾਦ ਦਿੰਦੇ ਤੇ ਉਹ ਮਸਤੀ ਦੇ ਆਲਮ ਚ ਲੱਕ ਦੇ ਹੁਲਾਰਿਆਂ ਨਾਲ ਸੰਗੀਤ ਇੰਡਸਟਰੀ ਹਿਲਾ ਛੱਡਦੀ। ਇਸ ਭਾਰਤੀ ਪੰਜਾਬੀ ਗਾਇਕਾ ਕਮਲਜੀਤ ਨੀਰੂ ਦਾ ਜਨਮ ਪੰਜਾਬ ਵਿੱਚ ਖੰਨਾ ਸ਼ਹਿਰ ਦੇ ਇੱਕ ਸੈਨਿਕ ਪਰਿਵਾਰ ਵਿੱਚ ਹੋਇਆ।ਪਿਤਾ ਫੌਜ ਵਿੱਚ ਹੋਣ ਕਾਰਨ ਉਸ ਦਾ ਬਚਪਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੀਤਿਆ। ਸਕੂਲੀ ਪੜ੍ਹਾਈ ਵਿਚ ਹੁਸ਼ਿਆਰ ਹੋਣ ਕਰਕੇ ਉਹ ਟਰੈਕ ਐਂਡ ਫੀਲਡ ਅਤੇ ਤੈਰਾਕੀ ਵਿੱਚ ਮੁਹਾਰਤ ਹਾਸਿਲ ਕੀਤੀ ਅਤੇ ਪ੍ਰੀ-ਮੈਡੀਕਲ ਦੀ ਤਿਆਰੀ ਕਰਕੇ ਉਸਨੇ ਅਵੱਲਾ ਪ੍ਰਾਪਤ ਕੀਤੀ । ਵਿਆਹ ਤੋਂ ਬਾਅਦ ਉਹ ਯੂਨਾਈਟਿਡ ਕਿੰਗਡਮ ਚਲੀ ਗਈ। ਜਿੱਥੇ ਉਸ ਦੀ ਮਸ਼ਹੂਰ ਸੰਗੀਤ ਨਿਰਦੇਸ਼ਕ ਮੁਲਾਕਾਤ ਬਲਦੇਵ ਮਸਤਾਨਾ ਨਾਲ ਹੋਈ। 1982 ਵਿੱਚ ਦੂਜੇ ਕਲਾਕਾਰਾਂ, ਨਾਲ ਕਮਲਜੀਤ ਨੀਰੂ ਦੀ ਪਹਿਲੀ ਐਲਬਮ ”ਸਿਰ ਤੇ ਦੁੱਪੱਟੇ ਕਾਲੇ ਉੜਦੇ” ਹਿਜ਼ ਮਾਸਟਰਜ਼ ਵਾਇਸ ਵਿਚ ਰਿਲੀਜ਼ ਹੋਈ। ਜਿਸ ਵਿਚ ਉਸ ਦੇ ਗੀਤ “ਬਹਿਜਾ ਬਹਿਜਾ ਹੋਜੂ ਮਿੱਤਰਾ” ਨੂੰ ਬੇਹੱਦ ਪਸੰਦ ਕੀਤਾ ਗਿਆ।ਇਸ ਕੈਸਿਟ ਦੇ ਜ਼ਰੀਏ ਉਸ ਨੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਕੀਤੀ। ਪਰ ਦੂਰਦਰਸ਼ਨ ਜਲੰਧਰ ਤੇ ਆਏ ਗੀਤ “ਭਿੱਜ ਗਈ ਕੁੜਤੀ ਲਾਲ ਗਿੱਧੇ ਵਿੱਚ ਨੱਚਦੀ ਦੀ” ਰਾਹੀਂ ਸੰਗੀਤਕ ਪ੍ਰੇਮੀਆਂ ਵਿਚ ਉਸਦੀ ਪਛਾਣ ਬਣੀ । ਕਿਉਂਕਿ ਉਹਨਾਂ ਦਿਨਾਂ ਵਿੱਚ ਟੀ ਵੀ ਤੇ ਗੀਤ ਆਉਣਾ ਬਹੁਤ ਵੱਡੀ ਗੱਲ ਹੁੰਦੀ ਸੀ। ਜਿਸ ਕਲਾਕਾਰ ਦਾ ਗਾਣਾਂ ਟੀਵੀ ਤੇ ਆ ਜਾਂਦਾ ਉਹ ਗਾਇਕ ਹਿੱਟ ਹੋ ਜਾਂਦਾ। ਕਮਲਜੀਤ ਨੀਰੂ ਨੇ ਆਪਣੇ ਸਮੇਂ ਦੇ ਸਥਾਪਤ ਗਵੱਈਏ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਹਰਭਜਨ ਮਾਨ, ਸਬਰ ਕੋਟੀ, ਸਤਵਿੰਦਰ ਬੁੱਗਾ,ਅਮਰ ਨੂਰੀ ਅਤੇ ਪਰਮਿੰਦਰ ਸੰਧੂ ਵਰਗੇ ਵੱਡੇ ਕਲਾਕਾਰਾਂ ਵਿਚ ਆਪਣੀ ਨਾਂ ਦੀ ਜਗ੍ਹਾ ਬਣਾਈ। ਕਮਲਜੀਤ ਨੀਰੂ ਨੇ ਆਪਣੇ
ਸੰਗੀਤਕ ਸਫ਼ਰ ਦੌਰਾਨ ਇੱਕ ਤੋਂ ਇੱਕ ਸੁਪਰ ਹਿੱਟ ਕੈਸਿਟਾਂ ਜਿਨ੍ਹਾਂ ਵਿਚ ਇਸ਼ਕ ਬਰਾਂਡੀ , ਮੁੰਡੇ ਨੱਚਣ ਨਾਂ ਦਿੰਦੇ ,ਤੇਰਾ ਪਿਆਰ ਚਾਹੀਦਾ, ਜਦੋਂ ਮੇਰਾ ਲੱਕ ਹਿੱਲਦਾ ,ਮੇਰੀ ਜਾਨ ਚੱਲੀ ਏ , ਸੀਟੀ ਤੇ ਸੀਟੀ,ਜੁਗਨੀ ਵਰਗੀਆਂ ਕੈਸਿਟਾਂ ਵਰਨਣਯੋਗ ਹਨ। ਇਸ ਤੋਂ ਇਲਾਵਾਂ ਉਸਨੇ ਕਈ ਸਾਂਝੀ ਗੁਲਦਸਤਾ ਕੈਸਟਾਂ ਵਿਚ ਆਪਣੇ ਸਿੰਗਲ ਟਰੈਕ ਗੀਤਾਂ ਰਾਹੀਂ ਹਾਜ਼ਰੀ ਲਗਵਾਈ ਅਤੇ ਦੂਰਦਰਸ਼ਨ ਦੇ ਨਵੇਂ ਸਾਲ ਦੇ ਪ੍ਰੋਗਰਾਮਾਂ ਵਿੱਚ ਉਸਦੇ ਨਾਂ ਦੀ ਆਮਦ ਰਹਿੰਦੀ । ਕਮਲਜੀਤ ਨੀਰੂ ਜਿੱਥੇ ਬਾਕਮਾਲ ਗਾਇਕਾ ਸੀ ਉੱਥੇ ਉਹ ਖੂਬਸੂਰਤ ਵੀ ਸੀ ਜਿਸ ਕਰਕੇ ਉਸ ਦੀਆਂ ਗੱਲ੍ਹਾਂ ਵਿੱਚ ਟੋਏ ਪੈਂਦੇ ਸਨ । ਉਸਦੇ ਸੁਪਰਹਿੱਟ ਗੀਤ ਜਿਵੇਂ ਕਿ:- ਸੀਟੀ ਤੇ ਸੀਟੀ,ਜਦੋਂ ਮੇਰਾ ਲੱਕ ਹਿੱਲਦਾ ਅਤੇ ਰੂੜ੍ਹਾ ਮੰਡੀ ਜਾਵੇ ਵਰਗੇ ਗੀਤਾਂ ਨੇ ਉਸਨੂੰ ਸੰਗੀਤ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੱਤਾ। ਕਮਲਜੀਤ ਨੀਰੂ ਨੇ ਔਰਤ ਹੋਣ ਦੇ ਬਾਵਜੂਦ ਮਰਦ ਪ੍ਰਧਾਨ ਗਾਇਕੀ ਵਿੱਚ ਆਪਣੇ ਸੰਘਰਸ਼ੀ ਜੀਵਨ ਨਾਲ ਆਪਣੇ ਨਾਂ ਦੀ ਵਿਲੱਖਣਤਾਂ ਹਾਸਿਲ ਕਰਕੇ ਸੰਗੀਤ ਵਿੱਚ ਇੱਕ ਮਿਸਾਲ ਕਾਇਮ ਕੀਤੀ।ਇੰਗਲੈਂਡ ਅਤੇ ਕੈਨੇਡਾ ਵਰਗੇ ਸ਼ਹਿਰਾਂ ਦੀ ਵਸਨੀਕ ਹੋਣ ਦੇ ਬਾਵਜੂਦ ਵੀ ਕਮਲਜੀਤ ਨੀਰੂ ਪੰਜਾਬੀ ਦੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ। ਕਮਲਜੀਤ ਨੀਰੂ ਨੇ ਹੁਣ ਤੱਕ ਪੰਜਾਬ ਅਤੇ ਭਾਰਤ ਦੇ ਲਗਭਗ ਹਰ ਕਸਬੇ ਤੇ ਸ਼ਹਿਰਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਜਿਨ੍ਹਾਂ ਵਿਚ ਨਿਊਜ਼ੀਲੈਂਡ,ਆਸਟ੍ਰੇਲੀਆ, ਦੁਬਈ,ਸਿੰਗਾਪੁਰ, ਮਲੇਸ਼ੀਆ, ਹਾਲੈਂਡ, ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਆਦਿ ਸ਼ਾਮਲ ਹਨ।ਕਮਲਜੀਤ ਨੀਰੂ ਸੰਗੀਤ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿੱਚ ਵੀ ਸਰਗਰਮ ਹੈ ।ਉਹ ਸਾਂਝਾ ਵਿਹੜਾ ਵੂਮੈਨ ਐਸੋਸੀਏਸ਼ਨ ਨਾਲ ਜੁੜੀ ਹੋਈ ਹੈ । ਜੋ ਬ੍ਰੈਸਟ ਕੈਂਸਰ ਖੋਜ ਅਤੇ ਭਾਰਤ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਫੰਡ ਇਕੱਠੇ ਕਰਦੀ ਹੈ। ਕਮਲਜੀਤ ਨੀਰੂ ਸੰਗੀਤ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ਵਿੱਚ ਵੀ ਅਦਾਕਾਰੀ ਦਿਖਾ ਚੁੱਕੀ ਹੈ। ਉਸਦੀ ਪਹਿਲੀ ਫ਼ਿਲਮ 1987-88 ਵਿੱਚ ਸੁਨੇਹਾ” ਮਿਲੀ । ਜਿਸ ਵਿੱਚ ਰਮਾ ਵਿੱਜ ਅਤੇ ਸ਼ਸ਼ੀ ਪੁਰੀ ਵਰਗੇ ਅਦਾਕਾਰ ਸਨ । ਫ਼ਿਲਮ ਪੂਰੀ ਤਾਂ ਹੋਈ ਪਰ ਰਿਲੀਜ਼ ਨਾਂ ਹੋ ਸਕੀ । ਉਸ ਤੋਂ ਬਾਅਦ ਉਹ ਸਰਦਾਰੀ” (2017) , “ਲਾਈਏ ਜੇ ਯਾਰੀਆਂ (2019) , “ਹੌਂਸਲਾ ਰੱਖ” (2021), “ਪੀ ਆਰ” (2022), ਪਿੰਡ ਅਮਰੀਕਾ (2023), “ਉੱਚਾ ਦਰ ਨਾਨਕ ਦਾ”(2024) ਵਿੱਚ ਵੀ ਨਜ਼ਰ ਆਈ। ਫ਼ਿਲਮਾਂ ਤੋਂ ਇਲਾਵਾ ਕਮਲਜੀਤ ਨੀਰੂ ਨੇ ਟੈਲੀਵਿਜ਼ਨ ’ਤੇ ਵੀ ਮਿਸ ਪੀਟੀਸੀ ਪੰਜਾਬੀ (2017 ਅਤੇ 2018) ਅਤੇ ਮਿਸਟਰ ਪੰਜਾਬ (ਕੈਨੇਡਾ ਐਪੀਸੋਡ, 2017) ਵਿੱਚ ਜੱਜ ਵਜੋਂ ਭੂਮਿਕਾ ਨਿਭਾਈ। ਕਮਲਜੀਤ ਨੀਰੂ ਨੇ ਆਪਣੇ ਸੰਗੀਤਕ ਸਫ਼ਰ ਦੌਰਾਨ 10 ਸੋਲੋ ਐਲਬਮਾਂ ਅਤੇ 7 ਸਾਂਝੀਆਂ ਐਲਬਮਾਂ ਸਰੋਤਿਆਂ ਦੀ ਝੋਲੀ ਪਾਈਆਂ। ਸੰਗੀਤ ਦੀਆਂ ਬੁਲੰਦੀਆਂ ਛੋਹਣ ਵਾਲੀ ਕਮਲਜੀਤ ਨੀਰੂ ਨੇ ਆਪਣੇ ਪਰਿਵਾਰਿਕ ਰੁਝੇਵਿਆਂ ਕਾਰਨ ਲੰਬਾ ਸਮਾਂ ਇੰਡਸਟਰੀ ਤੋਂ ਦੂਰੀ ਬਣਾਈ ਰੱਖੀ। ਜਿਸ ਵਿੱਚ ਉਸ ਦਾ ਪਤੀ ਅਤੇ ਪੁੱਤਰ ਸ਼ਾਮਲ ਹਨ।ਸਭਿਆਚਾਰ ਦੀ ਪ੍ਰਤੀਕ ਅਤੇ ਗਾਇਕੀ ਦੀ ਗੁਣਵੱਤਾ ਵਾਲੀ ਛੈਲ ਛਬੀਲੀ ਗਾਇਕਾਂ ਕਮਲਜੀਤ ਨੀਰੂ ਨੇ ਪਿੱਛੇ ਜਿਹੇ ”ਜਾਗੋ ਵਾਲੀ ਰਾਤ” ਅਤੇ ਪਹਿਲਾ ਧਾਰਮਿਕ ਗੀਤ “ਟੋਰ ਦਿੱਤਾ ਲਾਲਾਂ ਨੂੰ ਗੀਤ ਰਿਕਾਰਡ ਕਰਵਾਏ ਜੋਂ ਉਸਦੀ ਸਫ਼ਲਤਾ ਵਿਚ ਅਹਿਮ ਯੋਗਦਾਨ ਪਾ ਰਹੇ ਹਨ।ਪੰਜਾਬੀ ਸੰਗੀਤ ਦੀਆਂ ਬੁਲੰਦੀਆਂ ਨੂੰ ਛੋਹਣ ਵਾਲੀ ਕਮਲਜੀਤ ਨੀਰੂ ਅੱਜ ਕੱਲ ਆਪਣੇ ਪਰਿਵਾਰ ਨਾਲ ਵੈਨਕੂਵਰ ਵਿੱਚ ਪੱਕੇ ਤੌਰ ਰਹਿ ਰਹੀ ਹੈ। ਪ੍ਰਮਾਤਮਾ ਕਰੇ ਸੱਤ ਸਮੁੰਦਰ ਪਾਰ ਰਹਿਣ ਵਾਲੀ ਪੰਜਾਬ ਦੀ ਇਹ ਜਾਈਂ ਇਸੇ ਤਰ੍ਹਾਂ ਪੰਜਾਬੀਅਤ ਨਾਲ ਜੁੜੀ ਹੋਈ ਆਪਣੀ ਗਾਇਕੀ ਜ਼ਰੀਏ ਸੱਭਿਆਚਾਰ ਨੂੰ ਸੰਭਾਲਦੀ ਹੋਈ ਸੰਗੀਤ ਦੀਆਂ ਬੁਲੰਦੀਆਂ ਛੋਹਦੀ ਰਹੇ।
ਪੰਜਾਬੀ ਸੰਗੀਤ ਦੀ ਛੈਲ ਛਬੀਲੀ ਗਾਇਕਾਂ :- ਕਮਲਜੀਤ ਨੀਰੂ
ਸਰੂਪ ਸਿੰਘ,ਚੌਧਰੀ ਮਾਜਰਾ (ਨਾਭਾ)
99886-27880
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



