ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਪਾਠਕ ਆਮ ਨਹੀਂ ਹੁੰਦੇ?

ਅਮਰਜੀਤ ਸਿੰਘ ਫ਼ੌਜੀ
 (ਸਮਾਜ ਵੀਕਲੀ)  ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਕਦਰਦਾਨ  ਲੋਕਾਂ ਦੀ ਬਦੌਲਤ‌ ਹੀ ਪੰਜਾਬੀ ਲੇਖਕਾਂ, ਕਵੀਆਂ, ਸ਼ਾਇਰਾਂ, ਦੀ ਹੋਂਦ ਅਤੇ
 ਨੀਂਹ ਪਤਾਲ਼ ਤੱਕ ਡੂੰਘੀ ਜਾਪਦੀ ਹੈ।
 ਕਿਉਂਕਿ ਸਮਾਜ ਦੇ ਹਰ ਖਿੱਤੇ ਅਤੇ ਹਰ ਕਿੱਤੇ ਵਿੱਚ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਲੋਕ ਜੋ ਧੁਰ ਅੰਦਰੋਂ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਪਿਆਰ ਕਰਦੇ ਹਨ ਵਸਦੇ ਹਨ ਜੋ ਕਿ ਲੇਖਕ ਵਲੋਂ ਲਿਖੇ ਗੀਤ, ਗ਼ਜ਼ਲ, ਕਵਿਤਾ, ਕਹਾਣੀ,ਲੇਖ ਜਾਂ ਕੋਈ ਹੋਰ ਵਿਧਾ ਵਾਲ਼ੀ ਲਿਖਤ ਨੂੰ ਪੜ੍ਹਦੇ ਅਤੇ ਵਿਚਾਰਦੇ ਹਨ’ ਜੋ ਲਿਖਤ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ ਜਾਂ ਚੰਗੀ ਲਗਦੀ ਹੈ ਫਿਰ ਪਾਠਕ ਉਸ ਲੇਖਕ ਨੂੰ ਫੋਨ ਕਰਕੇ ਹੌਸਲਾ ਅਫ਼ਜ਼ਾਈ ਵੀ ਕਰਦੇ ਹਨ ਅਤੇ ਜੇ ਕੋਈ ਸੁਝਾਅ ਹੁੰਦਾ ਹੈ ਉਹ ਵੀ ਦਿੰਦੇ ਹਨ। ਅਤੇ ਪਾਠਕਾਂ ਦੇ ਦੱਸਣ ਮੁਤਾਬਿਕ ਬਹੁਤੇ ਲੇਖਕ ਖ਼ਾਸ ਕਰਕੇ ਜੋ ਸਥਾਪਤ ਹੋ ਚੁੱਕੇ ਵੱਡੇ ਨਾਮ ਵਾਲ਼ੇ ਲੇਖਕ ਹਨ ਉਹ ਆਮ ਕਰਕੇ ਪਾਠਕਾਂ ਦਾ ਫੋਨ ਹੀ ਨਹੀਂ ਚੁੱਕਦੇ” ਇਹ ਉਨ੍ਹਾਂ ਦੇ ਸੁਭਾਅ,ਮਾਣ ਹੰਕਾਰ ਜਾਂ ਈਗੋ ਕਾਰਨ ਵੀ ਹੋ ਸਕਦਾ ਹੈ।ਲੇਖਕ ਵਲੋਂ ਪਾਠਕ ਦਾ ਫੋਨ ਨਾ ਚੁੱਕਣਾ ਪਾਠਕ ਨੂੰ ਨਿਰਾਸ਼ ਵੀ ਕਰਦਾ ਹੈ ਅਤੇ ਆਪਣੇ ਆਪ ਤੋਂ ਦੂਰ ਕਰਦਾ ਹੈ ਜੋ ਇੱਕ ਬਹੁਤ ਹੀ ਬੁਰੀ ਆਦਤ ਹੈ ਅਤੇ ਪੰਜਾਬੀ ਸਾਹਿਤ ਲਈ ਚੰਗਾ ਸੰਕੇਤ ਨਹੀਂ ਹੈ। ਪੰਜਾਬੀ ਸਾਹਿਤ ਦੇ ਪਾਠਕਾਂ ਦਾ ਰੁਤਬਾ ਬਹੁਤ ਉੱਚਾ ਹੈ ਜੋ ਕਿ ਪੰਜਾਬੀ ਸਾਹਿਤ ਦੀ ਵੱਡਮੁੱਲੀ ਸੇਵਾ ਕਰਦੇ ਹਨ ਅਤੇ ਮਾਂ ਬੋਲੀ ਪੰਜਾਬੀ ਦੇ ਸਪੂਤ ਹੋਣ ਦਾ ਮਾਣ ਪ੍ਰਾਪਤ ਕਰਦੇ ਹਨ।
  ਇਸ ਗੱਲ ਦਾ ਅਹਿਸਾਸ ਮੈਨੂੰ ਥੋੜ੍ਹੇ ਦਿਨ ਪਹਿਲਾਂ ਆਈ ਇੱਕ ਫੋਨ ਕਾਲ ਨੇ ਕਰਵਾਇਆ। ਹੋਇਆ ਇੰਝ ਕਿ ਥੋੜ੍ਹੇ ਦਿਨ ਪਹਿਲਾਂ ਮੈਨੂੰ ਦੁਪਹਿਰ ਦੇ ਬਾਰਾਂ ਕੁ ਵਜੇ ਇੱਕ ਫੋਨ ਕਾਲ ਆਈ ਅਤੇ ਜਦੋਂ ਮੈਂ ਫੋਨ ਚੁੱਕਿਆ ਅਤੇ ਹੋਲੋ ਕਿਹਾ ਤਾਂ ਅੱਗਿਓਂ  ਫੋਨ ਕਰਨ ਵਾਲੇ ਸੱਜਣ ਨੇ ਕਿਹਾ”ਜੀ ਤੁਸੀਂ ਅਮਰਜੀਤ ਸਿੰਘ ਫ਼ੌਜੀ ਬੋਲ ਰਹੇ ਹੋ”ਮੈਂ ਹਾਂ ਜੀ ਕਹਿ ਕੇ ਉਸ ਦੇ ਕੁੱਝ ਹੋਰ ਬੋਲਣ ਤੋਂ ਪਹਿਲਾਂ ਹੀ ਉਸ ਨੂੰ ਕਿਹਾ ਕਿ ਮੈਂ ਥੋੜ੍ਹਾ ਰੁੱਝਿਆ ਹੋਇਆ ਹਾਂ ਅਤੇ ਮੈਂ ਵਿਹਲਾ ਹੋ ਕੇ ਆਪ ਜੀ ਨੂੰ ਕੁੱਝ ਦੇਰ ਬਾਅਦ ਖ਼ੁਦ ਕਾਲ ਕਰਾਂਗਾ “
 ਅੱਗਿਓਂ ਉਸ ਦੇ ਬੋਲ ਸਨ “ਜੀ” ਇਨ੍ਹਾਂ ਸੁਣ ਕੇ ਮੈਂ ਫੋਨ ਕੱਟ ਦਿੱਤਾ ਅਤੇ ਮੈਂ ਫਿਰ ਆਪਣੇ ਅਖੌਤੀ ਰੁਝੇਵੇਂ “ਤਾਸ਼ ਖੇਡਣ” ਵਿੱਚ ਮਗਨ ਹੋ ਗਿਆ ਅਤੇ ਦੁਪਹਿਰ ਦੇ ਦੋ- ਢਾਈ ਵਜੇ ਤੱਕ ਤਾਸ਼ ਖੇਡ ਕੇ ਘਰ ਆ ਗਿਆ” ਦੁਪਹਿਰ ਨੂੰ ਇੱਕ ਅੱਧੀ ਰੋਟੀ ਖਾ ਕੇ ਮੈਂ ਬੈਡ ਤੇ ਲੇਟ ਗਿਆ ਅਤੇ ਨੀਂਦ ਆ ਗਈ ਜਦੋਂ ਸ਼ਾਮ ਨੂੰ ਚਾਰ ਕੁ ਵਜੇ ਘਰ ਦਿਆਂ ਨੇ ਚਾਹ ਬਣਾ ਕੇ ਮੈਨੂੰ ਉਠਾਇਆ ਅਤੇ ਕਿਹਾ ਕਿ ਚਾਹ ਪੀ ਲਓ ਜੀ ਸਵਾ ਚਾਰ ਵਜ ਗਏ ਨੇ ਮੈਂ ਉੱਠਿਆ ਅਤੇ ਅੱਖਾਂ ਤੇ ਪਾਣੀ ਦੇ ਛਿੱਟੇ ਮਾਰੇ ਤੇ ਸਾਹਮਣੇ ਟੰਗਣੇ ਉੱਤੇ ਟੰਗੇ ਤੌਲੀਏ ਨੂੰ ਲਾਹ ਕੇ ਮੂੰਹ ਪੂੰਝਣ ਲੱਗਾ ਹੀ ਸੀ ਕਿ ਫੋਨ ਦੀ ਘੰਟੀ ਫਿਰ ਵੱਜ ਉੱਠੀ” ਮੈਂ ਗੌਰ ਨਾਲ ਦੇਖਿਆ ਉਹੀ ਦੁਪਿਹਰ ਵਾਲੇ ਸੱਜਣ ਦੇ ਨੰਬਰ ਤੋਂ ਫਿਰ ਫ਼ੋਨ ਕਾਲ ਆਈ ਸੀ”ਮੈਂ ਜਲਦੀ ਜਲਦੀ ਮੂੰਹ ਪੂੰਝਿਆ ਅਤੇ ਫੋਨ ਚੁੱਕ ਕੇ ਕਿਹਾ” ਹੈਲੋ ਜੀ”
 ਤਾਂ ਅੱਗਿਓਂ ਆਵਾਜ਼ ਆਈ” ਫ਼ੌਜੀ ਸਾਹਿਬ ਜੀ ਕੀ ਤੁਸੀਂ ਜ਼ਰੂਰੀ ਰੁਝੇਵੇਂ ਤੋਂ ਵਿਹਲੇ ਹੋ ਗਏ ਜੀ?”ਮੈਂ ਸ਼ਰਮਿੰਦਾ ਜਿਹਾ ਹੁੰਦੇ ਹੋਏ ਕਿਹਾ”ਹਾਂ ਜੀ ਹਾਂ ਜੀ ਦੱਸੋ ਜੀ ਕੌਣ ਸਾਹਿਬ ਬੋਲ ਰਹੇ ਹੋ ਜੀ”
 ਅੱਗਿਓਂ ਆਵਾਜ਼ ਆਈ ਮੈਂ ਬੰਗਿਆਂ ਤੋਂ ਬੋਲ ਰਿਹਾ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਜੀ” ਤੁਹਾਡੀ ਇੱਕ ਰਚਨਾ ਅਖ਼ਬਾਰ ਵਿੱਚ ਪੜ੍ਹੀ ਐ ਜੀ, ਬਹੁਤ ਸੋਹਣੀ ਲੱਗੀ ਜੀ”
 ਮੈਂ ਕਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਪਰ ਕਿਹੜੇ ਅਖਬਾਰ ਵਿੱਚ ਪੜ੍ਹੀ ਐ ਜੀ”
 ਤਾਂ ਫ਼ੋਨ ਕਰਨ ਵਾਲੇ ਸੱਜਣ ਨੇ  ਅਖਬਾਰ ਦਾ ਨਾਮ ਦੱਸਿਆ “
 ਤਾਂ ਮੈਂ ਕਿਹਾ ਕਿ ਅੱਜ ਤਾਂ‌ ਇਸ ਅਖ਼ਬਾਰ ਵਿੱਚ ਮੇਰੀ ਕੋਈ ਲਿਖਤ ਨਹੀਂ ਛਪੀ ਜੀ” ਇਹ ਕਦੋਂ ਦਾ ਅਖਬਾਰ ਹੈ ਅਤੇ ਕਿਹੜੀ ਨਜ਼ਮ ਛਪੀ ਹੈ ਜੀ”
 ਤਾਂ ਉਸ ਨੇ ਕਿਹਾ ਹੁਣੇ ਦੱਸਦਾ ਹਾਂ ਜੀ ਕੁੱਝ ਕੁ ਸਕਿੰਟ ਉਸ ਨੇ ਅਖ਼ਬਾਰ ਦੇਖਣ ਵਿੱਚ ਲਾਏ ਅਤੇ ਫਿਰ ਬੋਲੇ ਇਹ ਤਕਰੀਬਨ ਤਿੰਨ ਸਾਲ ਪੁਰਾਣਾ ਅਖਬਾਰ ਹੈ ਜੀ
  ਅਤੇ ਉਸ ਨੇ ਮੇਰੀ ਲਿਖਤ ਦੇ ਕੁੱਝ ਬੋਲ ਮੈਨੂੰ ਸੁਣਾਏ
ਅਤੇ ਉਸ ਨੇ ਬੜੇ ਠਰ੍ਹਮੇ ਅਤੇ ਸਹਿਜਤਾ ਨਾਲ ਸਾਰੀ ਗੱਲ ਬਾਤ ਕੀਤੀ”
 ਮੈਂ ਸੁਣ ਕੇ ਧੰਨ ਹੋ ਗਿਆ ਅਤੇ ਸ਼ੁਕਰੀਆ ਕੀਤਾ ਅਤੇ ਮੈਂ ਕਿਹਾ ਐਨਾ ਪੁਰਾਣਾਂ ਅਖ਼ਬਾਰ ਤੁਸੀਂ ਅੱਜ ਕਿਵੇਂ ਪੜ੍ਹਿਐ ਜੀ?”
 ਤਾਂ ਉਸ ਸੱਜਣ ਨੇ ਜੋ ਮੈਨੂੰ ਦੱਸਿਆ ਸੁਣ ਕੇ ਮੇਰੇ ਲੂੰ ਕੰਡੇ ਖੜ੍ਹੇ ਹੋ ਗਏ ਅਤੇ ਮੈਂ ਸੁੰਨ ਜਿਹਾ ਹੋ ਗਿਆ, ਉਸ ਨੇ ਕਿਹਾ’
 ਦਰਅਸਲ ਮੈਂ ਟੈਂਟ ਲਾਉਣ ਵਾਲਿਆਂ ਨਾਲ਼ ਬਹਿਰੇ ਦਾ ਕੰਮ ਕਰਦਾ ਹਾਂ ਅਤੇ ਮੈਨੂੰ ਪੰਜਾਬੀ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਹੋਣ ਕਰਕੇ ਜਦੋਂ ਅਸੀਂ ਪੁਰਾਣੇ ਅਖ਼ਬਾਰ ਟੋਕਰਿਆਂ ਵਿੱਚ, ਮੇਜ਼ਾਂ ਵਗੈਰਾ ਤੇ ਵਿਛਾਉਂਦੇ ਹਾਂ ਤਾਂ ਉਦੋਂ ਮੇਰੀ ਨਿਗ੍ਹਾ ਕਿਸੇ ਐਸੇ ਅਖ਼ਬਾਰ ਤੇ ਪੈ ਜਾਂਦੀ ਹੈ ਜਿਸ ਉੱਤੇ ਕੋਈ ਕਵਿਤਾ, ਗੀਤ, ਗ਼ਜ਼ਲ, ਜਾਂ ਕੋਈ ਮਿੰਨੀ ਕਹਾਣੀ ਜਾਂ ਵਧੀਆ ਸਿਰਲੇਖ ਵਾਲਾ ਲੇਖ ਵਗੈਰਾ ਛਪਿਆ ਹੋਵੇ ਤਾਂ ਮੈਂ ਉਸ ਅਖ਼ਬਾਰ ਨੂੰ ਤਹਿ ਮਾਰ ਕੇ ਜੇਬ ਵਿੱਚ ਸੰਭਾਲ ਲੈਂਦਾ ਹਾਂ ਅਤੇ ਫਿਰ ਕੰਮ ਵਿੱਚ ਰੁੱਝ ਜਾਂਦਾ ਹਾਂ ਅਤੇ ਘਰ ਆ ਕੇ ਵਿਹਲੇ ਟਾਈਮ ਤਸੱਲੀ ਨਾਲ ਪੜ੍ਹ ਲੈਂਦਾ ਹਾਂ ਅਤੇ ਕਦੇ ਕਦੇ ਮੈਂ ਸਬੰਧਤ ਲੇਖਕ ਨੂੰ ਫੋਨ ਕਰਕੇ ਆਪਣੇ ਵਿਚਾਰ ਅਤੇ ਹਿੰਮਤ ਹੌਸਲਾ ਵੀ ਦਿੰਦਾ ਹਾਂ” ਸੋ ਅੱਜ ਵੀ ਕਿਸੇ
 ਟੈਂਟ ਪ੍ਰੋਗਰਾਮ ਤੇ ਸਬੱਬ ਨਾਲ ਤੁਹਾਡੀ ਲਿਖਤ ਵਾਲੇ ਅਖਬਾਰ ਤੇ ਮੇਰੀ ਨਜ਼ਰ ਪਈ ਅਤੇ ਮੈਂ ਜੇਬ ਵਿੱਚ ਸਾਂਭ ਕੇ ਘਰ ਲੈ ਆਇਆ ਅਤੇ ਤਸੱਲੀ ਨਾਲ ਕਈ ਵਾਰ ਤੁਹਾਡੀ ਲਿਖਤ ਪੜ੍ਹੀ ਮੈਨੂੰ ਤੁਹਾਡੀ ਲਿਖ਼ਤ ਸੋਹਣੀ ਅਤੇ ਸਮਾਜ ਨੂੰ ਵਧੀਆ ਸੁਨੇਹਾ ਦਿੰਦੀ ਲੱਗੀ ਇਸ ਲਈ ਮੈਂ ਤੁਹਾਨੂੰ ਫੋਨ ਲਾਇਆ ਹੈ”
 ਮੇਰੀਆਂ ਉਸ ਸੱਜਣ ਨਾਲ਼ ਹੋਰ ਵੀ ਗੱਲਾਂ ਬਾਤਾਂ ਹੋਈਆਂ ਅਤੇ ਉਸ ਨੇ ਮੈਨੂੰ ਆਪਣੇ ਘਰ ਆਉਣ ਦਾ ਸੱਦਾ ਵੀ ਦਿੱਤਾ ਹੈ ਪਰ ਉਨ੍ਹਾਂ ਦੀ ਸ਼ਰਤ ਇਹ ਸੀ ਕਿ ਆਉਣ ਤੋਂ ਪਹਿਲਾਂ ਫੋਨ ਕਰਕੇ ਆਇਓ ਤਾਂ ਕਿ ਮੈਂ ਉਸ ਦਿਨ ਕੰਮ ਤੋਂ ਛੁੱਟੀ ਲੈ ਕੇ ਤੁਹਾਡੀ ਸੇਵਾ ਅਤੇ ਵਿਚਾਰ ਵਟਾਂਦਰਾ ਕਰ ਸਕਾਂ।
 ਪਾਠਕਾਂ ਅਤੇ ਪ੍ਰਸ਼ੰਸਕਾਂ ਦੀਆਂ ਫ਼ੋਨ ਕਾਲਾਂ ਤਾਂ ਭਾਵੇਂ ਸੈਂਕੜਿਆਂ ਦੀ ਗਿਣਤੀ ਵਿੱਚ ਆਈਆਂ ਹੋਣ ਪਰ
 ਮੈਨੂੰ ਇਸ
  ਸੱਜਣ ਦੀ ਆਈ ਫ਼ੋਨ ਕਾਲ ਨੇ ਬਹੁਤ ਹੀ ਹਿੰਮਤ, ਹੌਸਲਾ ਅਤੇ ਉਤਸ਼ਾਹ ਬਖਸ਼ਿਆ ਹੈ “ਮੈਂ ਅਪਣੇ ਸਾਰੇ ਪ੍ਰਸ਼ੰਸਕਾਂ ਅਤੇ ਪਾਠਕਾਂ ਦਾ ਧੰਨਵਾਦੀ ਹਾਂ ਜਿਨ੍ਹਾ ਨੇ ਅਥਾਹ ਪਿਆਰ ਅਤੇ ਸਤਿਕਾਰ ਦਿੱਤਾ ਹੈ ਸਮੇਂ ਸਮੇਂ ਤੇ ਹੌਸਲਾ ਅਫ਼ਜ਼ਾਈ ਦੇ ਨਾਲ਼ ਨਾਲ਼ ਵੱਡਮੁੱਲੇ ਸੁਝਾਅ ਵੀ ਦਿੱਤੇ ਹਨ ਅਤੇ ਕਈਆਂ ਨੇ ਤਾਂ ਡਾਕ ਰਾਹੀਂ ਸਬੰਧਤ ਅਖ਼ਬਾਰ ਵੀ ਭੇਜੇ ਹਨ ,ਮੈਂ ਮੇਰੇ ਸਾਰੇ ਪਾਠਕ ਦੋਸਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜੋ ਮੇਰੀ ਕਲ਼ਮ ਨੂੰ ਅਥਾਹ ਪਿਆਰ ਬਖਸ਼ਦੇ ਹਨ”
 ਅਤੇ ਮੈਂ ਵੀ ਅੱਜ ਤੋਂ ਪ੍ਰਣ ਕਰ ਲਿਆ ਹੈ ਕਿ ਜਿੰਨਾ ਵੀ ਮਰਜ਼ੀ ਜ਼ਰੂਰੀ ਕੰਮ ਹੋਵੇ ਪਰ ਪਾਠਕਾਂ ਅਤੇ ਪ੍ਰਸ਼ੰਸਕਾਂ ਦਾ ਫੋਨ ਸਭ ਤੋਂ ਪਹਿਲਾਂ ਸੁਣਾਂਗਾ ਅਤੇ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਬਣਦਾ ਹਿੱਸਾ ਪਾਉਂਦਾ ਰਹਾਂਗਾ ਅਤੇ ਮੈਂ ਦੂਸਰੇ ਸਾਰੇ ਲੇਖਕਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਕਿਸੇ ਪਾਠਕ ਦਾ ਫੋਨ ਆਵੇ ਤਾਂ ਪਹਿਲ ਦੇ ਆਧਾਰ ਤੇ ਸੁਣੋ ਅਤੇ ਗੱਲ ਬਾਤ ਕਰੋ ਜੇ ਕਿਸੇ ਕਾਰਨ ਕੋਈ ਮਜਬੂਰੀ ਹੋਵੇ ਤਾਂ ਪਾਠਕ ਨੂੰ ਬਾਅਦ ਵਿੱਚ ਖੁਦ ਫੋਨ ਕਰੋ ਅਤੇ ਉਸ ਦੇ ਵਿਚਾਰ ਜਾਣੋ ਅਤੇ ਉਸ ਦੇ ਮੰਨਣ ਯੋਗ ਦਿੱਤੇ ਗਏ ਸੁਝਾਵਾਂ ਲਈ ਧੰਨਵਾਦ ਕਰੋ। ਤਾਂ ਕਿ ਪੰਜਾਬੀ ਸਾਹਿਤ ਦੇ ਸਤਿਕਾਰਤ ਪਾਠਕਾਂ ਨੂੰ ਹੋਰ ਵਧੇਰੇ ਪੜ੍ਹਨ ਲਈ ਉਤਸ਼ਾਹਿਤ ਕਰ ਸਕੀਏ ਤੇ ਲੇਖਕ ਅਤੇ ਪਾਠਕ ਰਲ਼ ਕੇ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਬਣਦਾ ਹਿੱਸਾ ਤਿਲ਼ ਫੁੱਲ ਪਾ ਸਕੀਏ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜੰਗਬੰਦੀ ਦੀ ਗੱਲਬਾਤ ਰੁਕੀ, ਇਜ਼ਰਾਈਲੀ ਫੌਜ ਨੇ ਫਿਰ ਗਾਜ਼ਾ ਖਾਲੀ ਕਰਨ ਦੇ ਦਿੱਤੇ ਹੁਕਮ; ਅਮਰੀਕੀ ਵਿਦੇਸ਼ ਮੰਤਰੀ ਭਲਕੇ ਇਜ਼ਰਾਈਲ ਪਹੁੰਚਣਗੇ
Next article‘ਪ੍ਰਤਿਮਾਨ’ ਦਾ ਯੁਵਾ ਪੰਜਾਬੀ ਕਵਿਤਾ ਵਿਸ਼ੇਸ਼-ਅੰਕ ਰਿਲੀਜ਼ ਅਤੇ ਸਾਵਣ ਕਵੀ ਦਰਬਾਰ ਦਾ ਆਯੋਜਨ