(ਸਮਾਜ ਵੀਕਲੀ) ਜਿਹੜਿਆਂ ਨੇ ਹੀਰੋ ਬਣੇ ਸੰਨੀ ਦਿਓਲ ਦੀ ਫ਼ਿਲਮ “ਇੰਡੀਅਨ” ਦੇਖੀ ਆ। ਓਹਨਾਂ ਨੂੰ ਪੁਲਸ ਦੇ ਵੱਡੇ ਅਫ਼ਸਰ ਰਾਜ ਬੱਬਰ ਤੇ ਸੰਨੀ ਦਿਓਲ ਦੇ ਆਹ ਡਾਇਲਾਗ ਯਾਦ ਹੋਣੇ;
ਰਾਜ ਬੱਬਰ-ਤੁਮੇ ਦੰਗੋਂ ਕੇ ਬਾਰੇ ਮੇਂ ਕਬ ਪਤਾ ਚਲਾ?
ਸੰਨੀ ਦਿਓਲ-ਆਜ ਸੁਬਹਾ।
ਰਾਜ ਬੱਬਰ-ਮੁਝੇ ਦੋ ਦਿਨ ਪਹਿਲੇ ਮਾਲੂਮ ਥਾ।
ਤਿਉਹਾਰਾਂ ਦੇ ਦਿਨਾਂ ਦੀ ਗੱਲ ਸੁਣਾਉਂਦਾ ਹਾਂ। ਕਈ ਸਾਲ ਪਹਿਲਾਂ ਮੇਰੇ ਇੱਕ ਜਾਣ-ਪਛਾਣ ਵਾਲ਼ੇ ਦਰਜ਼ੀ ਨੇ ਗੱਲ ਸੁਣਾਈ ਸੀ। ਓਹ ਓਸਦੇ ਸ਼ਹਿਰ ਦੇ ਇੱਕ ਵੱਡੇ ਸਿਹਤ ਵਿਭਾਗ ਦੇ ਅਫਸਰ ਦੇ ਕੱਪੜੇ ਬਣਾਉਂਦਾ ਹੁੰਦਾ ਸੀ। ਹਰ ਸਾਲ ਦਿਵਾਲੀ ਲੰਘਣ ਤੋਂ ਬਾਅਦ, ਓਹ ਅਫ਼ਸਰ ਓਸਨੂੰ ਘਰ ਬੁਲਾਉਂਦਾ ਤੇ ਅਣਗਿਣਤ ਨਵੇਂ ਨਿਕੋਰ ਸੀਤੇ ਤੇ ਅਣਸੀਤੇ ਕੋਟ ਪੈਂਟ ਬਹੁਤ ਘੱਟ ਪੈਸਿਆਂ ‘ਤੇ ਚੁਕਵਾ ਦਿੰਦਾ। ਇਸੇ ਤਰ੍ਹਾਂ ਕਈ ਘੜੀਆਂ ਵਾਲ਼ੇ, ਬੂਟਾਂ ਵਾਲ਼ੇ ਤੇ ਹੋਰ ਮਹਿੰਗੇ ਤੋਹਫੇ ਵੇਚਣ ਵਾਲ਼ੇ ਵੀ ਹੁੰਦੇ ਸਨ।
ਇੱਕ ਦਿਵਾਲੀ ਮਗਰੋਂ ਕੀ ਹੋਇਆ ਕਿ ਟੇਲਰ ਨੂੰ ਇੱਕ ਕੋਟ ਦੀ ਅੰਦਰਲੀ ਜ਼ੇਬ ਵਿਚ ਕੁਝ ਪਿਆ ਰੜਕਿਆ। ਓਹਨੇ ਹੱਥ ਪਾਇਆ ਤਾਂ ਅੰਦਰ ਗਿਆਰਾਂ ਹਜ਼ਾਰ ਦੀ ਦੱਥੀ। ਟੇਲਰ ਦੀਆਂ ਮੌਜਾਂ ਲੱਗ ਗਈਆਂ। ਓਸਨੇ ਦੋ ਸੌ ਦੇ ਲਗਭਗ ਕੱਪੜਿਆਂ ਦਾ ਸੌਦਾ ਦਸ ਕੁ ਹਜ਼ਾਰ ‘ਚ ਮਾਰਿਆ ਸੀ ਤੇ ਮਿਲ ਗਿਆਰਾਂ ਹਜ਼ਾਰ ਗਏ।
ਆਹ ਕੁੱਝ ਦਿਨ ਪਹਿਲਾਂ ਪਟਿਆਲੇ ਕੇ ਐਫ਼ ਸੀ ਦੇ ਸੈਂਟਰ ਵਿਚ ਮੁਸ਼ਕ ਮਾਰਦਾ ਮਾਸ ਲੋਕਾਂ ਨੇ ਫੜਿਆ ਆ। ਕੀ ਸਿਹਤ ਵਿਭਾਗ ਨੂੰ ਇਸਦੀ ਅਗਾਊਂ ਜਾਣਕਾਰੀ ਨਹੀਂ ਸੀ?
ਦਿਵਾਲੀ ਦੇ ਤਿਓਹਾਰ ਵੇਲ਼ੇ ਏਨੀ ਨਕਲੀ ਮਠਿਆਈ ਵਿਕਦੀ ਹੈ, ਕੀ ਸਿਹਤ ਵਿਭਾਗ ਨੂੰ ਜਾਣਕਾਰੀ ਨਹੀਂ?
ਪੰਜਾਬ ਵਿੱਚ ਦੁਧਾਰੂ ਪਸ਼ੂਆਂ ਦੀ ਗਿਣਤੀ ਘਟ ਰਹੀ ਹੈ ਤੇ ਦੁੱਧ ਦੀ ਪੈਦਾਵਾਰ ਕਈ ਗੁਣਾਂ ਵਧ ਰਹੀ ਹੈ। ਕੀ ਇਸ ਬਾਰੇ ਕੁਝ ਨਹੀਂ ਜਾਣਦਾ ਸਿਹਤ ਵਿਭਾਗ?
ਪ੍ਰਵਾਸੀਆਂ ਦੀਆਂ ਰੇਹੜੀਆਂ ‘ਤੇ ਵਿਕਦਾ ਫਾਸਟ ਫੂਡ ਨਿਰਾ ਗੰਦ ਆ, ਕੀ ਸਿਹਤ ਵਿਭਾਗ ਨਹੀਂ ਜਾਣਦਾ?
ਪਾਣੀ ਦਾ ਠੰਢਾ ਛਿੱਟਾ ਮਾਰਨ ਲਈ ਹਰ ਵਾਰ ਜਾਂ ਕਦੀ-ਕਦਾਈਂ ਕੁਝ ਕੁ ਚਲਾਨ ਕੀਤੇ ਜਾਂਦੇ ਨੇ, ਜੋ ਕਿ ਬਾਅਦ ਵਿੱਚ ਅਦਾਲਤਾਂ ਅੰਦਰ ਜਾ ਕੇ ਠੁੱਸ ਹੋ ਜਾਂਦੇ ਹਨ ਤੇ ਸਬੰਧਤ ਬਾ-ਇੱਜ਼ਤ ਬਰੀ।
ਇੰਡੀਅਨ ਫਿਲਮ ਦੇ ਡਾਇਲਾਗ ਦੁਬਾਰਾ ਦੁਹਰਾਉਣ ਦੀ ਲੋੜ ਹੈ ਜਾਂ ਨਹੀਂ?
-ਜਸਵਿੰਦਰ ਪੰਜਾਬੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



